ਘੁਮੰਡੀ ਦਾ ਸਿਰ ਨੀਵਾਂ ਹੁੰਦਾ ਹੈ

Parv

Prime VIP
ਸਮੁੰਦਰ ਤੱਟ 'ਤੇ ਵਸੇ ਨਗਰ ਵਿਚ ਇਕ ਧਨਵਾਨ ਵਿਅਕਤੀ ਰਹਿੰਦਾ ਸੀ, ਉਸ ਦੇ ਪੁੱਤਰਾਂ ਨੇ ਇਕ ਕਾਂ ਪਾਲਿਆ ਹੋਇਆ ਸੀ, ਜਿਸ ਨੂੰ ਉਹ ਆਪਣੀ ਜੂਠ ਖੁਆਉਂਦੇ ਰਹਿੰਦੇ ਅਤੇ ਕਾਂ ਵੀ ਮਸਤ ਰਹਿੰਦਾ।
ਇਕ ਵਾਰ ਕੁਝ ਹੰਸ ਆ ਕੇ ਉਥੇ ਉਤਰੇ। ਵਿਅਕਤੀ ਦੇ ਪੁੱਤਰ ਹੰਸਾਂ ਦੀ ਪ੍ਰਸ਼ੰਸਾ ਕਰ ਰਹੇ ਸਨ ਜੋ ਕਾਂ ਕੋਲੋਂ ਸਹੀ ਨਾ ਗਈ, ਉਹ ਉਨ੍ਹਾਂ ਹੰਸਾਂ ਦੇ ਕੋਲ ਪਹੁੰਚਿਆ ਅਤੇ ਉਨ੍ਹਾਂ 'ਚੋਂ ਇਕ ਨੂੰ ਬੋਲਿਆ, ''ਲੋਕ ਐਵੇਂ ਹੀ ਤੁਹਾਡੀ ਤਾਰੀਫ ਕਰਦੇ ਹਨ, ਤੁਸੀਂ ਮੈਨੂੰ ਉਡਾਣ ਵਿਚ ਹਰਾਓ ਤਾਂ ਮੰਨਾਂ।'' ਹੰਸਾਂ ਨੇ ਉਸ ਨੂੰ ਸਮਝਾਇਆ, ''ਭਰਾ, ਅਸੀਂ ਦੂਰ-ਦੂਰ ਉਡਣ ਵਾਲੇ ਹਾਂ, ਸਾਡਾ ਨਿਵਾਸ ਮਾਨਸਰੋਵਰ ਇਥੋਂ ਬਹੁਤ ਦੂਰ ਹੈ। ਸਾਡੇ ਨਾਲ ਮੁਕਾਬਲਾ ਕਰਨ ਵਿਚ ਤੈਨੂੰ ਕੀ ਫਾਇਦਾ ਹੋਵੇਗਾ?''
ਕਾਂ ਨੇ ਘੁਮੰਡ ਦੇ ਨਾਲ ਕਿਹਾ, ''ਮੈਂ ਉਡਣ ਦੀਆਂ ਸਾਰੀਆਂ ਤਰਕੀਬਾਂ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਹਾਰਨ ਦੇ ਡਰੋਂ ਮੇਰੇ ਨਾਲ ਉਡ ਨਹੀਂ ਰਹੇ ਹੋ।'' ਉਦੋਂ ਤਕ ਕੁਝ ਹੋਰ ਪੰਛੀ ਵੀ ਉਥੇ ਆ ਕੇ ਕਾਂ ਦੀ ਹਾਂ ਵਿਚ ਹਾਂ ਮਿਲਾਉਣ ਲੱਗੇ। ਆਖਿਰ ਹੰਸ ਕਾਂ ਦੇ ਨਾਲ ਮੁਕਾਬਲੇ ਲਈ ਰਾਜ਼ੀ ਹੋ ਗਏ।
ਉਸ ਤੋਂ ਬਾਅਦ ਹੰਸ ਅਤੇ ਕਾਂ ਸਮੁੰਦਰ ਦੇ ਉਪਰ ਉਡਣ ਲੱਗੇ। ਕਾਂ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਦਿਖਾਉਂਦਾ ਪੂਰੀ ਤਾਕਤ ਨਾਲ ਉਡਿਆ ਅਤੇ ਹੰਸ ਤੋਂ ਕੁਝ ਅੱਗੇ ਨਿਕਲ ਗਿਆ। ਹੰਸ ਬੜੇ ਆਰਾਮ ਨਾਲ ਉਡ ਰਿਹਾ ਸੀ। ਇਹ ਦੇਖ ਦੂਸਰੇ ਕਾਂ ਖੁਸ਼ੀ ਪ੍ਰਗਟ ਕਰਨ ਲੱਗੇ ਪਰ ਥੋੜ੍ਹੀ ਦੇਰ ਵਿਚ ਹੀ ਕਾਂ ਥੱਕਣ ਲੱਗਾ।
ਉਹ ਆਰਾਮ ਦੇ ਲਈ ਇਧਰ-ਉਧਰ ਕਿਸੇ ਟਾਪੂ ਦੀ ਖੋਜ ਕਰਨ ਲੱਗਾ ਪਰ ਉਸ ਨੂੰ ਪਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਉਹ ਬਹੁਤ ਥੱਕਿਆ ਹੋਇਆ ਅਤੇ ਸਮੁੰਦਰ 'ਚ ਡਿਗਣ ਦੀ ਹਾਲਤ 'ਚ ਪਹੁੰਚ ਗਿਆ। ਹੰਸ ਨੇ ਉਸ ਦੇ ਕੋਲ ਆ ਕੇ ਪੁੱਛਿਆ,''ਕਾਂ! ਤੁਹਾਡੀ ਚੁੰਝ ਅਤੇ ਖੰਭ ਵਾਰ-ਵਾਰ ਪਾਣੀ ਵਿਚ ਡੁੱਬ ਰਹੇ ਹਨ, ਇਹ ਤੁਹਾਡੀ ਕਿਹੜੀ ਗਤੀ ਹੈ?''
ਹੰਸ ਦੀ ਵਿਅੰਗ ਭਰੀ ਗੱਲ ਸੁਣ ਕੇ ਕਾਂ ਬੋਲਿਆ, ''ਇਹ ਮੇਰੀ ਮੂਰਖਤਾ ਸੀ, ਜੋ ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਦੀ ਸੋਚੀ। ਕ੍ਰਿਪਾ ਕਰ ਕੇ ਮੇਰੇ ਪ੍ਰਾਣ ਬਚਾਅ ਲਓ।''
ਹੰਸ ਨੂੰ ਕਾਂ 'ਤੇ ਦਯਾ ਆ ਗਈ ਅਤੇ ਉਸ ਨੇ ਆਪਣੇ ਪੰਜਿਆਂ ਨਾਲ ਚੁੱਕ ਕੇ ਆਪਣੀ ਪਿੱਠ 'ਤੇ ਬਿਠਾ ਲਿਆ ਅਤੇ ਵਾਪਸ ਆ ਕੇ ਉਸ ਨੂੰ ਉਸ ਦੀ ਜਗ੍ਹਾ 'ਤੇ ਛੱਡ ਦਿੱਤਾ।
ਮਤਲਬ ਇਹ ਹੈ ਕਿ ਕਦੇ ਵੀ ਕਿਸੇ ਨੂੰ ਆਪਣੀ ਸ਼ਕਤੀ 'ਤੇ ਘੁਮੰਡ ਨਹੀਂ ਕਰਨਾ ਚਾਹੀਦਾ
 
Top