ਖੂਨ ਭਿਜਿਆ ਹਰਫ਼ ਜਦ ਵੀ,ਵਰਕ ਤੇ ਚੜਦਾ ਰਿਹਾ

ਗਜ਼ਲ
ਖੂਨ ਭਿਜਿਆ ਹਰਫ਼ ਜਦ ਵੀ,ਵਰਕ ਤੇ ਚੜਦਾ ਰਿਹਾ i
ਉਹ ਗਜ਼ਲ ਫਿਰ ਅਮਰ ਹੈ ਜੋ,ਹਰ ਕੋਈ ਪੜਦਾ ਰਿਹਾ i

ਪੈਰ ਚੁੰਮਦਾ ਹੈ ਵਫ਼ਾ ਦੇ, ਸਮਝਦਾ ਇਸਨੂੰ ਖੁਦਾ,
ਹੋ ਗਿਆ ਕੁੰਦਨ ਹੈ ਅਜ ਜੋ ,ਇਸ਼ਕ ਵਿਚ ਸੜਦਾ ਰਿਹਾ i

ਜਦ ਬੁਲਾਇਆ ਰੌਸ਼ਨੀ ਨੂੰ ,ਕੋਲ ਮੇਰੇ ਆ ਜਰਾ,
ਨ੍ਹੇਰ ਐਂਵੇਂ ਨਾਲ ਮੇਰੇ , ਬੇਵਜ੍ਹਾ ਲੜਦਾ ਰਿਹਾ i

ਪੁਛ ਲਈ ਉਸਦੀ ਤਬੀਅਤ , ਸ਼ਿਕਨ ਮੁਖ ਤੇ ਵੇਖ ਕੇ,
ਅਸ਼ਕਾਂ ਦਾ ਦਰਿਆ ਜੋ ਵਗਿਆ ,ਨਾਲ ਮੈਂ ਹੜਦਾ ਰਿਹਾ i

ਡੀਕ ਕੇ ਗਮ ਦਾ ਸਮੁੰਦਰ,ਮੈਂ ਕਦੇ ਨਾ ਡੋਲਿਆ,
ਵਾਂਗ ਪਰਬਤ ਵੀ ਤੂਫਾਨਾਂ , ਸਾਹਮਣੇ ਖੜਦਾ ਰਿਹਾ i

ਸਬਰ ਦੀ ਉਹ ਢਾਲ ਬਣਿਆ,ਮੌਤ ਤੋਂ ਡਰਿਆ ਨਹੀਂ,
ਸੱਚ ਤੇ ਹਕ ਵਾਸਤੇ ਵੀ ,ਹਸ਼ਰ ਤਕ ਲੜਦਾ ਰਿਹਾ i

ਮਹਿਕਦੇ ਸੀ ਫੁਲ ਜੋ ਬਣਕੇ, ਅੱਜ ਉਹ ਮੁਰਝਾ ਗਏ ,
ਖਾ ਗਿਆ ਨਸ਼ਿਆਂ ਦਾ ਖੋਰਾ,ਹਰ ਕੋਈ ਝੜਦਾ ਰਿਹਾ i

ਜਿਸਮ ਤੇ ਰੂਹਾਂ ਦੇ ਵਿਚਲਾ, ਫਾਸਲਾ ਤਾਂ ਕੁਝ ਨਹੀਂ,
ਮਨ ਤਾਂ ਅਧਵਾਟੇ ਗਿਰਾ ਕੇ, ਰਾਹ ਵਿਚ ਅੜਦਾ ਰਿਹਾ i
ਆਰ.ਬੀ.ਸੋਹਲ
 
Top