ਚੰਗੀ ਸੰਗਤ ਦਾ ਅਸਰ ਚੰਗਾ ਪੈਂਦਾ ਹੈ

Parv

Prime VIP
ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿਚ ਮਨੁੱਖ ਸ੍ਰੇਸ਼ਠ ਹੈ ਕਿਉਂਕਿ ਸਿਰਫ ਉਸੇ ਵਿਚ ਚਿੰਤਨ ਕਰਨ ਦੀ ਸਮਰੱਥਾ ਅਤੇ ਸਹੀ-ਗਲਤ ਦਾ ਫੈਸਲਾ ਕਰਨ ਦੀ ਕਾਬਲੀਅਤ ਹੈ। ਹੋਰ ਜੀਵ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਦੇ ਨਤੀਜੇ ਬਾਰੇ ਸੋਚ-ਵਿਚਾਰ ਕਰਨ ਤੋਂ ਅਸਮਰੱਥ ਹਨ। ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ, ਜਦੋਂ ਪੜ੍ਹੇ-ਲਿਖੇ ਇਨਸਾਨ ਦਾ ਗਲਤ ਵਤੀਰਾ ਉਸ ਨੂੰ ਸ੍ਰੇਸ਼ਠ ਮਨੁੱਖ ਦੇ ਵਰਗ ਤੋਂ ਹੇਠਾਂ ਲੈ ਆਉਂਦਾ ਹੈ। ਸਮਾਜ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਆਮ ਵਿਅਕਤੀ ਤੋਂ ਜਦੋਂ ਵੱਡੇ ਅਹੁਦੇ 'ਤੇ ਪਹੁੰਚ ਜਾਂਦੇ ਹਨ ਤਾਂ ਹੰਕਾਰੀ ਬਣ ਜਾਂਦੇ ਹਨ। ਸ਼ੋਹਰਤ ਕਾਰਨ ਉਨ੍ਹਾਂ ਦਾ ਮਧੁਰ ਸੁਭਾਅ ਖਤਮ ਹੋ ਜਾਂਦਾ ਹੈ।
ਤੁਹਾਡੇ ਵਤੀਰੇ 'ਤੇ 70 ਫੀਸਦੀ ਅਸਰ ਮਾਹੌਲ ਦਾ ਪੈਂਦਾ ਹੈ। ਜੇ ਸਾਡੇ ਆਸੇ-ਪਾਸੇ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਜੋ ਮੇਲ-ਜੋਲ ਦੀ ਭਾਵਨਾ ਤੋਂ ਦੂਰ ਅਤੇ ਸੌੜੀ ਸੋਚ ਦੇ ਮਾਲਕ ਹੁੰਦੇ ਹਨ ਤਾਂ ਅਸੀਂ ਵੀ ਆਪਣੇ-ਆਪ ਵਿਚ ਸੀਮਤ ਹੋ ਜਾਂਦੇ ਹਾਂ। ਮਾੜੀਆਂ ਆਦਤਾਂ ਜਲਦੀ ਫੈਲਦੀਆਂ ਹਨ। ਈਰਖਾ, ਬਦਲੇ ਤੇ ਬੇਇੱਜ਼ਤੀ ਦੀ ਭਾਵਨਾ ਤਾਂ ਚੰਗੇ-ਭਲੇ ਲੋਕਾਂ ਵਿਚ ਵੀ ਆ ਜਾਂਦੀ ਹੈ, ਜੋ ਉਹ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਨਹੀਂ ਸਮਝਦੇ।
ਬਾਰਿਸ਼ ਦੀ ਪਹਿਲੀ ਬੂੰਦ ਕੇਲੇ 'ਤੇ ਜਦੋਂ ਪੈਂਦੀ ਹੈ ਤਾਂ ਉਹ ਕਪੂਰ ਬਣ ਜਾਂਦੀ ਹੈ, ਸਿੱਪੀ ਵਿਚ ਪੈ ਕੇ ਮੋਤੀ ਅਤੇ ਸੱਪ ਦੇ ਮੂੰਹ ਵਿਚ ਪੈ ਕੇ ਜ਼ਹਿਰ ਬਣ ਜਾਂਦੀ ਹੈ। ਜਿਸ ਤਰ੍ਹਾਂ ਦੀ ਸੰਗਤ ਹੋਵੇਗੀ, ਉਸੇ ਤਰ੍ਹਾਂ ਦਾ ਹੀ ਫਲ ਮਿਲੇਗਾ। ਸ੍ਰੇਸ਼ਠ ਲੋਕਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਦੇ ਵਤੀਰੇ ਨਾਲ ਮਾੜੇ ਲੋਕ ਵੀ ਚੰਗੇ ਬਣ ਸਕਦੇ ਹਨ। ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ, ਠੀਕ ਉਸੇ ਤਰ੍ਹਾਂ ਵਿਅਕਤੀ 'ਤੇ ਸੰਗਤ ਦਾ ਅਸਰ ਪੈਂਦਾ ਹੈ। ਚੰਗੇ ਇਨਸਾਨ ਦਾ ਸੰਪਰਕ ਵਿਅਕਤੀ ਨੂੰ ਗੁਣੀ ਬਣਾਉਂਦਾ ਹੈ।
ਜੇ ਕਿਸੇ ਗਲਤ ਵਿਅਕਤੀ ਦੇ ਸਾਥ ਨਾਲ ਸਾਡਾ ਨੈਤਿਕ ਪਤਨ ਅਤੇ ਵਤੀਰੇ ਵਿਚ ਰੁੱਖਾਪਨ ਆਉਂਦਾ ਹੈ ਤਾਂ ਉਸ ਵਿਅਕਤੀ ਦਾ ਸਾਥ ਤੁਰੰਤ ਛੱਡ ਦੇਣਾ ਚਾਹੀਦਾ ਹੈ। ਅੱਜ ਸਮਾਜ ਵਿਚ ਜੋ ਚੰਗਿਆਈਆਂ ਤੇ ਬੁਰਾਈਆਂ ਨਜ਼ਰ ਆ ਰਹੀਆਂ ਹਨ, ਉਨ੍ਹਾਂ ਪਿੱਛੇ ਇਕ ਕਾਰਨ ਸੰਗਤ ਦਾ ਅਸਰ ਵੀ ਹੈ। ਜੇ ਸੰਗਤ ਚੰਗੀ ਹੈ ਤਾਂ ਵਿਅਕਤੀ ਨੈਤਿਕ ਕਦਰਾਂ-ਕੀਮਤਾਂ 'ਤੇ ਅਮਲ ਕਰਦਾ ਹੈ।
 
Top