ਨਸ਼ਿਆਂ ਦੀ ਲਤ

~Guri_Gholia~

ਤੂੰ ਟੋਲਣ
ਨਸ਼ਿਆਂ ਦੀ ਲਤ
ਗੱਲ ਸੁਣੋ ਚੋਬਰੋ ਸਿਆਣਿਉਂ,
ਚੋਰੀ ਨਸ਼ੇ ਕਰਦੇ ਓਂ ਭਾਲਕੇ।
ਨੱਸ਼ਿਆਂ ਦੀ ਲਤ ਬੜੀ ਚੰਦਰੀ,
ਰੱਖ ਦਊੁ ਜਵਾਨੀ ਥੋਡੀ ਗਾਲਕੇ।
ਮੁੰਡਿਆਂ ਦਾ ਕੰਮ ਡੋਕੇ ਚੁੰਘਣੇ,
ਖਾੜੇ ਵਿਚ ਜਾਕੇ ਡੰਡ ਮਾਰਨੇ।
ਜਿਮ ਵਿਚ ਮੋੜਨਾ ਸਰੀਰ ਨੂੰ,
ਜਿਸਮ ਦੇ ਮਸਲ ਉਭਾਰਨੇ।
ਜ਼ਰਦਾ, ਸਮੈਕ, ਭੰਗ ਸੁੱਟਦੇ,
ਭੁੱਕੀ ਵੀ ਨਾ ਖਾਓ ਫੱਕੇ ਮਾਰਕੇ।
ਨੱਸ਼ਿਆਂ ਦੀ ਲਤ ਬੜੀ ਚੰਦਰੀ,
ਰੱਖ ਦਊੁ ਜਵਾਨੀ ਥੋਡੀ ਗਾਲਕੇ।
ਕਾਲਜ ਦੇ ਵਿਚ ਨਾਲ ਪੜਦੀਆਂ-
ਪਾੜੀਆਂ ਨੂੰ ਇਜ਼ਤਾਂ ਪਿਆਰੀਆਂ।
ਅਪਣੇ ਇਰਾਦੇ ਨੇਕ ਰਖਣੇ,
ਫੋਕੀਆਂ ਨਾ ਭਰਿਉ ਉਡਾਰੀਆਂ।
ਡੱਬ ਵਾਲੀ ਬੋਤਲ ਜੇ ਪੀ ਗਿਆ,
ਕਿਵੇਂ ਫਿਰ ਖੜੇਂਗਾ ਸੰਭਾਲਕੇ।
ਨੱਸ਼ਿਆਂ ਦੀ ਲਤ ਬੜੀ ਚੰਦਰੀ,
ਰੱਖ ਦਊੁ ਜਵਾਨੀ ਥੋਡੀ ਗਾਲਕੇ।
ਲ਼ੋਮੋਟਿਲ ਤੇਰੀ ਸ਼ੁਰੂਆਤ ਸੀ,
ਫਿਰ ਕੋਪਸੂਲ ਖਾਣ ਲੱਗਿਆ।
ਫੈਂਸੀ ਦੀਆਂ ਸ਼ੀਸ਼ੀਆਂ ਵੀ ਡੱਫਦੈਂ,
ਨਾੜਾਂ ਵਿਚ ਟੀਕੇ ਲਾਵੇਂ ਬੱਗਿਆ।
ਅਪਣੇ ਵੀ ਪਾਸਾ ਵੱਟ ਜਾਣਗੇ,
ਛੱਡ ਦੇਣਾ ਤੈਨੂੰ ਤੇਰੇ ਹਾਲ ਤੇ।
ਨੱਸ਼ਿਆਂ ਦੀ ਲਤ ਬੜੀ ਚੰਦਰੀ,
ਰੱਖ ਦਊੁ ਜਵਾਨੀ ਥੋਡੀ ਗਾਲਕੇ।
ਦਮਾ ਤੈਂਨੂੰ ਸੂਟਿਆਂ ਨੇ ਕਰਨਾ,
ਏਡਜ਼ ਹੋ ਜਾਣੀ ਏ ਸਰਿੰਜ ਤੋਂ।
ਪੋਟੇ ਪੋਟੇ ਵਿਚੋਂ ਜਾਨ ਨਿਕਲੂ,
ਸਹਿ ਨਹੀਂ ਹੋਣਾ ਤੇਰੀ ਜਿੰਦ ਤੋਂ।
ਕਿਥੋਂ ਤੂੰ ਜਵਾਨੀ "ਛੀਨਾ" ਭਾਲਦੈਂ,
ਜਿਹੜੀ ਹੱਥੀਂ ਰਾਖ ਕੀਤੀ ਜਾਲਕੇ,
ਨੱਸ਼ਿਆਂ ਦੀ ਲਤ ਬੜੀ ਚੰਦਰੀ,
ਰੱਖ ਦਊੁ ਜਵਾਨੀ ਥੋਡੀ ਗਾਲਕੇ।
(ਚਾਨਣ ਦੀ ਫੁਲਕਾਰੀ ਵਿਚੋਂ)
(ਪੰਜਾਬ ਵਿੱਚ ਚਿੱਟੇ ਦੀ ਆਮਦ ਤੋਂ ਪਹਿਲਾਂ)
 
Top