ਬੇਰੁਜ਼ਗਾਰੀ ਦੀ ਮਾਰ ਝੱਲਣ ਵਾਲੀ ਨੌਜਵਾਨ ਪੀੜ੍ਹ&#2624

ਬੇਰੁਜ਼ਗਾਰੀ ਦੀ ਮਾਰ ਝੱਲਣ ਵਾਲੀ ਨੌਜਵਾਨ ਪੀੜ੍ਹੀ ਤੇ ਅਜੋਕੇ ਹਾਲਾਤ



10504CD_YOUTHUNEMPLYE-1.jpg






ਅੱਜ ਦੀ ਨੌਜਵਾਨ ਪੀੜ੍ਹੀ ਦਾ ਸਭ ਤੋਂ ਵੱੱਡਾ ਮਸਲਾ ਬੇਰੁਜ਼ਗਾਰੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਕਿੱਤਾਮੁਖੀ ਵਿਦਿਅਕ ਸੰਸਥਾਨਾਂ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਕਰੋੜਾਂ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਭਟਕਦੇ ਹਨ। ਇਨ੍ਹਾਂ ਵਿੱਚ ਦੋ-ਚਾਰ ਫ਼ੀਸਦੀ ਨੌਜਵਾਨ ਹੀ ਆਪਣੀ ਵਿੱਦਿਅਕ ਯੋਗਤਾ ਦੇ ਬਰਾਬਰ ਵਾਲੀ ਪੱਕੀ ਨੌਕਰੀ ਹਾਸਲ ਕਰ ਪਾਉਂਦੇ ਹਨ।
ਪੜ੍ਹਾਈ ਤੋਂ ਬਾਅਦ ਨੌਜਵਾਨਾਂ ਕੋਲ ਮੁੱਖ ਤੌਰ ’ਤੇ ਤਿੰਨ ਵਿਕਲਪ ਹੁੰਦੇ ਹਨ। ਪਹਿਲਾ ਸਰਕਾਰੀ ਨੌਕਰੀ, ਦੂਜਾ ਪ੍ਰਾਈਵੇਟ ਨੌਕਰੀ ਤੇ ਤੀਜਾ ਸਵੈ-ਰੁਜ਼ਗਾਰ। ਇਨ੍ਹਾਂ ਤਿੰਨਾਂ ਵਿੱਚੋਂ ਪੱਕੀ ਸਰਕਾਰੀ ਨੌਕਰੀ ਨੌਜਵਾਨ ਲਈ ਉੱਜਲੇ ਭਵਿੱਖ ਦੀ ਜਾਮਨੀ ਭਰਦੀ ਹੈ, ਬਾਕੀ ਦੋਹਾਂ ਵਿੱਚ ਭਵਿੱਖ ਦੀ ਅਨਿਸਚਿਤਤਾ ਬਰਕਰਾਰ ਰਹਿੰਦੀ ਹੈ। ਇਸ ਲਈ ਹਰ ਪੜ੍ਹੇ-ਲਿਖੇ ਨੌਜਵਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸਰਕਾਰੀ ਨੌਕਰੀ ਪ੍ਰਾਪਤ ਕਰ ਸਕੇ। ਹਰ ਨੌਜਵਾਨ ਦੀ ਜਿੱਥੇ ਪੜ੍ਹ-ਲਿਖ ਕੇ ਕੁਝ ਬਣਨ ਦੀ ਚਾਹਤ ਹੁੰਦੀ ਹੈ, ਉੱਥੇ ਮਾਪੇ ਵੀ ਵੱਡੀਆਂ ਆਸਾਂ ਪਾਲੀ ਬੈਠੇ ਹੁੰਦੇ ਹਨ। ਸਿੱਖਿਆ ਦੇ ਖੇਤਰ ਵਿੱਚ ਵਧ ਰਿਹਾ ਮੁਕਾਬਲਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਯੋਗਤਾ ਹਾਸਲ ਕਰਨ ਵੱਲ ਲੈ ਜਾਂਦਾ ਹੈ। ਬੱਚਿਆਂ ਦੀ ਹਿੰਮਤ, ਮਿਹਨਤ ਤੇ ਲਗਨ ਦੇ ਨਾਲ-ਨਾਲ ਮਾਪਿਆਂ ਦੀ ਆਰਥਿਕ ਹਾਲਤ ਨਿਸ਼ਚਿਤ ਕਰਦੀ ਹੈ ਕਿ ਉਨ੍ਹਾਂ ਦੀ ਸੰਤਾਨ ਕਿੰਨਾ ਕੁ ਪੜ੍ਹੇ। ਵਸੀਲੇ ਰਹਿਤ ਜਾਂ ਸੀਮਿਤ ਵਸੀਲਿਆਂ ਵਾਲੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਉਨਾ ਖ਼ਰਚ ਕਰਨ ਦੇ ਸਮਰੱਥ ਨਹੀਂ ਹੁੰਦੇ, ਜਿੰਨਾ ਤਾਲੀਮ ਮੰਗ ਕਰਦੀ ਹੈ। ਕਈ ਵਾਰ ਲਾਇਕ ਬੱਚੇ ਵੀ ਮਹਿੰਗੀ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਪਾਉਂਦੇ। ਜੇਕਰ ਬੱਚੇ ਉੱਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਕਾਬਿਲ ਹੋਣ ਤਾਂ ਵਸੀਲਿਆਂ-ਯੁਕਤ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਵਧੇਰੇ ਖ਼ਰਚ ਕਰਨ ਦੇ ਸਮਰੱਥ ਹੁੰਦੇ ਹਨ। ਉਹ ਲੋਕ ਵੀ ਹੁੰਦੇ ਹਨ ਜੋ ਆਪਣੀ ਸੰਤਾਨ ਨੂੰ ਪੜ੍ਹਾ ਹੀ ਨਹੀਂ ਸਕਦੇ ਤੇ ਤੀਜੇ ਉਹ ਜੋ ਬਹੁਤ ਥੋੜਾ ਪੜ੍ਹਾ ਸਕਣ ਯੋਗ ਹੁੰਦੇ ਹਨ। ਤਿੰਨਾਂ ਹਾਲਤਾਂ ਵਿੱਚ ਮਾਪਿਆਂ ਦਾ ਆਪਣੀ ਔਲਾਦ ਦੇ ਭਵਿੱਖ ਲਈ ਚਿੰਤਤ ਹੋਣਾ ਸੁਭਾਵਿਕ ਹੁੰਦਾ ਹੈ।
ਸਭ ਤੋਂ ਨਿਰਾਸ਼ਾਜਨਕ ਦੌਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਨੌਜਵਾਨ ਨੌਕਰੀ ਦੀ ਭਾਲ ਵਿੱਚ ਭਟਕਣਾ ਸ਼ੁਰੂ ਕਰਦੇ ਹਨ। ਦਸਾਂ ਨੌਕਰੀਆਂ ਲਈ ਦਸ ਹਜ਼ਾਰ ਪ੍ਰਾਰਥੀਆਂ ਨੇ ਬਿਨੈ-ਪੱਤਰ ਭੇਜੇ ਹੁੰਦੇ ਹਨ। ਲੋੜੀਂਦੀ ਯੋਗਤਾ ਤੋਂ ਕਿਤੇ ਵੱਧ ਯੋਗਤਾ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਮਗਰੋਂ ਰਾਖਵੇਂਕਰਨ ਦੀ ਪ੍ਰਕਿਰਿਆ ਅਤੇ ਭ੍ਰਿਸ਼ਟਾਚਾਰ ਯੋਗ ਉਮੀਦਵਾਰਾਂ ਨੂੰ ਲਾਂਭੇ ਕਰਨ ਵਿੱਚ ਕਸਰ ਨਹੀਂ ਛੱਡਦੇ। ਅੱਜ ਦੇ ਸਮੇਂ ਵਿੱਚ ਪ੍ਰਾਈਵੇਟ ਅਦਾਰਿਆਂ ਜਾਂ ਕੰਪਨੀਆਂ ਵਿੱਚ ਰੁਜ਼ਗਾਰ ਲੱਭਣਾ ਵੀ ਸੌਖਾ ਨਹੀਂ ਹੈ। ਕਈ ਵਾਰ ਮਜਬੂਰੀ ਵਸ ਵੱਧ ਪੜ੍ਹੇ ਨੌਜਵਾਨ ਵੀ ਛੋਟੀ ਨੌਕਰੀ ਕਰਨ ਨੂੰ ਤਿਆਰ ਹੁੰਦੇ ਹਨ। ਘੱਟ ਪੜ੍ਹੇ-ਲਿਖੇ ਨੌਜਵਾਨ ਉਦੋਂ ਬੇਰੁਜ਼ਗਾਰੀ ਦਾ ਸ਼ਿਕਾਰ ਬਣ ਜਾਂਦੇ ਹਨ, ਜਦੋਂ ਵੱਧ ਯੋਗਤਾ ਵਾਲੇ ਉਮੀਦਵਾਰ ਦੀ ਗਿਣਤੀ ਲੋੜ ਤੋਂ ਵੱਧ ਹੁੰਦੀ ਹੈ ਤੇ ਉਹ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਤਿਆਰ ਹੁੰਦੇ ਹਨ। ਹਾਸ਼ੀਏ ’ਤੇ ਪਹੁੰਚ ਚੁੱਕੇ ਘੱਟ ਪੜ੍ਹੇ-ਲਿਖੇ ਨੌਜਵਾਨ 5-7 ਹਜ਼ਾਰ ਰੁਪਏ ਮਹੀਨਾ ਕਮਾ ਲੈਣ ਨੂੰ ਹੀ ਠੀਕ ਸਮਝਦੇ ਹਨ, ਹਾਲਾਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਜਿਹੀ ਨੌਕਰੀ ਨਾਲ ਉਨ੍ਹਾਂ ਦਾ ਭਵਿੱਖ ਸੰਵਰਨ ਵਾਲਾ ਨਹੀਂ ਹੈ।
ਨੌਕਰੀ ਤੋਂ ਇਲਾਵਾ ਸਵੈ-ਰੁਜ਼ਗਾਰ ਜੀਵਨ ਬਸਰ ਕਰਨ ਦਾ ਇੱਕ ਉਤਸ਼ਾਹਜਨਕ ਉਪਰਾਲਾ ਹੈ। ਇਸ ਰਾਹੀਂ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਹੋ ਸਕਦੀਆਂ ਹਨ। ਸਵੈ-ਮਾਣ ਦੀ ਪੂਰਤੀ ਵੱਲ ਸਵੈ-ਰੁਜ਼ਗਾਰ ਦਾ ਵੱਡਾ ਹੱਥ ਹੁੰਦਾ ਹੈ। ਸਵੈ-ਰੁਜ਼ਗਾਰ ਦੂਜਿਆਂ ਨੂੰ ਰੁਜ਼ਗਾਰ ਮੁਹੱਈਆ ਕਰਨ ਵਿੱਚ ਵੀ ਸਹਾਈ ਹੁੰਦਾ ਹੈ। ਸਵੈ-ਰੁਜ਼ਗਾਰ ਨੌਜਵਾਨਾਂ ਵਿੱਚ ਵਿਸ਼ਵਾਸ ਅਤੇ ਮਿਹਨਤ ਦੀ ਆਦਤ ਨੂੰ ਹੁਲਾਰਾ ਦਿੰਦਾ ਹੈ। ਮੁਕਾਬਲੇ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਨੌਜਵਾਨ ਆਪਣੀ ਹੋਂਦ ਦੀ ਪਛਾਣਨ ਦੀ ਦਿਸ਼ਾ ਵੱਲ ਪੇਸ਼ਕਦਮੀ ਕਰਦਾ ਹੈ। ਸਵੈ-ਰੁਜ਼ਗਾਰ ਭਵਿੱਖ ਲਈ ਵਿਉਂਤਬੰਦੀ ਅਤੇ ਭਵਿੱਖ ਦੇ ਖ਼ਤਰਿਆਂ ਨੂੰ ਭਾਂਪਦਿਆਂ ਚੁਣੌਤੀਆਂ ਨੂੰ ਸਵੀਕਾਰਨ ਲਈ ਸੁਚੇਤ ਰਹਿਣ ਦਾ ਸਬਕ ਪੜ੍ਹਾਉਂਦਾ ਹੈ। ਕਈਆਂ ਹਾਲਤਾਂ ਵਿੱਚ ਸਵੈ-ਰੁਜ਼ਗਾਰ ਬੜੇ ਲਾਭਦਾਇਕ ਮੌਕੇ ਉਪਲੱਬਧ ਕਰਾਉਂਦਾ ਹੈ ਤੇ ਥੋੜ੍ਹੇ ਅਰਸੇ ਵਿੱਚ ਹੀ ਉਦਮੀ ਪੈਰਾਂ ’ਤੇ ਖੜ੍ਹਾ ਹੋ ਜਾਂਦਾ ਹੈ। ਇਸ ਦੇ ਬਾਵਜੂਦ ਵਸਤੂ ਦੀ ਵਿਕਰੀ, ਮੰਡੀ ਦੀ ਭਾਲ ਤੇ ਹੋਰ ਉਦਮੀਆਂ ਨਾਲ ਮੁਕਾਬਲੇ ਵਾਲੀ ਹਾਲਤ ਅਤੇ ਕਾਰੋਬਾਰ ਦੀ ਸਥਿਰਤਾ ਤੇ ਵਾਧੇ ਲਈ ਵਸੀਲਿਆਂ ਦਾ ਸਹੀ ਪ੍ਰਯੋਗ ਕਰਕੇ ਵਸਤੂ ਦੀ ਗੁਣਵਤਾ ਅਤੇ ਕੀਮਤ ਨੂੰ ਬਾਜ਼ਾਰ ਵਿਚਲੀ ਮੰਗ ਅਨੁਸਾਰ ਬਣਾਈ ਰੱਖਣਾ ਉਦਮੀ ਲਈ ਵੱਡੀ ਸਮੱਸਿਆ ਬਣੀ ਰਹਿੰਦੀ ਹੈ। ਵਿਸ਼ਵੀਕਰਨ ਦੇ ਵਿਆਪਕ ਬਾਜ਼ਾਰ ਨੇ ਭਾਰਤ ਵਿਚਲੇ ਕਈ ਧੰਦਿਆਂ ਨੂੰ ਖਾਤਮੇ ਦੀ ਕਾਗਾਰ ’ਤੇ ਖੜ੍ਹਾ ਕਰ ਦਿੱਤਾ ਹੈ। ਚੀਨ ਤੋਂ ਦਰਾਮਦ ਹੋਣ ਵਾਲੀਆਂ ਕਈ ਵਸਤਾਂ ਦਾ ਮੁਕਾਬਲਾ ਕਰਨਾ ਸਾਡੇ ਉਦਮੀਆਂ ਅਤੇ ਕਾਰੋਬਾਰੀਆਂ ਲਈ ਅਸੰਭਵ ਹੋ ਗਿਆ ਹੈ। ਭਾਰਤ ਨਿਰਮਤ ਬਹੁਤ ਸਾਰੀਆਂ ਵਸਤਾਂ ਚੀਨ ਦੇ ਮੁਕਾਬਲੇ ਬਹੁਤ ਮਹਿੰਗੀਆਂ ਹਨ, ਜਿਸ ਦਾ ਮਾੜਾ ਅਸਰ ਭਾਰਤੀ ਕਾਰੋਬਾਰ ’ਤੇ ਪੈਣਾ ਸੁਭਾਵਿਕ ਹੀ ਹੈ।
ਠੋਕਰਾਂ ਖਾ ਕੇ ਵੀ ਰੁਜ਼ਗਾਰ ਦਾ ਹੀਲਾ ਨਾ ਹੋਣਾ ਨੌਜਵਾਨਾਂ ਲਈ ਸਭ ਤੋਂ ਮੰਦਭਾਗਾ ਹੈ। ਉਦੋਂ ਮਾਪਿਆਂ ਨੂੰ ਫ਼ਿਕਰ ਲੱਗ ਜਾਂਦਾ ਹੈ ਕਿ ਬੱਚਾ ਮਾਨਸਿਕ ਦਬਾਅ ਹੇਠ ਨਾ ਆ ਜਾਵੇ ਤੇ ਮਾਨਸਿਕ ਪ੍ਰੇਸ਼ਾਨੀ ਦਾ ਹੱਲ ਨਸ਼ਿਆਂ ਵਿੱਚੋਂ ਨਾ ਭਾਲਣ ਲੱਗ ਜਾਵੇ। ਉਹ ਆਪਣੀ ਔਲਾਦ ਨੂੰ ਰੁਝੇਵੇਂ ਮੁਹੱਈਆ ਕਰਨ ਬਾਰੇ ਚਿੰਤਤ ਹੋ ਜਾਂਦੇ ਹਨ। ਬੁਢਾਪੇ ਤੱਕ ਪਹੁੰਚਦਿਆਂ ਜੋ ਮਾੜੀ ਮੋਟੀ ਬੱਚਤ ਕੀਤੀ ਹੁੰਦੀ ਹੈ, ਨੌਜਵਾਨਾਂ ਦੇ ਰੁਜ਼ਗਾਰ ਲਈ ਖ਼ਰਚ ਕਰ ਦਿੰਦੇ ਹਨ। ਅਜਿਹੇ ਵਿੱਚ ਕੋਈ ਕੰਮ ਸ਼ੁਰੂ ਕਰਨ ਵੇਲੇ ਉਪਰਲੇ ਖ਼ਰਚਿਆਂ ਦਾ ਬੋਝ ਇੰਨਾ ਹੁੰਦਾ ਹੈ ਕਿ ਨੌਜਵਾਨ ਨੂੰ ਰੁਜ਼ਗਾਰ ਵਿੱਚ ਸਫ਼ਲਤਾ ਦੇ ਆਸਾਰ ਘਟਦੇ ਨਜ਼ਰ ਆਉਣ ਲੱਗਦੇ ਹਨ ਤੇ 70-80 ਫ਼ੀਸਦੀ ਨੌਜਵਾਨ ਸਵੈ-ਰੁਜ਼ਗਾਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਨੌਜਵਾਨਾਂ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਬੇਰੁਜ਼ਗਾਰੀ ਦੇ ਸਿੱਟਿਆਂ ਦਾ ਸੰਤਾਪ ਝੱਲਣਾ ਪੈਂਦਾ ਹੈ। ਦੇਸ਼ ਵਿੱਚ ਬਹੁਤ ਸਾਰੇ ਸਰਕਾਰੀ ਕਰਮਚਾਰੀ ਨਿਸਚਿਤ ਅੱਠਾਂ ਘੰਟਿਆਂ ਦੀ ਬਜਾਏ ਮੁਸ਼ਕਲ ਨਾਲ ਦੋ-ਤਿੰਨ ਘੰਟੇ ਜਾਂ ਇਸ ਤੋਂ ਵੀ ਘੱਟ ਕੰਮ ਕਰਕੇ ਵੱਡੀਆਂ ਤਨਖ਼ਾਹਾਂ ਪ੍ਰਾਪਤ ਕਰ ਰਹੇ ਹਨ। ਸਰਕਾਰੀ ਅਤੇ ਗ਼ੈਰ-ਸਰਕਾਰੀ ਤਨਖ਼ਾਹਾਂ ਵਿੱਚ ਵੱਡਾ ਅੰਤਰ ਨੌਜਵਾਨਾਂ ਲਈ ਸਿਰਫ਼ ਸ਼ੋਸ਼ਣ ਹੀ ਸਿੱਧ ਨਹੀਂ ਹੁੰਦਾ, ਉਨ੍ਹਾਂ ਨੂੰ ਮਾਨਸਿਕ ਪੀੜ੍ਹਾ ਵੀ ਦਿੰਦਾ ਹੈ। ਜਿਹੜੇ ਪੱਕੇ ਸਰਕਾਰੀ ਕਰਮਚਾਰੀ ਦੀ ਤਨਖ਼ਾਹ ਪਹਿਲੇ ਦਿਨ ਹੀ ਵੀਹ ਹਜ਼ਾਰ ਮਹੀਨੇ ਤੋਂ ਘੱਟ ਨਹੀਂ ਹੁੰਦੀ, ਉਸੇ ਅਸਾਮੀ ’ਤੇ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਤਨਖ਼ਾਹ 5-6 ਹਜ਼ਾਰ ਰੁਪਏ ਮਹੀਨਾ ਹੁੰਦੀ ਹੈ। ਦੇਖਿਆ ਗਿਆ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਜ਼ਰੂਰੀ ਆਸਾਮੀਆਂ ’ਤੇ ਭਰਤੀ ਵੀ ਦੇਰ ਨਾਲ ਹੁੰਦੀ ਹੈ ਜਾਂ ਹੁੰਦੀ ਹੀ ਨਹੀਂ। ਉਸ ਦਾ ਵੱਡਾ ਕਾਰਨ ਸਰਕਾਰ ਦੇ ਖ਼ਜ਼ਾਨੇ ’ਤੇ ਹੋਰ ਬੋਝ ਪੈਣ ਨਾਲ ਜੁੜਿਆ ਹੁੰਦਾ ਹੈ। ਇਸ ਕਾਰਨ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾਂਦਾ ਹੈ।
ਸਰਕਾਰ ਨੂੰ ਬੇਰੁਜ਼ਗਾਰੀ ਘਟਾਉਣ ਲਈ ਸਖ਼ਤ ਕਦਮ ਉਠਾਉਣੇ ਪੈਣਗੇ, ਜਿਨ੍ਹਾਂ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਕੁਝ ਕਟੌਤੀ ਕਰਨੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਇਸੇ ਦਰ ਨਾਲ ਪੈਨਸ਼ਨਾਂ ਘਟਾਉਣ ਅਤੇ ਪੈਨਸ਼ਨ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਿਤ ਕਰਨੀ ਪਵੇਗੀ। ਸਰਕਾਰ ਨੂੰ ਘੱਟ ਤਨਖ਼ਾਹ ’ਤੇ ਵੱਧ ਪੱਕੇ ਮੁਲਾਜ਼ਮ ਰੱਖਣ ਦੀ ਨੀਤੀ ਨੂੰ ਅਪਣਾਉਣਾ ਪਵੇਗਾ। ਇਸ ਤੋਂ ਇਲਾਵਾ ਖੇਤੀ ਆਧਾਰਿਤ ਧੰਦਿਆਂ ਨੂੰ ਹੁਲਾਰਾ ਦੇ ਕੇ ਪਿੰਡਾਂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ। ਜੇਕਰ ਕਿਸੇ ਸਥਿਤੀ ਵਿੱਚ ਰੁਜ਼ਗਾਰ ਸੰਭਵ ਨਹੀਂ ਤਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਆਪਣੀਆ ਬੁਨਿਆਦੀ ਲੋੜਾਂ ਪੂਰੀਆਂ ਕਰ ਸਕਣ।
 
Top