ਰੱਬ ਦੀ ਸਿੱਖਿਆ

Parv

Prime VIP
ਇਕ ਮੰਗਤਾ ਸੀ। ਉਹ ਨਾ ਠੀਕ ਤਰ੍ਹਾਂ ਖਾਂਦਾ ਸੀ, ਨਾ ਪੀਂਦਾ ਸੀ, ਜਿਸ ਕਾਰਨ ਉਸ ਦਾ ਸਰੀਰ ਸੁੱਕ ਕੇ ਕੰਡਾ ਬਣ ਗਿਆ ਸੀ। ਉਸ ਦੀ ਇਕ-ਇਕ ਹੱਡੀ ਗਿਣੀ ਜਾ ਸਕਦੀ ਸੀ। ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਸ ਨੂੰ ਕੋਹੜ ਹੋ ਗਿਆ ਸੀ। ਵਿਚਾਰਾ ਰਸਤੇ ਦੇ ਇਕ ਪਾਸੇ ਬੈਠ ਕੇ ਭੀਖ ਮੰਗ ਰਿਹਾ ਸੀ।
ਇਕ ਨੌਜਵਾਨ ਉਸ ਰਸਤੇ ਤੋਂ ਰੋਜ਼ ਲੰਘਦਾ ਸੀ। ਮੰਗਤੇ ਨੂੰ ਦੇਖ ਕੇ ਉਸ ਨੂੰ ਬਹੁਤ ਬੁਰਾ ਲੱਗਦਾ ਸੀ। ਉਸ ਦਾ ਮਨ ਬਹੁਤ ਦੁਖੀ ਹੁੰਦਾ। ਉਹ ਸੋਚਦਾ ਸੀ ਕਿ ਉਹ ਭੀਖ ਕਿਉਂ ਮੰਗਦਾ ਹੈ? ਉਸ ਨੂੰ ਜਿਊਣ ਨਾਲ ਪਿਆਰ ਕਿਉਂ ਹੈ? ਰੱਬ ਉਸ ਨੂੰ ਦੁਨੀਆ 'ਚੋਂ ਚੁੱਕ ਕਿਉਂ ਨਹੀਂ ਲੈਂਦਾ?
ਇਕ ਦਿਨ ਨੌਜਵਾਨ ਕੋਲੋਂ ਰਿਹਾ ਨਾ ਗਿਆ। ਉਹ ਮੰਗਤੇ ਕੋਲ ਗਿਆ ਅਤੇ ਬੋਲਿਆ,''ਬਾਬਾ, ਤੇਰੀ ਅਜਿਹੀ ਹਾਲਤ ਹੋ ਗਈ ਹੈ, ਫਿਰ ਵੀ ਤੂੰ ਜਿਊਣਾ ਚਾਹੁੰਦਾ ਏਂ? ਤੂੰ ਭੀਖ ਮੰਗਦਾ ਏਂ ਪਰ ਰੱਬ ਅੱਗੇ ਇਹ ਪ੍ਰਾਰਥਨਾ ਕਿਉਂ ਨਹੀਂ ਕਰਦਾ ਕਿ ਉਹ ਤੈਨੂੰ ਆਪਣੇ ਕੋਲ ਸੱਦ ਲਵੇ?''
ਮੰਗਤਾ ਬੋਲਿਆ,''ਭਰਾ! ਤੂੰ ਜੋ ਕਹਿ ਰਿਹਾ ਏਂ, ਉਹੀ ਗੱਲ ਮੇਰੇ ਮਨ ਵਿਚ ਵੀ ਉੱਠਦੀ ਹੈ। ਮੈਂ ਰੱਬ ਅੱਗੇ ਬਰਾਬਰ ਪ੍ਰਾਰਥਨਾ ਕਰਦਾ ਹਾਂ ਪਰ ਉਹ ਮੇਰੀ ਸੁਣਦਾ ਨਹੀਂ। ਸ਼ਾਇਦ ਉਹ ਚਾਹੁੰਦਾ ਹੈ ਕਿ ਮੈਂ ਇਸ ਧਰਤੀ 'ਤੇ ਰਹਾਂ, ਜਿਸ ਨਾਲ ਦੁਨੀਆ ਦੇ ਲੋਕ ਮੈਨੂੰ ਦੇਖਣ ਅਤੇ ਸਮਝਣ ਕਿ ਇਕ ਦਿਨ ਮੈਂ ਵੀ ਉਨ੍ਹਾਂ ਵਰਗਾ ਹੀ ਸੀ ਪਰ ਉਹ ਦਿਨ ਵੀ ਆ ਸਕਦਾ ਹੈ ਜਦੋਂ ਉਹ ਮੇਰੇ ਵਰਗੇ ਬਣ ਸਕਦੇ ਹਨ। ਇਸ ਲਈ ਕਿਸੇ ਨੂੰ ਘੁਮੰਡ ਨਹੀਂ ਕਰਨਾ ਚਾਹੀਦਾ।''
ਨੌਜਵਾਨ ਮੰਗਤੇ ਵੱਲ ਦੇਖਦਾ ਰਹਿ ਗਿਆ। ਉਸ ਨੇ ਜੋ ਕਿਹਾ ਸੀ, ਉਸ ਵਿਚ ਕਿੰਨੀ ਵੱਡੀ ਸੱਚਾਈ ਸਮਾਈ ਹੋਈ ਸੀ। ਇਹ ਜ਼ਿੰਦਗੀ ਦਾ ਕੌੜਾ ਸੱਚ ਸੀ, ਜਿਸ ਨੂੰ ਮੰਨਣ ਵਾਲੇ ਰੱਬ ਦੀ ਸਿੱਖਿਆ ਵੀ ਮੰਨਦੇ ਹਨ।
 
Top