ਨਵੇਂ ਰਾਹ ਚੁਣੋ ਪਰ ਗ਼ਲਤ ਨਹੀਂ !!

Parv

Prime VIP
ਤੁਹਾਨੂੰ ਕੀ ਸਿਖਾਇਆ ਜਾਂਦਾ ਹੈ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ? ਮਾਪੇ ਸਾਡੇ ਬਾਰੇ ਹਮੇਸ਼ਾ ਚੰਗਾ ਸੋਚਦੇ ਹਨ ਪਰ ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਖੁਦ ਆਪਣੇ ਬਾਰੇ ਕੀ ਸੋਚਦੇ ਹਾਂ?

ਆਪਣੇ ਕੰਮ ਦਾ ਗਿਆਨ ਚੰਗੀ ਗੱਲ ਹੈ ਪਰ ਉਸ ਕੰਮ ਦੇ ਨਤੀਜੇ ਦਾ ਗਿਆਨ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਨਤੀਜੇ ਦਾ ਗਿਆਨ ਨਾ ਹੋਣਾ ਹੀ ਅਸਲ ਵਿਚ ਪਛਤਾਵੇ ਦਾ ਕਾਰਨ ਬਣਦਾ ਹੈ। ਗ਼ਲਤੀ ਕਰਨਾ ਓਨਾ ਖਤਰਨਾਕ ਨਹੀਂ, ਜਿੰਨਾ ਕਿ ਆਪਣੀ ਗ਼ਲਤੀ ਨੂੰ ਨਾ ਸੁਧਾਰਨਾ ਖਤਰਨਾਕ ਹੈ। ਮੁਸ਼ਕਿਲ ਅਤੇ ਸੰਕਟ ਨੂੰ ਟਾਲਣ ਲਈ ਗ਼ਲਤ ਢੰਗ ਨਾਲ ਪ੍ਰਾਪਤ ਕੀਤੇ ਖੁਸ਼ੀ ਦੇ ਦੋ ਪਲਾਂ ਨਾਲੋਂ ਸਬਰ ਕਰ ਲੈਣਾ ਕਿਤੇ ਚੰਗਾ ਹੈ। ਜ਼ਿੰਦਗੀ ਵਿਚ ਕੁਝ ਬਣਨ ਲਈ ਨਵੇਂ ਰਸਤਿਆਂ ਦੀ ਖੋਜ ਕਰੋ ਪਰ ਗ਼ਲਤ ਰਸਤੇ ਦੀ ਚੋਣ ਕਦੇ ਨਾ ਕਰੋ, ਕਿਉਂਕਿ ਗ਼ਲਤ ਰਸਤਿਆਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ, ਸਿਰਫ ਉਨ੍ਹਾਂ ਦਾ ਅੰਤ ਹੀ ਹੁੰਦਾ ਹੈ। ਉਸ ਖੁਸ਼ੀ ਅਤੇ ਤਸੱਲੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜਿਹੜੀ ਸਿਰਫ ਆਪਣੇ ਤੱਕ ਸੀਮਤ ਹੋਵੇ।

ਵੱਡੀਆਂ ਜਿੱਤਾਂ ਸੌਖੀਆਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਸੌਖੀਆਂ ਜਿੱਤਾਂ ਕਦੇ ਵੱਡੀਆਂ ਨਹੀਂ ਹੁੰਦੀਆਂ। ਅਸਫਲ ਵਿਅਕਤੀ ਬਹਾਨੇਬਾਜ਼ ਹੁੰਦੇ ਹਨ ਅਤੇ ਅਕਸਰ ਉਹ ਮੌਕਿਆਂ ਦੀ ਘਾਟ ਦੀ ਸ਼ਿਕਾਇਤ ਕਰਦੇ ਹਨ ਅਤੇ ਆਪਣੀ ਅਸਫਲਤਾ ਲਈ ਦੋਸ਼ ਦੂਜਿਆਂ ਨੂੰ ਦਿੰਦੇ ਹਨ। ਅਸੀਂ ਮੌਕਿਆਂ ਦੀ ਘਾਟ ਕਰਕੇ ਨਹੀਂ, ਸਗੋਂ ਤਿਆਰੀ ਦੀ ਘਾਟ ਕਾਰਨ ਅਸਫਲ ਹੁੰਦੇ ਹਾਂ। ਆਪਣੀ ਖੁਸ਼ੀ ਦੀ ਖਾਤਰ ਦੂਜਿਆਂ ਦੀਆਂ ਖੁਸ਼ੀਆਂ 'ਤੇ ਡਾਕਾ ਨਾ ਮਾਰੋ। ਦੂਜਿਆਂ ਨਾਲ ਨਫਰਤ ਕਰਕੇ ਆਪਣੇ ਪਿਆਰ ਨੂੰ ਜਿੱਤਿਆ ਨਹੀਂ ਜਾ ਸਕਦਾ। ਹਿੰਮਤ ਅਨੇਕਾਂ ਮੌਕਿਆਂ ਨੂੰ ਜਨਮ ਦਿੰਦੀ ਹੈ, ਜਦਕਿ ਆਲਸ ਅਨੇਕਾਂ ਮੌਕਿਆਂ ਦੀ ਮੌਤ ਦਾ ਕਾਰਨ ਬਣਦੀ ਹੈ। ਦੂਰੋਂ ਦੇਖਣ ਨਾਲ ਹਰ ਸਮੱਸਿਆ ਵੱਡੀ ਹੀ ਨਜ਼ਰ ਆਉਂਦੀ ਹੈ। ਕਈ ਰਸਤੇ ਤੱਕਦੇ ਹਨ, ਕਈ ਰਸਤਾ ਪੁੱਛਦੇ ਹਨ ਪਰ ਉਹ ਵਿਰਲੇ ਹੀ ਹੁੰਦੇ ਹਨ ਜੋ ਆਪਣਾ ਰਸਤਾ ਆਪ ਬਣਾਉਂਦੇ ਹਨ। ਨਵੇਂ ਦੋਸਤ ਬਣਾਓ ਪਰ ਮਾਪਿਆਂ ਦੀ ਇੱਜ਼ਤ ਅਤੇ ਦਿੱਤੇ ਪਿਆਰ ਨੂੰ ਹਮੇਸ਼ਾ ਧਿਆਨ ਵਿਚ ਰੱਖੋ। ਕੋਈ ਅਜਿਹਾ ਕਦਮ ਨਾ ਪੁੱਟੋ, ਜਿਸ ਨਾਲ ਮਾਪਿਆਂ ਦੇ ਦਿਲ ਨੂੰ ਠੇਸ ਪਹੁੰਚੇ। ਗ਼ਲਤ ਅਤੇ ਸਹੀ ਦੇ ਅੰਤਰ ਨੂੰ ਜਾਣ ਲੈਣਾ ਵੀ ਇਕ ਗਿਆਨ ਹੈ। ਜੋ ਲੋਕ ਆਪਣੀ ਗ਼ਲਤੀ ਮੰਨ ਲੈਂਦੇ ਹਨ, ਉਹ ਉਨ੍ਹਾਂ ਲੋਕਾਂ ਤੋਂ ਬਹੁਤ ਅੱਗੇ ਪਹੁੰਚ ਜਾਂਦੇ ਹਨ ਜੋ ਸਾਰਾ ਜ਼ੋਰ ਖੁਦ ਨੂੰ ਸਹੀ ਸਾਬਤ ਕਰਨ 'ਤੇ ਖਰਚ ਦਿੰਦੇ ਹਨ। ਸੱਚ ਤਾਂ ਸੱਚ ਹੈ, ਪਰ ਝੂਠ ਨੂੰ ਸੱਚ ਬਣਾਉਣ ਲਈ ਬਹੁਤ ਊਰਜਾ ਦੀ ਲੋੜ ਪੈਂਦੀ ਹੈ।

ਲਗਾਤਾਰ ਚਲਦੇ ਰਹਿਣ ਵਾਲੀ ਯਾਤਰਾ ਜਿਸ ਦੇ ਲਈ ਹਰ ਕਦਮ ਬਹੁਤ ਸੋਚ-ਸਮਝ ਕੇ ਰੱਖਣਾ ਪੈਂਦਾ ਹੈ, ਕਿਉਂਕਿ ਅਮੀਰੀ, ਸ਼ੋਹਰਤ, ਖੁਸ਼ਹਾਲੀ ਅਤੇ ਖੁਸ਼ੀਆਂ ਐਸੀਆਂ ਚੀਜ਼ਾਂ ਹਨ, ਜੋ ਕਿਸੇ ਨੂੰ ਤੋਹਫ਼ੇ ਵਿਚੋਂ ਨਹੀਂ ਮਿਲਦੀਆਂ। ਇਹ ਹਿੰਮਤ, ਮਿਹਨਤ ਅਤੇ ਲਗਨ ਨਾਲ ਪ੍ਰਾਪਤ ਹੁੰਦੀਆਂ ਹਨ।

ਕੀ ਤੁਹਾਡਾ ਬੱਚਾ ਜਾਂ ਬੱਚੀ ਗ਼ਲਤ ਸੰਗਤ ਦਾ ਸ਼ਿਕਾਰ ਤਾਂ ਨਹੀਂ? ਗ਼ਲਤ ਸੰਗਤ ਸਾਨੂੰ ਗ਼ਲਤ ਦਿਸ਼ਾ ਵੱਲ ਤੋਰਦੀ ਹੈ। ਗ਼ਲਤੀ ਦਾ ਹੋ ਜਾਣਾ ਕੋਈ ਗੁਨਾਹ ਨਹੀਂ, ਪਰ ਗ਼ਲਤ ਹੋ ਜਾਣਾ ਦੁਖਦਾਈ ਹੈ। ਚੰਗੀ ਸੰਗਤ ਸਾਨੂੰ ਸਾਡੇ ਬਾਰੇ ਚੰਗਾ ਸੋਚਣ ਦੀ ਆਜ਼ਾਦੀ ਦਿੰਦੀ ਹੈ, ਜਦਕਿ ਬੁਰੀ ਸੰਗਤ ਸਾਨੂੰ ਆਪਣੇ ਮੁਤਾਬਿਕ ਆਪਣਾ ਗ਼ਲਤ ਮਨੋਰਥ ਪੂਰਾ ਕਰਨ ਲਈ ਸਾਨੂੰ ਆਪਣੇ ਅਨੁਸਾਰ ਵਰਤਦੀ ਹੈ। ਚੰਗੇ ਮੌਕਿਆਂ ਦੀ ਖੋਜ ਕਰੋ, ਚੁਣੌਤੀਆਂ ਨੂੰ ਸਵੀਕਾਰ ਕਰੋ। ਮੂਰਖ ਦੇ ਅਸ਼ੀਰਵਾਦ ਨਾਲੋਂ ਸਮਝਦਾਰ ਦੀ ਚਪੇੜ ਚੰਗੀ ਹੁੰਦੀ ਹੈ। ਨਵੇਂ ਰਸਤੇ ਚੁਣੋ, ਨਵੇਂ ਦੋਸਤ ਬਣਾਓ, ਨਵੇਂ ਰਿਸ਼ਤੇ ਪੈਦਾ ਕਰੋ, ਨਵੇਂ ਵਿਚਾਰ ਗ੍ਰਹਿਣ ਕਰੋ, ਪਰ ਗ਼ਲਤ ਨਹੀਂ।
 
Top