ਸ਼ਹੀਦਾਂ ਦੇ ਸਰਤਾਜ-ਗੁਰੂ ਅਰਜਨ ਦੇਵ ਜੀ

jassmehra

(---: JaSs MeHrA :---)
guruarjundevji-1.jpg


ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਅਰਜਨ ਪਾਤਸ਼ਾਹ ਦਾ ਫ਼ਰਮਾਨ ਹੈ-
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ¨
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ¨
(ਅੰਗ : 1102)
ਮੌਤ ਨੂੰ ਕਬੂਲ ਕਰਨਾ ਸਿੱਖੀ ਦੀ ਪਹਿਲੀ ਤੇ ਲਾਜ਼ਮੀ ਸ਼ਰਤ ਹੈ | ਮੌਤ ਦਾ ਭੈਅ ਰੱਖਣ ਵਾਲੇ ਲਈ ਸਿੱਖੀ ਵਿਚ ਦਾਖਲਾ ਅਸੰਭਵ ਹੈ ਪਰ ਬਹੁਤ ਸਪੱਸ਼ਟ ਹੈ ਕਿ ਗੁਰੂ ਸਾਹਿਬ ਦਾ ਇਹ ਸੰਦੇਸ਼ ਸਿਰਫ ਆਪਣੇ ਪੈਰੋਕਾਰਾਂ ਲਈ ਹੀ ਨਹੀਂ ਸੀ | ਉਨ੍ਹਾਂ ਨੇ ਆਪ ਸ਼ਹਾਦਤ ਦੇ ਕੇ ਇਕ ਵੱਡੀ ਮਿਸਾਲ ਕਾਇਮ ਕੀਤੀ ਸੀ | ਜਿਸ ਮਾਰਗ ‘ਤੇ ਸਿੱਖਾਂ ਨੂੰ ਚੱਲਣ ਦਾ ਸੁਨੇਹਾ ਦਿੱਤਾ ਸੀ, ਪਹਿਲਾਂ ਉਸ ਮਾਰਗ ‘ਤੇ ਚਲਦਿਆਂ ਆਪ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ | ਨਿਰਾ ਕਿਹਾ ਹੀ ਨਹੀਂ, ਸਗੋਂ ਆਪਣੀ ਕਥਨੀ ਨੂੰ ਕਰਨੀ ਵਿਚ ਵੀ ਢਾਲਿਆ ਸੀ |
ਸਚਾਈ ਹੈ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਬਿਰਤਾਂਤ ਲਿਖਦਿਆਂ ਹੱਥ ਕੰਬ ਉਠਦੇ ਹਨ | ਇਤਿਹਾਸ ਦੱਸਦਾ ਹੈ ਸਾਹਿਬਾਂ ਨੂੰ ਤੱਤੀ ਤਵੀ ‘ਤੇ ਬਿਠਾਇਆ ਗਿਆ ਸੀ, ਸੀਸ ਉਤੇ ਤੱਤੀ ਰੇਤ ਪਾਈ ਗਈ ਸੀ, ਉੱਬਲਦੀ ਦੇਗ ਵਿਚ ਬਿਠਾਇਆ ਗਿਆ ਸੀ, ਫਿਰ ਅੰਤਾਂ ਦੇ ਤਸੀਹੇ ਦੇਣ ਲਈ ਉਨ੍ਹਾਂ ਦੇ ਸਰੀਰ ਨੂੰ ਰਾਵੀ ਦੇ ਠੰਢੇ ਪਾਣੀ ਵਿਚ ਪਾ ਦਿੱਤਾ ਗਿਆ ਸੀ | ਮਨੁੱਖੀ ਇਤਿਹਾਸ ਦੇ ਕਿਸੇ ਵੀ ਪੰਨੇ ‘ਤੇ ਇਸ ਤਰ੍ਹਾਂ ਦੀ ਦਿਲ ਦਹਿਲਾ ਦੇਣ ਵਾਲੀ ਸ਼ਹਾਦਤ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ |
ਸ਼ਹਾਦਤ ਕਿਉਂ ਹੋਈ ? ਕੀ ਕਾਰਨ ਸਨ ਜਿਨ੍ਹਾਂ ਨੇ ਹੁਕਮਰਾਨ ਨੂੰ ਏਨਾ ਭੈ-ਭੀਤ ਅਤੇ ਤਰਾਸਤ ਕਰ ਦਿੱਤਾ ਸੀ | ਕਿਉਂ ਉਸ ਨੇ ਇਸ ਤਰ੍ਹਾਂ ਦੇ ਵਹਿਸ਼ੀ ਹੁਕਮ ਜਾਰੀ ਕੀਤੇ? ਸਪੱਸ਼ਟ ਹੈ ਕਿ ਕੋਈ ਐਸੀ ਗੱਲ ਜ਼ਰੂਰ ਸੀ ਜਿਸ ਨੇ ਹੁਕਮਰਾਨ ਜਹਾਂਗੀਰ ਦੀ ਮੁਤੱਸਬ ਦੀ ਅੰਦਰਲੀ ਅੱਗ ਨੂੰ ਜ਼ਾਹਰ ਹੋਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਉਸ ਦੀ ਤੰਗਦਿਲੀ ਖੁੱਲ੍ਹ ਕੇ ਇਤਿਹਾਸ ਦੇ ਪੰਨਿਆਂ ‘ਤੇ ਉਕਰ ਗਈ ਸੀ |
ਇਤਿਹਾਸ ਤੇ ਘਟਨਾਵਾਂ ਦੀ ਤਫ਼ਸੀਲ ‘ਤੇ ਨਿਗਾਹ ਮਾਰਨਾ ਜ਼ਰੂਰੀ ਹੈ | ਤਾਹੀਓਾ ਜਹਾਂਗੀਰ ਦੇ ਵਹਿਸ਼ੀਆਨਾ ਹੁਕਮ ਦਾ ਪਿਛੋਕੜ ਸਮਝਿਆ ਜਾ ਸਕਦਾ ਹੈ | 1581 ਈਸਵੀ ਵਿਚ, 18 ਸਾਲਾਂ ਦੀ ਉਮਰ ਵਿਚ ਗੁਰੂ ਅਰਜਨ ਦੇਵ ਜੀ ਗੁਰਿਆਈ ਦੇ ਤਖ਼ਤ ‘ਤੇ ਬਿਰਾਜਮਾਨ ਹੋਏ ਸਨ | ਗੁਰਿਆਈ ਧਾਰਨ ਕਰਦਿਆਂ ਹੀ ਉਨ੍ਹਾਂ ਨੇ ਅੰਮਿ੍ਤ ਸਰੋਵਰ ਨੂੰ ਪੱਕਾ ਕਰਾਉਣਾ ਸ਼ੁਰੂ ਕਰ ਦਿੱਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਆਰੰਭ ਦਿੱਤੀ ਸੀ | ਫਿਰ ਜਦੋਂ ਉਸਾਰੀ ਮੁਕੰਮਲ ਹੋ ਗਈ ਤਾਂ 1604 ਈਸਵੀ ਵਿਚ ਉਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ | ਬੜੀ ਹੈਰਾਨੀ ਵਿਚ ਪਾ ਦੇਣ ਵਾਲੀ ਇਤਿਹਾਸਕ ਸਚਾਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਤੋਂ ਦੋ ਸਾਲਾਂ ਬਾਅਦ ਹੀ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ |
ਜੋ ਮੈਂ ਕਹਿਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਵੇਲੇ ਦੇ ਹੁਕਮਰਾਨ ਜਹਾਂਗੀਰ ਲਈ ਸ਼ਾਇਦ ਇਹ ਬਿਲਕੁਲ ਨਾਕਾਬਲੇ ਬਰਦਾਸ਼ਤ ਸੀ ਕਿ ਸਿੱਖ ਧਰਮ, ਸੰਸਥਾਤਮਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਹੋ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਦਾ ਸੰਪਾਦਨ ਹੋ ਜਾਵੇ | ਅਸਲ ਵਿਚ, ਜਦੋਂ 1605 ਈਸਵੀ ਵਿਚ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖਤ ‘ਤੇ ਬੈਠਾ ਸੀ, ਹਾਲਾਤ ਉਦੋਂ ਹੀ ਬਦਲ ਗਏ ਸਨ | ਹਕੂਮਤ ਦੀ ਧਾਰਮਿਕ ਤੇ ਸਿਆਸੀ ਨੀਤੀ ਵਿਚ ਵੱਡੀ ਤਬਦੀਲੀ ਆ ਗਈ ਸੀ | ਜਹਾਂਗੀਰ ਆਪਣੇ ਪਿਤਾ ਅਕਬਰ ਦੀ ਤਰ੍ਹਾਂ ਦੂਜੇ ਧਰਮਾਂ ਪ੍ਰਤੀ ਸਹਿਣਸ਼ੀਲ ਨਹੀਂ ਸੀ ਅਤੇ ਨਾ ਜ਼ਿਹਨੀ ਤੌਰ ‘ਤੇ ਉਨ੍ਹਾਂ ਫ਼ਰਾਖਦਿਲ ਸੀ | ਇਤਿਹਾਸ ਸਾਖੀ ਹੈ ਕਿ ਜਹਾਂਗੀਰ ਨੇ ਉਨ੍ਹਾਂ ਮੁਸਲਮਾਨ ਆਗੂਆਂ ਨੂੰ ਵੀ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਿਹੜੇ ਅਕਬਰ ਦੀ ਰਹਿਨੁਮਾਈ ਵਿਚ ਦੂਜੇ ਧਰਮਾਂ ਪ੍ਰਤੀ ਉਦਾਰ ਨੀਤੀ ਦੀ ਵਕਾਲਤ ਕਰਦੇ ਸਨ ਅਤੇ ਜਿਨ੍ਹਾਂ ਨੇ ‘ਦੀਨੇ-ਇਲਾਹੀ’ ਦੇ ‘ਅਕਬਰੀ’ ਸੰਕਲਪ ਦਾ ਸਮਰਥਨ ਕੀਤਾ ਸੀ | ਵੈਸੇ ਵੀ ਹਕੂਮਤ ਦੇ ਇਸ ਬਦਲਾਅ ਦੇ ਦੌਰ ਵਿਚ ਇਸਲਾਮ ਦਾ ਆਗੂ-ਵਰਗ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ | ਇਕ ਪਾਸੇ ਨਰਮ-ਖਿਆਲੀ ਮੁਸਲਮਾਨ ਸਨ ਜਿਹੜੇ ‘ਸੁਲਹ-ਕੁਲ’ ਸਨ | ਦੂਜੇ ਪਾਸੇ ਉਹ ਸਨ ਜਿਹੜੇ ਇਸਲਾਮ ਦੇ ਕੱਟੜਵਾਦੀ ਰੂਪ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਸਨ | ਜਹਾਂਗੀਰ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਗਈ ਸੀ ਕਿ ਅਕਬਰ ਦੇ ਦੌਰ ਵਿਚ ਇਸਲਾਮ ਨੂੰ ਵੱਡੀ ਢਾਅ ਲੱਗੀ ਹੈ ਅਤੇ ਹਕੂਮਤ ਕਮਜ਼ੋਰ ਹੋਈ ਹੈ | ਇਸਲਾਮ ਦੀ ਬਿਹਤਰੀ ਤੇ ਹਕੂਮਤ ਦੀ ਮਜ਼ਬੂਤੀ ਤਾਹੀਓਾ ਸੰਭਵ ਹੈ ਜੇ ਇਸਲਾਮ ਦੇ ਕੱਟੜਪੰਥੀ ਤਬਕੇ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾਵੇ | ਨਤੀਜਾ ਇਹ ਹੋਇਆ ਕਿ ਹਕੂਮਤ ਦਾ ਹਰ ਫੈਸਲਾ ਮੁਤੱਸਬੀ ਅਤੇ ਕੱਟੜਵਾਦੀ ਇਸਲਾਮੀ ਮੌਲਾਣਿਆਂ ਦੇ ਪ੍ਰਭਾਵ ਹੇਠਾਂ ਹੋਣ ਲੱਗ ਪਿਆ | ਸਪੱਸ਼ਟ ਹੈ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਵਿਚ ਵੀ ਕੱਟੜਪੰਥੀਆਂ ਅੱਗੇ ਜਹਾਂਗੀਰ ਵੱਲੋਂ ਗੋਡੇ ਟੇਕ ਦੇਣ ਦੀ ਨੀਤੀ ਦਾ ਵੱਡਾ ਹੱਥ ਸੀ |
ਇਸ ਸੰਦਰਭ ਵਿਚ ‘ਤੁਜ਼ਕਿ ਜਹਾਂਗੀਰੀ’ ਵਿਚ ਦਰਜ ਇਬਾਰਤ ਵੇਖਣ ਵਾਲੀ ਹੈ | ਇਸ ਇਬਾਰਤ ਮੁਤਾਬਿਕ ਜਹਾਂਗੀਰ ਨੇ ਖੁਦ ਹੁਕਮ ਦਿੱਤਾ ਸੀ ਕਿ ਗੁਰੂ ਜੀ ਦਾ ਘਰ-ਘਾਟ ਤੇ ਬੱਚੇ ਮੁਰਤਜ਼ਾ ਖ਼ਾਂ ਦੇ ਹਵਾਲੇ ਕਰ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਅਸਬਾਬ ਜ਼ਬਤ ਕਰਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ | ਜਹਾਂਗੀਰ ਆਪਣੀ ਇਸ ਪ੍ਰੇਸ਼ਾਨੀ ਦਾ ਵੀ ਜ਼ਿਕਰ ਕਰਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦੇ ਅਨੁਯਾਈ ਬਣ ਰਹੇ ਹਨ | ਫਿਰ ਉਸ ਨੇ ਆਪਣੀ ਲਿਖਤ ਵਿਚ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਉਹ ਗੁਰੂ ਘਰ ਦੇ ਮਜ਼ਬੂਤ ਹੁੰਦੇ ਸੰਸਥਾਤਮਕ ਰੂਪ ਨੂੰ ਵੇਖ ਕੇ ਚਿਰਾਂ ਤੋਂ ਨਾਖੁਸ਼ ਸੀ ਅਤੇ ਉਸ ਦੇ ਮਨ ਵਿਚ ਤਿੱਖਾ ਰੋਸ ਸੀ |
ਦਰਅਸਲ, ਮੁਸਲਮਾਨ ਸੂਫ਼ੀ ਫ਼ਕੀਰ, ਸਾੲੀਂ ਮੀਆਂ ਮੀਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵੇਲੇ ਉਚੇਚੀ ਭੂਮਿਕਾ ਦੇ ਕੇ ਗੁਰੂ ਅਰਜਨ ਸਾਹਿਬ ਨੇ ਹਿੰਦੁਸਤਾਨ ਦੇ ਇਤਿਹਾਸ ਵਿਚ ਸਰਬ ਸਾਂਝੀ-ਵਾਲਤਾ ਦਾ ਇਕ ਨਵਾਂ ਅਧਿਆਇ ਜੋੜ ਦਿੱਤਾ ਸੀ | ਹਿੰਦੂ-ਮੁਸਲਮਾਨਾਂ ਦੇ ਆਪਸੀ ਤਕਰਾਰ ਅਤੇ ਖਿਚਾਅ ਦੇ ਦੌਰ ਵਿਚ ਇਹ ਇਕ ਇਨਕਲਾਬੀ ਕਦਮ ਸੀ | ਇਸ ਨਾਲ ਚਿਰਾਂ ਤੋਂ ਚਲੀ ਆ ਰਹੀ ਫਿਰਕਾਦਾਰੀ ਖ਼ਤਮ ਕਰਕੇ ਸਰਬੱਤ ਦੇ ਭਲੇ ਦੀ ਬੁਨਿਆਦ ਉਤੇ ਇਕ ਸੁਚੱਜੇ ਸਮਾਜ ਦੀ ਉਸਾਰੀ ਵੱਲ ਕਦਮ ਪੁੱਟਣ ਦੀ ਪ੍ਰੇਰਨਾ ਮਿਲਣੀ ਸ਼ੁਰੂ ਹੋ ਗਈ ਸੀ | ਫਿਰ ਕਿਸੇ ਦੇਵੀ-ਦੇਵਤਾ, ਗੁਰੂ-ਪੀਰ ਜਾਂ ਮਜ਼ਹਬ ਦੀ ਬਜਾਏ ‘ਹਰਿ’ ਦੇ ਨਾਮ ‘ਤੇ ਉਸਰਿਆ ਇਹ ‘ਹਰਿਮੰਦਰ’ ਮਨੁੱਖ ਅਤੇ ਪਰਮਾਤਮਾ ਵਿਚਕਾਰ ਸਿੱਧਾ ਸਬੰਧ ਉਜਾਗਰ ਕਰਨ ਦਾ ਪ੍ਰੇਰਨਾ-ਸਰੋਤ ਵੀ ਬਣ ਗਿਆ ਸੀ |
ਫਿਰ ਇਸੇ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਗੁਰੂ ਅਰਜਨ ਪਾਤਸ਼ਾਹ ਨੇ ਆਪ ਸਿਰ ਨਿਵਾ ਕੇ ਸਮੁੱਚੀ ਸਿੱਖ ਸੰਗਤ ਨੂੰ ਵੀ ਮੱਥਾ ਟੇਕਣ ਦਾ ਹੁਕਮ ਦਿੱਤਾ | ਇਤਿਹਾਸ ਗਵਾਹ ਹੈ ਕਿ ਲਗਾਤਾਰ 1601 ਈਸਵੀ ਤੋਂ 1604 ਤੱਕ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਸੰਤਾਂ, ਭਗਤਾਂ, ਸੂਫੀ ਫਕੀਰਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸਾਰੀ ਬਾਣੀ ਲਿਖਵਾਈ ਅਤੇ ਫਿਰ ਸਾਰਾ ਸੰਪਾਦਨ ਕਾਰਜ ਆਪ ਕੀਤਾ | ਇਸ ਗੱਲ ਦਾ ਵੀ ਉਚੇਚਾ ਧਿਆਨ ਰੱਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅਤੇ ਉਸ ਦੇ ਅਤਿ ਗੰਭੀਰ ਤੇ ਸੂਖਮ ਵਿਚਾਰ ਆਮ ਜਨਤਾ ਦੇ ਜ਼ਿਹਨ ਵਿਚ ਸਹਿਜੇ ਹੀ ਉਤਰ ਜਾਣ | ਇਸ ਉਚੇਚੇ ਉਪਰਾਲੇ ਦਾ ਲਾਭ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਿਸੇ ਵਿਸ਼ੇਸ਼ ਵਿਦਵਾਨ ਵਰਗ ਜਾਂ ਕਿਸੇ ਵਿਸ਼ੇਸ਼ ਫਿਰਕੇ ਤੱਕ ਸੀਮਤ ਨਹੀਂ ਰਿਹਾ ਸਗੋਂ ਉਸ ਦਾ ਸੰਦੇਸ਼ ਸਮੁੱਚੇ ਸਮਾਜ ਉੱਪਰ ਇਕਸਾਰ ਅਸਰ-ਅੰਦਾਜ਼ ਹੋਣਾ ਸ਼ੁਰੂ ਹੋ ਗਿਆ | ਸਰਬੱਤ ਦੇ ਭਲੇ ਤੇ ਸਮੂਹਿਕ ਕਲਿਆਣ ਦਾ ਮੁਜੱਸਮਾ ਬਣ ਗਈ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ |
ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਮੁੱਤਸਬੀਆਂ ਨੂੰ ਸਾਂਝੀਵਾਲਤਾ ਕਦੇ ਨਹੀਂ ਭਾਉਂਦੀ | ਫਿਰਕੂਆਂ ਨੂੰ ਸਰਬੱਤ ਦੇ ਭਲੇ ਦੀ ਗੱਲ ਕਦੇ ਰਾਸ ਨਹੀਂ ਆਉਂਦੀ | ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਸਾਹਿਬ ਦੇ ਜੀਵਨ ਦੀਆਂ ਦੋ ਵੱਡੀਆਂ ਇਤਿਹਾਸਕ ਅਤੇ ਇਨਕਲਾਬੀ ਪ੍ਰਾਪਤੀਆਂ ਹਨ | ਇਨ੍ਹਾਂ ਪ੍ਰਾਪਤੀਆਂ ਦਾ ਸੁਭਾਅ ਅਤੇ ਉਦੇਸ਼ ਸਰਵਭੌਮਿਕ ਹੈ ਅਤੇ ਸਰਬਤ ਦੇ ਭਲੇ ਦੀ ਭਾਵਨਾ ਨਾਲ ਓਤਪੋਤ ਹੈ | ਉਨ੍ਹਾਂ ਵਿਚ ਸਾਂਝੀਵਾਲਤਾ ਅਤੇ ਮਨੁੱਖੀ ਏਕਤਾ ਦਾ ਸੰਕਲਪ, ਧੁਰ ਅੰਦਰ ਤੱਕ ਸਮੋਇਆ ਹੋਇਆ ਹੈ | ਪਰ ਇਹ ਸਾਰਾ ਕੁਝ ਫਿਰਕੂ ਅਤੇ ਤਸ਼ੱਦਦ-ਪਸੰਦ ਹਕੂਮਤ ਦੀ ਬਰਦਾਸ਼ਤ ਤੋਂ ਬਾਹਰ ਸੀ | ਫਿਰ ਇਹ ਵੀ ਇਤਿਹਾਸ ਦੀ ਸਚਾਈ ਹੈ ਕਿ ਹਰ ਵੱਡੇ ਆਦਰਸ਼ ਦੀ ਪ੍ਰਾਪਤੀ ਲਈ ਕੀਮਤ ਅਦਾ ਕਰਨੀ ਪੈਂਦੀ ਹੈ | ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਆਪਣੇ ਸਰੀਰ ਦੀ ਆਹੂਤੀ ਦੇਣੀ ਪਈ ਸੀ |
 
Top