ਬੇਗੁਨਾਹ ਦੇ ਕਤਲ ਤੋਂ ਕਾਨੂੰਨ ਨਾ ਡਰਦਾ ਕੋਈ

ਗਜ਼ਲ
ਵਿਲਕਦੇ ਇਨਸਾਨ ਦੀ ਅੱਜ ਪੀੜ ਨਾ ਹਰਦਾ ਕੋਈ i
ਬੇਗੁਨਾਹ ਦੇ ਕਤਲ ਤੋਂ ਕਾਨੂੰਨ ਨਾ ਡਰਦਾ ਕੋਈ i

ਹਵਸ ਦੇ ਵਿਚ ਹੋ ਕੇ ਅੰਨੇ ਜਿਸਮ ਸੁੱਟ ਤੇ ਨੋਚ ਕੇ,
ਵੇਖ ਕੇ ਬਸ ਲੋਕ ਲੰਘਦੇ ਗੌਰ ਨਾ ਕਰਦਾ ਕੋਈ i

ਮੈਂ ਤਾਂ ਸੋਚਾਂ ਹਰ ਬੁਰਾਈ ਖਤਮ ਜੜ ਤੋਂ ਕਰ ਦਿਆਂ,
ਮੇਰੀ ਚਾਹਤ ਦੀ ਨਾ ਐਪਰ ਪੈਰਵੀ ਕਰਦਾ ਕੋਈ i

ਅੰਨੀ ਦਾ ਹੁਣ ਪੀਹਣ ਵੀ ਤਾਂ ਲੋਭ ਨੂੰ ਭਰਮਾ ਰਿਹਾ,
ਖੇਤ ਨੂੰ ਡਰ ਵਾੜ ਤੋਂ ਇਨਸਾਫ਼ ਨਾ ਕਰਦਾ ਕੋਈ i

ਹੁਣ ਮਿਲਾਵਟ ਖੋਰੀਆਂ ਦਾ ਮਚ ਗਿਆ ਬਸ ਕਹਿਰ ਹੈ,
ਜ਼ਾਲਮਾਂ ਦਾ ਰੁਖ ਨਾ ਬਦਲੇ ਵੇਖ ਕੇ ਮਰਦਾ ਕੋਈ i

ਤਪਸ਼ ਦਿਲ ਵਿਚ ਜ਼ਹਿਰ ਅੱਖੀਂ ਲੋਕ ਤਾਂ ਰਖਦੇ ਰਹੇ,
ਜਿੰਦਗੀ ਦੀ ਔੜ ਧਰਤੀ ਤੇ ਨਾ ਹੁਣ ਵਰ੍ਹਦਾ ਕੋਈ i

ਮਤਲਬੀ ਭੀੜਾਂ ਦੇ ਅੰਦਰ ਪਾਕ ਰਿਸ਼ਤੇ ਰੁਲ ਗਏ,
ਗਰਜ਼ ਦੇ ਬਿਨ ਪੈਰ ਵੀ ਦਹਿਲੀਜ਼ ਨਾ ਧਰਦਾ ਕੋਈ i

ਚਿਹਰਿਆਂ ਦੀ ਸਾਦਗੀ ਭਰਮਾ ਰਹੀ ਹੈ ਇਸ਼ਕ ਨੂੰ,
ਪਰ ਝਿਨਾ ਵਿਚ ਸੋਹਣੀਆਂ ਦੇ ਵਾਂਗ ਨਾ ਤਰਦਾ ਕੋਈ i

ਰੱਬ ਤੋਂ ਸੋਹਲ ਖੈਰ ਸਭ ਦੀ ਲੋਕ ਤਾਂ ਮੰਗਦੇ ਰਹੇ,
ਪਰ ਗੁਵਾਂਡੀ ਦੀ ਖੁਸੀ ਵੀ ਨਾ ਕਦੇ ਜ਼ਰਦਾ ਕੋਈ i
ਆਰ.ਬੀ.ਸੋਹਲ
 
Top