ਜਿੰਦਗੀ ਦੀ ਭਾਲ ਵਿਚ ,ਮੈਂ ਸਦਾ ਚੱਲਦਾ ਰਿਹਾ



ਗਜ਼ਲ
ਜਿੰਦਗੀ ਦੀ ਭਾਲ ਵਿਚ ,ਮੈਂ ਸਦਾ ਚੱਲਦਾ ਰਿਹਾ i
ਮੁਸ਼ਕਿਲਾਂ ਦਾ ਕਾਫ਼ਿਲਾ, ਨਾਲ ਹੀ ਰਲਦਾ ਰਿਹਾ i

ਮੈਂ ਜਦੋਂ ਬੀਜੀ ਖੁਸ਼ੀ, ਦਿਲ ਦੀ ਬੰਜਰ ਧਰਤ ਤੇ,
ਗਮ ਦਾ ਪੌਦਾ ਨਾਲ ਹੀ,ਓਸ ਦੇ ਪਲਦਾ ਰਿਹਾ i

ਚੜਦੇ ਸੂਰਜ ਨੂੰ ਸਦਾ, ਲੋਕ ਪਾਣੀ ਦੇ ਰਹੇ,
ਕੌਣ ਪੁਛਦਾ ਹੈ ਜਦੋਂ,ਰੋਜ ਉਹ ਢਲਦਾ ਰਿਹਾ i

ਲਗ ਰਿਹਾ ਮਾਸੂਮ ਜੋ, ਵਾਰ ਕਰਦਾ ਹੈ ਬੜੇ,
ਸਾਦਗੀ ਦੇ ਨਾਲ ਹੀ,ਉਹ ਸਦਾ ਛਲਦਾ ਰਿਹਾ i

ਹਰ ਖੁਸ਼ੀ ਘੜਦਾ ਰਿਹਾ,ਜੋ ਅਮੀਰਾਂ ਵਾਸਤੇ,
ਉਹ ਗਰੀਬੀ ਦੀ ਸਜਾ,ਉਮਰ ਭਰ ਝਲਦਾ ਰਿਹਾ i

ਆ ਗਈ ਦਹਿਲੀਜ ਤੇ,ਮੌਤ ਨੂੰ ਤੱਕਿਆ ਜਦੋਂ,
ਵਕਤ ਖੁੰਝਿਆ ਸੋਚ ਕੇ,ਹੱਥ ਉਹ ਮਲਦਾ ਰਿਹਾ i

ਵੇਚਦਾ ਦੀਵੇ ਬੜੇ. ਰੌਸ਼ਨੀ ਦੇ ਵਾਸਤੇ,
ਉਹ ਹਨੇਰੇ ਨੂੰ ਬੜਾ ,ਸ਼ਖਸ਼ ਫਿਰ ਖਲਦਾ ਰਿਹਾ i

ਦੁੱਧ ਪੀ ਕੇ ਵੀ ਸਦਾ, ਸੱਪ ਮਿਤ ਨਾ ਬਣ ਸਕੇ,
ਡੰਗ ਮਾਰਨ ਤੋਂ ਕਦੇ ,ਨਾ ਉਹ ਫਿਰ ਟਲਦਾ ਰਿਹਾ i
ਆਰ.ਬੀ.ਸੋਹਲ

 
Top