ਕਰੀਂ ਪਰਵਾਹ ਨਾ ਪਤਝੜ ਦੀ, ਸਦਾ ਗੁਲਸ਼ਨ ਸਜਾ ਰੱਖਣਾ

ਗਜ਼ਲ
ਕਰੀਂ ਪਰਵਾਹ ਨਾ ਪਤਝੜ ਦੀ, ਸਦਾ ਗੁਲਸ਼ਨ ਸਜਾ ਰੱਖਣਾ i
ਜੋ ਪਹਿਰੇ ਤੇ ਰਹੇ ਵਲਗਣ, ਤੂੰ ਥੋਹਰਾਂ ਦੀ ਲਗਾ ਰੱਖਣਾ i

ਲਿਫ਼ਾਫੇ ਚੁਣ ਰਹੇ ਬੱਚੇ, ਜੋ ਭੁੱਖੇ ਪੇਟ ਦੀ ਖਾਤਿਰ,
ਉਨ੍ਹਾ ਦੀ ਭੁੱਖ ਮਿਟਾਵੀਂ ਤੂੰ, ਅਤੇ ਪੜਣਾ ਸਿਖਾ ਰੱਖਣਾ i

ਬੜਾ ਹੀ ਕੂੜ ਪੜ-ਪੜ ਕੇ, ਜ਼ਮਾਨਾ ਹੋ ਗਿਆ ਜ਼ਹਿਰੀ,
ਗਜ਼ਲ ਵਿਚ ਘੋਲ ਕੇ ਅਮ੍ਰਿਤ , ਜ਼ਮਾਨੇ ਨੂੰ ਪਿਲਾ ਰੱਖਣਾ i

ਜਗੀਰਾਂ ਸ਼ੁਹਰਤਾਂ ਦਾ ਤੂੰ , ਬੜਾ ਹੀ ਮਾਨ ਕਰਦਾ ਏਂ,
ਤੁਰੇਂਗਾ ਆਖਰੀ ਸੱਖਣਾ,ਤੂੰ ਇਹ ਸੱਚ ਨਾ ਭੁਲਾ ਰੱਖਣਾ i

ਉਨ੍ਹਾ ਦਾ ਸ਼ੁਕਰੀਆ ਕਰਨਾ, ਖੜੇ ਜੋ ਠੋਕਰਾਂ ਬਣਕੇ,
ਜਿਨ੍ਹਾ ਨੇ ਸੰਭਲਣਾ ਗਿਰ ਕੇ, ਤੇ ਤੁਰਨਾ ਵੀ ਸਿਖਾ ਰੱਖਣਾ i

ਤੂੰ ਕੁੰਦਨ ਵਾਂਗ ਅੱਗ ਪੀ ਕੇ, ਸੰਵਾਰੀ ਹੈ ਜੋ ਸ਼ਖਸ਼ੀਅਤ,
ਮਿਲਾ ਕੇ ਨਾਲ ਸਿੱਪੀਆਂ ਨੂੰ, ਇਹ ਨਾ ਹਰਗਿਜ਼ ਗਿਰਾ ਰੱਖਣਾ i

ਬੜੇ ਡਾਲਰ ਕਮਾ ਭਾਵੇਂ , ਵਤਨ ਪਰ ਨਾ ਵਿਸਾਰੀ ਤੂੰ ,
ਕਰੇ ਅਹਿਸਾਨ ਜੋ ਇਸਨੇ, ਕਦੇ ਆ ਕੇ ਚੁਕਾ ਰੱਖਣਾ i

ਕਿਸੇ ਦੇ ਵੀ ਇਸ਼ਾਰੇ ਤੇ, ਕਦੇ ਬਣਨਾ ਨਾ ਕਠਪੁਤਲੀ,
ਤੂੰ ਸੋਹਲ ਡੋਰ ਕਰਮਾਂ ਦੀ, ਕਿਸੇ ਨੂੰ ਨਾ ਫੜਾ ਰੱਖਣਾ i
ਆਰ.ਸੋਹਲ​
 
ਬਹੁੱਤ ਸ਼ੁਕਰੀਆ ਕਮਲਦੀਪ ਜੀਓ ...ਤੁਹਾਡੇ ਜਿਹੇ ਦੋਸਤਾਂ ਦਾ ਹੌਸਲਾ ਹੈ ਜੀ..ਕਿ ਚੰਗਾ ਲਿਖਦੇ ਰਹੀਏ ...
 
Top