ਬੇਗਾਨੀ ਅੱਗ ਨੂੰ ਆਪਣਾ, ਬਣਾਉਂਦਾ ਕੌਣ ਏਥੇ

ਗਜ਼ਲ

ਬੇਗਾਨੀ ਅੱਗ ਨੂੰ ਆਪਣਾ, ਬਣਾਉਂਦਾ ਕੌਣ ਏਥੇ ?
ਕਿ ਮੇਰੇ ਵਾਗੂੰ ਘਰ ਨੂੰ ਵੀ , ਜਲਾਉਂਦਾ ਕੌਣ ਏਥੇ ?

ਚਿਰਾਗਾਂ ਨੂੰ ਬੁਝਾਉਣਾ ਹੀ , ਤੁਫਾਨਾਂ ਦੀ ਹੈ ਸਾਜਿਸ਼,
ਬਿਨਾ ਹੀ ਖੌਫ਼ ਉਸਦੇ ਪਰ ,ਜਗਾਉਂਦਾ ਕੌਣ ਏਥੇ ?

ਜਿਨ੍ਹਾ ਨੇ ਸੋਚ ਰੱਖੀ ਹੈ , ਵਫ਼ਾ ਨੂੰ ਕਤਲ ਕਰਨਾ,
ਛੁਰਾ ਇਹ ਬੇਵਫਾਈ ਦਾ, ਛੁਡਾਉਂਦਾ ਕੌਣ ਏਥੇ ?

ਹਮੇਸ਼ਾਂ ਬਸਰ ਕਰਦੇ ਨੇ, ਗੁਲਾਮਾਂ ਵਾਂਗ ਜੀਵਣ,
ਅਜਾਦੀ ਦੇ ਪਲਾਂ ਨੂੰ ਵੀ , ਸਜਾਉਂਦਾ ਕੌਣ ਏਥੇ ?

ਵਗੇ ਜੋ ਹੜ ਗਮਾਂ ਦੇ ਉਹ ,ਡੁਬਾਉਂਦੇ ਹੀ ਰਹੇ ਨੇ,
ਖੁਸ਼ੀ ਦੇ ਪਰ ਖਿਡੋਣੇ ਹੁਣ, ਬਚਾਉਂਦਾ ਕੌਣ ਏਥੇ ?

ਧੁਖਾ ਕੇ ਨਫਰਤਾਂ ਦੀ ਅੱਗ, ਮਚਾਉਂਦੇ ਨੇ ਉਹ ਭਾਂਬੜ,
ਵਰ੍ਹਾ ਕੇ ਪਿਆਰ ਉਸਤੇ ਫਿਰ,ਬੁਝਾਉਂਦਾ ਕੌਣ ਏਥੇ ?

ਕਿਸੇ ਵੀ ਰਾਹ ਤੇ ਸੋਹਲ , ਨਹੀਂ ਮਹਿਫੂਜ ਕੋਈ,
ਹਮੇਸ਼ਾਂ ਕਦਮ ਡਰ ਦੇ ਬਿਨ, ਵਧਾਉਂਦਾ ਕੌਣ ਏਥੇ ?

ਬਿਨਾ ਹੀ ਭਾਵ ਲਿਖਦੇ ਨੇ,ਤੇ ਗਾਉਂਦੇ ਗੀਤ ਲੱਚਰ,
ਅਸ਼ਾਈ ਦੇ ਫਸਾਨੇ ਹੁਣ, ਸੁਣਾਉਂਦਾ ਕੌਣ ਏਥੇ ?

ਜੋ ਕਰ ਕੇ ਰੂਹ ਨੂੰ ਜ਼ਖਮੀ, ਕਦੇ ਨਾ ਸਾਰ ਲੈਂਦੇ,
ਉਨ੍ਹਾ ਨੂੰ ਮਾਫ਼ ਕਰ ਕੇ ਗਲ ,ਲਗਾਉਂਦਾ ਕੌਣ ਏਥੇ ?
ਆਰ.ਬੀ.ਸੋਹਲ
 
Top