ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ

ਗੀਤ
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ
ਸਾਜ ਯਾਦਾਂ ਨੂੰ ਬਣਾ ਕੇ , ਗੀਤ ਵਸਲਾਂ ਦੇ ਛੋਵਾਂ

ਸੁਣਿਆ ਕਿ ਜਗ ਨੂੰ ਸਜਣਾ,ਵੰਡਦਾ ਪਿਆਂ ਤੂੰ ਹਾਸੇ
ਤੇਰੇ ਪਿਆਰ ਦੀ ਹਾਂ ਮੰਗਤੀ ,ਖਾਲੀ ਨੇ ਮੇਰੇ ਕਾਸੇ
ਬਣੀ ਜਿੰਦਗੀ ਹਨੇਰਾ, ਆ ਕੇ ਕਰ ਜਾ ਤੂੰ ਲੋਵਾਂ
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ

ਹੋ ਕੇ ਜੁਦਾ ਮੈਂ ਤੈਥੋਂ , ਘੁਟ-ਘੁਟ ਲਹੂ ਦੇ ਪੀਤੇ
ਪਲ-ਪਲ ਦੇ ਰਾਤ ਦਿਨ ਮੈਂ, ਟੁਕੜੇ ਹਜ਼ਾਰ ਕੀਤੇ
ਲੈ ਕੇ ਗਮਾਂ ਦਾ ਧਾਗਾ, ਹੰਝੂਆਂ ਨੂੰ ਵਿਚ ਪਰੋਵਾਂ
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ

ਪਾ-ਪਾ ਕੇ ਔਂਸੀਆਂ ਹੁਣ , ਪੋਟੇ ਵੀ ਜ਼ਖਮੀ ਹੋਏ
ਚਿਹਰਾ ਵੀ ਜ਼ਰਦ ਹੋਇਆ,ਨੈਣਾਂ ‘ਚ ਪੈ ਗੇ ਟੋਏ
ਹੁਣ ਆ ਵੀ ਜਾ ਤੂੰ ਸੋਹਲ, ਬਰੂਹਾਂ ‘ਚ ਤੇਲ ਚੋਵਾਂ
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ
ਆਰ.ਬੀ.ਸੋਹਲ
 
Top