ਵਿਰਸੇ ਦੀ ਮੇਰੇ ਤੋਂ ਕਿਤਾਬ ਖੋਹ ਕੇ ਲੈ ਗਿਆ

KARAN

Prime VIP
ਵਿਰਸੇ ਦੀ ਮੇਰੇ ਤੋਂ ਕਿਤਾਬ ਖੋਹ ਕੇ ਲੈ ਗਿਆ
ਤੂੰਬੀ ਖੋਹ ਕੇ ਲੈ ਗਿਆ ਰਬਾਬ ਖੋਹ ਕੇ ਲੈ ਗਿਆ

ਪੰਜਾਂ ਪਾਣੀਆਂ ਦਾ ਅੱਧਾ ਆਬ ਖੋਹ ਕੇ ਲੈ ਗਿਆ
ਜੇਹਲਮ ਤੇ ਰਾਵੀ ਤੇ ਚਨਾਬ ਖੋਹ ਕੇ ਲੈ ਗਿਆ

ਇੰਡੀਆ ਦੇ ਨਕਸ਼ੇ ਤੇ ਤਾਜ ਵਾਂਗ ਸਜਿਆ ਸੀ
ਕੋਹਿਨੂਰ ਹੀਰਾ ਜੋ ਨਾਯਾਬ ਖੋਹ ਕੇ ਲੈ ਗਿਆ

ਹੌਲੀ ਹੌਲੀ ਹੌਲੀ ਜੀ ਜਨਾਬ ਖੋਹ ਕੇ ਲੈ ਗਿਆ
ਸੋਨੇ ਵਾਲੀ ਚਿੜੀ ਦਾ ਖਿਤਾਬ ਖੋਹ ਕੇ ਲੈ ਗਿਆ

ਸਾਡੇਆਂ ਹੀ ਨੈਣਾਂ ਚੋਂ ਖੂਆਬ ਖੋਹ ਕੇ ਲੈ ਗਿਆ
ਕੋਈ ਸਾਥੋਂ ਸਾਡਾ ਹੀ ਪੰਜਾਬ ਖੋਹ ਕੇ ਲੈ ਗਿਆ

ਕੰਡਿਆਲੀ ਥੋਰ ਅਤੇ ਲੂਣਾ ਦੀ ਨਾ ਗੱਲ ਹੋਵੇ
ਸ਼ਿਵ ਦਿਆਂ ਗੀਤਾਂ ਦਾ ਸ਼ਬਾਬ ਖੋਹ ਕੇ ਲੈ ਗਿਆ

ਪਿਆਰ ਸਤਿਕਾਰ ਤੇ ਹਲੀਮੀ ਕਿਤੇ ਦਿੱਸਦੀ ਨਾਂ
ਫਤਿਹ ਖੋਹ ਕੇ ਲੈ ਗਿਆ ਆਦਾਬ ਖੋਹ ਕੇ ਲੈ ਗਿਆ

ਝੂਠ ਮੂਠ ਹੱਸਦੇ ਸੀ ਐਵੇਂ ਲੋਕਾਂ ਸਾਹਮਣੇ
ਸਾਡੇ ਚਿਹਰੇ ਉਤਲਾ ਨਕਾਬ ਖੋਹ ਕੇ ਲੈ ਗਿਆ

ਆਈ ਨਾ ਫੇ ਹਾਸੀ ਕੇਰਾਂ ਲੰਘੀ ਜੋ ਚੁਰਾਸੀ
ਕਿੰਨੀਆਂ ਹੀ ਲਾਸ਼ਾਂ ਦਾ ਹਿਸਾਬ ਖੋਹ ਕੇ ਲੈ ਗਿਆ

ਇੱਕ ਇੱਕ ਕਰ ਸਾਰੇ ਰੰਗ ਹੀ ਗੁਆਚ ਗਏ
ਸਾਡੇਆਂ ਹੀ ਬਾਗਾਂ ਚੋਂ ਗੁਲਾਬ ਖੋਹ ਕੇ ਲੈ ਗਿਆ

ਜੈਲਦਾਰਾ ਸਮੇਂ ਅੱਗੇ ਚੱਲਦੀ ਨਾ ਕਿਸੇ ਦੀ
ਸੂਰਵੀਰ ਯੋਧੇ ਤੇ ਨਵਾਬ ਖੋਹ ਕੇ ਲੈ ਗਿਆ............ Zaildar Pargat Singh​
 
Top