jassmehra
(---: JaSs MeHrA :---)
ਗਦਰੀ ਦੇਸ਼ ਭਗਤ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਨਮ ਸ: ਭਗਵਾਨ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਇਤਿਹਾਸਕ ਨਗਰ ਲੰਮਾ ਜੱਟਪੁਰਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਾਬਾ ਜੀ 1902 ਵਿਚ ਹਾਂਗਕਾਂਗ ਗਏ, ਉਥੋਂ 1906 ਵਿਚ ਵੈਨਕੂਵਰ (ਕੈਨੇਡਾ) ਗਏ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਗਦਰ ਪਾਰਟੀ ਬਣਾਈ ਅਤੇ ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨਘਾਟ ਬਣਾਉਣ ਲਈ ਸੰਘਰਸ਼ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਆਪ 16 ਮੈਂਬਰੀ ਕਮੇਟੀ ਦੇ ਮੈਂਬਰ ਸਨ। ਗਦਰ ਪਾਰਟੀ ਦਾ ਪਹਿਲਾ ਦਫਤਰ ਸਾਨਫਰਾਂਸਿਸਕੋ ਵਿਚ ਬਣਾਇਆ ਅਤੇ ਯੁਗਾਂਤਰ ਆਸ਼ਰਮ ਤੋਂ ਗਦਰ ਨਾਂਅ ਦਾ ਅਖ਼ਬਾਰ ਕੱਢਿਆ, ਜਿਸ ਦੇ ਸੰਪਾਦਕ ਲਾਲਾ ਹਰਦਿਆਲ ਅਤੇ ਕਰਤਾਰ ਸਿੰਘ ਸਰਾਭਾ ਸਨ। 1914 ਵਿਚ ਆਪ ਕੈਨੇਡਾ ਤੋਂ ਯੋਕੋਹਾਮਾ ਆ ਗਏ। ਅਪ੍ਰੈਲ 1915 ਵਿਚ ਬਰਮਾ ਵਿਚ ਆਪ ਨੂੰ ਗ੍ਰਿਫਤਾਰ ਕੀਤਾ ਗਿਆ, ਜਿਥੇ ਮੂਲਵੈਲ ਜੇਲ੍ਹ ਵਿਚ ਕੈਦ ਰੱਖਿਆ ਗਿਆ। ਉਥੋਂ ਬਰਮੀ ਕੈਦੀਆਂ ਦੀ ਮਦਦ ਨਾਲ ਹਰਨਾਮ ਸਿੰਘ ਅਤੇ ਕਪੂਰ ਸਿੰਘ ਮੋਹੀ ਸਾਥੀਆਂ ਸਮੇਤ ਜੇਲ੍ਹ ਦੀ ਕੰਧ ਤੋੜ ਕੇ ਫਰਾਰ ਹੋ ਗਏ। ਰਾਹ ਦੀ ਜਾਣਕਾਰੀ ਨਾ ਹੋਣ ਕਾਰਨ ਫੜੇ ਗਏ। 13 ਮਾਰਚ 1916 ਨੂੰ ਮਾਡਲੇ ਕੇਸ ਦੀ ਸੁਣਵਾਈ ਹੋਈ, ਜਿਸ ਵਿਚ 16 ਕੈਦੀ ਸਨ। ਇਨ੍ਹਾਂ ਵਿਚੋਂ 5 ਨੂੰ ਫਾਂਸੀ ਹੋਈ, ਬਾਕੀ 11 ਵਿਚੋਂ 8 ਨੂੰ ਜਾਇਦਾਦ ਜ਼ਬਤ ਅਤੇ ਉਮਰ ਕੈਦ ਦੀ ਸਜ਼ਾ ਹੋਈ, ਬਾਕੀ 3 ਨੂੰ ਰਿਹਾਅ ਕੀਤਾ ਗਿਆ। ਅਗਸਤ 1916 ਨੂੰ ਪੋਰਟ ਬਲੇਅਰ ਦੀ ਜੇਲ੍ਹ ਵਿਚ ਭੇਜ ਦਿੱਤਾ ਅਤੇ 7 ਸਾਲ ਦੀ ਕੈਦ ਦੀ ਸਜ਼ਾ ਹੋਈ। 5 ਮਾਰਚ 1939 ਨੂੰ ਆਪ ਸਰਕਾਰ ਦੇ ਹੁਕਮ ਅਨੁਸਾਰ ਰਿਹਾਅ ਹੋ ਕੇ ਆਪਣੇ ਪਿੰਡ ਲੰਮਾ ਜੱਟਪੁਰਾ ਆ ਗਏ। ਤਿੰਨ ਸਾਲ ਤੱਕ ਘਰ ਵਿਚ ਨਜ਼ਰਬੰਦ ਰੱਖੇ ਗਏ। ਪਿੰਡ ਵਿਚ ਰਹਿ ਕੇ ਬਾਬਾ ਜੀ ਨੇ ਕਾਂਗਰਸ ਪਾਰਟੀ ਅਤੇ ਕਿਸਾਨ ਪਾਰਟੀ ਬਣਾਈ, ਜਿਸ ਦੇ ਆਪ ਜ਼ਿਲ੍ਹਾ ਪ੍ਰਧਾਨ ਬਣੇ। ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਪ੍ਰਚਾਰ ਕੀਤਾ। 9 ਸਤੰਬਰ 1963 ਨੂੰ ਆਪ ਪਿੰਡ ਲੰਮਾ ਜੱਟਪੁਰਾ ਵਿਖੇ ਅਕਾਲ ਚਲਾਣਾ ਕਰ ਗਏ। ਬਾਬਾ ਜੀ ਨੇ ਤਕਰੀਬਨ 22 ਸਾਲ ਤੱਕ ਆਜ਼ਾਦੀ ਸੰਘਰਸ਼ ਲਈ ਜੇਲ੍ਹਾਂ ਕੱਟੀਆਂ, ਕਾਲੇ ਪਾਣੀ ਦੀ ਸਜ਼ਾ ਵੀ ਕੱਟੀ।