ਕਿਸਾਨ ਮੇਲੇ

ਬਠਿੰਡੇ ਲੱਗੇ ਕਿਸਾਨ ਮੇਲੇ 'ਚੋਂ ਕਣਕ ਦੇ
ਨਵੇਂ ਬੀ ਦੀ ਬੋਰੀ ਖ੍ਰੀਦ ਸਿਰ ਤੇ ਚੱਕੀ ਆਉਦਾ ਬਜ਼ੁਰਗ
ਨਿਕਲਦਿਆਂ ਈ ਘੇਰਿਆ ਜਾਂਦਾ ਸ਼ਹਿਰ ਦੀ ਟ੍ਰੈਫਿਕ 'ਚ
ਤੇ ਰਿਕਸ਼ੇ ਆਲੇ ਨੂੰ ਬੋਲ ਨੀਂ ਮਾਰਦਾ ਸਮਾਂ ਦੀ
ਅੱਡੇ ਕੰਨੀਂ ਹੋ ਤੁਰਦਾ ਕਾਹਲੇ ਪੈਂਰੀ ਤੇ ਪਿੰਡ ਆਲ਼ੀ ਮਿੰਨੀ
ਬੱਸ ਦੀ ਪਿਛਲ਼ੀ ਬਾਰੀ 'ਚ ਖੜੋ ਲੰਮੀ ਸੀਟ ਹੇਠਾਂ ਧੱਕ ਦਿੰਦਾ
ਕੁੰਜੀ ਦੀ ਫੋਟੋ ਆਲੀ ਬੋਰੀ
ਤੇ ਪੱਗ ਸੂਤ ਕਰਕੇ ਕੁੜਤੇ ਦੀ ਉਤਲੀ ਜੇਬ ਦਾ ਗਦਾਮ ਖੋਲ੍ਹ
ਬਟੂਆ ਕੱਢਕੇ ਪੀਲੀਆਂ ਜੀਆਂ ਪਰਚੀਆਂ ਚੋਂ ਬੀਹਾਂ ਦਾ ਨੋਟ ਕੱਢਕੇ
ਕੰਡਕਟਰ ਨੂੰ ਕਹਿੰ
ਦਾ,"ਘੁੱਦੇ ਦੀ ਟਿਕਟ ਦਈਂ ਸ਼ੇਰਾ"
ਤੇ ਬੱਸ 'ਚ ਚੱਲਦੇ ਡੈੱਕ ਵੰਨੀਂ ਕੰਨ ਨੀਂ ਕਰਦਾ
ਕੰਨਾਂ 'ਚ ਹੈੱਡਫੂਨ ਲਾਈ ਬੈਠੇ ਪਾਹੜੇ ਉਹਨੂੰ ਜ਼ਹਿਰ ਲੱਗਦੇ ਨੇ
ਉੱਤਲੀ ਪੈਪ ਜੀ ਨੂੰ ਹੱਥ ਪਾ ਸੋਚਦਾ ਮੇਲੇ 'ਚ ਵੇਖੀ
ਆਲੂ ਪੱਟਣ ਆਲੀ ਮਸ਼ੀਨ ਤੇ ਝੋਨਾ ਲਾਉਣ ਆਲੀ ਨਮੀਂ ਤਕਨੀਕ
ਤੇ ਮੁੰਡਿਆਂ 'ਚ ਘਿਰੀ ਖਲੋਤੀ ਕੁੜੀ ਨੂੰ ਕਹਿੰਦਾ
"ਕੁੜੇ 'ਗਾਂਹਾ ਹੋਕੇ ਖੜ੍ਹਜਾ"
ਘਰੇ ਆ ਪਾਣੀ ਦਾ ਘੁੱਟ ਭਰਕੇ ਹੋ-ਹੋ ਕਰਦਾ ਮੈਸਾਂ ਵੱਲ ਨੂੰ ਹੋ ਤੁਰਦਾ
ਤੇ ਗਲੋਂ ਸੰਗਲ ਲਾਹ ਛੱਪੜ ਵੰਨੀਂ ਹੱਕ ਲੈਂਦਾ ਪਸੂਆਂ ਨੂੰ
ਛੋਟੀ ਨੂੰਹ ਦੇ ਕਹਿਣ ਤੇ ਜਵਾਕਾਂ ਨੂੰ ਪੀਲੀ ਜੀ ਵੈਨ ਤੋਂ ਲਾਹ ਕੇ ਲਿਆਉਦਾ
ਜਵਾਕਾਂ ਦੇ ਵੀ ਜੂੜੇ ਤੇ ਰੁਮਾਲ ਦਾ ਫੁੱਲ ਬਣਾਕੇ ਨੀਂ ਪਾਇਆ ਹੁੰਦਾ
ਨਮਾਂ ਸਟੈਲ ਵਿਚਾਲਿਓਂ ਜੇ ਖੜੇ ਵਾਲ
ਆਹੋ ਸਪੈਕੀ ਕਹਿੰਦੇ ਆ ਸ਼ੈਦ ,ਉਹ ਕੀਤਾ ਹੁੰਦਾ
ਤੇ ਆਥਣੇ ਸੱਥ 'ਚ ਕਿਸਾਨ ਮੇਲੇ ਦਾ ਹਾਲ ਸੁਣਾਉਦਾ
ਤੇ ਘਰੇ ਆਕੇ ਸੱਤ ਆਲੀਆਂ ਖਬਰਾਂ ਪਿੱਛੋਂ ਮੰਡੀਆਂ ਦਾ ਭਾਅ ਸੁਣਕੇ
ਸੂਣ ਆਲੀ ਮੱਝ ਕੋਲੇ ਮੰਜਾ ਡਾਹ ਕੇ ਓਨੀਂਦਰੇਂ 'ਚ ਸਾਰੀ ਰਾਤ ਕੱਢਦਾ.............
...ਅੰਮ੍ਰਿਤ ਪਾਲ ਘੁੱਦਾ
 

Attachments

Top