ਵਸੇਂ ਰਸੇਂ ਵੀਰਨਾ ਵੇ…

ਭੈਣ-ਭਰਾ ਦੇ ਰਿਸ਼ਤੇ ਸਬੰਧੀ ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਲੋਕ ਗੀਤ ਮਿਲਦੇ ਹਨ। ਇਨ੍ਹਾਂ ਨੂੰ ਪੜ੍ਹ-ਸੁਣ ਕੇ ਹਰ ਭੈਣ ਨੂੰ ਇੰਜ ਲੱਗਦਾ ਹੈ ਜਿਵੇਂ ਇਹ ਉਸ ਲਈ ਹੀ ਰਚੇ ਹੋਣ। ਚੰਨ ਭਾਵੇਂ ਨਿੱਤ ਚੜ੍ਹਦਾ ਹੋਵੇ ਅਤੇ ਮਾਪੇ ਵੀ ਸਲਾਮਤ ਹੋਣ ਪਰ ਜੇ ਭੈਣ ਦੇ ਵੀਰ ਨਾ ਹੋਵੇ ਤਾਂ ਉਸ ਨੂੰ ਸਾਰਾ ਜਗਤ ਸੁੰਨ੍ਹ-ਮਸਾਣ ਲੱਗਦਾ ਹੈ:
ਬਾਝੋਂ ਵੀਰਾਂ ਦੇ ਜਗਤ ਹਨੇਰਾ,
ਚੰਨ ਭਾਵੇਂ ਨਿੱਤ ਚੜ੍ਹਦਾ।

ਵੀਰ ਦੀ ਆਮਦ ’ਤੇ ਭੈਣ ਦੇ ਪੈਰ ਭੁੰਜੇ ਨਹੀਂ ਲੱਗਦੇ। ਵੀਰ ਦਾ ਚੰਨ ਵਰਗਾ ਮੁੱਖੜਾ ਵੇਖ ਉਹ ਸਹੇਲੀਆਂ ਨਾਲ ਕਿੱਕਲੀ ਪਾਉਣ ਵਿੱਚ ਮਸਤ ਹੋ ਜਾਂਦੀ ਹੈ:
ਕਿੱਕਲੀ ਪਾਣ ਆਈ ਆਂ,
ਬਦਾਮ ਖਾਣ ਆਈ ਆਂ
ਬਦਾਮ ਮੇਰਾ ਮਿੱਠਾ,
ਮੈਂ ਵੀਰ ਦਾ ਮੂੰਹ ਡਿੱਠਾ।

ਨਿੱਕੇ ਵੀਰ ਨੂੰ ਗੋਦੀ ਚੁੱਕ ਖਿਡਾਉਂਦਿਆਂ, ਖਵਾਉਂਦਿਆਂ, ਸਵਾਉਂਦਿਆਂ ਉਸ ਦੀ ਕਈ ਵਾਰ ਵੀਰ ਨਾਲ ਅਣਬਣ ਵੀ ਹੋ ਜਾਂਦੀ ਹੈ ਪਰ ਕੁਝ ਹੀ ਪਲਾਂ ਬਾਅਦ ਫੇਰ ਉਹੀ ਪਿਆਰ ਨਜ਼ਰ ਆਉਂਦਾ ਹੈ। ਵੀਰ ਕੁਝ ਵੱਡਾ ਹੋ ਜਾਂਦਾ ਤਾਂ ਉਹ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝਾ ਕਰਦੀ ਹੈ। ਆਪਣੇ ਵੀਰ ਦੀ ਹਰ ਚੀਜ਼ ਨਾਲ ਉਸ ਦਾ ਮੋਹ ਹੁੰਦਾ ਹੈ। ਉਹ ਆਪਣੇ ਵੀਰ ਦੀ ਸਹੇਲੀਆਂ ਕੋਲ ਇੰਜ ਸਿਫ਼ਤ ਕਰਦੀ ਹੈ:
ਕੰਨੀ ਨੱਤੀਆਂ, ਸੰਧੂਰੀ ਸਿਰ ਸਾਫਾ
ਉਹ ਮੇਰਾ ਵੀਰ ਕੁੜੀਓ।

ਜਦੋਂ ਮਾਪੇ ਧੀ ਲਈ ਵਰ ਦੀ ਭਾਲ ਕਰਦੇ ਹਨ ਤਾਂ ਉਹ ਮਾਪਿਆਂ ਤੋਂ ਸੰਗਦੀ ਵੀਰ ਨੂੰ ਵਰ ਦੀ ਨਿਰਖ-ਪਰਖ ਕਰਨ ਲਈ ਆਖਦੀ ਹੈ:
ਆਪਣੇ ਵੀਰ ਨੂੰ ਦਿਆਂਗੀ ਮੈਂ ਨਿਹੋਰਾ
ਵੀਰਾ ਪਰਖ ਲਈਂ ਵਰ ਗੋਰਾ।

ਵਰ ਦੀ ਚੋਣ ਤੋਂ ਬਾਅਦ ਉਸ ਦਾ ਵਿਆਹ ਧਰ ਲਿਆ ਜਾਂਦਾ ਹੈ। ਵੀਰ ਸਾਰੇ ਕੰਮ ਭੱਜ-ਭੱਜ ਕਰਦਾ ਹੈ। ਵਿਆਹ ਤੋਂ ਕਈ ਦਿਨ ਪਹਿਲਾਂ ਗੌਣ ਬਿਠਾ ਲਏ ਜਾਂਦੇ ਹਨ। ਜੇ ਸੁਹਾਗ ਗੀਤਾਂ ਵਿੱਚ ਧੀ ਦਾ ਬਾਬਾ ਜਾਂ ਬਾਬਲ ਨਿਵਦਾ ਨਜ਼ਰ ਆਉਂਦਾ ਹੈ ਤਾਂ ਵੀਰ ਵੀ ਨਿਵਦਾ ਹੈ:
ਵੀਰਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ
ਇਸ ਵੀਰੇ ਦੀ ਭੈਣਾਂ ਕੁਆਰੀ
ਵੀਰਾ ਧਰਮੀ ਤਾਂ ਨਿਵਿਆ।

ਪਰਦੇਸਣ ਹੋਣ ਸਮੇਂ ਕੂੰਜ ਵਾਂਗ ਕੁਰਲਾਉਂਦੀ ਭੈਣ ਵੀਰ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦਿੰਦੀ ਹੈ:
ਵੀਰ ਮੇਰੇ ਨੇ ਬਾਗ਼ ਲਵਾਇਆ,
ਬਾਗ ’ਚ ਸਭ ਨੂੰ ਢੋਈ।
ਵਸੇਂ ਰਸੇਂ ਵੀਰਨਾ ਵੇ,
ਮੈਂ ਪਰਦੇਸਣ ਹੋਈ।

ਛਲਕਦੀਆਂ ਅੱਖਾਂ ਨਾਲ ਵੀਰ, ਭੈਣ ਦੀ ਗੱਡੀ ਨੂੰ ਧੱਕਾ ਲਾ ਕੇ ਪਿੰਡ ਦੀ ਜੂਹ ਵਿੱਚੋਂ ਸਹੁਰੇ ਘਰ ਤੋਰ ਦਿੰਦਾ ਹੈ। ਬਾਬਲ ਦੀ ਦਹਿਲੀਜ਼ ਪਾਰ ਕਰਦਿਆਂ ਹੀ ਵੀਰ ਲਈ ਆਪਣੀ ਭੈਣ ਪਰਾਈ ਹੋ ਜਾਂਦੀ ਹੈ। ਵਿਦਾ ਹੁੰਦੀ ਭੈਣ ਵੀਰ ਨੂੰ ਆਪਣੇ ਵਿਹੜੇ ਪੁੰਨਿਆ ਦਾ ਚੰਦ ਬਣ ਕੇ ਆਉਣ ਲਈ ਆਖਦੀ ਹੈ। ਸਹੁਰੇ ਜਾ ਕੇ ਵੀਰ ਨੂੰ ਤੀਜ ਤਿਉਹਾਰ ’ਤੇ ਯਾਦ ਕਰਦੀ ਤੇ ਉਡੀਕਦੀ ਹੈ। ਵੀਰ ਦੇ ਆਉਣ ਦੀ ਖ਼ਬਰ ਕੰਨੀ ਪੈਂਦੀ ਹੈ ਤਾਂ ਉਸ ਨੂੰ ਗੋਡੇ ਗੋਡੇ ਚਾਅ ਚੜ੍ਹ ਜਾਂਦਾ ਹੈ। ਉਹ ਵਿਛੋੜੇ ਨੂੰ ਮੰਦਾ ਆਖਦਿਆਂ ਵਲਟੋਹੀ ’ਚ ਹੋਰ ਚੌਲ ਪਾਉਣ, ਰੱਤਾ ਪਲੰਘ ਡਾਹੁਣ, ਪਟ-ਦਰਿਆਈ ਵਿਛਾਉਣ, ਬੂਰੀ ਮੱਝ ਚੁਆਉਣ ਅਤੇ ਗਿਰੀ-ਛੁਹਾਰੇ ਖਵਾਉਣ ਦੀ ਗੱਲ ਕਰਦੀ ਹੋਈ ਉਸ ਦੀ ਲੰਮੀ ਉਮਰ ਲਈ ਦੁਆ ਕਰਦੀ ਹੈ। ਪੇਕੇ ਆ ਕੇ ਉਸ ਦਾ ਮੁੜ ਸਹੁਰੇ ਜਾਣ ਨੂੰ ਚਿੱਤ ਨਹੀਂ ਕਰਦਾ। ਉਹ ਮਾਂ, ਬਾਬਲ ਤੇ ਵੀਰ ਤਿੰਨਾਂ ਅੱਗੇ ਉਸ ਨੂੰ ਦੂਰ ਦੇਸ ਤੋਰਨ ਦਾ ਰੋਸ ਜ਼ਾਹਰ ਕਰਦੀ ਹੈ ਪਰ ਗੱਲ ਲੇਖਾਂ ’ਤੇ ਜਾ ਮੁੱਕਦੀ ਹੈ। ਵੀਰ ਇੱਕ ਦਿਨ ਮਾਂ ਵੱਲੋਂ ਪਿੰਨੀਆਂ ਤਿਆਰ ਕਰਨ, ਦੂਜਾ ਦਿਨ ਸੂਹੀਆਂ ਚੁੰਨੀਆਂ ਰੰਗਾਉਣ ਤੇ ਤੀਜੇ ਦਿਨ ਉਸ ਕੋਲ ਪੁੱਜਣ ਦਾ ਵਾਅਦਾ ਕਰਦਾ ਹੈ। ਵਾਅਦੇ ਅਨੁਸਾਰ ਵੀਰ, ਭੈਣ ਕੋਲ ਪੁੱਜਦਾ ਹੈ। ਕੁਝ ਪਲਾਂ ਲਈ ਦੋਵੇਂ ਭਾਵੁਕ ਹੋ ਜਾਂਦੇ ਹਨ:
ਜਾਂਦਾ ਵਿਹੜੇ ਜਾ ਵੜਿਆ,
ਡੁੱਲ੍ਹ ਪਏ ਭੈਣਾਂ ਦੇ ਨੈਣ…ਮੈਂ ਵਾਰੀ.
ਸਿਰ ਦਾ ਚੀਰਾ ਪਾੜ ਕੇ,
ਪੂੰਝਾਂ ਭੈਣਾਂ ਦੇ ਨੈਣ…ਮੈਂ ਵਾਰੀ।
ਭੈਣ ਨੇ ਦੁੱਖ ਸੁੱਖ ਫੋਲਿਆ,
ਵੀਰ ਦੇ ਡੁੱਲ੍ਹੜੇ ਨੈਣ…ਮੈਂ ਵਾਰੀ।
ਵੀਰਾ ਵੇ ਨੈਣ ਡੁਲ੍ਹੇਂਦਿਆਂ,
ਤੇਰੀ ਵੇ ਰੋਵੇ ਬਲਾ…ਮੈਂ ਵਾਰੀ।

ਭੈਣ, ਵੀਰ ਦੇ ਵਿਆਹ ਲਈ ਨਿੱਤ ਅਰਦਾਸਾਂ ਕਰਦੀ ਹੈ ਅਤੇ ਜਦੋਂ ਵੀਰ ਦੇ ਵਿਆਹ ਦੀ ਤਾਰੀਖ਼ ਨਿਸ਼ਚਿਤ ਹੋ ਜਾਂਦੀ ਹੈ ਤਾਂ ਉਹ ਘੋੜੀਆਂ ਗਾਉਂਦੀ, ਨੱਚਦੀ-ਟੱਪਦੀ ਹਰ ਸ਼ਗਨ ਚਾਅ-ਲਾਡ ਨਾਲ ਕਰਦੀ ਹੈ:
ਘੋੜੀ ਚੜ੍ਹ ਕੇ ਵੀਰਾ ਜੀ,
ਲਪਟੈਣ (ਲੈਫਟੀਨੈਂਟ) ਹੋ ਗਿਆ,
ਭੈਣੇ ਸੱਚੀ-ਮੁੱਚੀਂ।
ਕਿਸ ਪਾਲਿਆ ਤੇ ਕਿਸ ਨੇ ਸ਼ਿੰਗਾਰਿਆ,
ਅੱਜ ਕਿਸ ਦੇ ਤੂੰ ਵਿਹੜੇ ਦਾ ਸ਼ਿੰਗਾਰ ਹੋ ਗਿਆ,
ਭੈਣੇ ਸੱਚੀ-ਮੁੱਚੀਂ।
ਮਾਂ ਨੇ ਪਾਲਿਆ ਤੇ ਪਿਤਾ ਨੇ ਸ਼ਿੰਗਾਰਿਆ,
ਅੱਜ ਸਹੁਰਿਆਂ ਦੇ ਵਿਹੜੇ ਦਾ ਸ਼ਿੰਗਾਰ ਹੋ ਗਿਆ,
ਭੈਣੇ ਸੱਚੀ-ਮੁੱਚੀਂ।

ਜਦੋਂ ਭਾਬੋ ਨੂੰ ਡੋਲੀਓਂ ਉਤਾਰ ਲਿਆ ਜਾਂਦਾ ਹੈ। ਮਾਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ। ਫਿਰ ਜੋੜੀ ਨੂੰ ਅੰਦਰ ਲਿਆ ਕੇ ਚੌਂਕੀ ’ਤੇ ਬਿਠਾਇਆ ਜਾਂਦਾ। ਭੈਣ ਹੇਅਰਾ ਲਾਉਂਦੀ ਹੈ:
ਚੰਦਨ ਚੌਂਕੀ ਮੈਂ ਡਾਹੀ ਭਾਬੋ!
ਕੋਈ ਚਾਰੇ ਪਾਵੇ ਕਰੀਰ
ਚੌਂਕੀ ’ਤੇ ਤੂੰ ਐਂ ਸਜੇਂ,
ਜਿਮੇਂ ਰਾਜੇ ਦੇ ਨਾਲ
ਨੀਂ ਭਾਬੋ ਪਿਆਰੀਏ ਨੀਂ ‘ਵਜੀਰ’।

ਸੋਹਣੀ ਭਾਬੋ ਨੂੰ ਛੱਡ ਕੇ ਉਸ ਨੂੰ ਸਹੁਰੀਂ ਜਾਣਾ ਹੀ ਪੈਂਦਾ ਹੈ। ਸਮਾਂ ਬੀਤਣ ’ਤੇ ਵੀਰ ਘਰ ਪੁੱਤ ਜੰਮਣ ਦੀ ਖ਼ਬਰ ਮਿਲਦੀ ਹੈ। ਇਹ ਖ਼ਬਰ ਵੀਰ ਆਪ ਆ ਕੇ ਉਸ ਨਾਲ ਸਾਂਝੀ ਕਰਦਾ ਹੈ:
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ, ਨੀਂ ਭਤੀਜੜਾ ਜਾਇਆ
ਉੱਠਦੀ ਤੇ ਬਹਿੰਦੀ ਦੇਂਦੀ ਲੋਰੀਆਂ, ਰਾਮ।

ਵੀਰ ਕੋਲੋਂ ਐਨੀ ਵੱਡੀ ਖ਼ੁਸ਼ੀ ਦੀ ਖ਼ਬਰ ਸੁਣ ਕੇ ਚਾਵਾਂ ਲੱਦੀ ਭੈਣ ਆਪਣੇ ਭਤੀਜੇ ਨੂੰ ਲੋਰੀਆਂ ਦੇਣ ਦੀ ਉਮੰਗ ਇਸ ਤਰ੍ਹਾਂ ਉਜਾਗਰ ਕਰਦੀ ਹੈ:
ਚੱਲ ਵੇ ਵੀਰਾ, ਚੱਲੀਏ ਮਾਂ ਦੇ ਕੋਲ,
ਨਾਲੇ ਸਈਆਂ ਦੇ ਕੋਲ,
ਚੁੱਕ ਭਤੀਜਾ ਲੋਰੀ ਗਾਵਾਂਗੀ, ਰਾਮ।

ਭਤੀਜਾ ਦੇਖਣ ਗਈ ਨੂੰ ਵੀਰ ਵੱਲੋਂ ਵਧਾਈ ਵਜੋਂ ਨੌਂ ਮਣ ਸ਼ੱਕਰ ਦਿੱਤੀ ਜਾਂਦੀ ਹੈ। ਉਸ ਦਾ ਸਹੁਰੇ ਘਰ ਵਿੱਚ ਮਾਣ ਹੋਰ ਵਧ ਜਾਂਦਾ ਹੈ। ਉਹ ਖ਼ੁਸ਼ੀ ਵਿੱਚ ਫੁੱਲੀ ਨਾ ਸਮਾਉਂਦੀ ਸਭ ਨੂੰ ਦੱਸਦੀ ਹੈ:
ਮੁੰਡਾ ਮੇਰਾ ਉੱਕਰ-ਪੁੱਕਰ,
ਵੀਰ ਦੇ ਘਰ ਹੋਇਆ ਪੁੱਤਰ।
ਵੀਰ ਮੈਨੂੰ ਦਿੱਤੀ ਵਧਾਈ,
ਨੌਂ ਮਣ ਸ਼ੱਕਰ ਮੈਨੂੰ ਆਈ।

ਹੌਲੀ-ਹੌਲੀ ਉਸ ਨੂੰ ਵੀਰ ਤੇ ਭਾਬੀ ਦੇ ਪਿਆਰ ਦਾ ਫ਼ਰਕ ਪਤਾ ਲੱਗਦਾ ਹੈ ਤਾਂ ਉਸ ਦੇ ਅੰਦਰੋਂ ਇੱਕ ਚੀਸ ਨਿਕਲਦੀ ਹੈ, ਜਿਸ ਨੂੰ ਉਹ ਮਾਂ ਨਾਲ ਸਾਂਝਾ ਕਰਦੀ ਹੈ:
ਭਾਬੀਆਂ ਅੰਗ ਸਹੇਲੀਆਂ ਨੀਂ ਮਾਏ,
ਸਾਨੂੰ ਵੀਰਾਂ ਦੀ ਠੰਢੜੀ ਛਾਂ।
ਭਾਬੀਆਂ ਮਾਰਨ ਜੰਦਰੇ ਨੀਂ ਮਾਏ,
ਮੇਰਾ ਕੋਈ ਵੀ ਦਾਅਵਾ ਨਾ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕ ਗੀਤਾਂ ਦੀ ਪਟਾਰੀ ਭੈਣ-ਭਰਾ ਦੇ ਪਿਆਰ ਨਾਲ ਭਰੀ ਪਈ ਹੈ। ਇਨ੍ਹਾਂ ਲੋਕ ਗੀਤਾਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਵੀਰ-ਭੈਣ ਦੇ ਰਿਸ਼ਤੇ ਦੀ ਅਹਿਮੀਅਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਅੱਜ ਸਮਾਂ ਬਦਲ ਰਿਹਾ ਹੈ। ਭਾਵੇਂ ਕੁੜੀਆਂ ਤੇ ਮੁੰਡਿਆਂ ਦੋਵਾਂ ਨੂੰ ਇੱਕੋ ਜਿਹਾ ਸਥਾਨ ਦੇਣ ਦੇ ਦਾਈਏ ਬੰਨ੍ਹੇ ਜਾ ਰਹੇ ਹਨ ਪਰ ਫੇਰ ਵੀ ਜਿਸ ਘਰ ਪੁੱਤ ਭਾਵ ਭੈਣ ਦਾ ਭਰਾ ਨਹੀਂ ਹੁੰਦਾ, ਉਸ ਘਰ ਦੇ ਜੀਆਂ ਅੰਦਰ ਇਹ ਚੀਸ ਦਬਵੇਂ ਰੂਪ ਵਿੱਚ ਵੇਖੀ ਜਾ ਸਕਦੀ ਹੈ। ਇਸ ਦੇ ਉਲਟ ਜਿਨ੍ਹਾਂ ਘਰਾਂ ਵਿੱਚ ਇੱਕ ਜਾਂ ਦੋ ਪੁੱਤ ਹੁੰਦੇ ਹਨ, ਉਨ੍ਹਾਂ ਵਿੱਚ ਇਹ ਚੀਸ ਨਹੀਂ ਦਿਖਦੀ ਕਿ ਉਨ੍ਹਾਂ ਦੇ ਧੀ ਕਿਉਂ ਨਹੀਂ ਜੰਮੀ? ਨਾ ਭਰਾ ਦੇ ਮਨ ਵਿੱਚ ਇਹ ਆਉਂਦਾ ਸੁਣਿਆ ਕਿ ਉਸ ਨੂੰ ਰੱਬ ਨੇ ਭੈਣ ਕਿਉਂ ਨਹੀਂ ਦਿੱਤੀ? ਸਗੋਂ ਅਸੀਂ ਤਾਂ ਧੀਆਂ-ਭੈਣਾਂ ਨੂੰ ਜਨਮ ਦੇਣ ਤੋਂ ਹੀ ਮੁਨਕਰ ਹੋਣ ਲੱਗ ਪਏ ਹਾਂ। ਇੱਕ ਲੋਕ ਗੀਤ ਵੀ ਅਜਿਹਾ ਨਹੀਂ ਮਿਲਦਾ ਜਿਸ ਵਿੱਚ ਵੀਰ ਨੇ ਰੱਬ ਕੋਲ ਭੈਣ ਦੇ ਜਨਮ ਲਈ ਦੁਆ ਕੀਤੀ ਹੋਵੇ। ਇਸ ਲਈ ਧੀਆਂ-ਭੈਣਾਂ ਪ੍ਰਤੀ ਉਸਾਰੂ ਸੋਚ ਤਾਂ ਹੀ ਫੈਲਾਈ ਜਾ ਸਕਦੀ ਹੈ ਜੇ ਅਸੀਂ ਕਥਨੀ ਤੇ ਕਰਨੀ ਵਿਚਲੇ ਅੰਤਰ ਨੂੰ ਖ਼ਤਮ ਕਰਾਂਗੇ।
 
Top