ਸੁਨਹਿਰੀ ਸ਼ਾਮ

BaBBu

Prime VIP
ਮੈਂ ਸੌ ਸੌ ਵਾਰ ਜਾਂਦਾ ਹਾਂ ਸੁਨਹਿਰੀ ਸ਼ਾਮ ਦੇ ਸਦਕੇ !
ਜਦੋਂ ਉਹ ਆਪ ਆਏ ਸਨ ਕਿਸੇ ਚਾਹਵਾਨ ਦੇ ਘਰ ਤਕ,
ਜਦੋਂ ਇਕ ਛਿਨ 'ਚ ਜਾ ਪਹੁੰਚਾ ਸਾਂ ਮੈਂ ਖ਼ੁਸ਼ੀਆਂ ਦੇ ਸਾਗਰ ਤਕ,
ਮੈਂ ਪਿਆਰੀ ਸ਼ਾਮ, ਹਾਂ ਜੀਵਨ ਤੋਂ ਪਿਆਰੀ ਸ਼ਾਮ ਦੇ ਸਦਕੇ !

ਬੜੇ ਰਮਣੀਕ ਸਨ ਬਾਜ਼ਾਰ, ਦੀਵੇ ਜਗਣ ਵਾਲੇ ਸਨ,
ਪਰ ਇਸ ਵੇਲੇ ਅਚਾਨਕ ਹੁਸਨ ਦਾ ਸੂਰਜ ਨਿਕਲ ਆਇਆ-
ਮੇਰੇ ਦਿਲ ਤਕ ਉਜਾਲਾ ਹੋ ਗਿਆ, ਲੂੰ ਲੂੰ ਨੂੰ ਗਰਮਾਇਆ;
ਇਸੇ ਸੂਰਤ ਨੂੰ ਸ਼ਾਇਦ ਤੜਪਦੇ ਉਹ ਗਗਨ ਵਾਲੇ ਸਨ !

ਅਕਹਿ ਮਸਤੀ 'ਚ ਦੇਵੀ ਝੂਮਦੀ, ਹਸਦੀ ਹੋਈ ਆਈ,
ਕਿ ਆਈ ਨੂਰ ਦੀ ਪੁਤਲੀ ਕੋਈ ਪਰੀਆਂ ਦੇ ਦੇਸ਼ਾਂ 'ਚੋਂ,
ਉਹ ਕਾਲੀ ਬਿਜਲੀਆਂ ਸੁਟਦੀ ਹੋਈ ਚਮਕੀਲੇ ਕੇਸਾਂ 'ਚੋਂ;
ਕੋਈ ਮਦਰਾ ਭਰੀ ਬਦਲੀ ਜਿਵੇਂ ਵੱਸਦੀ ਹੋਈ ਆਈ !

ਪਿਆਲੇ ਛਲਕਦੇ ਵਾਂਗੂੰ ਛਲਕਦੀ, ਲਰਜ਼ਦੀ ਸਾੜ੍ਹੀ;
ਉਹਦੇ ਨੈਣਾਂ 'ਚ ਖ਼ਬਰੇ ਸੈਂਕੜੇ ਮੈਖ਼ਾਨੇ ਨੱਚਦੇ ਸਨ,
ਸੁਬਕ ਬੁਲ੍ਹਾਂ ਤੇ ਖ਼ਬਰੇ ਸੈਂਕੜੇ ਪੈਮਾਨੇ ਨੱਚਦੇ ਸਨ,
ਬਣਾਈ ਆਣ ਕੇ ਜੱਨਤ ਮੇਰੀ ਉਜੜੀ ਹੋਈ ਵਾੜੀ !

ਕੋਈ ਚਾਨਣ ਕੁੜੀ ਬਣ ਮੇਰੇ ਦਿਲ-ਗੌਤਮ ਲਈ ਆਇਆ,
ਮੇਰਾ ਜੀਵਨ-ਹਨੇਰਾ ਦੌੜਿਆ, ਖ਼ਬਰੇ ਹਵਾ ਹੋਇਆ !
ਮੈਂ ਪਲ ਦੀ ਪਲ ਤਾਂ ਉਸ ਵੇਲੇ ਸਾਂ ਬੰਦੇ ਤੋਂ ਖ਼ੁਦਾ ਹੋਇਆ !
ਕੋਈ ਅਵਤਾਰ ਖੇੜੇ ਦਾ ਮੇਰੇ ਫੁਲ-ਗ਼ਮ ਲਈ ਆਇਆ !

ਤਸੱਵਰ ਵਿਚ ਅਜੇ ਤਕ ਉਹ ਸੁਨਹਿਰੀ ਸ਼ਾਮ ਫਿਰਦੀ ਏ
ਜੋ ਮੇਰੀ ਜ਼ਿੰਦਗੀ ਦੀ ਜ਼ਿੰਦਗਾਨੀ ਹੋਣ ਆਈ ਸੀ;
ਉਹ ਇਕ ਮਿਜ਼ਰਾਬ ਮੇਰਾ ਸਾਜ਼-ਜੀਵਨ ਛੁਹਣ ਆਈ ਸੀ,
ਅਜੇ ਤਕ ਸਾਜ਼ ਵਜਦਾ ਏ, ਖ਼ਬਰ ਨਾ ਅਪਣੇ ਸਿਰ ਦੀ ਏ !

ਤਸੱਵਰ ਵਿਚ ਮੇਰਾ ਦਿਲ ਸਾਫ਼ ਹੈ ਸ਼ੀਸ਼ੇ ਤੋਂ, ਪਾਣੀ ਤੋਂ;
ਤਸੱਵਰ ਵਿਚ ਮੈਂ ਮਾਫ਼ੀ ਦੇ ਰਿਹਾ ਹਾਂ ਅਪਣੇ ਕਾਤਲ ਨੂੰ !
ਤਸੱਵਰ ਵਿਚ ਲੁਟਾ ਸਕਦਾ ਹਾਂ ਅਪਣੀ ਸਾਰੀ ਦੌਲਤ ਨੂੰ !
ਨਾ ਅਵਤਾਰਾਂ ਤੋਂ ਮਿਲਿਆ, ਮਿਲਿਆ ਜੋ ਉਠਦੀ ਜਵਾਨੀ ਤੋਂ ।

ਤਸੱਵਰ ਨੇ ਬਣਾਇਆ ਦੇਵਤਾ ਮੈਨੂੰ ਸਚਾਈ ਦਾ;
ਤਸੱਵਰ ਵਿਚ ਤੇਰੇ, ਮੈਂ ਕੌਣ ਹਾਂ, ਕੀ ਬਣਦਾ ਜਾਂਦਾ ਹਾਂ !
ਤਸੱਵਰ ਵਿਚ ਤੇਰੇ ਬ੍ਰਹਿਮੰਡ ਨੂੰ ਗੋਦੀ ਖਿਡਾਂਦਾ ਹਾਂ !
ਤਸੱਵਰ ਨੇ ਤੇਰੇ ਦਰਦੀ ਬਣਾਇਆ ਹੈ ਖ਼ੁਦਾਈ ਦਾ ।

ਪੁਰਾਣੀ ਯਾਦ, ਕੀ ਆਖਾਂ, ਕਦੀ ਕਿਸ ਦੇਸ ਖੜਦੀ ਏ !
ਖ਼ਿਆਲਾਂ ਵਿਚ ਕਦੇ ਮਿਲਟਨ ਤੇ ਡਾਂਟੇ ਦੇ ਨਹੀਂ ਆਇਆ !
ਨਾ ਡਿੱਠਾ ਫ਼ਲਸਫ਼ਾਦਾਨਾਂ, ਨਾ ਰੂਹਾਂ ਪੈਰ ਹੈ ਪਾਇਆ !
ਤਸੱਵਰ ਮੇਰਾ ਮੈਨੂੰ ਇਕ ਅਜਬ ਪਰਦੇਸ ਖੜਦਾ ਏ !

ਜਿਦ੍ਹਾ ਨਾਂ ਦਿਲ ਮੇਰਾ ਜਾਣੇ, ਲਬਾਂ ਤਕ ਆਉਂਦਾ ਭੁਲ ਜਾਏ;
ਜਿਦ੍ਹੇ ਵਿਚ ਪ੍ਰੇਮ ਦੇ ਦਰਿਆ, ਜਿਦ੍ਹੀ ਧਰਤੀ ਹੈ ਨੂਰਾਨੀ;
ਜਿਦ੍ਹੀ ਹਰ ਸ਼ਾਖ਼ ਇਕ ਝੂਲਾ, ਜਿਦ੍ਹੀ ਹਰ ਚੀਜ਼ ਰੋਮਾਨੀ;
ਜਿਦ੍ਹਾ ਇਕ ਕਿਣਕਾ ਜੱਨਤ ਜੇ ਕਦੇ ਦੇਖੇ ਤਾਂ ਡੁਲ੍ਹ ਜਾਏ;

ਜਿਦ੍ਹਾ ਇਕ ਫੁੱਲ ਕਾਫ਼ੀ ਹੈ ਜ਼ਮਾਨੇ ਦੇ ਦਿਮਾਗ਼ਾਂ ਨੂੰ;
ਅਗੰਮਾ ਹੁਸਨ ਖ਼ਬਰੇ ਕੌਣ ਉਸ ਥਾਂ ਤੇ ਬਣਾਉਂਦਾ ਏ !
ਜ਼ਮਾਨੇ ਵਿਚ ਤਾਂ ਬਸ ਉਸ ਹੁਸਨ ਦਾ ਇਕ ਸਾੜ ਆਉਂਦਾ ਏ;
ਜਿਦ੍ਹੀ ਮਿੱਟੀ ਵੀ ਕਾਫ਼ੀ ਹੈ ਅਮਿਟਵੇਂ ਜ਼ਖ਼ਮਾਂ-ਦਾਗ਼ਾਂ ਨੂੰ ।

ਤੇਰੀ ਇਕ ਯਾਦ ਨੇ ਜੋ ਕੁਝ ਵਿਖਾਇਆ ਕਹਿ ਨਹੀਂ ਸਕਦਾ !
ਜੇ ਹੁਣ ਆ ਜਾਏਂ ਇਸ ਦੁਨੀਆਂ ਨੂੰ ਉਸ ਦੁਨੀਆਂ 'ਚ ਲੈ ਜਾਈਏ,
ਕੋਈ ਜੋ ਕਹਿ ਨਹੀਂ ਸਕਿਆ ਉਹ ਜੀਵਨ-ਭੇਤ ਕਹਿ ਜਾਈਏ !
ਮੈਂ ਅਰਸ਼ੀ ਭੇਤ ਇਸ ਧਰਤੀ ਨੂੰ ਕਹਿਣੋਂ ਰਹਿ ਨਹੀਂ ਸਕਦਾ ।

ਜਗੇ ਦੀਵੇ, ਧੂਏਂ ਨਿਕਲੇ, ਤੇਰਾ ਇਕਰਾਰ ਹੈ, ਆ ਜਾ !
ਕਿ ਤੁਧ ਬਿਨ ਜ਼ਿੰਦਗੀ ਦੀ ਜ਼ਿੰਦਗੀ ਬੇਕਾਰ ਹੈ, ਆ ਜਾ !

(ਡਾਂਟੇ=ਪ੍ਰਸਿੱਧ ਇਤਾਲਵੀ ਕਵੀ ਦਾਂਤੇ)
 
Top