ਸ਼ਿਵ-ਨਾਚ

BaBBu

Prime VIP
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !
ਸ਼ੌਕ-ਅਲੱਸਤ, ਅਪਾਰ ਨੂਰ ਤੇ
ਪੀ ਕੇ ਮਸਤ-ਪਿਆਲਾ;
ਨਾਚ ਕਰੇ ਮਤਵਾਲਾ !

ਨਸ਼ਾ ਮਹਾਂ-ਮਦਰਾ ਦਾ ਛਾਇਆ
ਸਰਵ-ਉਸ਼ਾ ਜਿਸ ਦਾ ਲਘੂ ਸਾਇਆ ।
ਨੌਬਤ-ਅਰਸ਼ ਵਜਾਏ ਕੋਈ,
ਕੋਈ ਮੁਰਲੀ-ਹਾਲਾ;
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !

ਸੂਰਜ ਚੰਦ ਛਣਾ-ਛਣ ਛੈਣੇ,
ਸ਼ਕਤੀ-ਰਿਸ਼ਮਾਂ ਉਸ ਦੇ ਗਹਿਣੇ;
ਖੜਕ ਰਹੀ ਮਰਦੰਗ ਹਵਾ ਦੀ,
ਬੋਲੇ ਮਧੁਰ ਸਿਤਾਰ ਨਿਸ਼ਾ ਦੀ;
ਤਾਰੇ ਘੁੰਗਰੂ ਹਨ ਪੈਰਾਂ ਦੇ,
ਵੱਜਣ ਤੁਰਮ ਮਹਾਂ-ਲਹਿਰਾਂ ਦੇ ।
ਜੀਵਨ-ਮੌਤ ਪਕੜ ਖੜਤਾਲਾਂ;
ਤ੍ਰੈ-ਲੋਚਨ ਨੱਚੇ ਸੰਗ ਤਾਲਾਂ;
ਨਾਨਾ ਸੁਰ ਰਾਗਾਂ ਵਿਚ ਘਿਰਿਆ
ਸੱਚ ਸਹੰਸਰ ਨਾਚਾਂ ਵਾਲਾ,
ਸੁੰਨਤਾਈ ਵਿਚ ਛਿਣਕਦਾ ਜੀਵਨ
ਨਾਚ ਕਰੇ ਮਤਵਾਲਾ !

ਨਾਚ ਕਰੇ ਮਿੱਟੀ ਦੀ ਰੇਖਾ
ਜਗ-ਜੀਵਨ ਦੀ ਰੋਲ ਕੇ ਆਸ਼ਾ;
ਕੋਮਲ ਨ੍ਰਿਤ ਗਾਵਣ ਨਰਸਿੰਘੇ
ਅੰਗ ਅੰਗ ਕਰ ਸਿੱਧੇ ਵਿੰਗੇ;
ਲੋਚੇ ਏਸ ਤਪਸ਼ ਨੂੰ ਸਾਗਰ
ਵਿਸ਼ਵ ਦੇ ਪੈਰ ਦਾ ਛਾਲਾ;
ਪੈਲਾਂ ਪਾਂਦਾ ਮੌਲ ਮੌਲ ਕੇ
ਨਾਚ ਕਰੇ ਮਤਵਾਲਾ !

ਚਿੰਨ੍ਹ-ਪੈਰ ਨੂੰ ਚੁੰਮਣਾ ਚਾਹੇ
ਖਾ ਖਾ ਜੋਸ਼ ਹਿਮਾਲਾ !
ਮਸਤ ਕੇ ਨਾਚ ਅਨੂਪਮ ਅੰਦਰ
ਧਰਤ, ਅਕਾਸ਼, ਪਤਾਲਾ !
ਵਹਿੰਦਾ ਜਾਏ ਭੁੜਕ ਭੁੜਕ ਕੇ
ਜੋਬਨ ਆਪ ਮੁਹਾਰਾ;
ਦੁਖ-ਸੁਖ ਦੇ ਸੱਪ-ਕੰਢਿਆਂ ਅੰਦਰ
ਦਿਲ-ਗੰਗਾ ਦੀ ਧਾਰਾ ।
ਫਿਰਦੀ ਜਾਏ ਗਲ ਵਿਚ ਉਸ ਦੇ
ਸਮਿਆਂ ਦੀ ਰੁੰਡ-ਮਾਲਾ !
ਨਾਚ ਕਰੇ ਮਤਵਾਲਾ !
ਨਾਚ ਕਰੇ ਮਤਵਾਲਾ !

ਹੇ ਅਸਲੇ ਵਿਸ਼ਵ-ਕਲਾ ਦੇ
ਤੱਤਾਂ ਦੀ ਅਲਖ ਮੁਕਾ ਦੇ !
ਮੈਨੂੰ ਵੀ ਨਾਚ ਬਣਾ ਦੇ ।
ਜਾਂ ਮੈਂ ਸ਼ਿਵਜੀ ਹੋ ਜਾਵਾਂ,
ਨਾਚਾਂ ਵਿਚ ਉਮਰ ਬਿਤਾਵਾਂ !
ਨਾਚ ਹੈ ਅਸਲਾ, ਨਾਚ ਹੈ ਮਸਤੀ,
ਨਾਚ ਹੈ ਜੀਵਨ-ਸ਼ਾਲਾ-
ਨਾਚ ਹੈ ਸਰਵ-ਉਜਾਲਾ !
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !
 
Top