ਸਮਾਜਕ ਤਬਦੀਲੀ ਅਤੇ ਗੁਰੂ ਗੋਬਿੰਦ ਸਿੰਘ

parmpreet

Member
writer ਡਾ ਜਸਪਾਲ ਸਿੰਘ
ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਹਰ ਪਹਿਲੂ ਵੱਡੇ ਇਤਿਹਾਸਕ ਮਹੱਤਵ ਵਾਲਾ ਹੈ। ਹਰ ਪਹਿਲੂ ਦੀ ਆਪਣੀ ਨਿਵੇਕਲੀ ਅਹਿਮੀਅਤ ਹੈ। ਸਮਾਜਕ ਤਬਦੀਲੀ ਦੀ ਮੁਹਿੰਮ ਦੇ ਸੂਤਰਧਾਰ ਦੇ ਰੂਪ ਵਿਚ ਵੀ ਗੁਰੂ ਸਾਹਿਬ ਦੀ ਭੂਮਿਕਾ ਦਾ ਇਤਿਹਾਸ ਵਿਚ ਖ਼ਾਸ ਮੁਕਾਮ ਹੈ।
ਭਾਰਤੀ ਸਮਾਜ ਦੀ ਬਣਤਰ ਵਿਚ ਇਨਕਲਾਬੀ ਤਬਦੀਲੀ ਲਿਆਉਣ ਅਤੇ ਉਸ ਦੀ ਨਵੀਂ ਨੁਹਾਰ ਸਿਰਜਣ ਦਾ ਅਧਿਆਇ ਇਤਿਹਾਸ ਦੇ ਪੰਨਿਆਂ Ḕਤੇ ਸੁਨਹਿਰੇ ਅੱਖਰਾਂ ਵਿਚ ਦਰਜ ਹੈ। ਸਮਾਜਕ ਤਬਦੀਲੀ ਦੇ ਇਸੇ ਅਮਲ ਦੀ ਚਰਚਾ, ਇਥੇ ਰਤਾ ਤਫ਼ਸੀਲ ਨਾਲ ਕਰਨਾ ਚਾਹੁੰਦਾ ਹਾਂ।
ਜਿਹੜਾ ਪਹਿਲਾ ਨੁਕਤਾ ਇਸ ਪ੍ਰਸੰਗ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਨੂੰ ਭੈਅ-ਮੁਕਤ ਹੋ ਜਾਣ ਦੇ ਰਾਹ Ḕਤੇ ਤੋਰਿਆ ਸੀ। ਇਤਿਹਾਸ ਸਾਖੀ ਹੈ ਕਿ ਸਿੱਖ ਪਰੰਪਰਾ ਆਪਣੇ ਮੁਢਲੇ ਦੌਰ ਤੋਂ ਹੀ ਮਨੁੱਖ ਨੂੰ ਭੈਅ-ਮੁਕਤ ਹੋਣ ਦਾ ਉਪਦੇਸ਼ ਦਿੰਦੀ ਰਹੀ ਹੈ। ਬੇਖੌਫ਼ ਹੋ ਕੇ ਸੱਚ ਕਹਿਣ ਅਤੇ ਸੱਚ Ḕਤੇ ਪਹਿਰਾ ਦੇਣ ਦਾ ਸੰਦੇਸ਼ ਦਿੰਦੀ ਰਹੀ ਹੈ। ਮੌਤ ਤੋਂ ਡਰਨਾ ਤੇ ਉਸ ਦੇ ਭੈਅ ਕਾਰਨ ਸੱਚ ਦੀ ਰਾਹ ਤੋਂ ਉਖੜ ਜਾਣਾ ਸਿੱਖੀ ਦੇ ਮਾਰਗ ਵਿਚ ਕਦਾਚਿਤ ਪ੍ਰਵਾਨ ਨਹੀਂ ਸੀ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਭੈਅ ਨੂੰ ਦੂਰ ਕਰਨ ਲਈ ਵੱਡੀ ਜਥੇਬੰਦਕ ਮੁਹਿੰਮ ਦਾ ਆਗਾਜ਼ ਕੀਤਾ ਸੀ।
ਦਰਅਸਲ, ਇਹ ਇਕ ਕੌੜੀ ਸੱਚਾਈ ਹੈ ਕਿ ਮਨੁੱਖ, ਸਰੀਰ ਦੇ ਮੋਹ ਕਾਰਨ ਗੁਲਾਮੀ ਸਹਿੰਦਾ ਹੈ, ਮਜ਼ਲੂਮ ਬਣ ਕੇ ਤਰਸਯੋਗ ਹਾਲਾਤ ਵਿਚ ਜਿਉਂਦਾ ਹੈ ਅਤੇ ਸ਼ੋਸ਼ਣ ਦਾ ਕਸ਼ਟ ਭੋਗਦਾ ਹੈ; ਪਰ ਜੇ ਉਸ ਨੂੰ ਆਪਾ ਵਾਰਨ ਦੀ ਜਾਚ ਆ ਜਾਵੇ ਤਾਂ ਅਣਖ ਨਾਲ ਜਿਉਣਾ ਵੀ ਆ ਜਾਂਦਾ ਹੈ। ਉਸ ਨੂੰ ਸਮਝ ਆ ਜਾਂਦਾ ਹੈ ਕਿ ਰੋਜ਼ ਮਰਨ ਨਾਲੋਂ ਇਕ ਵਾਰ ਮਰਨਾ ਚੰਗਾ ਹੈ। ਫਿਰ ਇਸ ਤਰ੍ਹਾਂ ਦਾ ਇਕ ਵਾਰ ਮਰਨਾ ਸਦੀਵੀ ਜੀਵਨ ਬਣ ਜਾਂਦਾ ਹੈ ਅਤੇ ਹਜ਼ਾਰਾਂ-ਲੱਖਾਂ ਹੋਰਨਾਂ ਨੂੰ ਸੁਤੰਤਰ ਜ਼ਿੰਦਗੀ ਦੇ ਜਾਂਦਾ ਹੈ। ਨਿਰਸੰਦੇਹ, ਇਹੋ ਸਾਰ ਤੱਤ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਤਰਬੀਅਤ ਦਾ।
ਇਤਿਹਾਸ ਦਾ ਘਟਨਾਕ੍ਰਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਤਰ-ਮਨ ਵਿਚ ਇਕ ਵਿਚਾਰ ਬਹੁਤ ਡੂੰਘਾ ਉਤਰਿਆ ਹੋਇਆ ਸੀ ਅਤੇ ਇਹ ਵਿਚਾਰ ਸੀ ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ ਨੂੰ ਸੱਤਾ ਦੇ ਸਿੰਘਾਸਨ Ḕਤੇ ਪਹੁੰਚਾਉਣ ਦਾ। ਉਨ੍ਹਾਂ ਦੀ ਪਾਤਸ਼ਾਹੀ ਸਥਾਪਤ ਕਰਨ ਦਾ ਜਿਨ੍ਹਾਂ ਨੇ ਰਾਜਨੀਤਕ ਸੱਤਾ ਵਿਚ ਭਾਈਵਾਲੀ ਦਾ ਸੁਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁਖ ਵੀ ਨਹੀਂ ਸੀ ਭੋਗਿਆ। ਤ੍ਰਿਸਕਾਰ ਤੇ ਬੇਪਤੀ ਜਿਨ੍ਹਾਂ ਦੇ ਜੀਵਨ ਦੀ ਜ਼ਰੂਰੀ ਸ਼ਰਤ ਬਣ ਚੁੱਕੀ ਸੀ। ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਨੇ ਆਪਣੀ ਕਿਸਮਤ ਤੇ ਰੱਬੀ ਇੱਛਾ ਕਰ ਕੇ ਮੰਨ ਲਿਆ ਸੀ। ਗੁਲਾਮੀ ਜਿਨ੍ਹਾਂ ਨੂੰ ਓਪਰੀ ਨਹੀਂ ਸੀ ਜਾਪਦੀ।
ਕੁਇਰ ਸਿੰਘ ਦੇ ਗੁਰ ਬਿਲਾਸ ਨੇ ਉਸ ਸੋਚ ਦਾ ਜ਼ਿਕਰ ਕੀਤਾ ਹੈ ਜਿਹੜੀ ਗੁਰੂ ਸਾਹਿਬ ਦੇ ਦ੍ਰਿੜ੍ਹ ਸੰਕਲਪ ਦੇ ਪਿਛੋਕੜ ਵਿਚ ਕਾਰਜਸ਼ੀਲ ਸੀ। ਉਸ ਦੇ ਸ਼ਬਦਾਂ ਵਿਚ ਇਹ ਸੋਚ ਸੀ- ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਪ੍ਰਭੁਤਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ:
ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ।
ਚਿੜੀਅਨ ਬਾਜ ਤੁਰਾਯ ਹੋ ਸਸੇਂ ਕਰੋਂ ਸਿੰਘ ਸਾਮ।
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੂਤ ਕਛੁ ਨਾਹ।
ਤਾਤੇ ਕਾਜ ਕੀਓ ਇਹੈ ਬਾਜ ਹਨੈ ਚਿੜੀਆਹ।
ਸਪਸ਼ਟ ਹੈ, ਸਾਰੀ ਕਵਾਇਦ ਦਾ ਮੁੱਖ ਮਕਸਦ ਨਵੇਂ ਸਮਾਜ ਦੀ ਸਿਰਜਣਾ ਕਰਨਾ ਸੀ। ਸਾਰੀ ਯੋਜਨਾ ਦਾ ਕੇਂਦਰੀ ਵਿਚਾਰ ਸਮਾਜਕ ਤਬਦੀਲੀ ਸੀ। ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਦਾ ਭੈਅ-ਮੁਕਤ ਹੋਣਾ ਅਤੇ ਉਸ ਦਾ ਜਾਤੀ ਮੁਫਾਦਾਂ ਤੋਂ ਉਪਰ ਉਠ ਕੇ ਸਮਾਜੀ ਪੱਧਰ Ḕਤੇ ਸਰਗਰਮ ਹੋਣਾ ਲਾਜ਼ਮੀ ਸੀ। ਗੁਰੂ ਸਾਹਿਬ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਿੱਖ ਪੁਰਾਣੇ ਸਮਾਜੀ ਨਿਜ਼ਾਮ ਅਤੇ ਬਣਤਰ ਨਾਲੋਂ ਮੁਕੰਮਲ ਤੌਰ Ḕਤੇ ਨਾਤਾ ਤੋੜ ਲੈਣ ਅਤੇ ਅਜਿਹੇ ਨਵੇਂ ਆਦਰਸ਼ ਸਮਾਜ ਦੇ ਰੂਪ ਵਿਚ ਜਥੇਬੰਦ ਹੋ ਜਾਣ ਜਿਹੜਾ ਜਾਤ-ਪਾਤ ਅਤੇ ਹੋਰ ਹਰ ਤਰ੍ਹਾਂ ਦੇ ਵਿਤਕਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ।
ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਅਨੁਸਾਰ ਪੰਜ ਪਿਆਰਿਆਂ ਦੇ ਅੰਮ੍ਰਿਤ ਸੰਚਾਰ ਤੋਂ ਬਾਅਦ ਆਪਣੇ ਇਰਾਦੇ ਨੂੰ ਸ਼ਬਦ ਦਿੰਦਿਆਂ ਗੁਰੂ ਸਾਹਿਬ ਨੇ ਫਰਮਾਇਆ ਸੀ:
ਗੁਰ ਘਰ ਜਨਮ ਤੁਮਾਰੇ ਹੋਏ।
ਪਿਛਲੇ ਜਾਤਿ ਵਰਣ ਸਬ ਖੋਏ।
ਜਨਮ ਕੇਸਗੜ੍ਹ ਵਾਸਿ ਅਨੰਦਪੁਰ।
ਹੋਏ ਪੂਤ ਜਾਤਿ ਤੁਮ ਸਤਿਗੁਰ।
ਚਾਰ ਵਰਣ ਕੇ ਏਕੋ ਭਾਈ।
ਧਰਮ ਖ਼ਾਲਸਾ ਪਦਵੀ ਪਾਈ।
ਹਿੰਦੂ ਤੁਰਕ ਤੈ ਯਾਹਿ ਨਿਆਰਾ।
ਸਿੰਘ ਮਜਬ ਅਬ ਤੁਮਨੇ ਧਾਰਾ।
ਇਸ ਸਾਰੇ ਪ੍ਰਸੰਗ ਵਿਚ ਇਕ ਹੋਰ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ। ਕਈ ਵਾਰ ਕਿਹਾ ਜਾਂਦਾ ਹੈ ਕਿ ਧਰਮ ਦੇ ਆਗੂਆਂ ਨੂੰ ਧਰਮ ਦੇ ਸਾਤਵਿਕ ਤੇ ਪਰਮਾਰਥੀ ਆਚਰਨ ਤੱਕ ਆਪਣੇ ਆਪ ਨੂੰ ਸੀਮਤ ਰੱਖਣਾ ਚਾਹੀਦਾ ਹੈ ਅਤੇ ਰਾਜ ਤੇ ਸਮਾਜ ਦੇ ਖੇਤਰ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਧਰਮ ਦੀ ਇਸ ਵਿਆਖਿਆ ਨਾਲ ਸਹਿਮਤ ਨਹੀਂ। Ḕਸ੍ਰੀ ਗੁਰੂ ਸੋਭਾḔ ਦੇ ਰਚਨਾਕਾਰ ਕਵੀ ਸੈਨਾਪਤੀ ਅਨੁਸਾਰ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸੰਤਾਂ ਦੀ ਰੱਖਿਆ ਕਰਨਾ ਅਤੇ ਧਰਮੀ ਨਿਜ਼ਾਮ ਦੀ ਕਾਇਮੀ ਦੀ ਰਾਹ ਵਿਚ ਰੁਕਾਵਟ ਪਾਉਣ ਵਾਲੇ ਦੁਸ਼ਟਾਂ ਦਾ ਨਾਸ ਕਰਨਾ, ਦੋਵੇਂ ਪੱਖ, ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜ ਖੇਤਰ ਵਿਚ ਸ਼ਾਮਿਲ ਸਨ:
ਦੁਸਟ ਬਿਡਾਰਣ ਸੰਤ ਉਬਾਰਣ,
ਸਭ ਜਗ ਤਾਰਣ ਭਵ ਹਰਣੰ।
ਜੈ ਜੈ ਜੈ ਦੇਵ ਕਰੈ ਸਭ ਹੀ,
ਤਿਹ ਆਨ ਪਰੇ ਗੁਰ ਕੀ ਸਰਣੰ।
ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਇਸ ਮਹਾਨ ਪਵਿੱਤਰ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੇ ਸਾਰਾ ਜੀਵਨ ਸੰਘਰਸ਼ ਕੀਤਾ ਅਤੇ ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪਰਪੱਕਤਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਨਿਸ਼ਾਨੇ ਵੱਲ ਵਧੀ ਚਲੇ ਗਏ। ਅਕਾਲ ਪੁਰਖ ਨਾਲ ਕੀਤੇ ਅਹਿਦ ਉਪਰ ਕਿਸ ਤਰ੍ਹਾਂ ਪ੍ਰਵਾਨ ਚੜ੍ਹੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਉਂਦੀ ਜਾਗਦੀ ਮਿਸਾਲ ਪਟਨਾ ਸਾਹਿਬ ਵਿਚ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਅਤੇ ਅਨੰਦਪੁਰ ਸਾਹਿਬ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਹੈ।
ਸਾਰੀ ਸਥਿਤੀ ਨੂੰ ਇਕ ਹੋਰ ਦ੍ਰਿਸ਼ਟੀ ਤੋਂ ਵੀ ਘੋਖਿਆ ਜਾ ਸਕਦਾ ਹੈ। ਅਸਲ ਵਿਚ, ਦੋ ਰਸਤੇ ਸਨ ਗੁਰੂ ਸਾਹਿਬਾਨ ਕੋਲ। ਇਕ ਇਹ ਕਿ ਉਹ ਵੇਲੇ ਦੀ ਹਕੂਮਤ ਦੇ ਅਨਿਆਈ ਤੇ ਅੱਤਿਆਚਾਰੀ ਵਤੀਰੇ ਪ੍ਰਤੀ ਉਦਾਸੀਨ ਹੋ ਜਾਣ ਅਤੇ ਆਮ ਆਦਮੀ ਨੂੰ ਸੱਤਾਧਾਰੀਆਂ ਦੇ ਪੈਰਾਂ ਥੱਲੇ ਰੁਲਣ ਦੇਣ, ਉਨ੍ਹਾਂ ਦਾ ਸ਼ੋਸ਼ਣ ਹੋਣ ਦੇਣ। ਦੂਜਾ ਇਹ ਕਿ ਆਮ ਆਦਮੀ ਦੇ ਦੁੱਖ-ਦਰਦ ਦੇ ਭਾਈਵਾਲ ਬਣ ਕੇ ਉਨ੍ਹਾਂ ਨੂੰ ਰਾਜ ਦੇ ਤਸ਼ੱਦਦ ਤੋਂ ਨਿਜਾਤ ਦੁਆਉਣ ਲਈ, ਉਸ ਦੇ ਟਾਕਰੇ ਲਈ ਜਥੇਬੰਦਕ ਯਤਨ ਕਰਨ। ਜਨਤਾ ਵਿਚ ਉਹ ਜੁਰਅਤ ਪੈਦਾ ਕਰਨ ਕਿ ਉਹ ਰਾਜਸੀ ਨਿਜ਼ਾਮ ਦੇ ਅਨਿਆਂ ਵਿਰੁਧ ਆਵਾਜ਼ ਬੁਲੰਦ ਕਰੇ। ਗੁਰੂ ਸਾਹਿਬ ਨੇ ਦੂਜਾ ਰਸਤਾ ਚੁਣਿਆ ਅਤੇ ਆਪਣੇ ਪੈਰੋਕਾਰਾਂ ਨੂੰ ਰਾਜਸੀ ਆਲੇ-ਦੁਆਲੇ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਰਹਿਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੂੰ ਸਿਰਫ ਵਿਚਾਰਧਾਰਕ ਪੱਧਰ Ḕਤੇ ਹੀ ਨਹੀਂ, ਸਗੋਂ ਜਥੇਬੰਦਕ ਤੌਰ Ḕਤੇ ਵੀ ਠੁੱਕ ਬੰਨ੍ਹ ਕੇ ਮਾੜੀ ਰਾਜਸੀ ਵਿਵਸਥਾ ਦਾ ਵਿਰੋਧ ਕਰਨ ਲਈ ਤਤਪਰ ਕੀਤਾ।
ਰਾਜ ਦੇ ਨਾਲ-ਨਾਲ ਸਮਾਜ ਦੇ ਪ੍ਰਸੰਗ ਵਿਚ ਵੀ ਗੁਰੂ ਸਾਹਿਬ ਦੇ ਸਾਹਮਣੇ ਦੋ ਰਾਹ ਸਨ। ਇਕ ਇਹ ਕਿ ਸਮਾਜ ਵਿਚ ਪਸਰੇ ਜਾਤੀਵਾਦ ਅਤੇ ਉਸ ਜਾਤੀਵਾਦ ਦੀ ਸ਼ਿਕਾਰ ਮਜ਼ਲੂਮ, ਆਮ ਜਨਤਾ ਦੇ ਸੰਤਾਪ ਪ੍ਰਤੀ ਉਦਾਸੀਨ ਹੋ ਜਾਣ। ਉਸ ਧਰਮ-ਵਿਵਸਥਾ ਪ੍ਰਤੀ, ਜਿਹੜੀ ਜਾਤ-ਭੇਦ ਦੀ ਸਰਪ੍ਰਸਤੀ ਕਰਦੀ ਹੈ, ਚੁੱਪ ਅਖ਼ਤਿਆਰ ਕਰ ਲੈਣ; ਜਾਂ ਫਿਰ ਦੂਜਾ ਰਾਹ ਇਹ ਸੀ ਕਿ ਉਹ ਉਸ ਸਮਾਜੀ ਵਿਵਸਥਾ ਦਾ ਵਿਰੋਧ ਕਰਨ ਅਤੇ ਉਨ੍ਹਾਂ ਧਰਮ ਆਗੂਆਂ ਦਾ ਪਰਦਾ ਉਘੇੜ ਦੇਣ, ਜਿਹੜੇ ਜਾਤ-ਭੇਦ ਦੀ ਵਿਵਸਥਾ ਰਾਹੀਂ ਆਪਣੇ ਸਵਾਰਥ ਦੀ ਪੂਰਤੀ ਵਿਚ ਲੱਗੇ ਹੋਏ ਸਨ। ਇਥੇ ਵੀ ਗੁਰੂ ਸਾਹਿਬ ਨੇ ਦੂਜਾ ਰਾਹ ਅਪਨਾਇਆ ਅਤੇ ਜਾਤ-ਭੇਦ ਵਾਲੀ ਸਮਾਜੀ ਵਿਵਸਥਾ ਦਾ ਪੁਰਜ਼ੋਰ ਖੰਡਨ ਕੀਤਾ। ਨਿਰਾ ਖੰਡਨ ਹੀ ਨਹੀਂ ਕੀਤਾ, ਸਗੋਂ ਵਿਤਕਰਿਆਂ ਵਾਲੀ ਸਮਾਜੀ ਵਿਵਸਥਾ ਤੋਂ ਬਾਹਰ ਨਵੀਂ ਸਮਾਜੀ ਵਿਵਸਥਾ ਦੀ ਸਿਰਜਨਾ ਵੀ ਕਰ ਦਿੱਤੀ। ਅਸੀਂ ਵੇਖ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੇ ਰੂਪ ਵਿਚ ਵਿਤਕਰਿਆਂ ਤੋਂ ਮੁਕਤ, ਸੁਤੰਤਰ ਹਸਤੀ ਰੱਖਣ ਵਾਲੇ ਜਾਗ੍ਰਿਤ ਮਨੁੱਖਾਂ ਦੀ ਨਵੀਂ ਜਥੇਬੰਦੀ ਕਾਇਮ ਕਰ ਦਿੱਤੀ। ਇਸ ਜਥੇਬੰਦੀ ਨੇ ਗੁਰੂਆਂ ਦੀ ਵਿਚਾਰਧਾਰਾ ਨੂੰ ਅਗਾਂਹ ਤੋਰਿਆ ਅਤੇ ਫਿਰ ਇਹੋ ਜਥੇਬੰਦੀ ਫਿਰ ਖ਼ੁਦ ਵੱਡੀ ਸਮਾਜਕ ਤਬਦੀਲੀ ਦਾ ਵਸੀਲਾ ਬਣ ਗਈ।
ਅੰਤ ਵਿਚ, ਦਸਮ ਪਿਤਾ ਨੂੰ ਆਪਣੀ ਅਕੀਦਤ ਭੇਟ ਕਰਦਿਆਂ, ਹਕੀਮ ਅੱਲਾ ਯਾਰ ਖਾਂ ਜੋਗੀ ਦੇ ਇਸ ਬਿਆਨ ਨਾਲ ਮੈਂ ਆਪਣੀ ਗੱਲ ਸਮਾਪਤ ਕਰਨੀ ਚਾਹੁੰਦਾ ਹਾਂ- Ḕਬੇਸ਼ਕ ਮੇਰੇ ਹੱਥ ਵਿਚ ਪੁਰਜ਼ੋਰ ਕਲਮ ਹੈ, ਪਰ ਗੁਰੂ ਸਾਹਿਬ ਦੀ ਸਿਫ਼ਤ ਦਰਜ ਕਰ ਸਕਾਂ, ਇੰਨੀ ਸਮਰੱਥਾ ਮੇਰੇ ਵਿਚ ਕਿੱਥੇ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਗੱਲ ਕਰਨਾ ਬਿਲਕੁਲ ਇੱਦਾਂ ਹੈ, ਜਿੱਦਾਂ ਸਮੁੰਦਰ ਦੀ ਸਤਹਿ Ḕਤੇ ਉਠਿਆ ਬੁਲਬੁਲਾ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਸਮੁੰਦਰ ਦਾ ਪਾਸਾਰ ਕਿੰਨਾ ਵੱਡਾ ਹੈ। ਉਹ ਵਿਚਾਰਾ ਸਮੁੰਦਰ ਦਾ ਸਾਹਿਲ ਵੇਖੇਗਾ, ਮੰਝਧਾਰ ਦਾ ਅੰਦਾਜ਼ਾ ਲਗਾਏਗਾ, ਕਿ ਉਸ ਵਿਚ ਉਠਦੀਆਂ ਲਹਿਰਾਂ ਦੀ ਗਿਣਤੀ-ਮਿਣਤੀ ਕਰੇਗਾ?Ḕ ਉਸ ਦੀਆਂ ਸਤਰਾਂ ਇਸ ਤਰ੍ਹਾਂ ਹਨ:
ਹਰ ਚੰਦ ਮਿਰੇ ਹਾਥ ਮੇਂ, ਪੁਰਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ਼, ਕਹਾਂ ਤਾਬਿ-ਰਕਮ ਹੈ।
ਇਕ ਆਂਖ ਸੇ ਕਿਆ ਬੁਲਬੁਲਾ, ਕੁਲ ਬਹਿਰ ਕੋ ਦੇਖੇ।
ਸਾਹਿਲ ਕੋ ਯਾ ਮੰਝਧਾਰ ਕੋ, ਯਾ ਲਹਿਰ ਕੋ ਦੇਖੇ?
 
Top