ਸੱਚੀਆਂ ਗੱਲਾਂ

ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਜੇ ਛੋਟੇ ਭਾਂਡੇ ਵਿੱਚ ਦਾਣੇ ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਪੈਂਦੇ ਹਨ। ਇਹੀ ਗੱਲ ਸਾਡੇ ਦੇਸ਼ ਦੇ ਮਾਡਰਨ ਵਿਹਲੜਾਂ ‘ਤੇ ਲਾਗੂ ਹੁੰਦੀ ਹੈ। 1100 ਰੁ ਵਾਲੇ ਨੋਕੀਆ ਮੋਬਾਇਲ ‘ਤੇ ਸੱਪ ਵਾਲੀ ਗੇਮ ਖੇਡਣ ਵਾਲੇ ਲੋਕਾਂ ਦੇ ਹੱਥ ਐਂਡਰਾਇਡ ਤੇ ਐਪਲ ਫੋਨ ਤਾਂ ਆ ਗਏ ਪਰ ਲੱਛਣ ਉਹੀ ਪੁਰਾਣੇ ਰਹੇ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿਟਰ ਆਦਿ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਵੱਲ ਇਸ ਤਰਾਂ ਵੇਖਿਆਂ ਜਾਂਦਾ ਜਿਵੇਂ ਉਹ ਕਿਸੇ ਹੋਰ ਗ੍ਰਹਿ ਦਾ ਵਾਸੀ ਹੋਵੇ। ਉਹੀ ਦਸ ਸਾਲ ਪੁਰਾਣੇ ਬੇਕਾਰ ਘਿਸੇ ਪਿਟੇ ਚੁੱਟਕਲੇ ਘੜੀ ਮੁੜੀ ਭੇਜੀ ਜਾਣਗੇ, ”ਮਾਰਕੀਟ ਮੇਂ ਨਯਾ ਹੈ ਜਲਦੀ ਆਗੇ ਭੇਜੋ।” ਮੈਸੇਜ ਪੜ੍ਹਨ ਵਾਲੇ ਸਿਆਣੇ ਬਿਆਣੇ ਬੰਦੇ ਦੀ ਬੇਇੱਜ਼ਤੀ ਕਰੀ ਜਾਣਗੇ। ਅਖੇ ਬਚਪਨ ਵਿੱਚ ਮੇਰਾ ਇੱਕ ਬੇਵਕੂਫ ਦੋਸਤ ਗੁੰਮ ਹੋ ਗਿਆ ਸੀ ਜੋ ਅੱਜ ਲੱਭ ਗਿਆ ਹੈ। ਪਤਾ ਹੈ ਕਿੱਥੇ ਹੈ? ਉਹੀ ਜੋ ਹੁਣ ਮੈਸੇਜ ਪੜ੍ਹ ਰਿਹਾ ਹੈ।
ਕਈ ਮੈਸੇਜ ਭੇਜਣ ਵਾਲੇ ਬਹੁਤ ਹੀ ”ਧਾਰਮਿਕ” ਹੁੰਦੇ ਹਨ। ਅੰਧਵਿਸ਼ਵਾਸ ਫੈਲਾਉਣਾ ਆਪਣਾ ਪਰਮ ਧਰਮ ਸਮਝਦੇ ਹਨ। ਕਹਿਣਗੇ ਇਹ ਮੈਸੇਜ ਫਲਾਣੇ ਮੰਦਰ ਤੋਂ ਚੱਲਿਆ ਹੈ। ਅੱਗੇ 100 ਲੋਕਾਂ ਨੂੰ ਭੇਜੋ ਸ਼ਾਮ ਤੱਕ ਕੋਈ ਚੰਗੀ ਖਬਰ ਮਿਲੇਗੀ। ਅਗਰ ਨਜ਼ਰ-ਅੰਦਾਜ਼ ਕਰੋਗੇ ਤਾਂ ਤੁਹਾਡਾ ਬੁਰਾ ਹੋ ਜਾਵੇਗਾ। ਜਾਂ ਇਹ ਮੈਸੇਜ ਸਿੱਧਾ ਫਲਾਣੇ ਗੁਰਦਵਾਰਾ ਸਾਹਿਬ ਤੋਂ ਆਇਆ ਹੈ। ਅੱਗੇ ਭੇਜੋਗੇ ਤਾਂ ਇਮਤਿਹਾਨਾਂ ਵਿੱਚ ਚੰਗੇ ਨੰਬਰ ਆਉਣਗੇ। ਇੱਕ ਆਦਮੀ ਨੇ 1000 ਬੰਦਿਆਂ ਨੂੰ ਭੇਜਿਆ ਤਾਂ ਹੀਰੇ ਮੋਤੀਆਂ ਦਾ ਭਰਿਆ ਘੜਾ ਮਿਲ ਗਿਆ। ਇੱਕ ਭਗਤ ਨੇ 500 ਬੰਦਿਆਂ ਨੂੰ ਭੇਜਿਆ ਤਾਂ 2 ਕਰੋੜ ਰੁਪਏ ਦੀ ਲਾਟਰੀ ਲੱਗ ਗਈ। ਇੱਕ ਰਿਕਸ਼ੇ ਵਾਲੇ ਨੇ 100 ਬੰਦਿਆਂ ਨੂੰ ਭੇਜਿਆ ਤਾਂ 50 ਲੱਖ ਰਪਏ ਇਨਾਮ ਵਿੱਚ ਮਿਲੇ। ਪਰ ਜਦੋਂ ਇੱਕ ਆਦਮੀ ਨੇ ਝੂਠ ਸਮਝ ਕੇ ਅਣਗੌਲਿਆ ਕੀਤਾ ਤਾਂ ਉਸ ਦਾ ਲੜਕਾ ਸੱਪ ਲੜਨ ਕਾਰਨ ਮਰ ਗਿਆ। ਬੱਸ ਅਜਿਹੀਆਂ ਅਹਿਮਕਾਨਾ ਗੱਲਾਂ ਸਾਰਾ ਦਿਨ ਫੇਸਬੁੱਕ ਅਤੇ ਵਟਸਐਪ ਆਦਿ ‘ਤੇ ਸ਼ੇਅਰ ਕਰੀ ਜਾਂਦੇ ਹਨ ਵਿਹਲੜ ਲੋਕ।
ਕਿਤੇ ਸੜਕ ਹਾਦਸੇ ਵਿੱਚ ਬਦਨਸੀਬ ਟੱਬਰ ਮਰਿਆ ਪਿਆ ਹੋਵੇ ਤਾਂ ਇਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਮਦਦ ਕਰਨ ਦੀ ਬਜਾਏ ਨੁੱਚੜਦੇ ਖੂਨ ਤੇ ਫਿੱਸੇ ਹੋਏ ਸਿਰਾਂ ਵਾਲੀਆਂ ਦਰਦਨਾਕ ਫੋਟੋਆਂ ਖਿੱਚ ਖਿੱਚ ਕੇ ਸੋਸ਼ਲ ਮੀਡੀਆ ‘ਤੇ ਸੁੱਟੀ ਜਾਂਦੇ ਹਨ। ਦੋ ਕੁ ਸਾਲ ਪਹਿਲਾਂ ਸ਼ਾਇਦ ਦਿੱਲੀ ਦੇ ‪#‎ਚਿੜੀਆਘਰ‬ ਵਿੱਚ ਇਕ ਵਿਅਕਤੀ ਸ਼ੇਰ ਦੇ ਪਿੰਜਰੇ ਵਿੱਚ ਡਿੱਗ ਪਿਆ ਸੀ। ਉਸ ਦੀ ਕਿਸੇ ਨੇ ਮਦਦ ਤਾਂ ਕੀ ਕਰਨੀ ਸੀ, ਸਗੋਂ ਉਸ ਦੇ ਤੜਫ ਤੜਫ ਕੇ ਮਰਦੇ ਦੀਆਂ ਵੱਖ ਵੱਖ ਐਂਗਲਾਂ ਤੋਂ ਵੀਡੀਉ ਤਿਆਰ ਕਰਕੇ ਸ਼ੋਸ਼ਲ ਮੀਡੀਆ ‘ਤੇ ਪਾਉਣ ਵਿੱਚ ਰੁੱਝੇ ਰਹੇ। ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਤਾ ਨਹੀਂ ਕਿੱਥੋਂ ਲੈ ਕੇ ਮੈਸੇਜ ਕਰ ਦੇਂਦੇ ਹਨ ਕਿ ਇਹ ਬੱਚਾ ਫਲਾਣੇ ਰੇਲਵੇ ਸਟੇਸ਼ਨ ‘ਤੇ ਲਾਵਾਰਸ ਮਿਲਿਆ ਹੈ। ਲੋਕ ਫੋਨ ਕਰ ਕਰ ਕੇ ਪੁਲਿਸ ਵਾਲਿਆਂ ਦਾ ਨੱਕ ਵਿੱਚ ਦਮ ਕਰ ਦਿੰਦੇ ਹਨ। ਖਿਝ੍ਹੇ ਖਪੇ ਚੌਂਕੀ ਵਾਲੇ ਅੱਗੋਂ ਮਣ ਮਣ ਪੱਕੇ ਦੀ ਗਾਲ੍ਹਾਂ ਕੱਢਦੇ ਹਨ ਕਿ ਤੁਹਾਨੂੰ ਕਿਹੜੇ ‪#‎ਬੇਵਕੂਫ‬ ਨੇ ਇਤਲਾਹ ਦਿੱਤੀ ਹੈ? ਇਥੇ ਕੋਈ ਬੱਚਾ ਬੁੱਚਾ ਨਹੀਂ ਹੈਗਾ। ਕਈ ਘਰੇ ਬੈਠੇ ਮੈਜੇਜ ਛੱਡ ਦੇਂਦੇ ਹਨ ਕਿ ਫਲਾਣੇ ਹਸਪਤਾਲ ਵਿੱਚ ਖੂਨ ਚਾਹੀਦਾ ਹੈ, ਭੱਜ ਲਉ। ਬੰਦਾ ਪੁੱਛੇ ਕਿ ਆਪ ਕਿਉਂ ਨਹੀਂ ਦੇਂਦੇ ਜਾ ਕੇ? ਖੂਨ ਕਿਸੇ ਲੋੜਵੰਦ ਨੂੰ ਬਠਿੰਡੇ ਚਾਹੀਦਾ ਹੁੰਦਾ, ਮੈਸੇਜ ਇਹ ਪਠਾਨਕੋਟ ਨੂੰ ਭੇਜੀ ਜਾਂਦੇ ਹਨ। ਇਕ ਹੋਰ ਵਾਹਯਾਤੀ ਹੋ ਰਹੀ ਹੈ ਵਟਸਐਪ ‘ਤੇ। ਕਿਸੇ ਚੰਗੀ ਭਲੀ ਲੜਕੀ ਦੀ ਫੋਟੋ ਭੇਜ ਕੇ ਕਹਿਣਗੇ ਕਿ ਜੇ ਜਾਦੂ ਵੇਖਣਾ ਹੈ ਤਾਂ ਇਹ ਫੋਟੋ ਚਾਰ ਗਰੁੱਪਾਂ ਵਿੱਚ ਭੇਜੋ, ਇਸ ਦੇ ਕੱਪੜੇ ਉੱਤਰ ਜਾਣਗੇ। ਅਜਿਹੇ ਲੋਕਾਂ ਲਈ ਪੰਜਾਬੀ ਦੇ ਸਭ ਤੋਂ ਚੋਣਵੇ ”ਛੰਦ” ਵੀ ਘੱਟ ਹਨ।
ਕਈ ਫੋਨ ਕਰਕੇ ਪੁੱਛਣਗੇ ”ਭਾਜੀ ਫਲਾਣਾ ਮਰ ਗਿਆ?” ਜੇ ਕਹੀਏ ਨਹੀਂ ਤਾਂ ਕਹਿਣਗੇ, ”ਲੈ! ਵਟਸਐਪ ‘ਤੇ ਤਾਂ ਉਸ ਦੇ ਅੰਤਿਮ ਸੰਸਕਾਰ ਦੀ ਫੋਟੋ ਵੀ ਆ ਗਈ ਹੈ।” ਜਿਵੇਂ ਦੁਨੀਆਂ ਭਰ ਦੀ ਸਾਰੀ ਸੱਚਾਈ ‪#‎ਵਟਸਐਪ‬ ਵਿੱਚ ਸਮਾਈ ਹੋਈ ਹੈ। ਜਦੋਂ ਦੀਨਾਨਗਰ ਥਾਣੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਤਾਂ ਵਿਹਲੜਾਂ ਨੇ ਟੀ.ਵੀ. ਤੋਂ ਉੱਡਦੀ ਖਬਰ ਸੁਣ ਲਈ ਕਿ ਅੱਤਵਾਦੀਆਂ ਨਾਲ ਦੋ ਔਰਤਾਂ ਵੀ ਹਨ। ਮੁਕਾਬਲਾ ਰਾਤ ਕਿਤੇ 8-9 ਵਜੇ ਜਾ ਕੇ ਖਤਮ ਹੋਇਆ। ਪਰ ਸਾਡੇ ”ਸੋਸ਼ਲ ਮੀਡੀਆ ਕਰਾਈਮ ਰਿਪੋਰਟਰਾਂ” ਨੇ ਸਵੇਰੇ 10 ਵਜੇ ਹੀ ਦੋ ਔਰਤਾਂ ਸਮੇਤ ਕਿਸੇ ਪੁਰਾਣੇ ਮੁਕਾਬਲੇ ਵਿੱਚ ਮਰੇ ਕਸ਼ਮੀਰੀ ਅੱਤਵਾਦੀਆਂ ਦੀਆਂ ਫੋਟੋਆਂ ਵਟਸਐਪ ‘ਤੇ ਪਾ ਦਿੱਤੀਆਂ ਸਨ ਕਿ ਸਾਰੇ ਅੱਤਵਾਦੀ ਮਾਰੇ ਗਏ ਹਨ ਤੇ ਮੁਕਾਬਲਾ ਖਤਮ ਹੋ ਗਿਆ ਹੈ। ਜੇ.ਐਨ.ਯੂ. ਕਾਂਡ ਨੂੰ ਭੜਕਾਉਣ ਵਿੱਚ ਵੀ ਸੋਸ਼ਲ ਮੀਡੀਆ ਦਾ ਪੂਰਾ ਹੱਥ ਸੀ। ਜਾਟ ਅੰਦੋਲਨ ਵਿੱਚ ਬਿਨਾਂ ਕਿਸੇ ਸਬੂਤ ਦੇ ਸਮੂਹਿਕ ਬਲਾਤਕਾਰ ਦੀਆਂ ਖਬਰਾਂ ਜਾਰੀ ਕਰ ਦਿੱਤੀਆਂ। ਹਰੇਕ ਦੇ ਮੋਬਾਇਲ ‘ਤੇ ਸੋਸ਼ਲ ਮੀਡੀਆ ਰਾਹੀਂ ਇੱਕ ਕਹਾਣੀ ਜਰੂਰ ਆਈ ਹੋਣੀ ਆ ਕਿ ਸਾਡੀ ਇੱਕ ਰਿਸ਼ਤੇਦਾਰ ‪#‎ਆਸਟਰੇਲੀਆ‬-ਇੰਗਲੈਂਡ-ਕੈਨੇਡਾ ਤੋਂ ਆਈ ਸੀ। ਉਸ ਨਾਲ ਅਤੇ ਉਸ ਦੀ ਬੇਟੀ ਨਾਲ ਮੂਰਥਲ ਵਿੱਚ ਸਮੂਹਿਕ ਬਲਾਤਕਾਰ ਹੋਇਆ ਹੈ। ਇਸ ਬੇਸਿਰ ਪੈਰ ਦੀ ਕਹਾਣੀ ਦਾ ਕੈਨੇਡਾ-ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਭਿਆਨਕ ਅਸਰ ਹੋਇਆ ਹੈ। ਮਾਪੇ ਅਤੇ ਨੌਜਵਾਨ ਲੜਕੀਆਂ ਇੰਡੀਆ ਦੇ ਨਾਮ ਤੋਂ ਹੀ ਡਰਨ ਲੱਗੇ ਹਨ। ਲੋਕਾਂ ਨੇ ਬੁੱਕ ਕਰਾਈਆਂ ਟਿਕਟਾਂ ਕੈਂਸਲ ਕਰਵਾ ਦਿੱਤੀਆਂ ਹਨ। ਕਈ ਭੱਦਰ ਪੁਰਸ਼ਾਂ ਨੇ ਤਾਂ ਹੱਦ ਈ ਕਰ ਦਿੱਤੀ ਹੈ। ਇੱਕ ਲਾੜੇ ਦੀ ਸੇਹਰੇ ਲਾ ਕੇ ਟਰੇਨ ਦੀ ਪੱਟੜੀ ਲਾਗੇ ਜੰਗਲ ਪਾਣੀ ਬੈਠੇ ਦੀ ਫੋਟੋ ਬਹੁਤ ਵਾਇਰਲ ਹੋਈ ਹੈ। ਸ਼ੁਕਰ ਹੈ ਵਿਚਾਰੇ ਦਾ ਚੇਹਰਾ ਨਜ਼ਰ ਨਾ ਆਉਣ ਕਰਕੇ ਇੱਜ਼ਤ ਬਚ ਗਈ। ਇੱਕ ਸੂਰਮੇ ਨੇ ਤਾਂ ਆਪਣੇ ਦਾਦੇ ਦੀ ਅਰਥੀ ਨੂੰ ਮੋਢਾ ਦੇਂਦੇ ਸਮੇਂ ਦੰਦੀਆਂ ਕੱਢਦੇ ਹੋਏ ਸੈਲਫੀ ਖਿੱਚ ਕੇ ਫੇਸਬੁੱਕ ‘ਤੇ ਪਾ ਦਿੱਤੀ ”ਫੀਲਿੰਗ ਸੈਡ ਵਿੱਦ ਦਾਦਾ ਜੀ।” ਇਸ ਗੱਲ ਦਾ ਮੀਡੀਆ ਵਿੱਚ ਐਨਾ ਹੋ ਹੱਲਾ ਮੱਚਿਆ ਕਿ ਫੇਸਬੁੱਕ ਨੂੰ ਉਹ ਸੈਲਫੀ ਡੀਲੀਟ ਕਰਨੀ ਪਈ। ਚੰਗੀਆਂ ਭਲੀਆਂ ਸ਼ਰੀਫ ਲੜਕੀਆਂ ਦੀਆਂ ਫੋਟੋਆਂ ਉੱਪਰ ਗੰਦ ਮੰਦ ਲਿਖ ਕੇ ਵਾਇਰਲ ਕਰੀ ਜਾਂਦੇ ਹਨ। ਕਈ ਮਹਾਂਮੂਰਖ ਤਾਂ ਆਪਣੇ #‪#‎ਹਨੀਮੂਨ‬ ਦੀਆਂ ਵੀਡੀਉ ਵੀ ਸੋਸ਼ਲ ਮੀਡੀਆ ‘ਤੇ ਪਾ ਬੈਠੇ ਹਨ। ਕਈਆਂ ਦੇ ਇਹਨਾਂ ਕਰਤੂਤਾਂ ਕਾਰਨ ਤਲਾਕ ਹੋ ਗਏ ਹਨ।
ਇਹਨਾਂ ਲੋਕਾਂ ਨੂੰ ਸਵੇਰੇ ਭਗਤੀ ਦਾ ਖੁਮਾਰ ਚੜ੍ਹਿਆ ਹੁੰਦਾ ਤੇ ਰਾਤ ਨੂੰ ‪#‎ਕਾਮਦੇਵ‬ ਦਾ। ਸਵੇਰੇ ਸਵੇਰ ਤਾਂ ਅਜਿਹੇ ਧਾਰਮਿਕ, ਗਿਆਨ ਵਧਾਊ ਅਤੇ ਹੌਂਸਲਾ ਅਫਜਾਈ ਵਾਲੇ ਮੈਸੇਜ ਆਉਂਦੇ ਹਨ ਕਿ ਬੰਦਾ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਮਹਿਸੂਸ ਕਰਨ ਲੱਗ ਜਾਂਦਾ ਹੈ। ਦੁਪਹਿਰ ਨੂੰ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦਮੰਦ ਸ਼ੁਰੂ ਹੋ ਜਾਂਦਾ ਹੈ। ਹੈਪੀ ਨਿਊ ਯੀਅਰ ਤਾਂ ਸੁਣਿਆ ਸੀ, ਪਰ ਹੁਣ ਨਵਾਂ ਪਾਖੰਡ ਚੱਲਿਆ ਹੈ, ਅਖੇ ਹੈਪੀ ਐਤਵਾਰ, ਹੈਪੀ ਸੋਮਵਾਰ, ਹੈਪੀ ਮੰਗਲਵਾਰ ਆਦਿ। ਕੋਈ ਦਿਨ ਦਾ ਸ਼ੁੱਭ ਵਿਚਾਰ ਭੇਜੀ ਜਾਂਦਾ ਹੈ ਤੇ ਕੋਈ ਹੁਕਮਨਾਮੇ ਦੀ ਵਿਆਖਿਆ। ਸਟੇਟਸ ‘ਤੇ ਫੋਟੋ ਵੀ ਵੇਖਣ ਵਾਲੀ ਹੁੰਦੀ ਹੈ। ਮਰੀਅਲ ਤੋਂ ਮਰੀਅਲ ਬੰਦਾ ਵੀ ਗੁੱਗੂ ਗਿੱਲ ਤੋਂ ਘੱਟ ਨਹੀ ਲੱਗਦਾ। ਕਈ ਸੂਰਮੇ ਤਾਂ ਬਿਨਾਂ ਕਾਨੂੰਨ ਦੀ ਜਾਣਕਾਰੀ ਦੇ ਗੱਬਰ ਸਿੰਘ ਦੇ ਪੋਜ਼ ਵਿੱਚ ਬੇਗਾਨੇ ਪਿਸਤੌਲ-ਰਾਈਫਲ ਨਾਲ ਫੋਟੋ ਲਾ ਕੇ ਜੇਲ੍ਹ ਜਾਣ ਦੀ ਤਿਆਰੀ ਕਰੀ ਬੈਠੇ ਹਨ। ਆਮ ਲੋਕਾਂ ਨੂੰ ਪਤਾ ਨਹੀਂ ਕਿ ਦੂਸਰੇ ਦੇ ‪#‎ਹਥਿਆਰ‬ ਨੂੰ ਪਕੜਨਾ ਵੀ ਜ਼ੁਰਮ ਹੈ। ਕੋਈ ਐਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ‘ਚ ਲੱਗਦਾ ਹੈ ਤੇ ਐਨਾ ਬਦਸੂਰਤ ਵੀ ਨਹੀਂ ਹੁੰਦਾ ਜਿੰਨਾ ਅਧਾਰ ਕਾਰਡ ਦੀ ਫੋਟੋ ‘ਤੇ ਲੱਗਦਾ ਹੈ। ਹਰ ਬੰਦਾ ਦੂਸਰੇ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਬੁੱਢਿਆਂ ਨੇ ਆਪਣੀ ਪ੍ਰੋਫਾਇਲ ‘ਤੇ ਕਿਸੇ ਖੂਬਸੂਰਤ ਜਵਾਨ ਦੀ ਫੋਟੋ ਲਾਈ ਹੁੰਦੀ ਹੈ। ਕਈ ਬੰਦੇ ਭੁਲੇਖੇ ਨਾਲ ਆਪਣੀ ਲੜਕੀ ਜਾਂ ਘਰਵਾਲੀ ਨਾਲ ਹੀ ਚੈਟਿੰਗ ਕਰਦੇ ਕਾਬੂ ਆ ਗਏ ਹਨ। ਕਈ ਅਣਭੋਲ ਔਰਤਾਂ ਬਦਮਾਸ਼ ਬੰਦਿਆਂ ਦੀਆਂ ਚੈਟਿੰਗ ਦੌਰਾਨ ਕੀਤੀਆਂ ‪#‎ਮੋਮੋਠੱਗਣੀਆਂ‬ ਗੱਲਾਂ ਵਿੱਚ ਫਸ ਕੇ ਘਰ ਘਾਟ ਤਬਾਹ ਕਰ ਬੈਠੀਆਂ ਹਨ। ਪਿਛਲੇ ਸਾਲ ਇੱਕ ਵਿਆਹੀ ਵਰੀ ਵੇਹਲੀ ਅਮੀਰ ਔਰਤ ਸੋਸ਼ਲ ਮੀਡੀਆਂ ਰਾਹੀਂ ਇੱਕ ਠੱਗ ਦੀਆਂ ਮਿੱਠੀਆਂ ਗੱਲਾ ਵਿੱਚ ਆ ਕੇ ਲੱਖਾਂ ਰੁਪਏ ਦਾ ਗਹਿਣਾ ਗੱਟਾ ਲੈ ਕੇ ਘਰੋਂ ਫਰਾਰ ਹੋ ਗਈ। ਉਹ ਲੁੱਟ ਪੁੱਟ ਕੇ ਉਸ ਨੂੰ ਮਾਰ ਕੇ ਲਾਸ਼ ਦੋਰਾਹੇ ਲਾਗੇ ਨਹਿਰ ਵਿੱਚ ਸੁੱਟ ਗਿਆ।
ਲੋਕ ਕਿਸੇ ਲੀਡਰ ਜਾਂ ਅਫਸਰ ਨਾਲ ਚੇਪੀ ਹੋ ਕੇ ਖਿੱਚੀਆਂ ਫੋਟੋਆਂ ਫੇਸਬੁੱਕ ‘ਤੇ ਪਾ ਕੇ ਲਾਈਕ ਗਿਣਨ ਲੱਗ ਜਾਂਦੇ ਹਨ। ਲਾਈਕ ਅਸਲ ਵਿੱਚ ਉਸ ਵੱਡੇ ਬੰਦੇ ਨੂੰ ਮਿਲਦੇ ਹਨ ਜਿਸ ਨਾਲ ਤੁਹਾਡੀ ਫੋਟੋ ਲੱਗੀ ਹੁੰਦੀ ਹੈ। ਕਹਿੰਦੇ ਹਨ ਕਿ ਇੱਕ ਦਿਨ ਸਵੇਰੇ ਸਵੇਰ ਜੰਗਲ ਵਿੱਚ ਸ਼ੇਰ ਨੂੰ ਗਿੱਦੜ ਟੱਕਰ ਗਿਆ। ਸ਼ੇਰ ਜਦੋਂ ਉਸ ਦਾ ਬਰੇਫਾਸਟ ਕਰਨ ਲੱਗਾ ਤਾਂ ਗਿੱਦੜ ਨੂੰ ਸਕੀਮ ਸੁੱਝ ਗਈ। ਕਹਿੰਦਾ, ”ਸ਼ੇਰਾ, ਗੱਲ ਜਰਾ ਧਿਆਨ ਨਾਲ ਕਰੀਂ। ਜਾਨਵਰਾਂ ਨੇ ਕਲ੍ਹ ਦਾ ਮੈਨੂੰ ਰਾਜਾ ਚੁਣ ਲਿਆ ਹੈ।” ਸ਼ੇਰ ਨੂੰ ਯਕੀਨ ਨਾ ਆਇਆ ਤਾਂ ਗਿੱਦੜ ਬੋਲਿਆ ਕਿ ਤੂੰ ਮੇਰੇ ਨਾਲ ਜੰਗਲ ਵਿੱਚ ਚੱਲ। ਵੇਖੀਂ ਮੈਨੂੰ ਕਿੰਨੀਆਂ ਸਲਾਮਾਂ ਹੁੰਦੀਆਂ ਹਨ। ਹੈਰਾਨ ਪਰੇਸ਼ਾਨ ਸ਼ੇਰ ਉਸ ਦੇ ਪਿੱਛੇ ਪਿੱਛੇ ਚੱਲ ਪਿਆ। ਜਾਨਵਰ ਤਾਂ ਪਿੱਛੇ ਤੁਰੇ ਆਉਂਦੇ ਸ਼ੇਰ ਨੂੰ ਸਲਾਮਾਂ ਮਾਰਨ ਪਰ ਜਵਾਬ ਪੂਰੀ ਆਕੜ ਨਾਲ ਗਿੱਦੜ ਦੇਈ ਜਾਵੇ। ਠਾਹ ਠਾਹ ਵੱਜਦੀਆਂ ਸਲਾਮਾਂ ਵੇਖ ਕੇ ਸ਼ੇਰ ਸੱਚੀਂ ਮੰਨ ਗਿਆ ਕਿ ਗਿੱਦੜ ਰਾਜਾ ਬਣ ਗਿਆ ਹੈ। ਇਸ ਲਈ ਅਸਲ ਵਿੱਚ ਲਾਈਕ ਤਾਂ ਸ਼ੇਰ ਨੂੰ ਮਿਲਦੇ ਹਨ ਤੇ ਗਿੱਦੜ ਐਵੇਂ ਆਕੜੀ ਜਾਂਦੇ ਹਨ।
ਇੱਕ ਨਵਾਂ ਟਰੈਂਡ ਚੱਲਿਆ ਹੈ ‪#‎ਸੈਲਫੀ_ਖਿੱਚਣ‬ ਦਾ। ਹੁਣ ਤੱਕ ਇੱਕਲੇ ਭਾਰਤ ਵਿੱਚ ਹੀ 50 ਦੇ ਕਰੀਬ ਲੋਕ ਸੈਲਫੀਆਂ ਲੈਂਦੇ ਮਰ ਚੁੱਕੇ ਹਨ। ਕੋਈ ਟਰੇਨ ਥੱਲੇ ਦਰੜਿਆ ਜਾਂਦਾ ਤੇ ਕੋਈ ਪਹਾੜਾਂ ਤੋਂ ਰਿੜ੍ਹ ਜਾਂਦਾ ਹੈ। ਵਿਹਲਿਆ ਕੋਈ ਸ਼ੇਰ ਨੂੰ ਜੱਫੀ ਪਾ ਲੈਂਦਾ ਤੇ ਕੋਈ ਝੀਲ ਵਿੱਚ ਡੁੱਬ ਜਾਂਦਾ ਹੈ। ਲੀਡਰਾਂ ਕੋਲ ਪਹੁੰਚਣ ਦਾ ਸਭ ਤੋਂ ਸੌਖਾ ਬਹਾਨਾ ਹੈ ਸੈਲਫੀ ਖਿੱਚਣੀ। ਲੀਡਰ ਵੀ ਮਨ੍ਹਾ ਨਹੀਂ ਕਰਦੇ। ਇਹ ਰਿਵਾਜ ਕਿਸੇ ਵੀ ਵਕਤ ਵੀ.ਆਈ.ਪੀ ਦੀ ਸੁਰੱਖਿਆਂ ਨੂੰ ਖਤਰੇ ਵਿੱਚ ਪਾ ਸਕਦਾ ਹੈ। ਤਕਨੀਕ ਇਨਸਾਨ ਦੀ ਤਰੱਕੀ ਲਈ ਹੈ ਪਰ ਅਸੀਂ ਉਸ ਦੀ ਗਲਤ ਵਰਤੋਂ ਕਰ ਰਹੇ ਹਾਂ। ਸਭ ਤੋਂ ਵੱਧ ਦੁਰਵਰਤੋਂ ਸ਼ੋਸ਼ਲ ਮੀਡੀਆ ਦੀ ਹੋ ਰਹੀ ਹੈ। ਇਹ ਜਿਸ ਕੰਮ ਲਈ ਈਜਾਦ ਹੋਇਆ ਸੀ, ਉਸ ਦੀ ਬਜਾਏ ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਸਰੇ ਨੂੰ ਬਦਨਾਮ ਕਰਨ ਆਦਿ ਲਈ ਕੀਤਾ ਜਾ ਰਿਹਾ ਹੈ..
 
U

Unregistered

Guest
ਬਹੁਤ ਖੂਬ ਲਿਖਿਆ ਹੈ ਤੁਸੀਂ।
 
Top