ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ..

jassmehra

(---: JaSs MeHrA :---)
gurunanaksahibji-1.jpg


ਕੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਨੁਯਾਈਆਂ ਨੇ ਹਿੰਦੂਤਵੀਆਂ ਸਾਹਵੇਂ ਆਤਮ ਸਮਰਪਣ ਕਰ ਦਿੱਤਾ ਹੈ?

ਕਦੀ ਪੰਜਾਬ ਦੇ ਦਾਰਸ਼ਨਿਕ ਕਵੀ, ਸੁਰਤ ਦੇ ਖੰਭਾਂ ’ਤੇ ਰੂਹਾਨੀਅਤ ਦੀਆਂ ਸਿਖਰਾਂ ਨੂੰ ਛੂਹ ਕੇ, ਪੰਜਾਬ ਨੂੰ ਗੁਰਮਤਿ ਫਲਸਫੇ ਦੇ ਰੰਗ ਵਿੱਚ ਰੰਗਿਆ ਵੇਖਣ ਵਾਲੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ –ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ। ਆਪਣੀ ਚੜ੍ਹਦੀ ਜਵਾਨੀ ਵਿੱਚ, ਰੂਹਾਨੀ ਅਨੁਭਵ ਲਈ ਤੀਬਰ ਵੈਰਾਗ ਦੀ ਕਾਂਗ ਤਹਿਤ, ਹਿੰਦੂ ਸਵਾਮੀਆਂ ਦੇ ਢਹੇ ਚੜ੍ਹ ਕੇ, ਸਿੱਖੀ ਵਲੋਂ ਮੂੰਹ ਮੋੜਨ ਵਾਲੇ, ਪ੍ਰੋ. ਪੂਰਨ ਸਿੰਘ ਦੀ ਜਦੋਂ ਘਰ ਵਾਪਸੀ (ਸਿੱਖੀ ਵਿੱਚ ਮੁੜ ਪ੍ਰਵੇਸ਼) ਹੋਈ ਤਾਂ ਉਨ੍ਹਾਂ ਅੰਦਰੋਂ ਗੁਰੂ-ਪਿਆਰ ਦਾ ਉਹ ਅਮੁੱਕ-ਚਸ਼ਮਾ ਫੁੱਟਿਆ, ਜਿਹੜਾ ਅੱਜ ਵੀ ਅਧਿਆਤਮ ਦੇ ਰਾਹ ਦੇ ਪਾਂਧੀਆਂ ਨੂੰ, ਸੱਜਰੀ ਸਵੇਰ ਦੀ ਤਰੇਲ ਵਾਂਗ ਸ਼ਾਂਤੀ ਪ੍ਰਦਾਨ ਕਰਨ ਵਾਲਾ ਅਤੇ ਗੁਲਾਬ ਦੇ ਫੁੱਲਾਂ ਦੀ ਮਹਿਕ ਵਾਂਗ ਜਾਪਦਾ ਹੈ। ਗੁਰੂ-ਇਸ਼ਕ ਵਿੱਚ ਸਰਸ਼ਾਰ ਪ੍ਰੋ. ਪੂਰਨ ਸਿੰਘ ਨੇ ਫਿਰ ਆਪਣੀਆਂ ਲਾਜਵਾਬ ਲਿਖਤਾਂ ਨਾਲ ਬ੍ਰਾਹਮਣਵਾਦ, ਹਿੰਦੂ ਸੰਨਿਆਸ, ਉਪਨਿਸ਼ਦਾਂ ਤੇ ਸ਼ਾਸਤਰਾਂ ਦੇ ਰੁੱਖੇ ਸੁਨੇਹੇ ਦੀਆਂ ਚੰਗੀਆਂ ਧੱਜੀਆਂ ਉਡਾਈਆਂ, ਜਿਸ ਸਾਹਮਣੇ ਆਰੀਆ ਸਮਾਜੀ, ਸਨਾਤਨੀ, ਬ੍ਰਹਮੋ ਸਮਾਜ ਅਤੇ ਰਾਮਤੀਰਥ ਸਵਾਮੀਵਾਦ ਵਾਲੇ ਕੱਖਾਂ ਵਾਂਗ ਹਵਾ ਵਿੱਚ ਉੱਡ-ਪੁੱਡ ਗਏ। ਪ੍ਰੋਫੈਸਰ ਸਾਹਿਬ ਨੇ ਪੰਜਾਬ ਦੀ ਧਰਤੀ ਨੂੰ ‘ਦਸਾਂ ਗੁਰੂਆਂ ਵਲੋਂ ਵਰੋਸਾਈ ਧਰਤੀ’ ਅਤੇ ਉਨ੍ਹਾਂ ਦੀ ਸਾਜੀ ਕੌਮ ਨੂੰ ‘ਰੂਹ ’ਚੋਂ ਪੈਦਾ ਹੋਈ ਕੌਮ’ (ਸਪਿਰਟ ਬੌਰਨ ਪੀਪਲ) ਦੇ ਲਕਬਾਂ ਨਾਲ ਨਿਵਾਜਿਆ। ਪ੍ਰੋ. ਪੂਰਨ ਸਿੰਘ ਵਲੋਂ 1920ਵਿਆਂ ’ਚ ਭਾਰਤ ਆਏ ‘ਸਾਈਮਨ ਕਮਿਸ਼ਨ’ ਨੂੰ ਲਿਖੇ ਗਏ ਪੱਤਰ, ਸਿੱਖ ਪੰਥ ਦੇ ਨਵੇਂ ਨਰੋਏ ਸੁਨੇਹੇ ਅਤੇ ਹਿੰਦੂ ਧਰਮ ਦੇ ਬੋਦੇ, ਮੁਰਦਾ ਸੁਨੇਹੇ ਵਿਚਾਲੇ ਫਰਕ ਦਾ ਨਿਤਾਰਾ ਕਰਦੇ ਹਨ। ਉਨ੍ਹਾਂ ਨੇ, ਗਾਂਧੀਵਾਦ ਦੇ ‘ਚਰਖਾ-ਬੱਕਰੀ’ ਧਰਮ ਦਾ ਟਾਕਰਾ, ਪੰਜਾਬ ਦੀ ਫਿਜ਼ਾ ਵਿੱਚ ਗੁਰੂ-ਬਾਣੀ ਵਿੱਚ ਗੜੂੰਦ, ਪੰਜਾਬ ਦੀਆਂ ਸਵਾਣੀਆਂ ਦੀ ਇਮਾਨਦਾਰੀ-ਰੂਹਾਨੀ ਪਹੁੰਚ ਨਾਲ ਕਰਦਿਆਂ, ਸਿੱਖ ਵਿਚਾਰਧਾਰਾ ਦੀ ਉ¤ਤਮਤਾ ਨੂੰ ਜੱਗ-ਜ਼ਾਹਰ ਕੀਤਾ। ਉਨ੍ਹਾਂ ਦੀ ਰਚਨਾ ‘ਚਰਖੇ ਦੀਆਂ ਭੈਣਾਂ’ (ਸਿਸਟਰਜ਼ ਆਫ ਦੀ ਸਪੀਨਿੰਗ ਵੀਲ) ਪੰਜਾਬ ਦੇ ਗੁਰੂ-ਕਲਚਰ ਦੀ ਮੂੰਹੋਂ ਬੋਲਦੀ ਤਸਵੀਰ ਹੈ। ਪ੍ਰੋ. ਪੂਰਨ ਸਿੰਘ ਨੂੰ ਪੰਜਾਬ ਦੇ ਦਰਿਆ, ਦਰੱਖਤ, ਹਵਾ ਸਭ ਜਪੁ ਜੀ ਦੀਆਂ ਪਉੜੀਆਂ ਪੜ੍ਹਦੇ ਨਜ਼ਰ ਆਉਂਦੇ ਹਨ। ਪ੍ਰੋ. ਸਾਹਿਬ ਲਈ, ਗੋਰਖ ਨਾਥ ਦੇ ਟਿੱਲੇ ’ਤੇ ਚੜ੍ਹ ਕੇ ਗੋਰਖ ਨਾਥ ਨੂੰ ਪਾੜ੍ਹੇ ਕੰਨਾਂ ਨੂੰ ਸਬੂਤੇ ਕਰਨ ਦਾ ਚੈ¦ਿਜ ਕਰਨ ਵਾਲਾ ਰਾਂਝਾ ਵੀ ਗੁਰੂ ਨਾਨਕ ਦਾ ਸਿੱਖ ਹੀ ਜਾਪਿਆ, ਕਿਉਂਕਿ ਧੱਕੇ ਤੇ ਜ਼ੁਲਮ ਨੂੰ ਵੰਗਾਰਨ ਦੀ ਗੱਲ, ਗੁਰੂ ਨਾਨਕ ਸਾਹਿਬ ਨੇ ਹੀ ਪੰਾਜਬ ਦੀ ਧਰਤੀ ’ਤੇ ਆਰੰਭੀ, ਇਸ ਲਈ ਪੰਜਾਬ ਗੁਰਾਂ ਦੇ ਨਾਂ ’ਤੇ ਹੀ ਜਿਓਂਦਾ ਹੈ।
ਪਾਠਕਜਨ! ਅੱਜ ਇਸ ਗੁਰੂ ਵਰੋਸਾਈ ਧਰਤੀ ’ਤੇ, ਹਿੰਦੂਤਵ ਦੀਆਂ ਕਿਲਕਾਰੀਆਂ ਅਤੇ ਉਸ ਦਾ ਦੰਭੀ ਨਾਦ ਤਾਂ ਸੁਣ ਰਿਹਾ ਹੈ, ਪਰ ਇਥੋਂ ਜਪੁ ਜੀ-ਸੁਖਮਨੀ ਦਾ ਕਲਚਰ ਖਤਮ ਕੀਤਾ ਜਾ ਰਿਹਾ ਹੈ। ਜਿਸ ਧਰਤੀ ’ਤੇ ਗੁਰੂ ਨਾਨਕ ਵਿਚਾਰਧਾਰਾ ਨੂੰ ਮੁਗਲ, ਅਫਗਾਨ, ਅੰਗਰੇਜ਼ ਆਪਣੇ ਜ਼ੁਲਮਾਂ-ਚਲਾਕੀਆਂ ਨਾਲ ਖਤਮ ਨਹੀਂ ਕਰ ਸਕੇ ਅੱਜ ਉਥੇ ਗੁਰੂ ਨਾਨਕ ਦੀ ਆਪਣੀ ਕੌਮ ਦੇ ਨੁਮਾਇੰਦੇ, ਉਸ ਦੀ ਸਫ ਵਲੇਟ ਰਹੇ ਹਨ। ਅੱਜ ਅਨੰਦਪੁਰ ਦੀ ਧਰਤੀ ਤੋਂ ਗੁਰੂ-ਖਾਲਸੇ ਦਾ ਸਿੰਘ-ਨਾਦ ਨਹੀਂ ਸੁਣਾਈ ਦੇ ਰਿਹਾ ਬਲਕਿ ਕਿਸੇ ਫਰਾਡ ਹਿੰਦੂਤਵੀ ਸਵਾਮੀ ਦੀ ਅਖੌਤੀ ਜੀਵਨ-ਜੁਗਤ (ਆਰਟ ਆਫ ਲਿਵਿੰਗ) ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਅੱਜ, ‘ਅੰਮ੍ਰਿਤਸਰ, ਸਿਫਤੀ ਦਾ ਘਰ’ ’ਚੋਂ-
‘ਇੱਕ ਉੱਤਮ ਪੰਥ ਸੁਣਿਓ ਗੁਰ-ਸੰਗਤ,
ਤਿਹ ਮਿਲੰਤ ਜਮ-ਤ੍ਰਾਸ ਮਿਟਾਈ।
ਇੱਕ ਅਰਦਾਸ ਭਾਟ ਕੀਰਤ ਕੀ,
ਗੁਰ-ਰਾਮਦਾਸ ਰਾਖਹੁ ਸਰਣਾਈ।
ਦਾ ਸੁਨੇਹਾ ਮੱਧਮ ਪੈਂਦਾ ਜਾ ਰਿਹਾ ਹੈ ਪਰ ਉਸੇ ਸ਼ਹਿਰ ਦੀ ਇੱਕ ਦੋ-ਮੰਜ਼ਿਲਾ ਕੋਠੀ ’ਚੋਂ ਸਿੱਖੀ-ਬਾਣੇ ਵਿੱਚ ਵਿਚਰਦਾ ਇੱਕ ਦੰਭੀ ਜੋੜਾ ਦਰਜਨਾਂ ਪੰਡਿਤਾਂ ਨਾਲ ਮੰਤਰ-ਉਚਾਰਨ ਕਰਕੇ ਹਵਨ-ਯੱਗ ਕਰਦਾ -‘ਹਰ ਹਰ ਮਹਾਂਦੇਵ’ ਦੇ ਨਾਹਰੇ ਗੁੰਜਾਉਂਦਾ, ਇਸ ਸ਼ਹਿਰ ’ਚੋਂ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰ ਰਿਹਾ ਹੈ। ਕੁਝ ਮੀਲਾਂ ਦੀ ਵਿੱਥ ’ਤੇ (ਰਾਮਤੀਰਥ) ਗੁਰੂ ਰਾਮਦਾਸ ਦੀ ਨਗਰੀ ਵੱਲ ਪਿੱਠ ਕਰਕੇ, ਲੱਖਾਂ ਅਕਾਲੀਆਂ ਦਾ ਹਜੂਮ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ, ਆਕਾਸ਼ ਗੂੰਜਾਊਂ ਜੈਕਾਰੇ ਛੱਡ ਰਿਹਾ ਹੈ – ‘ਭਾਗਵਾਨ ਵਾਲਮੀਕ ਜੀ ਕੀ ਜੈ।’
‘ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ। ਬਧਹੁ ਪੁਰਖ ਬਿਧਾਤੇ, ਤਾਹ ਤੂ ਸੋਹਿਆ’ ਦੇ ‘ਸਚਿਖੰਡ’ ਦੀ ਸਚਾਈ ਤੋਂ ਮੁਨਕਰ ਹੁੰਦਿਆਂ, ਸੁਖਬੀਰ ਬਾਦਲ, ‘ਪਿਆਰੇ ਅਕਾਲੀਆਂ’ ਦੀ ਭੀੜ ਨੂੰ ਸੰਬੋਧਿਤ ਹੁੰਦਿਆਂ ਕਹਿ ਰਿਹਾ ਹੈ – ‘ਇਸ ਰਾਮਤੀਰਥ ਤੀਰਥ ਅਸਥਾਨ ’ਤੇ ਅਸੀਂ ਉਸਾਰੀ ਕਰਕੇ ਇਹੋ ਜਿਹਾ ਮੰਦਰ ਬਣਾਵਾਂਗੇ, ਜਿਹੋ ਜਿਹਾ ਦੁਨੀਆ ਵਿੱਚ ਪਹਿਲਾਂ ਕਦੀ ਨਹੀਂ ਬਣਿਆ। ਸ. ਪ੍ਰਕਾਸ਼ ਸਿੰਘ ਬਾਦਲ ਨੇ, ਇਸ ਮੰਦਰ ਬਣਾਉਣ ਲਈ ਕੀਤੀਆਂ 18 ਮੀਟਿੰਗਾਂ ਵਿੱਚੋਂ 17 ਮੀਟਿੰਗਾਂ ਵਿੱਚ ਖੁਦ ਸ਼ਮੂਲੀਅਤ ਕੀਤੀ ਹੈ। ਇਹ ਬਾਦਲ ਸਾਹਿਬ ਦਾ ਸ਼ਾਹਕਾਰ ਸੁਪਨਾ ਹੈ…।’
ਕਦੀ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਗਿ. ਸੰਤ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ, ‘ਕੱਤਕ ਦੀ ਪੁੰਨਿਆ’ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਨਾਉਣ ਦੀ ਬੇਨਤੀ ਕੀਤੀ ਸੀ, ਤਾਂਕਿ ਰਾਮਤੀਰਥ ਜਾ ਕੇ, ਕੱਤਕ ਦੀ ਪੁੰਨਿਆ ਦਾ ਇਸ਼ਨਾਨ ਕਰਨ ਵਾਲੇ ਸਿੱਖਾਂ ਨੂੰ, ਹਰਿਮੰਦਰ ਸਾਹਿਬ ਨਾਲ ਜੋੜਿਆ ਜਾਵੇ ਪਰ ਅੱਜ ਦੀ ਪੰਥਕ ਸਰਕਾਰ, ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ‘ਸੋਹਣਾ’ ਰਾਮਤੀਰਥ ਬਣਾਉਣ ਲਈ, ਪੱਬਾਂ ਭਾਰ ਹੋਈ ਹੋਈ ਹੈ।
ਕਦੀ ਚਮਕੌਰ ਸਾਹਿਬ ਦੀ ਫਿਜ਼ਾ ’ਚੋਂ, ਅੱਲਾ ਯਾਰ ਖਾਂ ਜੋਗੀ ਦਾ ਸੁਨੇਹਾ ਗੂੰਜਿਆ ਸੀ –
‘ਬੱਸ ਏਕ ਤੀਰਥ ਹੈ ਹਿੰਦ ਮੇਂ,
ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ,
ਜਹਾਂ ਖੁਦਾ ਕੇ ਲੀਏ।
ਚਮਕ ਹੈ ‘ਮਿਹਰ’ ਕੀ ਚਮਕੌਰ,
ਤੇਰੇ ਜ਼ੁਰੇ (ਕਿਣਕੇ) ਮੇਂ।
ਯਹੀਂ ਸੇ ਬਨ ਕੇ ਸਿਤਾਰੇ ਗਏ,
ਆਸਮਾਂ ਕੇ ਲੀਏ।’
ਜਿਸ ਨੂੰ ਅੱਲਾ ਯਾਰ ਖਾਂ ਯੋਗੀ ‘ਭਾਰਤ ਦਾ ਤੀਰਥ ਅਸਥਾਨ’ ਕਹਿੰਦਾ ਹੈ, ਅੱਜ ਉਸ ਮੁਕੱਦਸ ਧਰਤੀ ’ਤੇ, ਸ਼੍ਰੋਮਣੀ ਕਮੇਟੀ ਵਲੋਂ ‘ਦੁਸਹਿਰੇ’ ਦਾ ਜਲੂਸ ਕੱਢਿਆ ਜਾ ਰਿਹਾ ਹੈ। ਅੱਜ ਉਥੇ ਦਸਮੇਸ਼ ਦੁਲਾਰਿਆਂ ਦੀ ਥਾਂ ‘ਭਗਵਾਨ ਰਾਮ ਕੀ ਜੈ’ ਨੇ ਲੈ ਲਈ ਹੈ।
ਲਿਸਟ ਬਹੁਤ ਲੰਬੀ ਹੈ। ਗਿਆਨਵਾਨ, ਬਿਬੇਕਵਾਨ, ਇਹ ਸਵਾਲ ਜ਼ਰੂਰ ਪੁੱਛ ਰਿਹਾ ਹੈ ਕਿ ਕੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿੱਚ ਆਸਥਾ ਰੱਖਣ ਵਾਲਿਆਂ ਨੇ, ਹਿੰਦੂਤਵੀਆਂ ਦੇ ਸਾਹਮਣੇ, ਆਤਮ ਸਮਰਪਣ ਕਰ ਦਿੱਤਾ ਹੈ? ਕੀ ਗਫਲਤ ਵਿੱਚ ਸੁੱਤੀ ਸਿੱਖ ਕੌਮ ਨੂੰ, ਹਿੰਦੂਤਵੀ ਵਿਚਾਰਧਾਰਾ ਨੇ ਸਰਾਲ੍ਹ ਵਾਂਗ ਨਿਗਲ ਲਿਆ ਹੈ? ਕੀ ਬ੍ਰਾਹਮਣਵਾਦ ਨੇ, ਭਾਰਤੀ ਨਕਸ਼ੇ ਵਿੱਚ ਸਿੱਖ ਧਰਮ ਨੂੰ ਇਵੇਂ ਹੀ ਜ਼ਜਬ ਕਰ ਲਿਆ ਹੈ, ਜਿਵੇਂ ਬੁੱਧ ਧਰਮ ਨੂੰ ਕੀਤਾ ਸੀ? ਕੀ ਸਾਡੇ ਕੋਲ ਇਨ੍ਹਾਂ ਸਵਾਲਾਂ ਦਾ ਜਵਾਬ ਹੈ?​
 
Top