ਹੁਈ ਮੁੱਦਤ ਕਿ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ

parmpreet

Member
1797 ਵਿੱਚ ਆਗਰਾ ਵਿੱਚ ਅਸਦਉੱਲਾਹ ਖ਼ਾਨ ਦੇ ਨਾਮ ਨਾਲ ਜਨਮੇ ਇਸ ਵਿਅਕਤੀ ਦਾ ਤਖ਼ਲਸ ਮਿਰਜ਼ਾ ਗ਼ਾਲਿਬ ਸੀ। ਉਸ ਦੇ ਪਿਤਾ, ਅਬਦੁੱਲਾਹ ਬੇਗ਼, ਦੀ ਇੱਕ ਜੰਗ ਵਿੱਚ ਜਦੋਂ ਮੌਤ ਹੋਈ ਤਾਂ ਗ਼ਾਲਿਬ ਦੀ ਉਮਰ ਕੇਵਲ ਪੰਜ ਸਾਲ ਸੀ। ਉਸ ਦੇ ਚਾਚੇ ਨੇ ਆਪਣੇ ਭਰਾ ਦੇ ਪਰਿਵਾਰ ਦੀ ਤਕਰੀਬਨ ਚਾਰ ਸਾਲ ਤਕ ਦੇਖਰੇਖ ਕੀਤੀ ਜਿਸ ਤੋਂ ਬਾਅਦ ਉਸ ਦੀ ਮਾਂ ਨੇ 750 ਰੁਪਏ ਸਾਲਾਨਾ ਦੀ ਤੁੱਛ ਜਿਹੀ ਪੈਨਸ਼ਨ 'ਤੇ ਗ਼ਾਲਿਬ ਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ। ਪਰ ਇਹ ਪੈਨਸ਼ਨ ਵੀ 1857 ਦੀ ਕ੍ਰਾਂਤੀ ਉਪਰੰਤ ਬੰਦ ਕਰ ਦਿੱਤੀ ਗਈ। ਉਹ ਵੇਲਾ ਪਰਿਵਾਰ ਲਈ ਬਹੁਤ ਔਕੜਾਂ ਭਰਪੂਰ ਸੀ।
ਗ਼ਾਲਿਬ ਦਾ ਨਿਕਾਹ 13 ਸਾਲ ਦੀ ਬਾਲੜੀ ਉਮਰ ਵਿੱਚ ਨਵਾਬ ਅਲੀ ਬਖ਼ਸ਼ ਖ਼ਾਨ ਦੀ ਬੇਟੀ ਉਮਰਾਓ ਬੇਗ਼ਮ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਕੁਝ ਸਾਲ ਬਾਅਦ ਹੀ ਉਹ ਆਗਰਾ ਤੋਂ ਦਿੱਲੀ ਆ ਕੇ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲੱਗਾ। ਉਸ ਦੀ ਪਤਨੀ ਨੇ ਸੱਤ ਨਿਆਣਿਆਂ (ਚਾਰ ਲੜਕੇ ਤੇ ਤਿੰਨ ਲੜਕੀਆਂ) ਨੂੰ ਜਨਮ ਦਿੱਤਾ ਜੋ ਕਿ ਸਾਰੇ ਛੋਟੀਆਂ ਉਮਰਾਂ ਵਿੱਚ ਹੀ ਅੱਲ੍ਹਾ ਨੂੰ ਪਿਆਰੇ ਹੋ ਗਏ। ਉਸ ਨੇ ਆਪਣੇ ਇੱਕ ਭਤੀਜੇ ਨੂੰ ਗੋਦ ਲਿਆ ਜੋ ਕਿ ਭਰ ਜਵਾਨੀ ਵਿੱਚ ਹੀ ਜੱਨਤਨਸ਼ੀਂ ਹੋ ਗਿਆ। ਇਨ੍ਹਾਂ ਸਾਰੀਆਂ ਦੁਰਘਟਨਾਵਾਂ ਨੇ ਗ਼ਾਲਿਬ ਦਾ ਦਿਲ ਇਸ ਹੱਦ ਤਕ ਤੋੜ ਦਿੱਤਾ ਕਿ ਉਸ ਨੇ ਆਪਣੇ ਜਿਊਂਦੇ ਜੀਅ ਹੀ ਆਪਣਾ 'ਮਰਸੀਆ' (ਮਾਤਮੀ ਗੀਤ) ਲਿਖ ਮਾਰਿਆ।
ਇੱਕ ਵਿਅਕਤੀ ਦੇ ਤੌਰ 'ਤੇ 'ਚਚਾ ਗ਼ਾਲਿਬ'
ਗ਼ਾਲਿਬ ਬਚਪਨ ਤੋਂ ਹੀ ਇੱਕ ਜ਼ਹੀਨ ਬੱਚਾ ਸੀ, ਅਤੇ ਉਸ ਨੇ ਕਿਤੋਂ ਵੀ ਕੋਈ ਰਸਮੀ ਤਾਲੀਮ ਹਾਸਿਲ ਨਹੀਂ ਕੀਤੀ ਸਗੋਂ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਹੀ ਵੱਖੋ ਵੱਖਰੀਆਂ ਜ਼ੁਬਾਨਾਂ ਸਿੱਖੀਆਂ। ਉਸ ਨੇ ਸਭ ਤੋਂ ਪਹਿਲਾਂ ਫ਼ਾਰਸੀ ਜ਼ੁਬਾਨ ਵਿੱਚ ਮੁਹਾਰਤ ਹਾਸਿਲ ਕੀਤੀ, ਅਤੇ ਉਸ ਦੀਆਂ ਸਾਰੀਆਂ ਸ਼ੁਰੂਆਤੀ ਲਿਖਤਾਂ ਇਸੇ ਭਾਸ਼ਾ ਵਿੱਚ ਸਨ। ਉਸ ਦਾ ਕਦੇ ਵੀ ਕੋਈ 'ਉਸਤਾਦ' ਨਹੀਂ ਰਿਹਾ। ਉਸ ਨੇ ਲਖ਼ਨਊ ਤੇ ਕੋਲਕਾਤਾ ਦੇ ਕਈ 'ਮੁਸ਼ਾਇਰਿਆਂ' ਵਿੱਚ ਸ਼ਿਰਕਤ ਕੀਤੀ, ਅਤੇ ਇਨ੍ਹਾਂ ਤੋਂ ਹੀ ਉਹ ਇੱਕ ਆਲ੍ਹਾ ਦਰਜੇ ਦੇ ਸ਼ਾਇਰ ਦੇ ਤੌਰ 'ਤੇ ਸਥਾਪਿਤ ਹੋ ਗਿਆ।
ਇੱਕ ਸ਼ੀਆ ਮੁਸਲਮਾਨ ਹੋਣ ਦੇ ਬਾਵਜੂਦ ਗ਼ਾਲਿਬ ਆਜ਼ਾਦ ਖ਼ਿਆਲਾਤ ਦਾ ਮਾਲਿਕ ਸੀ। ਉਹ ਮਜ਼੍ਹਬੀ ਸੰਪਰਦਾਵਾਂ ਦੀ ਬਜਾਏ ਮਨੁੱਖਤਾ ਦਾ ਮੁਦੱਈ ਹੋਣ ਕਾਰਨ ਹਿੰਦੂਆਂ ਤੇ ਮੁਸਲਮਾਨਾਂ, ਦੋਹਾਂ, ਵਿੱਚ ਇੱਕੋ ਜਿਹਾ ਸਤਿਕਾਰ ਰੱਖਦਾ ਸੀ। ਗ਼ਾਲਿਬ ਦੀ ਤਬੀਅਤ ਕੁਦਰਤਨ ਗਰਮ, ਤਨਜ਼ੀਆ ਤੇ ਮਖੌਲੀਆ ਸੀ। ਆਤਮ-ਸਨਮਾਨ ਗ਼ਾਲਿਬ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ, ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਵਾਰ ਇੱਕ ਵਧੀਆ, ਕਮਾਊ ਨੌਕਰੀ ਕੇਵਲ ਇਸ ਲਈ ਠੁਕਰਾ ਦਿੱਤੀ ਕਿ ਇੰਟਰਵਿਊ ਦੇ ਵਕਤ ਉਸ ਦਾ ਬਣਦਾ ਸਵਾਗਤ ਨਹੀਂ ਸੀ ਕੀਤਾ ਗਿਆ।
ਗ਼ਾਲਿਬ ਦੀਆਂ ਲਿਖਤਾਂ
ਉਰਦੂ ਸ਼ਾਇਰ ਜ਼ੌਕ ਤੋਂ ਬਾਅਦ ਮਿਰਜ਼ਾ ਗ਼ਾਲਿਬ ਨੂੰ ਬਹਾਦਰ ਸ਼ਾਹ ਜ਼ਫ਼ਰ ਦੇ ਦਰਬਾਰ ਦਾ ਦਰਬਾਰੀ ਕਵੀ ਥਾਪ ਦਿੱਤਾ ਗਿਆ। ਬੇਸ਼ੱਕ ਗ਼ਾਲਿਬ ਉਮਰ ਦਰਾਜ਼ ਹੋ ਚੁੱਕਾ ਸੀ, ਉਸ ਦੀ ਮਜ਼੍ਹਾਈਆ ਰੱਗ ਹਾਲੇ ਵੀ ਜਵਾਨ ਸੀ, ਅਤੇ ਬਾਦਸ਼ਾਹ ਉਸ ਦੇ ਤਨਜ਼ੀਆ ਲਹਿਜੇ ਤੇ ਉਸ ਦੀਆਂ ਲਿਖਤਾਂ ਦਾ ਖ਼ੂਬ ਕਾਇਲ ਹੋ ਚੁੱਕਾ ਸੀ। ਇਹੋ ਉਹ ਵੇਲਾ ਸੀ ਜਦੋਂ ਉਸ ਨੇ ਉਰਦੂ ਜ਼ੁਬਾਨ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਜਿਵੇਂ ਅਸੀਂ ਉੱਪਰ ਜ਼ਿਕਰ ਕਰ ਹੀ ਚੁੱਕੇ ਹਾਂ, ਉਸ ਨੇ ਲਿਖਣ ਦੀ ਸ਼ੁਰੂਆਤ ਫ਼ਾਰਸੀ ਵਿੱਚ ਕੀਤੀ ਸੀ। ਨਵੀਂ ਭਾਸ਼ਾ ਦੀਆਂ ਬਾਰੀਕੀਆਂ ਤੇ ਪੇਚੀਦਗੀਆਂ ਦੀ ਮੁਹਾਰਤ ਹਾਸਿਲ ਕਰਨ ਵਿੱਚ ਉਸ ਨੂੰ ਬਹੁਤਾ ਵਕਤ ਨਹੀਂ ਲੱਗਾ, ਅਤੇ ਉਸ ਦੀ ਸਾਰੀ ਦੀ ਸਾਰੀ ਮਕਬੂਲੀਅਤ ਉਰਦੂ ਜ਼ੁਬਾਨ ਦੀ ਹੀ ਦੇਣ ਹੈ।
ਮਿਰਜ਼ਾ ਆਪਣੇ ਲਿਖੇ ਹੋਏ ਖ਼ੂਬਸੂਰਤ ਪੱਤਰਾਂ ਕਰ ਕੇ ਵੀ ਮਸ਼ਹੂਰ ਸੀ। ਉਸ ਵਕਤ ਦੇ ਸਮਾਜਿਕ, ਆਰਥਿਕ ਤੇ ਸਿਆਸੀ ਹਾਲਾਤ ਦਾ ਵਿਸਥਾਰ ਦੇਣ ਵੇਲੇ ਉਸ ਦੀ ਸ਼ੈਲੀ ਸਿਰਜਨਾਤਮਕ ਹੋਣ ਦੇ ਨਾਲ ਨਾਲ ਸਪਸ਼ਟ, ਸਿੱਧੀ ਤੇ ਸੰਖੇਪ ਹੁੰਦੀ ਸੀ। ਉਸ ਦੇ ਲਿਖੇ ਹੋਏ ਖ਼ੂਬਸੂਰਤ ਖ਼ਤ ਉਸ ਦੀਆਂ ਨਜ਼ਮਾਂ ਜਿੰਨੇ ਹੀ ਮਕਬੂਲ ਹੋਏ, ਅਤੇ ਅੱਜ ਵੀ ਪ੍ਰੇਮੀ ਜੋੜਿਆਂ ਵਲੋਂ ਉਨ੍ਹਾਂ ਦੀ ਨਕਲ ਕੀਤੇ ਜਾਣ ਤੋਂ ਇਲਾਵਾ, ਅਦਬੀ ਦਾਇਰਿਆਂ ਵਿੱਚ ਉਨ੍ਹਾਂ ਦਾ ਜ਼ਿਕਰ ਅਕਸਰ ਆ ਹੀ ਜਾਂਦਾ ਹੈ। ਉਸ ਦੀਆਂ ਮਸ਼ਹੂਰ ਲਿਖਤਾਂ ਵਿੱਚ ਨਜ਼ਮਾਂ ਦਾ ਸੰਗ੍ਰਹਿ 'ਦੀਵਾਨ-ਏ-ਗ਼ਾਲਿਬ', ਖ਼ਤਾਂ ਦਾ ਸੰਗ੍ਰਹਿ 'ਉਰਦੂ-ਏ-ਹਿੰਦੀ' ਤੇ 'ਉਰਦੂ-ਏ-ਮੁਲ੍ਹਾ' ਸ਼ਾਮਿਲ ਹਨ। ਉਸ ਦੇ ਦੂਸਰੇ ਮਸ਼ਹੂਰ ਸੰਗ੍ਰਹਾਂ ਵਿੱਚੋਂ 'ਨਾਮ-ਏ-ਗ਼ਾਲਿਬ', 'ਲਤੀਫ਼-ਏ-ਗ਼ਾਲਿਬ' ਅਤੇ 'ਦੌਪਸ਼ੇ ਕਵਾਇਮ' ਦੇ ਨਾਮ ਜ਼ਿਕਰਯੋਗ ਹਨ।
ਦੁਖਦਾਈ ਅੰਤ
ਬੇਸ਼ੱਕ ਗ਼ਾਲਿਬ ਨੇ ਆਪਣੇ ਚੌਗਿਰਦੇ ਵਿੱਚ ਖ਼ੂਬਸੂਰਤੀ, ਪ੍ਰੇਮ ਅਤੇ ਖ਼ੁਸ਼ੀ ਖ਼ਿਲਾਰੇ ਸਨ, ਉਸ ਦੀ ਆਪਣੀ ਜ਼ਿੰਦਗੀ ਨਿਰਾਸ਼ਾ ਤੇ ਤ੍ਰਾਸਦੀਗ੍ਰਸਤ ਰਹੀ। ਉਸ ਦੀਆਂ ਸਭ ਤੋਂ ਖ਼ੂਬਸੂਰਤ ਲਿਖਤਾਂ ਉਦੋਂ ਸਾਹਮਣੇ ਆਈਆਂ ਜਦੋਂ ਉਹ ਆਪਣੇ ਜੀਵਨ ਦੇ ਔਖੇ ਪਲ ਹੰਢਾ ਰਿਹਾ ਸੀ - ਉਦਾਹਰਣ ਦੇ ਤੌਰ 'ਤੇ ਜਦੋਂ ਉਸ ਦੇ ਗੋਦ ਲਏ ਭਤੀਜੇ ਦਾ ਵੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਇੰਤਕਾਲ ਹੋ ਗਿਆ। ਸ਼ਰਾਬ ਵਿੱਚ ਗਰਕ ਹੋਣ ਤੋਂ ਛੁੱਟ, ਉਹ ਆਰਥਿਕ ਤੰਗੀ, ਸਮਾਜਕ ਤੇ ਪਰਿਵਾਰਕ ਫ਼ਿਟਕਾਰ ਅਤੇ ਬਿਰਧ ਅਵਸਥਾ ਦੀਆਂ ਤਕਲੀਫ਼ਾਂ ਤੋਂ ਵੀ ਪੀੜਤ ਸੀ। ਅੰਤ ਵਿੱਚ 72 ਸਾਲ ਦੀ ਉਮਰ ਵਿੱਚ ਉਹ ਇਸ ਜਹਾਨ-ਏ-ਫ਼ਾਨੀ ਤੋਂ ਕੂਚ ਕਰ ਗਿਆ।
ਉਸ ਦੀ ਸ਼ਾਇਰੀ ਨੂੰ ਉਸ ਦੇ ਸਹੀ ਸੰਦਰਭ ਵਿੱਚ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਗ਼ਾਲਿਬ ਦੇ ਸਮਾਜਕ, ਆਰਥਿਕ ਅਤੇ ਪਰਿਵਾਰਕ ਹਾਲਾਤ ਨੂੰ ਸਮਝਿਆ ਜਾਵੇ। ਗ਼ਾਲਿਬ ਛੋਟੀ ਉਮਰ ਵਿੱਚ ਹੀ ਅਨਾਥ ਹੋ ਗਿਆ ਸੀ। ਉਹ ਬੇਰੋਜ਼ਗ਼ਾਰ ਹੋਣ ਦੇ ਬਾਵਜੂਦ ਮਹਿੰਗੀਆਂ ਸ਼ਰਾਬਾਂ ਦਾ ਸ਼ੌਕੀਨ ਸੀ। ਉਹ ਸਾਰੀ ਉਮਰ ਇੱਕ ਕਿਰਾਏਦਾਰ ਜਾਂ ਮਹਿਮਾਨ ਦੇ ਤੌਰ 'ਤੇ ਰਿਹਾ। ਨਿਰਸੰਦੇਹ, ਉਹ ਲਗਾਤਾਰ ਕਰਜ਼ੇ ਵਿੱਚ ਡੁੱਬਿਆ ਰਹਿੰਦਾ ਸੀ। ਜੇਕਰ ਉਹ ਨਾਸਤਿਕ ਨਹੀਂ ਵੀ ਸੀ, ਇਸਲਾਮ ਅਨੁਸਾਰ ਉਹ ਬੇਸ਼ਰਮੀ ਦੀ ਹੱਦ ਤਕ ਕਾਫ਼ਿਰ ਜ਼ਰੂਰ ਸੀ। ਉਹ ਇੱਕ ਨਿਹਾਇਤ ਹੀ ਮਜ਼੍ਹਬੀ ਔਰਤ ਨਾਲ ਵਿਆਹਿਆ ਹੋਇਆ ਸੀ ਜੋ ਉਸ ਦੀਆਂ ਬੌਧਿਕ ਜ਼ਰੂਰਤਾਂ ਪੂਰੀਆਂ ਕਰਨ ਦੇ ਅਸਮਰਥ ਸੀ, ਪਰ ਜਿਸ ਨੇ ਉਸ ਦੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿੱਚੋਂ ਇੱਕ ਨੂੰ ਵੀ ਦੋ ਸਾਲ ਤੋਂ ਵੱਧ ਦੀ ਉਮਰ ਨਸੀਬ ਨਹੀਂ ਹੋਈ। ਛੋਟੇ ਭਰਾ, ਮਿਰਜ਼ਾ ਯੂਸਫ਼ ਖ਼ਾਨ ਜਿਸ ਨੂੰ ਛੋਟੀ ਉਮਰ ਵਿੱਚ ਹੀ ਸਾਈਜ਼ੋਫ਼ਰੀਨੀਆ (ਖੰਡਿਤ ਮਾਨਸਿਕਤਾ) ਦੀ ਬਿਮਾਰੀ ਲੱਗ ਗਈ ਸੀ, ਦੀ ਜ਼ਿੰਮੇਵਾਰੀ ਵੀ ਬਚਪਨ ਵਿੱਚ ਹੀ ਗ਼ਾਲਿਬ ਦੇ ਮੋਢਿਆਂ 'ਤੇ ਆਣ ਪਈ।
ਤੰਗੀਆਂ-ਤੁਰਸ਼ੀਆਂ ਤੇ ਤਕਲੀਫ਼ਾਂ - ਸਮਾਜਕ, ਆਰਥਿਕ ਤੇ ਨਿੱਜੀ - ਗ਼ਾਲਿਬ ਦੇ ਜੀਵਨ ਦਾ ਇੱਕ ਪ੍ਰਮੁੱਖ ਹਿੱਸਾ ਸਨ, ਅਤੇ ਉਸ ਦੀਆਂ ਨਜ਼ਮਾਂ ਵਿੱਚ ਇਨ੍ਹਾਂ ਦੀ ਗੂੰਜ ਸਪਸ਼ਟ ਸੁਣਾਈ ਦਿੰਦੀ ਹੈ। ਆਪਣੀ ਮੰਦੀ ਹਾਲਤ ਦੇ ਬਾਵਜੂਦ, ਗ਼ਾਲਿਬ ਨੇ ਆਪਣੇ ਆਤਮ-ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ, ਕਈ ਵਾਰ ਤਾਂ ਇਸ ਹੱਦ ਤਕ ਕਿ ਉਸ ਨੂੰ ਹੰਕਾਰੀ ਵੀ ਸਮਝਿਆ ਜਾਣ ਲੱਗਾ। 1842 ਵਿੱਚ, ਦਿੱਲੀ ਕਾਲਜ (ਅੱਜਕੱਲ੍ਹ 'ਜ਼ਾਕਿਰ ਹੁੱਸੈਨ ਕਾਲਜ') ਨੂੰ ਫ਼ਾਰਸੀ ਦੇ ਅਧਿਆਪਕਾਂ ਦੀ ਭਾਲ ਸੀ ਅਤੇ ਗ਼ਾਲਿਬ ਦੇ ਇੱਕ ਦੋਸਤ, ਜਿਸ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਉਸ ਦੇ ਸ਼ਾਇਰ ਦੋਸਤ ਨੂੰ ਪੈਸੇ ਦੀ ਕਿੰਨੀ ਕਿੱਲਤ ਸੀ, ਨੇ ਉਸ ਦੇ ਨਾਮ ਦੀ ਇੱਕ ਬਰਤਾਨਵੀ ਸਕੱਤਰ, ਮਿਸਟਰ ਥੌਮਸਨ, ਅੱਗੇ ਸਿਫ਼ਾਰਿਸ਼ ਕਰ ਦਿੱਤੀ। ਗ਼ਾਲਿਬ ਦੀ ਮੁਲਾਕਾਤ ਥੌਮਸਨ ਨਾਲ ਪੱਕੀ ਕਰ ਦਿੱਤੀ ਗਈ। ਉਹ ਇੱਕ ਪਾਲਕੀ ਵਿੱਚ ਬੈਠ ਕੇ ਕਾਲਜ ਪਹੁੰਚਿਆ, ਅਤੇ ਉਸ ਨੇ ਸਾਹਿਬ ਕੋਲ ਆਪਣੇ ਨਾਮ ਦਾ ਐਲਾਨ ਕੀਤੇ ਜਾਣ 'ਤੇ ਇਸਰਾਰ ਕੀਤਾ। ਉਹ ਕਾਲਜ ਦੇ ਮੁੱਖ ਦੁਆਰ 'ਤੇ ਸਾਹਿਬ ਵਲੋਂ ਆਪਣਾ ਸਵਾਗਤ ਕੀਤੇ ਜਾਣ ਦਾ ਇੰਤਜ਼ਾਰ ਕਰਨ ਲੱਗਾ ਜਿਸ ਤੋਂ ਸਾਹਿਬ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਕੰਮ ਦੀ ਇੰਟਰਵਿਊ ਲਈ ਆਇਆ ਹੈ ਨਾ ਕਿ ਮਹਿਮਾਨ ਨਵਾਜ਼ੀ ਲਈ। ਗ਼ਾਲਿਬ ਇਹ ਕਹਿੰਦਾ ਹੋਇਆ ਉੱਥੋਂ ਉੱਠ ਆਇਆ ਕਿ ਉਸ ਨੇ ਸੋਚਿਆ ਸੀ ਕਿ ਬਰਤਾਨਵੀ ਸਰਕਾਰ ਕੋਲ ਅਕਾਦਮਿਕ ਨਿਯੁਕਤੀ ''ਵਧੇਰੇ ਸਮਾਜਕ ਮਾਣ-ਤਾਣ ਦਾ ਕਾਰਨ ਬਣੇਗੀ ਨਾ ਕਿ ਮੌਜੂਦਾ ਇੱਜ਼ਤ ਦਾ ਵੀ ਫ਼ਲੂਦਾ ਕਰਾਉਣ ਦਾ।"
ਉਸ ਨੂੰ ਕਈ ਐਬ ਸਨ ਜਿਨ੍ਹਾਂ ਕਾਰਨ ਉਸ ਨੂੰ ਆਸਾਨੀ ਨਾਲ ਇੱਕ ਲਾਪਰਵਾਹ ਵਿਅਕਤੀ ਗਰਦਾਨਿਆ ਜਾ ਸਕਦਾ ਸੀ। ਪਰ ਜਿਹੜੀ ਸਾਫ਼ਗੋਈ ਤੇ ਇਮਾਨਦਾਰੀ ਨਾਲ ਉਹ ਆਪਣੇ ਦੋਸ਼ਾਂ ਨੂੰ ਸਵੀਕਾਰ ਕਰਦਾ ਸੀ, ਅਤੇ ਉਨ੍ਹਾਂ ਤੇ ਹੱਸਦਾ ਸੀ, ਉਹ ਉਸ ਨੂੰ ਸ਼ਰਾਰਤੀ ਅਤੇ ਸਾਨੂੰ ਉਸ ਸਾਹਮਣੇ ਮਕਰਾ ਬਣਾਉਂਦਾ ਹੈ। ਗ਼ਾਲਿਬ ਸਾਨੂੰ ਸਿਖਾਉਂਦਾ ਹੈ ਕਿ ਗ਼ੁਰਬਤ ਵਿੱਚ ਆਪਣਾ ਜੀਵਨ ਬਤੀਤ ਕਰਨਾ; ਸੱਤ ਸੱਤ ਬੱਚਿਆਂ ਦੀ ਮੌਤ ਦੀ ਇੱਕ ਤੋਂ ਬਾਅਦ ਦੂਸਰੀ ਤ੍ਰਾਸਦੀ ਸਹਾਰਨਾ; ਕਮਾਈ ਦੇ ਕਿਸੇ ਠੋਸ ਸਾਧਨ ਬਿਨਾਂ ਰਹਿਣਾ ਅਤੇ ਫ਼ਿਰ ਵੀ ਆਪਣਾ ਜ਼ਹਿਨੀ ਸੰਤੁਲਨ ਤੇ ਮਜ਼੍ਹਾਈਆ ਲਹਿਜਾ ਕਾਇਮ ਰੱਖ ਕੇ ਜੀਵਨ ਦਾ ਆਨੰਦ ਮਾਨਣਾ ਕੀ ਹੁੰਦਾ ਹੈ।
ਮਿਰਜ਼ਾ ਬਾਰੇ ਖੋਜ ਕਰਦਿਆਂ, ਮੈਨੂੰ ਪਤਾ ਲੱਗਾ ਕਿ ਉਹ ਯਾਰਾਂ ਦਾ ਯਾਰ ਸੀ। ਉਸ ਨੇ ਕਦੇ ਵੀ ਆਪਣੇ ਦੋਸਤਾਂ ਤੇ ਸਨੇਹੀਆਂ ਦੇ ਪੱਤਰਾਂ ਦੇ ਜਵਾਬ ਦੇਣ ਵਿੱਚ ਘੌਲ ਨਹੀਂ ਕੀਤੀ। ਕਈ ਵਾਰ ਤਾਂ ਉਸ ਦੇ ਦੋਸਤ ਉਸ ਨੂੰ 'ਬੈਰੰਗ' ਖ਼ਤ ਭੇਜ ਦਿੰਦੇ ਸਨ, ਅਤੇ ਉਹ ਉਨ੍ਹਾਂ ਨੂੰ ਡਾਕੀਏ ਤੋਂ ਹਾਸਿਲ ਕਰਨ ਲਈ ਦੋਗੁਣੀ ਰਾਸ਼ੀ ਅਦਾ ਕਰਦਾ ਸੀ। ਉਸ ਦੀ ਚਾਂਦੀ ਵਰਗੀ ਜ਼ੁਬਾਨ ਅਤੇ ਸੋਨੇ ਵਰਗੀ ਕਲਮ ਨੇ ਉਸ ਦੇ ਦੋਸਤਾਂ ਅਤੇ ਆਲੋਚਕਾਂ, ਦੋਹਾਂ, ਦੇ ਦਿਲ ਜਿੱਤੇ। ਗ਼ਾਲਿਬ ਲਿਖਦਾ ਹੈ ਕਿ ਉਹ ਇੱਕ ਅਜਿਹੀ ਪਿਆਰੀ ਸ਼ੈਲੀ ਤੇ ਜ਼ੁਬਾਨ ਵਿੱਚ ਲਿਖਣਾ ਚਾਹੁੰਦਾ ਹੈ ਜਿਸ ਵਿੱਚ ਉਸ ਦੇ ਖ਼ਤ ਜਿਹੜਾ ਵੀ ਪੜ੍ਹੇ ਬੱਸ ਮੰਤਰਮੁਗਧ ਹੋ ਜਾਵੇ। ਉਸ ਦੀਆਂ ਚਿੱਠੀਆਂ ਬੋਲਦੀਆਂ ਸਨ। ਇੱਕ ਜਗ੍ਹਾ ਉਹ ਲਿਖਦਾ ਹੈ: ''ਸੌ ਕੋਸ ਸੇ ਬਾ-ਜ਼ੁਬਾਨ-ਏ-ਕਲਮ ਬਾਤੇਂ ਕੀਆ ਕਰੋ ਔਰ ਹਿਜ੍ਰ ਮੇਂ ਵਿਸਾਲ ਕੇ ਮਜ਼ੇ ਲੀਆ ਕਰੋ।" ਉਹ ਆਪਣੀ ਕਾਫ਼ਰ ਤਬੀਅਤ ਅਤੇ ਢੀਠਤਾਈ ਬਾਰੇ ਖੁਲ੍ਹ ਕੇ ਮਜ਼ਾਕ ਕਰਨ ਦਾ ਜੇਰਾ ਵੀ ਰੱਖਦਾ ਸੀ। ਜਦੋਂ ਗ਼ਾਲਿਬ ਨੇ 'ਗਲੀ ਕਾਸਿਮ ਜਾਨ' ਵਿੱਚ ਘਰ ਕਿਰਾਏ 'ਤੇ ਲਿਆ ਤਾਂ ਉਸ ਨੇ ਲਿਖਿਆ:
ਮਸਜਿਦ ਕੇ ਜ਼ੇਰ ਸਾਇਆ ਘਰ ਬਨਾ ਲੀਆ ਹੈ
ਯੇਹ ਬੰਦਾ ਕਮੀਨਾ, ਹਮਸਾਇਆ ਖ਼ੁਦਾ ਹੈ
ਉਹ ਇੱਥੇ ਦਿੱਲੀ ਦੀ ਮਸ਼ਹੂਰ ਜਾਮਾ ਮਸਜਿਦ ਦਾ ਜ਼ਿਕਰ ਕਰ ਰਿਹਾ ਸੀ। ਇੱਕ ਵਾਰ ਰਮਜ਼ਾਨ ਦੇ ਮਹੀਨੇ ਵਿੱਚ ਕਿਸੇ ਨੇ ਚਚਾ ਗ਼ਾਲਿਬ ਨੂੰ ਪੁੱਛ ਲਿਆ ਕਿ ਕੀ ਉਸ ਨੇ ਰੋਜ਼ਾ ਰੱਖਿਆ ਹੈ ਤਾਂ ਉਸ ਦਾ ਜਵਾਬ ਸੀ: ''ਏਕ ਨਾ ਰੱਖਾ।" (ਮੈਂ ਸਿਰਫ਼ ਇੱਕ ਰੋਜ਼ਾ ਨਹੀਂ ਰੱਖਿਆ, ਪਰ ਉਸ ਦਾ ਅਸਲੀ ਮਤਲਬ ਸੀ ਕਿ ਮੈਂ ਇੱਕ ਵੀ ਨਹੀਂ ਰੱਖਿਆ!) ਰਮਜ਼ਾਨ ਦੇ ਹੀ ਇੱਕ ਹੋਰ ਗਰਮੀ ਵਾਲੇ ਦਿਨ ਵਿੱਚ ਮਿਰਜ਼ਾ ਆਪਣੇ ਇੱਕ ਦੋਸਤ ਨਾਲ ਸ਼ਤਰੰਜ ਖੇਡ ਰਿਹਾ ਸੀ ਜਦੋਂ ਉਸ ਦਾ ਇੱਕ ਹੋਰ ਦੋਸਤ ਮੌਲਾਨਾ ਆਰਜ਼ੂ ਉੱਥੇ ਆ ਧਮਕਿਆ। ਮੌਲਾਨਾ ਨੇ ਮਿਰਜ਼ੇ ਨੂੰ ਸਵਾਲ ਕੀਤਾ: ''ਮੈਂ ਹਦੀਸ (ਹਜ਼ਰਤ ਮੁਹੰਮਦ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਸਿਖਿਆਵਾਂ 'ਤੇ ਆਧਾਰਿਤ ਇਸਲਾਮੀ ਜੀਵਨ ਜਾਚ) ਵਿੱਚ ਇੱਕ ਜਗ੍ਹਾ ਪੜ੍ਹਿਆ ਹੈ ਕਿ ਰਮਜ਼ਾਨ ਦੇ ਮਹੀਨੇ ਵਿੱਚ ਸ਼ੈਤਾਨ ਨੂੰ ਕੈਦ ਕਰ ਦਿੱਤਾ ਜਾਂਦਾ ਹੈ, ਪਰ ਅੱਜ ਮੈਨੂੰ ਹਦੀਸ ਦੇ ਜਾਇਜ਼ ਹੋਣ 'ਤੇ ਵੀ ਸ਼ੱਕ ਹੋਣ ਲਗ ਪਿਆ ਹੈ।" ਮਿਰਜ਼ਾ ਨੇ ਜਵਾਬ ਦਿੱਤਾ: ''ਜਨਾਬ, ਹਦੀਸ ਬਿਲਕੁਲ ਸਹੀ ਹੈ। ਪਰ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹੀ ਉਹ ਗ਼ੁਫ਼ਾ ਹੈ ਜਿੱਥੇ ਸ਼ੈਤਾਨ ਕੈਦ ਹੈ।" ਰਮਜ਼ਾਨ ਦੇ ਮਹੀਨੇ ਵਿੱਚ ਲੋਕ ਜਿਹੜੇ ਪੇਟੂਪੁਣੇ ਵਿੱਚ ਲਿਪਤ ਹੁੰਦੇ ਹਨ ਉਸ ਬਾਰੇ ਗੰਭੀਰ ਤਨਜ਼ ਕਰਦਾ ਹੋਇਆ ਉਹ ਲਿਖਦਾ ਹੈ:
ਇਫ਼ਤਾਰ-ਏ-ਸੌਮ ਕੀ ਜਿਸੇ ਕੁਛ ਦਸਤਗ਼ਾਹ ਹੋ
ਉਸ ਸ਼ਖ਼ਸ ਕੋ ਜ਼ਰੂਰ ਹੈ ਰੋਜ਼ਾ ਰੱਖਾ ਕਰੇ
(ਭਾਵ, ਜਿਸ ਵਿਅਕਤੀ ਵਿੱਚ ਆਪਣਾ ਵਰਤ ਤੋੜਨ ਦੀ ਹਿੰਮਤ ਹੋਵੇ ਉਸ ਨੂੰ ਜ਼ਰੂਰ ਵਰਤ ਰੱਖਣਾ ਚਾਹੀਦਾ ਹੈ।)
ਜਿਸ ਪਾਸ ਰੋਜ਼ਾ ਖੋਲ੍ਹ ਕੇ ਖਾਨੇ ਕੋ ਕੁਛ ਨਾ ਹੋ
ਰੋਜ਼ਾ ਅਗਰ ਨਾ ਖਾਏ ਤੋ ਨਾਚਾਰ ਕਿਆ ਕਰੇ
(ਭਾਵ, ਜਿਸ ਬੰਦੇ ਕੋਲ ਰੋਜ਼ਾ ਖੋਲ੍ਹ ਕੇ ਖਾਣ ਲਈ ਕੁਝ ਨਾ ਹੋਵੇ ਜੇ ਉਹ ਰੋਜ਼ਾ ਹੀ ਨਾ ਖਾ ਜਾਵੇ ਤਾਂ ਫ਼ਿਰ ਹੋਰ ਕੀ ਖਾਵੇ?)
ਅਤੇ ਜਦੋਂ ਉਸ ਨੂੰ ਰੋਜ਼ਾ ਨਾ ਰੱਖਣ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਦਾ ਜਵਾਬ ਸੀ:
ਰੋਜ਼ਾ ਮੇਰਾ ਈਮਾਨ ਹੈ ਗ਼ਾਲਿਬ ਲੇਕਿਨ
ਖ਼ਸਖ਼ਾਨਾ ਵਾ ਬਰਫ਼ ਆਬ ਕਹਾਂ ਸੇ ਲਾਊਂ?
(ਭਾਵ, ਰੋਜ਼ਾ ਮੇਰੇ ਅਕੀਦੇ ਦਾ ਹਿੱਸਾ ਹੈ, ਪਰ ਉਸ ਲਈ ਮੈਂ ਖ਼ਸਖ਼ਾਸ ਤੇ ਠੰਡਾ ਪਾਣੀ ਕਿੱਥੋਂ ਲਿਆਵਾਂ?)। ਇੱਕ ਹੋਰ ਜਗ੍ਹਾ, ਆਪਣੇ ਇੱਕ ਦੋਸਤ ਦੇ ਨਾਮ ਫ਼ਾਰਸੀ ਵਿੱਚ ਲਿਖੇ ਇੱਕ ਖ਼ਤ ਵਿੱਚ ਉਹ ਲਿਖਦਾ ਹੈ: ''ਅੱਜਕੱਲ੍ਹ ਮੌਲਾਨਾ ਗ਼ਾਲਿਬ (ਰੱਬ ਸੱਚਾ ਉਸ 'ਤੇ ਰਹਿਮ ਕਰੇ) ਭੋਗ ਵਿਲਾਸ ਵਿੱਚ ਮਗਨ ਹੈ। 'ਦਾਸਤਾਨ-ਏ-ਅਮੀਰ ਹਮਜ਼ਾ' ਮੇਰੇ ਕੋਲ ਪਹੁੰਚ ਚੱਕੀ ਹੈ - ਤਕਰੀਬਨ ਛੇ ਸੌ ਸਫ਼ੇ ਹਨ ਉਸ ਦੇ - ਅਤੇ ਇਸੇ ਹੀ ਆਕਾਰ ਦਾ ਇੱਕ 'ਬੋਸਤਾਨ-ਏ-ਖ਼ਿਆਲ' ਵੀ ਮੇਰੇ ਕੋਲ ਆਇਆ ਹੈ। ਤੇ ਮੇਰੀ ਪੜਛੱਤੀ ਵਿੱਚ ਸਤਾਰਾਂ ਬੋਤਲਾਂ ਬਹੁਤ ਆਲ੍ਹਾ ਕਿਸਮ ਦੀ ਸ਼ਰਾਬ ਦੀਆਂ ਪਈਆਂ ਹਨ। ਸੋ ਮੈਂ ਸਾਰਾ ਦਿਨ ਪੜ੍ਹਦਾ ਹਾਂ ਤੇ ਸਾਰੀ ਰਾਤ ਸ਼ਰਾਬ ਪੀਂਦਾ ਹਾਂ।" ਇੱਕ ਹੋਰ ਨਜ਼ਮ ਵਿੱਚ ਗ਼ਾਲਿਬ ਇੰਝ ਲਿਖਦਾ ਹੈ:
ਵੋ ਆਕੇ ਖ਼ਵਾਬ ਮੇਂ ਤਸਕੀਨ-ਏ-ਇਜ਼ਤਰਾਬ ਤੋ ਦੇ
ਵਲੀ ਮੁਝੇ ਤਪਿਸ਼-ਏ-ਦਿਲ ਮਜਾਲ-ਏ-ਖ਼ਵਾਬ ਤੋ ਦੇ
(ਰੱਬਾ ਮੇਰੇ ਸੁਪਨੇ 'ਚ ਆ ਕੇ ਮੈਨੂੰ ਵਿਆਕੁਲਤਾ ਦੀ ਸੰਤੁਸ਼ਟੀ ਤਾਂ ਦੇ, ਹੇ ਮੇਰੇ ਮਾਲਿਕ ਮੇਰੇ ਸੀਨੇ 'ਚ ਜੋਸ਼ ਭਰ ਤੇ ਮੈਨੂੰ ਸੁਪਨੇ ਦੇਖਣ ਦੀ ਹਿੰਮਤ ਤਾਂ ਦੇ)
ਕਰੇ ਹੈ ਕਤਲ ਲਗਾਵਤ ਮੇਂ ਤੇਰਾ ਰੋ ਦੇਨਾ
ਤੇਰੀ ਤਰਾਹ ਕੋਈ ਤੇਗ਼-ਏ-ਨਿਗ਼ਾਹ ਕੋ ਆਬ ਤੋ ਦੇ
(ਸਾਨੂੰ ਮਾਰ ਦੇਂਦਾ ਹੈ ਲੱਗੀ 'ਚ ਤੇਰਾ ਰੋ ਪੈਣਾ, ਤੇਰੇ ਵਾਂਗ ਕੋਈ ਨਿਗ਼ਾਹ ਦੀ ਤੇਗ਼ ਨੂੰ ਠੰਡ ਤਾਂ ਦੇਵੇ)
ਦਿਖਾਕੇ ਜੁੰਬਿਸ਼-ਏ-ਲਬ ਹੀ ਤਮਾਮ ਕਰ ਹਮਕੋ
ਨਾ ਦੇ ਜੋ ਬੋਸਾ ਤੋ ਮੂੰਹ ਸੇ ਕੋਈ ਜਵਾਬ ਤੋ ਦੇ
(ਬੁਲ੍ਹੀਆਂ ਦੀ ਹਰਾਰਤ ਨਾਲ ਹੀ ਸਾਨੂੰ ਮਾਰ ਸੁੱਟ
ਜੇ ਚੁੰਮੀ ਨਹੀਂ ਵੀ ਦੇਣੀ ਤਾਂ ਮੂੰਹੋਂ ਕੋਈ ਜਵਾਬ ਤਾਂ ਦੇ)
ਪਿਲਾ ਦੇ ਓਕ ਸੇ ਸਾਕੀ ਜੋ ਹਮ ਸੇ ਨਫ਼ਰਤ ਹੈ
ਪਿਆਲਾ ਗ਼ਰ ਨਹੀਂ ਦੇਤਾ ਨਾ ਦੇ, ਸ਼ਰਾਬ ਤੋ ਦੇ
(ਪਿਆ ਦੇ ਬੁੱਕ ਨਾਲ ਸਾਕੀ ਜੇ ਸਾਡੇ ਨਾਲ ਨਫ਼ਰਤ ਹੈ
ਪਿਆਲਾ ਜੇ ਨਹੀਂ ਦੇਂਦਾ ਨਾ ਦੇ, ਸ਼ਰਾਬ ਤਾਂ ਦੇ)
'ਅਸਦ' ਖ਼ੁਸ਼ੀ ਸੇ ਮੇਰੇ ਹਾਥ-ਪਾਂਵ ਫੂਲ ਗਏ
ਕਹਾ ਜੋ ਉਸ ਨੇ ਜ਼ਰਾ ਮੇਰੇ ਪਾਂਵ ਦਾਬ ਤੋ ਦੇ
('ਅਸਦ' ਖ਼ੁਸ਼ੀ ਨਾਲ ਮੇਰੇ ਹੱਥ-ਪੈਰ ਫੁੱਲ ਗਏ
ਜਦੋਂ ਉਸ ਕਿਹਾ ਜ਼ਰਾ ਮੇਰੇ ਪੈਰ ਦਬਾ ਤਾਂ ਦੇ)
ਗ਼ਾਲਿਬ ਅਕਸਰ 'ਲੁੱਚੇ' ਵਾਲੇ ਆਪਣੇ ਸਮਾਜਕ ਅਕਸ 'ਤੇ ਮੱਛਰਦਾ ਹੁੰਦਾ ਸੀ। ਉਸ ਨੂੰ ਇੱਕ ਵਾਰ ਜੂਏਬਾਜ਼ੀ ਕਾਰਨ ਜੇਲ੍ਹ ਹੋ ਗਈ ਤਾਂ ਉਸ ਨੇ ਇਹ ਘਟਨਾ ਬੜੇ ਜੋਸ਼ੋ-ਖ਼ਰੋਸ਼ ਨਾਲ ਸੁਣਾਈ। ਇੱਕ ਵਾਰ ਜੱਦੋਂ ਕਿਸੇ ਨੇ ਨੇਕ ਸ਼ੇਖ਼ ਸਾਹਬਾਈ ਦੀ ਸ਼ਾਇਰੀ ਦੀ ਤਾਰੀਫ਼ ਕੀਤੀ ਤਾਂ ਗ਼ਾਲਿਬ ਨੇ ਫ਼ੌਰਨ ਸਵਾਲ ਕੀਤਾ: ''ਸਾਹਬਾਈ ਕਵੀ ਕਿੱਦਾਂ ਬਣ ਗਿਆ? ਉਸ ਨੇ ਕਦੇ ਸ਼ਰਾਬ ਤਾਂ ਚਖ਼ੀ ਨਹੀਂ, ਨਾ ਹੀ ਉਸ ਨੇ ਕਦੇ ਕੋਈ ਜੂਏ ਦੀ ਬਾਜ਼ੀ ਹੀ ਲਗਾਈ ਹੈ; ਉਸ ਨੂੰ ਪ੍ਰੇਮਿਕਾਵਾਂ ਦੇ ਛਿੱਤਰ ਵੀ ਨਸੀਬ ਨਹੀਂ ਹੋਏ ਹੋਣੇ, ਨਾ ਹੀ ਉਸ ਨੂੰ ਜੇਲ੍ਹ ਦੇ ਅੰਦਰ ਦੇ ਕਦੇ ਦਰਸ਼ਨ ਹੋਏ ਹੋਣਗੇ। ਜਦੋਂ ਗ਼ਾਲਿਬ ਦੇ ਸ਼ਰਾਬੀ ਹੋਣ ਬਾਰੇ ਕਿਸੇ ਨੇ ਮਖ਼ੌਲ ਕੀਤਾ ਤੇ ਕਿਹਾ ਕਿ ਪਿਅੱਕੜਾਂ ਦੀਆਂ ਦੁਆਵਾਂ ਕਦੇ ਪਰਵਾਨ ਨਹੀਂ ਚੜ੍ਹਦੀਆਂ ਤਾਂ ਉਸ ਨੇ ਤਨਜ਼ ਕਰਨ ਵਾਲੇ ਦੇ ਪੈਰ ਹੇਠੋਂ ਸਫ਼ ਖਿੱਚਣ ਲਈ ਹੱਸਦਿਆਂ ਹੋਇਆਂ ਕਿਹਾ: ''ਮੇਰੇ ਮਿੱਤਰ ਪਿਆਰੇ, ਜੇ ਬੰਦੇ ਕੋਲ ਦਾਰੂ ਹੋਵੇ ਤਾਂ ਉਸ ਨੇ ਦੁਆ ਕਿਸ ਗੱਲ ਲਈ ਕਰਨੀ ਹੈ?" ਉਸ ਦੇ ਤਨਜ਼ੀਆ ਲਹਿਜੇ ਦੀ ਗਰਮੀ ਤੋਂ ਉਸ ਦੀ 'ਆਰਥਿਕ ਮੰਦਹਾਲੀ" ਵੀ ਨਾ ਬੱਚ ਸਕੀ:
ਕਰਜ਼ ਕੀ ਪੀਤੇ ਥੇ ਮੈਅ ਲੇਕਿਨ ਸਮਝਤੇ ਥੇ ਕੇ ਹਾਂ
ਰੰਗ ਲਾਏਗੀ ਹਮਾਰੀ ਫ਼ਾਕਾਹ-ਮਸਤੀ ਏਕ ਦਿਨ
ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਹੱਜ 'ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ ਤੇ ਗ਼ਾਲਿਬ ਨੇ ਇਸ ਗੱਲ ਬਾਰੇ ਕਿਤੋਂ ਸੁਣ ਲਿਆ। ਉਸ ਨੇ ਰਾਜੇ ਨੂੰ ਪੱਤਰ ਲਿਖਿਆ:
ਗ਼ਰ ਇਸ ਸਫ਼੍ਰ ਮੇਂ ਮੁਝੇ ਸਾਥ ਲੇ ਚਲੇਂ
ਹਜ ਕਾ ਸਵਾਬ ਨਜ੍ਰ ਕਰੂੰਗਾ ਹਜ਼ੂਰ ਕੀ
ਉਸ ਨੇ ਕਦੇ ਵੀ ਆਪਣੇ ਅਕੀਦੇ ਪ੍ਰਤੀ ਆਪਣੀ ਸ਼ਰਧਾ ਤੇ ਪ੍ਰਾਥਨਾ ਅਰਚਨਾ ਕਰਨ ਦੀ ਆਪਣੀ ਇੱਛਾ ਨਹੀਂ ਲੁਕਾਈ:
ਜਾਨਤਾ ਹੂੰ ਸਵਾਬ -ਏ-ਤਾਤ-ਓ-ਜ਼ਾਹਦ
ਪਰ ਤਬੀਅਤ ਇਧਰ ਨਹੀਂ ਆਤੀ
(ਮੈਨੂੰ ਧਾਰਮਿਕ ਕਾਰਜਾਂ ਲਈ ਅਗਲੇ ਜਨਮ 'ਚ ਮਿਲਣ ਵਾਲੇ ਇਨਾਮਾਂ ਬਾਰੇ ਪਤੈ, ਪਰ ਮੈਂ ਕਿਸੇ ਕਾਰਨ ਉਸ ਵੱਲ ਆਕਰਸ਼ਿਤ ਨਹੀਂ ਹੋ ਸਕਿਆ।)
ਅਜਿਹਾ ਨਹੀਂ ਕਿ ਜਿਹੜੇ ਲੋਕ ਖ਼ੁਸ਼ ਰਹਿੰਦੇ ਹਨ ਉਹ ਸੰਵੇਦਨਸ਼ੀਲ ਨਹੀਂ ਹੁੰਦੇ ਜਾਂ ਉਨ੍ਹਾਂ ਨੂੰ ਜੀਵਨ ਵਿੱਚ ਮਿਲਣ ਵਾਲੀਆਂ ਤੰਗੀਆਂ-ਤਕਲੀਫ਼ਾਂ ਦਾ ਦੁੱਖ ਨਹੀਂ ਹੁੰਦਾ। ਹਰ ਆਮ-ਓ-ਖ਼ਾਸ ਜਿਸ ਪਾਸ ਦਿਲ-ਓ-ਦਿਮਾਗ ਹੈ, ਤੇ ਜਿਹੜਾ ਜਿੰਦਗੀ ਦੀਆਂ ਛਮਕਾਂ ਦੀ ਦਰਦ ਤੋਂ ਕਰਾਂਹਦਾ ਹੈ, ਵਾਂਗ ਹੀ ਗ਼ਾਲਿਬ ਵੀ ਆਪਣੇ ਹਿੱਸੇ ਦਾ ਦਰਦ ਆਪਣੇ ਨਾਲ ਲੈ ਕੇ ਆਇਆ ਸੀ। ਨਿਰਸੰਦੇਹ ਉਸ ਦੀਆਂ ਤਨਜ਼ਾਂ ਉਸ ਲਈ ਕਿਸੇ ਚਮਤਕਾਰੀ ਟੌਨਿਕ ਵਾਲਾ ਕੰਮ ਕਰਦੀਆਂ ਹੋਣਗੀਆਂ, ਪਰ ਮੇਰੇ ਵਰਗੇ ਪਾਠਕਾਂ ਲਈ ਇਹ ਕਿਸੇ ਨਸ਼ੇ ਤੋਂ ਘੱਟ ਨਹੀਂ ਹਨ।
ਗ਼ਾਲਿਬ ਦਾ ਪਤਾ
ਮਸਜਿਦ ਦੇ ਨਾਲ ਵਾਲਾ ਘਰ ਕਾਲੇ ਸਾਹਿਬ ਦਾ ਸੀ ਜੋ ਇੱਕ ਸੰਤ ਆਦਮੀ ਸੀ ਤੇ ਬਹਾਦੁਰ ਸ਼ਾਹ ਜ਼ਫ਼ਰ ਦੀ ਨੇਕ-ਨਿਗ਼ਾਹ ਹੇਠ ਸੀ। ਦਰਅਸਲ, ਇਹ ਘਰ ਗ਼ਾਲਿਬ ਨੂੰ ਜ਼ਫ਼ਰ ਦੀ ਫ਼ਰਮਾਇਸ਼ 'ਤੇ ਹੀ ਮਿਲਿਆ ਸੀ ਅਤੇ ਗ਼ਾਲਿਬ ਆਪਣੇ ਸ਼ਿਅਰਾਂ ਵਿੱਚ ਉਸ ਮਸਜਿਦ ਤੇ ਘਰ ਨੂੰ ਇੰਝ ਮੁਖ਼ਾਤਿਬ ਹੁੰਦਾ ਹੈ:
ਦਿਲ ਖ਼ੁਸ਼ ਹੁਆ ਹੈ ਮਸਜਿਦ-ਏ-ਵੀਰਾਂ ਦੇਖ ਕਰ
ਮੇਰੀ ਤਰਾਹ ਖ਼ੁਦਾ ਕਾ ਭੀ ਖ਼ਾਨਾ ਖ਼ਰਾਬ ਹੈ
ਇੱਕ ਵਾਰ ਰਮਜ਼ਾਨ ਦੇ ਮਹੀਨੇ ਦੌਰਾਨ ਹੀ ਇੱਕ ਮੌਲਾਨਾ, ਜਿਹੜਾ ਗ਼ਾਲਿਬ ਦਾ ਦੋਸਤ ਤੇ ਇੱਕ ਸ਼ਾਇਰ ਵੀ ਸੀ, ਗ਼ਾਲਿਬ ਨੂੰ ਮਿਲਣ ਆਇਆ। ਗ਼ਾਲਿਬ ਸਾਹਮਣੇ ਕਬਾਬਾਂ ਦੀ ਭਰੀ ਇੱਕ ਪਲੇਟ ਪਈ ਹੋਈ ਤੇ ਇੱਕ ਪਾਸੇ ਵਾੲ੍ਹੀਨ ਦਾ ਗ਼ਲਾਸ ਪਿਆ ਸੀ। ਮੌਲਾਨਾ ਨੇ ਪੁੱਛਿਆ, ''ਤੁਹਾਡਾ ਰੋਜ਼ਾ ਨ੍ਹੀਂ?" ਗ਼ਾਲਿਬ ਨੇ ਉੱਤਰ ਦਿੱਤਾ, ''ਜੀ, ਹੈ।" ਮੌਲਾਨਾ ਨੇ ਫ਼ਿਰ ਪੁੱਛਿਆ, ''ਫ਼ਿਰ ਇਹ ਸਭ ਕਿਸ ਵਾਸਤੇ?" ਗ਼ਾਲਿਬ ਦਾ ਜਵਾਬ ਸੀ, ''ਰੋਜ਼ੇ ਨੂੰ ਬਹਿਲਾਉਣ ਦਾ ਸਾਮਾਨ ਹੈ ਜੀ!"
ਦਿੱਲੀ ਮਿਰਜ਼ਾ ਗ਼ਾਲਿਬ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਇਹ ਕਹਿਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਦਿੱਲੀ ਉਸ ਦਾ ਸ਼ੁਮਾਰ ਆਪਣੇ ਅਜ਼ੀਮ ਤਰੀਨ ਸ਼ਹਿਰੀਆਂ ਵਿੱਚ ਕਰਦੀ ਸੀ। ਦਿੱਲੀ ਦਾ ਸਭ ਤੋਂ ਮਸ਼ਹੂਰ ਪਤਾ ਹੈ: ਗ਼ਾਲਿਬ ਹਵੇਲੀ, ਗਲੀ ਕਾਸਿਮ ਜਾਨ, ਬੱਲੀਮਾਰਾਂ, ਚਾਂਦਨੀ ਚੌਕ, ਦਿੱਲੀ। ਆਪਣੀ ਬਾਕੀ ਦੀ ਉਮਰ ਗ਼ਾਲਿਬ ਨੇ ਇਸੇ ਹਵੇਲੀ ਵਿੱਚ ਕੱਟੀ ਤੇ ਇਸ ਪਤੇ ਨੂੰ ਗੁਲਜ਼ਾਰ ਨੇ ਆਪਣੀ ਇੱਕ ਨਜ਼ਮ ਰਾਹੀਂ ਇਸ ਅਜ਼ੀਮ ਸ਼ਾਇਰ ਦੇ ਨਾਮ ਕੁਝ ਇਸ ਤਰ੍ਹਾਂ ਕੀਤਾ:
ਬੱਲੀਮਾਰਾਂ ਕੇ ਮੋਹੱਲੇ ਕੀ ਵੋ ਪੇਚੀਦਾ ਦਲੀਲੋਂ ਕੀ ਸੀ ਗਲੀਆਂ
ਸਾਮਨੇ ਤਾਲ ਕੇ ਨੁੱਕੜ ਪੇ ਬਟੇਰੋਂ ਕੇ ਕਸੀਦੇ
ਗੁੜਗੁੜ੍ਹਾਤੀ ਹੁਈ ਪਾਨ ਕੀ ਪੀਕੋਂ ਮੇਂ ਵੋ ਦਾਦ ਵੋ ਵਾਹ-ਵਾਹ
ਚੰਦ ਦਰਵਾਜ਼ੋਂ ਪਰ ਲਟਕੇ ਹੁਏ ਬੋਸੀਦਾ ਸੇ ਕੁਛ ਟਾਟ ਕੇ ਪਰਦੇ
ਏਕ ਬਕਰੀ ਕੇ ਮਮਿਆਨੇ ਕੀ ਆਵਾਜ਼
ਔਰ ਧੁੰਧਲਾਈ ਹੁਈ ਸ਼ਾਮ ਕੇ ਬੇ-ਨੂਰ ਅੰਧੇਰੇ
ਐਸੇ ਦੀਵਾਰੋਂ ਸੇ ਮੂੰਹ ਜੋੜ ਕਰ ਚਲਤੇ ਹੈਂ ਯਹਾਂ
ਚੂੜੀ-ਵਾਲਾਨ ਕੇ ਕਟੜੇ ਕੀ ਬੜੀ ਬੀ ਜੈਸੇ
ਅਪਨੀ ਬੁਝਤੀ ਹੁਈ ਆਂਖੋਂ ਸੇ ਦਰਵਾਜ਼ੇ ਟਟੋਲੇ
ਇਸੀ ਬੇ-ਨੂਰ ਅੰਧੇਰੀ ਸੀ ਗਲੀ ਕਾਸਿਮ ਸੇ
ਏਕ ਤਰਤੀਬ ਚਰਾਗ਼ੋਂ ਕੀ ਸ਼ੁਰੂ ਹੋਤੀ ਹੈ
ਏਕ ਕੌਰਾਨ-ਏ-ਸੁਖ਼ਨ ਕਾ ਸਫ਼ਾ ਖ਼ੁਲਤਾ ਹੈ
ਅਸਦੁੱਲ੍ਹਾ ਖ਼ਾਂ 'ਗ਼ਾਲਿਬ' ਕਾ ਪਤਾ ਮਿਲਤਾ ਹੈ
ਪਰ ਗ਼ਾਲਿਬ ਦਾ ਆਪਣੇ ਘਰ ਬਾਰੇ ਇਹ ਕਹਿਣਾ ਸੀ:
ਰਹੀਏ ਅਬ ਐਸੀ ਜਗਾਹ ਚਲਕਰ ਜਹਾਂ ਕੋਈ ਨਾ ਹੋ
ਹਮਸੁਖ਼ਨ ਕੋਈ ਨਾ ਹੋ ਔਰ ਹਮਜ਼ਬਾਂ ਕੋਈ ਨਾ ਹੋ
ਬੇਦਾਰ-ਓ-ਦੀਵਾਰ ਸਾ ਇੱਕ ਘਰ ਬਨਾਨਾ ਚਾਹੀਏ
ਕੋਈ ਹਮਸਾਇਆ ਨਾ ਹੋ ਔਰ ਪਾਸਬਾਂ ਕੋਈ ਨਾ ਹੋ
ਪੜੀਏ ਗਰ ਬੀਮਾਰ ਤੋ ਕੋਈ ਨਾ ਹੋ ਤੀਮਾਰਦਾਰ
ਔਰ ਅਗ਼ਰ ਮਰ ਜਾਈਏ ਤੋ ਨੌਖ਼ਵਾਹ ਕੋਈ ਨਾ ਹੋ
ਉਸ ਨੇ ਹਵੇਲੀ ਆਪਣੇ ਇੱਕ ਦੋਸਤ ਰਾਹੀਂ ਕਿਰਾਏ 'ਤੇ ਲਈ ਸੀ, ਅਤੇ ਉਹ ਉੱਥੇ ਲਗਭਗ ਇੱਕ ਦਹਾਕੇ ਤਕ ਰਿਹਾ। ਇੱਕ ਅਜਿਹੇ ਵਿਅਕਤੀ ਦੇ ਤੌਰ 'ਤੇ ਜਿਸ ਦਾ ਵਾਰਤਕ ਉਸ ਦੀਆਂ ਕਵਿਤਾਵਾਂ ਜਿੰਨਾਂ ਹੀ ਤਾਕਤਵਰ ਹੋਵੇ, ਗ਼ਾਲਿਬ ਆਪਣੇ ਇੱਕ ਦੋਸਤ ਨੂੰ ਆਪਣੇ ਘਰ ਦੀ ਤਰਸਯੋਗ ਹਾਲਤ ਬਾਰੇ ਇੰਝ ਲਿਖਦਾ ਹੈ: ''ਬਲਖਾਨ ਅਗਰਚੇ ਗ਼ਿਰਾ ਨਹੀਂ, ਲੇਕਿਨ ਛੱਤ ਛਲਨੀ ਹੋ ਚੁਕੀ ਹੈ। ਕਹੀਂ ਲਗਾਨ, ਕਹੀਂ ਉਗਾਲ ਦਾਨ, ਕਹੀਂ ਚਿਲਮਚੀ ਰੱਖ ਦੀਏ ਹੈ। ਅਬਰ ਦੋ ਘੰਟੇ ਬਰਸਤਾ ਹੈ ਤੋ ਛੱਤ ਹਮਾਰੀ ਚਾਰ ਘੰਟੇ ਬਰਸਤੀ ਹੈ।" (ਘਰ ਹਾਲੇ ਮੇਰਾ ਡਿੱਗਾ ਨਹੀਂ, ਪਰ ਛੱਤ ਜ਼ਰੂਰ ਇੱਕ ਛਾਣਨੀ ਬਣ ਚੁੱਕੀ ਹੈ। ਅਸੀਂ ਕਈ ਭਾਂਡੇ ਚੋਣ ਵਾਲੀ ਜਗ੍ਹਾ ਹੇਠਾਂ ਟਿਕਾਏ ਹਨ। ਬੇਸ਼ੱਕ ਆਸਮਾਨ ਦੋ ਘੰਟਿਆਂ ਲਈ ਵਰ੍ਹਦਾ ਹੈ, ਛੱਤ ਸਾਡੀ ਚਾਰ ਘੰਟੇ ਵਰ੍ਹਦੀ ਹੈ।)
ਉਹ ਦਿੱਲੀ ਸ਼ਹਿਰ ਵਿੱਚ ਰਹਿੰਦਾ ਤੇ ਉਸ ਨੂੰ ਪਿਆਰ ਕਰਦਾ ਸੀ, ਪਰ ਸ਼ਹਿਰ ਦਾ ਬਦਲਦਾ ਮੁਹਾਂਦਰਾ ਉਸ ਦੇ ਦਿਲ ਵਿੱਚ ਇੱਕ ਟੀਸ ਛੱਡ ਗਿਆ ਸੀ। ਇੱਕ ਹੋਰ ਖ਼ਤ ਵਿੱਚ ਉਹ ਲਿਖਦਾ ਹੈ: ''ਭਾਈ ਕਿਆ ਪੂਛਤੇ ਹੋ। ਕਿਆ ਲਿਖੂੰ। ਦਿੱਲੀ ਕੀ ਹਸਤੀ ਮੁਨੱਸਰ ਕਈ ਹੰਗਾਮੋਂ ਪਰ ਥੀ। ਕਿਲਾ, ਚਾਂਦਨੀ ਚੌਕ, ਹਰ ਰੋਜ਼ ਮਜਮਾ ਜਾਮਾ ਮਸਜਿਦ ਕਾ, ਹਰ ਹਫ਼ਤੇ ਸੈਰ ਜਮਨਾ ਕੇ ਪੁਲ ਕੀ, ਹਰ ਸਾਲ ਮੇਲਾ ਫੂਲ ਵਾਲੋਂ ਕਾ। ਯੇ ਪਾਂਚੋਂ ਬਾਤੇਂ ਅਬ ਨਹੀਂ, ਫਿਰ ਕਹੋ ਦਿੱਲੀ ਕਹਾਂ। ਹਾਂ ਕੋਈ ਸ਼ਹਿਰ ਇਸ ਨਾਮ ਕਾ ਹਿੰਦੋਸਤਾਂ ਮੇਂ ਕਭੀ ਥਾ।"
ਗ਼ਾਲਿਬ 15 ਫ਼ਰਵਰੀ, 1869 ਨੂੰ ਉਸੇ ਹਵੇਲੀ ਵਿੱਚ ਦਮ ਤੋੜ ਗਿਆ। ਉਸ ਦਾ ਘਰ ਬਾਅਦ ਵਿੱਚ ਇੱਕ ਕੋਲਾ ਗੋਦਾਮ ਵਿੱਚ ਤਬਦੀਲ ਕਰ ਦਿੱਤਾ ਗਿਆ। ਉਹ 1999 ਤਕ ਇਸੇ ਖ਼ਸਤਾ ਹਾਲਤ ਵਿੱਚ ਰਿਹਾ ਜਦੋਂ ਦਿੱਲੀ ਸਰਕਾਰ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦੀ ਮੁਰੰਮਤ ਕਰਵਾਈ, ਪਰ ਕਾਫ਼ੀ ਵਿਰੋਧ ਉਪਰੰਤ। ਉਸ ਨੂੰ ਮੁਰੰਮਤ ਤੋਂ ਬਾਅਦ 'ਗ਼ਾਲਿਬ ਯਾਦਗ਼ਾਰੀ ਅਜਾਇਬਘਰ' ਬਣਾ ਦਿੱਤਾ ਗਿਆ ਜਿਸ ਨੂੰ 27 ਦਿਸੰਬਰ 2001 ਨੂੰ, ਉਸ ਦੇ ਜਨਮ ਦਿਨ ਵਾਲੇ ਦਿਨ, ਜਨਤਾ ਲਈ ਖੋਲ੍ਹ ਦਿੱਤਾ ਗਿਆ।
ਹਰ ਤਰਾਂ ਦੀ ਤੰਗੀ, ਹਰ ਤਰ੍ਹਾਂ ਦੀ ਤਕਲੀਫ਼ - ਭਾਵਨਾਤਮਕ, ਜਿਸਮਾਨੀ, ਆਰਥਿਕ - ਦੇ ਬਾਵਜੂਦ ਮਿਰਜ਼ਾ ਨੂੰ ਯਕੀਨ ਸੀ ਕਿ ਉਸ ਦੀਆਂ ਨਜ਼ਮਾਂ ਉਸ ਨੂੰ ਰਹਿੰਦੀ ਦੁਨੀਆ ਤਕ ਜ਼ਿੰਦਾ ਰੱਖਣਗੀਆਂ:
ਹੁਈ ਮੁੱਦਤ ਕਿ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ
ਵੋ ਹਰ ਏਕ ਬਾਤ ਪੇ ਕਹਿਨਾ ਕਿ ਯੂੰ ਹੋਤਾ ਤੋ ਕਿਆ ਹੋਤਾ
ਤੇ ਜਿਵੇਂ ਮਿਰਜ਼ਾ ਨੇ ਭਵਿੱਖਬਾਣੀ ਕੀਤੀ ਸੀ; ਉਰਦੂ ਸ਼ਾਇਰੀ ਦੇ ਸਾਰੇ ਸਨੇਹੀਆਂ ਲਈ; ਉਹ ਹਾਲੇ ਵੀ ਆਪਣੀ ਇੱਕ ਇੱਕ ਸਤਰ ਵਿੱਚ ਵਸਦਾ ਹੈ! ਅਸੀਂ ਅਸਦਉੱਲਾਹ ਖ਼ਾਨ ਗ਼ਾਲਿਬ ਦੀ ਬਰਸੀ ਦੇ ਮੌਕੇ ਉਸ ਮਹਾਨ ਕਾਵਿਕ ਰੂਹ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ:
ਯੇ ਨਾ ਥੀ ਹਮਰੀ ਕਿਸਮਤ ਕੇ ਵਿਸਾਲ-ਏ-ਯਾਰ ਹੋਤਾ
ਅਗਰ ਔਰ ਜੀਤੇ ਰਹਿਤੇ ਯਹੀ ਇੰਤਜ਼ਾਰ ਹੋਤਾ
(ਸਾਡੀ ਇਹ ਕਿਸਮਤ ਕਿੱਥੇ ਕਿ ਪ੍ਰੇਮੀ ਨਾਲ ਮਿਲਨ ਹੁੰਦਾ, ਜੇ ਹੋਰ ਜੀਊਂਦੇ ਰਹਿੰਦੇ ਤਾਂ ਇਹੋ ਇੰਤਜ਼ਾਰ ਹੁੰਦਾ)
ਤੇਰੇ ਵਾਦੇ ਪਰ ਜੀਏ ਹਮ ਤੋ ਯੇ ਜਾਨ ਝੂਠ ਜਾਨਾ
ਕੇ ਖ਼ੁਸ਼ੀ ਸੇ ਮਰ ਨਾ ਜਾਤੇ ਅਗਰ ਐਤਬਾਰ ਹੋਤਾ
(ਤੇਰੇ ਵਾਅਦੇ 'ਤੇ ਜੀਣ ਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਇੱਕ ਝੂਠ ਬਣਾਉਣਾ, ਜੇ ਸਾਨੂੰ ਉਸ 'ਤੇ ਯਕੀਨ ਹੁੰਦਾ ਤਾਂ ਅਸੀਂ ਖ਼ੁਸ਼ੀ ਨਾਲ ਹੀ ਮਰ ਜਾਣਾ ਸੀ)
ਤੇਰੀ ਨਾਜ਼ੁਕੀ ਸੇ ਜਾਨਾ ਕਿ ਬੰਧਾ ਥਾ ਅਹਿਦੋਬੂਦਾ
ਕਭੀ ਤੂ ਨਾ ਤੋੜ ਸਕਤਾ ਅਗਰ ਉਸਤਵਾਰ ਹੋਤਾ
(ਤੇਰੀ ਨਜ਼ਾਕਤ ਤੋਂ ਪਤਾ ਲੱਗ ਗਿਆ ਸੀ ਕਿ ਤੇਰਾ ਵਾਅਦਾ ਕਿੰਨਾ ਕਮਜ਼ੋਰ ਹੋਵੇਗਾ, ਪਰ ਤੂੰ ਵੀ ਉਸ ਨੂੰ ਨਾ ਤੋੜ ਸਕਦਾ ਭਾਵੇਂ ਤੂੰ ਦ੍ਰਿੜਸੰਕਲਪ ਵੀ ਕਿਉਂ ਨਾ ਹੁੰਦਾ)
ਕੋਈ ਮੇਰੇ ਦਿਲ ਸੇ ਪੂਛੇ ਤੇਰੇ ਤੀਰ-ਏ-ਨੀਮਕਸ਼ ਕੋ
ਯੇ ਖ਼ਲਿਸ਼ ਕਹਾਂ ਸੇ ਹੋਤੀ ਜੋ ਜਿਗਰ ਕੇ ਪਾਰ ਹੋਤਾ
(ਕੋਈ ਮੇਰੇ ਦਿਲ ਤੋਂ ਤੇਰੇ ਅੱਧ ਖਿੱਚੇ ਅੱਖਾਂ ਦੇ ਤੀਰ ਬਾਰੇ ਪੁੱਛੇ, ਜੇ ਉਹ ਮੇਰਾ ਦਿਲ ਵੀ ਵਿੰਨ ਗਿਆ ਹੁੰਦਾ ਤਾਂ ਕੀ ਮੈਨੂੰ ਦਰਦ ਹੋਇਆ ਹੁੰਦਾ)
ਯੇ ਕਹਾਂ ਕੀ ਦੋਸਤੀ ਹੈ ਕੇ ਬਨੇ ਹੈਂ ਦੋਸਤ ਨਾਸੇਹ
ਕੋਈ ਚਾਰਾਸਾਜ਼ ਹੋਤਾ, ਕੋਈ ਗ਼ਮਗ਼ੁਸਾਰ ਹੋਤਾ
(ਇਹ ਕਿਹੋ ਜਿਹੀ ਦੋਸਤੀ ਹੈ ਕਿ ਦੋਸਤ ਅੱਜ ਸਲਾਹਕਾਰ ਬਣ ਬੈਠੇ ਨੇ, ਕਾਸ਼ ਕੋਈ ਇਲਾਜ ਕਰਨ ਵਾਲਾ, ਕੋਈ ਹਮਦਰਦੀ ਕਰਨ ਵਾਲਾ ਹੁੰਦਾ)
ਰਗ-ਏ-ਸੰਗ ਸੇ ਟਪਕਤਾ ਵੋ ਲਹੂ ਕੇ ਫਿਰ ਨਾ ਥਮਤਾ
ਜਿਸੇ ਗ਼ਮ ਸਮਝ ਰਹੇ ਹੋ ਯੇ ਅਗਰ ਸ਼ਰਾਰ ਹੋਤਾ
(ਸਾਰੀਆਂ ਰਗਾਂ ਤੋਂ ਟਪਕਣ ਵਾਲਾ ਲਹੂ ਫ਼ਿਰ ਮੁੜ ਨਹੀਂ ਰੁਕਦਾ, ਜਿਸ ਨੂੰ ਤੁਸੀਂ ਗ਼ਮ ਸਮਝ ਰਹੇ ਹੋ ਜੇ ਉਹ ਕੋਈ ਚਿੰਗਾਰੀ ਹੁੰਦੀ)
ਗ਼ਮ ਅਗਰਚੇ ਜਾਂਗੁਸਿਲ ਹੈ, ਪਰ ਕਹਾਂ ਬਚੇ ਕੇ ਦਿਲ ਹੈ
ਗ਼ਮ-ਏ-ਇਸ਼ਕ ਗਰ ਨਾ ਹੋਤਾ, ਗ਼ਮ-ਏ-ਰੋਜ਼ਗਾਰ ਹੋਤਾ
(ਬੇਸ਼ੱਕ ਗ਼ਮ ਜਾਨਲੇਵਾ ਹੁੰਦਾ ਹੈ ਪਰ ਦਿਲ ਉਸ ਤੋਂ ਕਿਵੇਂ ਬਚੇ ਕਿਉਂਕਿ ਆਖ਼ਿਰ ਉਹ ਦਿਲ ਹੀ ਤਾਂ ਹੈ, ਇਸ਼ਕ ਦੇ ਦੁੱਖ ਦੀ ਪੀੜਾ ਜੇ ਨਾ ਹੁੰਦੀ ਤਾਂ ਰੋਜ਼ਗ਼ਾਰ ਦੀ ਮੁਸੀਬਤ ਹੋਣੀ ਸੀ)
ਕਹੂੰ ਕਿਸ ਸੇ ਮੈਂ ਕੇ ਕਿਆ ਹੈ, ਸ਼ਬ-ਏ-ਗ਼ਮ ਬੁਰੀ ਬਲ਼ਾ ਹੈ
ਮੁਝੇ ਕਿਆ ਬੁਰਾ ਥਾ ਮਰਨਾ ਅਗਰ ਏਕ ਬਾਰ ਹੋਤਾ
(ਦੁੱਖ ਦੀਆਂ ਸ਼ਾਮਾਂ ਦੀ ਕਹਾਣੀ ਮੈਂ ਕਿਸ ਨੂੰ ਸੁਣਾਵਾਂ, ਮੈਨੂੰ ਮਰਨਾ ਕੀ ਬੁਰਾ ਸੀ ਜੇਕਰ ਉਹ ਇੱਕੋ ਵਾਰ ਹੁੰਦਾ)
ਹੁਏ ਮਰ ਕੇ ਹਮ ਜੋ ਰੁਸਵਾ, ਹੁਏ ਕਿਉਂ ਨਾ ਗ਼ਰਕ-ਏ-ਦਰੀਆ
ਨਾ ਕਭੀ ਜਨਾਜ਼ਾ ਉਠਤਾ, ਨਾ ਕਹੀਂ ਮਜ਼ਾਰ ਹੋਤਾ
(ਜੇ ਮਰ ਕੇ ਇੰਝ ਹੀ ਰੁਸਵਾ ਹੋਣਾ ਸੀ ਤਾਂ ਮੈਂ ਡੁੱਬ ਹੀ ਕਿਉਂ ਨਾ ਗਿਆ, ਨਾ ਕਦੇ ਅਰਥੀ ਉਠਦੀ, ਨਾ ਕਿਤੇ ਕੋਈ ਮੜ੍ਹੀ ਹੁੰਦੀ)
ਯੇ ਮਸਾਇਲ-ਏ-ਤਸੱਵੁਫ਼ ਯੇ ਤੇਰਾ ਬਿਆਂ 'ਗ਼ਾਲਿਬ'
ਤੁਝੇ ਹਮ ਵਲੀ ਸਮਝਤੇ, ਜੋ ਨਾ ਬਾਦਖ਼ਵਾਰ ਹੋਤਾ
(ਇਹ ਸੂਫ਼ੀਵਾਦ, ਇਹ ਤੇਰਾ ਗੱਲ ਕਰਨ ਦਾ ਢੰਗ, ਤੈਨੂੰ ਅਸੀਂ ਰੱਬ ਸਮਝਦੇ ਜੇ ਤੂੰ ਸ਼ਰਾਬੀ ਨਾ ਹੁੰਦਾ)

From-: ajeetweekly
 
Top