ਪੰਜਾਬੀ ਬੋਲੀ

ਮਾੜੀ ਮੋਟੀ ਜਿਹਨੂੰ ਵੀ ਅੰਗਰੇਜ਼ੀ ਆਉਂਦੀ ਏ
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ
ਮੰਜ਼ਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ
ਏਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ
ਮਿਲੇ ਤਰੱਕੀ ਮਾਂ ਬੋਲੀ ਹੁਣ ਰੋਲਣ ਵਾਲੇ ਨੂੰ
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

ਏਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਏ
ਜਿਹਨੂੰ ਪੜ੍ਹਕੇ ਰੂਹ ਫੁੱਲਾਂ ਦੇ ਵਾਂਗੂੰ ਖਿਲਦੀ ਏ
ਪੌਣਾਂ ਵਿੱਚ ਸੁਗੰਧਾਂ ਮਿੱਠੀਆਂ ਘੋਲਣ ਵਾਲੇ ਨੂੰ
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

ਪੜ੍ਹੋ ਕਦੇ ਇਤਿਹਾਸ ਪੰਜਾਬੀਓ ਤੁਸੀਂ ਪੰਜਾਬੀ ਦਾ
ਏਹਨਾਂ ਕਰਕੇ ਝੁਲਿਆ ਝੰਡਾ ਦੇਸ਼ ਅਜ਼ਾਦੀ ਦਾ
ਦੇਣ ਧਮਕੀਆਂ ਸੱਤਿਆ ਪਰਦੇ ਫੋਲਣ ਵਾਲੇ ਨੂੰ
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

ਸੱਤਾ ਕੋਟਲੀ ਵਾਲਾ
 
Top