ਨਵੇਂ ਰਸਤੇ ਨਵੀਆਂ ਉਮੀਦਾਂ ਨੂੰ ਜਨਮ ਦਿੰਦੇ ਹਨ

Parv

Prime VIP
ਇਕ ਛੋਟੇ ਜਿਹੇ ਪਿੰਡ ਵਿਚ ਭੋਲੂ ਨਾਂ ਦਾ ਗਧਾ ਰਹਿੰਦਾ ਸੀ। ਉਹ ਪਿੰਡ ਬਾਕੀ ਦੁਨੀਆ ਤੋਂ ਬਿਲਕੁਲ ਕੱਟਿਆ ਹੋਇਆ ਸੀ, ਨਾ ਉਥੇ ਕੋਈ ਆਉਂਦਾ ਸੀ ਅਤੇ ਨਾ ਹੀ ਉਥੋਂ ਦਾ ਕੋਈ ਕਿਤੇ ਜਾਂਦਾ ਸੀ।
ਇਕ ਦਿਨ ਗਧੇ ਨੇ ਸੋਚਿਆ ਕਿ ਕਿਉਂ ਨਾ ਜੰਗਲ ਦੇ ਉਸ ਪਾਰ ਜਾ ਕੇ ਦੇਖਿਆ ਜਾਵੇ ਕਿ ਆਖਿਰ ਉਸ ਪਾਸੇ ਹੈ ਕੀ? ਅਗਲੇ ਦਿਨ ਸਵੇਰ ਹੁੰਦਿਆਂ ਹੀ ਉਹ ਜੰਗਲ ਵੱਲ ਚੱਲ ਪਿਆ। ਜੰਗਲ ਸੰਘਣਾ ਸੀ ਅਤੇ ਗਧਾ ਮੂਰਖ। ਬਿਨਾਂ ਸੋਚੇ-ਸਮਝੇ ਉਸ ਦਾ ਜਿਧਰ ਦਿਲ ਕਰਦਾ, ਉਧਰ ਚੱਲ ਪੈਂਦਾ। ਜਿਵੇਂ-ਤਿਵੇਂ ਉਸ ਨੇ ਜੰਗਲ ਪਾਰ ਕੀਤਾ ਅਤੇ ਦੂਜੇ ਸਿਰੇ 'ਤੇ ਸਥਿਤ ਇਕ ਪਿੰਡ ਵਿਚ ਪਹੁੰਚ ਗਿਆ।
ਉਧਰ ਪਿੰਡ ਵਿਚ ਹੱਲਾ ਮਚ ਗਿਆ ਕਿ ਭੋਲੂ ਗਧਾ ਪਿੰਡ ਛੱਡ ਕੇ ਚਲਾ ਗਿਆ ਹੈ। ਸਾਰੇ ਕਹਿਣ ਲੱਗੇ ਕਿ ਉਹ ਕਿੰਨਾ ਕਿਸਮਤ ਵਾਲਾ ਹੈ ਅਤੇ ਹੁਣ ਕਿੰਨੀ ਆਰਾਮ ਭਰੀ ਜ਼ਿੰਦਗੀ ਜੀਅ ਰਿਹਾ ਹੋਵੇਗਾ। ਲੋਕਾਂ ਦੀਆਂ ਗੱਲਾਂ ਸੁਣ ਕੇ ਕੁੱਤਿਆਂ ਦੇ ਇਕ ਝੁੰਡ ਨੇ ਵੀ ਜੰਗਲ ਤੋਂ ਪਾਰ ਜਾਣ ਦਾ ਫੈਸਲਾ ਕੀਤਾ।
ਅਗਲੀ ਸਵੇਰ ਉਹ ਗਧੇ ਦੀ ਗੰਧ ਦਾ ਪਿੱਛਾ ਕਰਦੇ ਹੋਏ ਉਸੇ ਰਸਤੇ ਤੋਂ ਜੰਗਲ ਦੇ ਉਸ ਪਾਰ ਚਲੇ ਗਏ। ਫਿਰ ਕੀ ਸੀ, ਪਿੰਡ ਦੇ ਹੋਰ ਪਸ਼ੂਆਂ ਵਿਚ ਵੀ ਜੰਗਲ ਪਾਰ ਕਰਨ ਦੀ ਹੋੜ ਜਿਹੀ ਲੱਗ ਗਈ ਅਤੇ ਸਾਰੇ ਗਧੇ ਵੱਲੋਂ ਲੱਭੇ ਗਏ ਰਸਤੇ 'ਤੇ ਚੱਲਦੇ ਹੋਏ ਜੰਗਲ ਪਾਰ ਕਰਨ ਲੱਗੇ।
ਵਾਰ-ਵਾਰ ਉਸ ਰਸਤੇ 'ਤੇ ਚੱਲਣ ਨਾਲ ਇਕ ਵਾਟ ਜਿਹੀ ਬਣ ਗਈ। ਕੁਝ ਸਾਲਾਂ ਬਾਅਦ ਇਨਸਾਨ ਵੀ ਉਸੇ ਰਸਤੇ 'ਤੇ ਚੱਲ ਕੇ ਜੰਗਲ ਪਾਰ ਕਰਨ ਲੱਗੇ। ਸਮਾਂ ਬੀਤਦਾ ਗਿਆ ਅਤੇ ਹੌਲੀ-ਹੌਲੀ ਪਿੰਡ ਦੀ ਆਬਾਦੀ ਕਾਫੀ ਵਧ ਗਈ। ਫਿਰ ਸਰਕਾਰ ਨੇ ਜੰਗਲ ਪਾਰ ਕਰਨ ਲਈ ਇਕ ਸੜਕ ਬਣਾਉਣ ਦਾ ਫੈਸਲਾ ਕੀਤਾ।
ਸ਼ਹਿਰ ਤੋਂ ਇੰਜੀਨੀਅਰ ਆਏ ਅਤੇ ਇਲਾਕੇ ਦਾ ਦੌਰਾ ਕਰਨ ਲੱਗੇ। ਪਿੰਡ ਵਾਲਿਆਂ ਨੇ ਦੱਸਿਆ ਕਿ ਜੰਗਲ ਪਾਰ ਕਰਨ ਲਈ ਇਕ ਵਾਟ ਬਣੀ ਹੋਈ ਹੈ, ਉਸੇ 'ਤੇ ਜੇ ਸੜਕ ਬਣਾ ਦਿੱਤੀ ਜਾਵੇ ਤਾਂ ਚੰਗਾ ਰਹੇਗਾ।
ਉਨ੍ਹਾਂ ਦੀ ਗੱਲ ਸੁਣ ਕੇ ਚੀਫ ਇੰਜੀਨੀਅਰ ਥੋੜ੍ਹਾ ਮੁਸਕਰਾਇਆ ਅਤੇ ਬੋਲਿਆ,''ਕੀ ਮੈਂ ਜਾਣ ਸਕਦਾ ਹਾਂ ਕਿ ਇਹ ਵਾਟ ਕਿਸ ਨੇ ਬਣਾਈ?''
ਪਿੰਡ ਦਾ ਇਕ ਬਜ਼ੁਰਗ ਬੋਲਿਆ,''ਜਿਥੋਂ ਤਕ ਮੈਨੂੰ ਪਤਾ ਹੈ ਇਹ ਰਸਤਾ ਕਿਸੇ ਗਧੇ ਨੇ ਲੱਭਿਆ ਸੀ।'' ਫਿਰ ਉਸ ਨੇ ਪੂਰੀ ਕਹਾਣੀ ਸੁਣ ਦਿੱਤੀ।
ਉਸ ਦੀ ਗੱਲ ਸੁਣ ਕੇ ਚੀਫ ਇੰਜੀਨੀਅਰ ਬੋਲਿਆ,''ਮੈਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਸਾਰੇ ਇਨਸਾਨ ਹੁੰਦੇ ਹੋਏ ਵੀ ਇੰਨੇ ਸਾਲਾਂ ਤੋਂ ਇਕ ਗਧੇ ਵੱਲੋਂ ਬਣਾਏ ਰਸਤੇ 'ਤੇ ਚੱਲ ਰਹੇ ਸੀ, ਪਤਾ ਹੈ ਇਹ ਰਸਤਾ ਕਿੰਨਾ ਔਕੜਾਂ ਭਰਿਆ ਤੇ ਲੰਮਾ ਹੈ, ਜਦੋਂਕਿ ਅਸੀਂ ਜਿਹੜਾ ਰਸਤਾ ਲੱਭਿਆ ਹੈ, ਉਹ ਇਸ ਦਾ ਇਕ-ਚੌਥਾਈ ਵੀ ਨਹੀਂ ਅਤੇ ਉਸ ਨੂੰ ਪਾਰ ਕਰਨਾ ਕਿਤੇ ਜ਼ਿਆਦਾ ਸੌਖਾ ਹੈ।''
ਅੱਜ ਪਿੰਡ ਵਾਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਉਹ ਸੋਚ ਰਹੇ ਸਨ ਕਿ ਕਾਸ਼! ਉਨ੍ਹਾਂ ਇਕ ਨਵਾਂ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਹੁੰਦੀ।
ਦੋਸਤੋ, ਹਮੇਸ਼ਾ ਤੈਅ ਰਸਤਾ ਹੀ ਸਭ ਤੋਂ ਸ੍ਰੇਸ਼ਠ ਹੋਵੇ, ਇਹ ਜ਼ਰੂਰੀ ਨਹੀਂ। ਨਵੇਂ ਰਸਤੇ ਨਵੀਂ ਖੋਜ ਤੇ ਨਵੀਂ ਉਮੀਦ ਨੂੰ ਜਨਮ ਦਿੰਦੇ ਹਨ। ਨਾਲ ਹੀ ਉਨ੍ਹਾਂ ਵਿਚ ਪਹਿਲਾਂ ਤੋਂ ਬਿਹਤਰ ਦੀ ਸੰਭਾਵਨਾ ਵੀ ਸਮਾਈ ਹੁੰਦੀ ਹੈ। ਲਕੀਰ ਦੇ ਫਕੀਰ ਬਣਨ ਦੀ ਬਜਾਏ ਨਵੀਂ ਸੋਚ ਨੂੰ ਖੁੱਲ੍ਹ ਕੇ ਅਪਨਾਉਣ ਦੀ ਹਿੰਮਤ ਦਿਖਾਉਣ ਵਾਲੇ ਹੀ ਨਾਇਕ ਬਣਦੇ ਹਨ।
 
Top