ਜਖਮਾਂ ਦੇ ਹੀਰਿਆਂ ਨੂੰ, ਤਨ ਤੇ ਸਜਾ ਕੇ ਵੇਖੀਂ

ਗਜ਼ਲ
ਜਖਮਾਂ ਦੇ ਹੀਰਿਆਂ ਨੂੰ, ਤਨ ਤੇ ਸਜਾ ਕੇ ਵੇਖੀਂ i
ਇੱਕ ਘੁੱਟ ਪੀੜ ਦਾ ਤੂੰ,ਦਿਲ ਨੂੰ ਪਿਲਾ ਕੇ ਵੇਖੀਂ i

ਸੋਚਾਂ ਤੇ ਖਿਆਲ ਵਾਲਾ, ਪੰਛੀ ਤੂੰ ਕੈਦ ਕੀਤਾ,
ਕਰਕੇ ਅਜਾਦ ਇਹਨੂੰ, ਅੰਬਰੀਂ ਉਡਾ ਕੇ ਵੇਖੀਂ i

ਸ਼ਰਦਾ ਦਾ ਵਾਸ ਹੋਜੂ, ਦਿਲ ਦੀ ਜਮੀਨ ਉੱਤੇ,
ਕੰਧਾਂ ਹੰਕਾਰ ਦੀਆਂ, ਐ ਦਿਲ ਗਿਰਾ ਕੇ ਵੇਖੀਂ i

ਅਪਣੇ ਤੋਂ ਦੂਰ ਹੋ ਕੇ, ਜਿੰਦਗੀ ਨਾ ਭਾਲ ਸਕਦੇ,
ਜਿੰਦਗੀ ਨੂੰ ਪਾਉਣ ਖਾਤਿਰ,ਆਪੇ ‘ਚ ਆ ਕੇ ਵੇਖੀਂ i

ਚਾਦਰ ਹਨੇਰਿਆਂ ਦੀ, ਮੰਨ ਤੇ ਨਾ ਪੈਣ ਦੇਵੀਂ,
ਸੱਧਰਾਂ ਤੇ ਰੀਝ ਦਾ ਤੂੰ , ਸੂਰਜ ਉਗਾ ਕੇ ਵੇਖੀਂ i

ਭੁੱਲ ਜਾਣ ਦੁਸ਼ਮਣੀ ਨੂੰ, ਦੁਸ਼ਮਨ ਬਣੇ ਜੋ ਤੇਰੇ,
ਬਦਲੇ ਦੀ ਭਾਵਨਾ ਨੂੰ, ਦਿਲ ਚੋਂ ਭੁਲਾ ਕੇ ਵੇਖੀਂ i

ਖੰਭ ਲਾ ਕੇ ਮਾਣ ਵਾਲੇ, ਅਰਸ਼ਾਂ ਦੀ ਸੋਚਦਾ ਏਂ,
ਡਿੱਗਿਆ ਜ਼ਮੀਨ ਤੇ ਜੋ, ਉਸਨੂੰ ਉਠਾ ਕੇ ਵੇਖੀਂ i

ਸਾਗਰ ਦੇ ਕੰਡਿਆਂ ਤੋਂ, ਲਭਦੇ ਕਦੇ ਨਾ ਮੋਤੀ,
ਕਰਨੀ ਤਲਾਸ਼ ਜੇ ਤੂੰ, ਡੁਬਕੀ ਲਗਾ ਕੇ ਵੇਖੀਂ i
ਆਰ.ਬੀ.ਸੋਹਲ
 
Top