ਮੁਸੀਬਤ ਵਿਚ ਪਤਾ ਲੱਗਦੈ, ਕਿ ਹੁੰਦਾ ਹੈ ਖੁਦਾ ਕੋਈ


ਗਜ਼ਲ

ਮੁਸੀਬਤ ਵਿਚ ਪਤਾ ਲੱਗਦੈ, ਕਿ ਹੁੰਦਾ ਹੈ ਖੁਦਾ ਕੋਈ i
ਬਿਨਾ ਹੀ ਦਰਦ ਤੋਂ ਐਂਵੇਂ,ਨਹੀਂ ਮੰਗਦਾ ਦੁਆ ਕੋਈ i

ਮੈਂ ਆਪਣੇ ਅਸ਼ਕਾਂ ਨੂੰ ਪੀ ਕੇ,ਜਦੋਂ ਮਦਹੋਸ਼ ਹੋ ਜਾਵਾਂ,
ਕਿਸੇ ਨੇ ਕੀ ਪਿਲਾਉਣਾ ਫਿਰ ,ਭਲਾ ਮੈਨੂੰ ਨਸ਼ਾ ਕੋਈ i

ਗਮਾਂ ਵਿਚ ਡੁਬ ਗਿਆ ਸੂਰਜ,ਜਦੋਂ ਨ੍ਹੇਰੇ ਦੇ ਦਾਵਾਂ ਤੋਂ,
ਜਗਾ ਕੇ ਸੋਚ ਵਿਚ ਜੁਗਨੂੰ,ਉਦ੍ਹਾ ਤੂੰ ਗਮ ਵੰਡਾ ਕੋਈ i

ਨਾ ਦੇਵੀਂ ਦਾਦ ਸ਼ਿਅਰਾਂ ਤੇ ,ਕਰੀਂ ਅਹਿਸਾਸ ਪਰ ਇਸਦਾ,
ਲਹੂ ਵੀ ਸਾੜਦਾ ਸ਼ਾਇਰ ,ਉਹ ਜਦ ਸੋਚੇ ਨਵਾਂ ਕੋਈ i

ਬੜੀ ਹੈ ਦੌੜ ਜਿੰਦਗੀ ਦੀ,ਤੇ ਇਸਨੇ ਬਦਲਤੇ ਰਿਸ਼ਤੇ,
ਜੇ ਆਪਣੇ ਗੈਰ ਬਣ ਜਾਵਣ,ਕਰਾਂ ਕਿਸ ਤੇ ਗਿਲਾ ਕੋਈ i

ਕਿਵੇਂ ਖਿੜਨਾ ਹੈ ਕਲੀਆਂ ਨੇ, ਕਿ ਵਹਿਸ਼ੀ ਹੋ ਗਏ ਭੌਰੇ,
ਜਦੋਂ ਬੁਜਦਿਲ ਬਣੇ ਮਾਲੀ , ਦਵੇ ਹੁਣ ਕੀ ਸਜਾ ਕੋਈ i

ਬੜਾ ਹੀ ਬੰਸੁਰੀ ਰੋਈ, ਇਹ ਜੰਗਲ ਤੋਂ ਜੁਦਾ ਹੋ ਕੇ,
ਕਿ ਡੋਲੀ ਚੜਦਿਆਂ ਰੋਈ, ਕੁੜੀ ਹੋ ਕੇ ਵਿਦਾ ਕੋਈ i

ਬਣਾ ਦੇ ਬੂੰਦ ਤੂੰ ਮੈਨੂੰ , ਭਰੀਂ ਸਿੱਪੀ ‘ਚ ਨੈਤਿਕਤਾ,
ਬਣਾਂ ਮੋਤੀ ਹੀ ਸਾਹਿਤ ਦਾ, ਖੁਦਾ ਦੇਵੀਂ ਕਲਾ ਕੋਈ i
ਆਰ.ਬੀ.ਸੋਹਲ
 
Top