ਕਾਬਿਲ-ਏ-ਤਾਰੀਫ਼

ਕਾਬਿਲ-ਏ-ਤਾਰੀਫ਼ ਹੈ ਓਹੀ, ਨਾਂ ਜੋ ਡਰੇ ਨਾਂ ਡਰਾਏ
ਦੇਸ਼ ਧਰਮ ਦੀ ਖਾਤਿਰ ਸੂਰਾ, ਖੁਦ ਨੂੰ ਵਾਰ ਕੇ ਦਿਖਾਏ

ਮੁਗਲ ਗਜਨੀ ਦੇ ਕਿਤੇ, ਤੇ ਕਿਤੇ ਫੌਜਾਂ ਹੋਣ ਭਾਰੀ
ਕਹਿੰਦਾ ਕਿਸੇ ਨੂੰ ਨਾਂ ਫਿਰੇ, ਜਾਣੇ ਖੁਦ ਦੀ ਤਿਆਰੀ
ਕਿਸੇ ਭਲੇ ਲਈ ਤਾਂ ਭਾਵੇਂ, ਬੰਦ ਕੱਟ ਹੋ ਜੇ ਓਹਦਾ
ਕੇਰਾਂ ਜਾਲਮਾਂ ਦੀ ਇੱਟ ਨਾਲ ਇੱਟ ਖੜਕਾਏ

ਗਲ ਟੁਕੜਿਆਂ ਦੀ ਮਾਲਾ, ਤੇ ਗੋਦੀ ਅਜੈ ਦਾ ਸੀਸ
ਪੁੱਤ ਵਾਰ ਆਖੇ ਬੰਦਾ, ਇਹ ਤੇ ਕੁਝ ਵੀ ਨਹੀਂ ਫੀਸ
ਸਾਡਾ ਸਿੱਖੀ ਹੈ ਸਕੂਲ, ਡਿਗਰੀ ਮਿਲਦੀ ਸ਼ਹੀਦੀ
ਬੜੇ ਮਹਿੰਗੇ ਨੇਂ ਅਸੂਲ, ਬਾਜਾਂ ਵਾਲੇ ਜੋ ਪੜ੍ਹਾਏ

ਜੀਹਨੂੰ ਅਮਲਾਂ ਦਾ ਪਤਾ, ਤੇ ਜੋ ਅਮਲੀ ਓਹਦੇ ਨਾਂ ਦਾ
ਨਾਮ ਮੈਲਾ ਵੀ ਨਾਂ ਹੋਣ ਦੇਵੇ, ਪਾਕ ਓਹਦੀ ਥਾਂ ਦਾ
ਹੁੰਦੀ ਬੇਅਦਬੀ ਦਾ ਪੈਗਾਮ ਜਦੋਂ ਕਿਸੇ ਨੇਂ ਪਹੁੰਚਾਇਆ
ਬੀਕਾਨੇਰੋਂ ਉਬਲਿਆ ਖੂਨ ਆ ਕੇ ਮੱਸਾ ਝਟਕਾਏ

ਕਾਬਿਲ-ਏ-ਤਾਰੀਫ਼ ਹੈ ਓਹੀ, ਨਾਂ ਜੋ ਡਰੇ ਨਾਂ ਡਰਾਏ
ਦੇਸ਼ ਧਰਮ ਦੀ ਖਾਤਿਰ ਸੂਰਾ, ਖੁਦ ਨੂੰ ਵਾਰ ਕੇ ਦਿਖਾਏ

ਅਜੈ - ( ਅਜੈ ਸਿੰਘ = ਸਪੁੱਤਰ ਬਾਬਾ ਬੰਦਾ ਸਿੰਘ ਜੀ ਬਹਾਦਰ )
ਬੀਕਾਨੇਰੋਂ - ( ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਨੇਂ ਬੀਕਾਨੇਰੋਂ ਆ ਕੇ ਮੱਸੇ ਰੰਗੜ ਦਾ ਸਿਰ ਲਾਹਿਆ ਸੀ)

Gurjant Singh
 
Top