ਮਿੰਨੀ ਪੇਂਡੂ ਉਲੰਪਿਕਸ ਨਾਂਅ ਨਾਲ ਪ੍ਰਸਿੱਧ ਕਿਲ੍ਹਾ ਰਾਏਪੁਰ ਦੀਆਂ ਖੇਡਾਂ 78ਵੇਂ ਵਰ੍ਹੇ 'ਚ ਜਾ ਪੁੱਜੀਆਂ ਹਨ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਕਿਲ੍ਹਾ ਰਾਏਪੁਰ ਵੱਲੋਂ ਇਸ ਵਾਰ ਦੀਆਂ ਖੇਡਾਂ ਵਿਲੱਖਣ ਰੰਗਤ ਵਾਲੀਆਂ ਹੋਣਗੀਆਂ, ਜਦੋਂ ਕਿ ਸੱਭਿਆਚਾਰ, ਪੁਰਾਤਨ ਅਤੇ ਆਧੁਨਿਕ ਖੇਡਾਂ ਦੇ ਸੁਮੇਲ ਮਿੰਨੀ ਪੇਂਡੂ ਉਲੰਪਿਕਸ ਨੂੰ ਹੋਰ ਉਤਾਂਹ ਵੱਲ ਲੈ ਜਾਣ ਲਈ ਸਮੁੱਚੀ ਐਸੋਸੀਏਸ਼ਨ ਅਤੇ ਇਸ ਦੇ ਸਾਥੀ ਕਾਫੀ ਸਮੇਂ ਤੋਂ ਪੱਬਾਂ ਭਾਰ ਤਿਆਰੀਆਂ 'ਚ ਜਟੇ ਹੋਏ ਹਨ। ਲੁਧਿਆਣਾ ਜ਼ਿਲ੍ਹੇ ਦੇ ਘੁੱਗ ਵਸਦੇ ਨਗਰ ਕਿਲ੍ਹਾ ਰਾਏਪੁਰ ਦੇ ਗਰੇਵਾਲ ਭਾਈਚਾਰੇ ਵੱਲੋਂ ਸੰਨ 1933 'ਚ ਹੋਂਦ 'ਚ ਆਈ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਪਹਿਲੀਆਂ ਪੇਂਡੂ ਖੇਡਾਂ ਦਾ ਆਗਾਜ਼ ਕਰਕੇ ਪਿੰਡਾਂ ਅੰਦਰ ਲੋਕਾਂ ਨੂੰ ਜਿਥੇ ਪੰਜਾਬੀ ਸੱਭਿਆਚਾਰ ਤੇ ਪੇਂਡੂ ਵਿਰਾਸਤੀ ਖੇਡਾਂ ਨਾਲ ਜੋੜਿਆ, ਉਥੇ ਬੈਲ-ਗੱਡੀਆਂ ਦੀਆਂ ਦੌੜਾਂ, ਹਾਕੀ, ਕਬੱਡੀ, ਟਰਾਲੀ ਬੈਕ, ਟਰਾਲੀ ਲੋਡਿੰਗ, ਅਥਲੈਟਿਕਸ, ਵਿਅਕਤੀਗਤ ਕਰਤੱਬਾਂ ਸਮੇਤ ਸਾਰੀਆਂ ਖੇਡਾਂ ਨਾਲ ਜੋੜਨ ਦਾ ਸ਼ੁੱਭ ਕਾਰਜ ਅਰੰਭਿਆ, ਜੋ ਅੱਜ ਤੱਕ ਹੋਈਆਂ ਖੇਡਾਂ 'ਚ ਇਸ ਕਦਰ ਤੱਕ ਮਸ਼ਹੂਰ ਹੋ ਗਿਆ ਕਿ ਮਿੰਨੀ ਪੇਂਡੂ ਉਲੰਪਿਕਸ ਖੇਡਾਂ ਦੇ ਨਾਂਅ ਦਾ ਮਾਣ ਵੀ ਕਿਲ੍ਹਾ ਰਾਏਪੁਰ ਦੇ ਹਿੱਸੇ ਹੀ ਆਇਆ ਹੈ।
ਕਿਲ੍ਹਾ ਰਾਏਪੁਰ ਦੇ ਗਰੇਵਾਲਾਂ ਵੱਲੋਂ ਸੰਨ 1933 'ਚ ਸ਼ੁਰੂ ਕੀਤੇ ਹਾਕੀ ਟੂਰਨਾਮੈਂਟ ਅਤੇ ਸੰਨ 1934 'ਚ ਬੈਲ-ਗੱਡੀਆਂ ਦੀਆਂ ਦੌੜਾਂ ਸ਼ੁਰੂ ਹੋਣ ਤੋਂ ਬਾਅਦ ਇਕ-ਦੋ ਮੌਕੇ ਛੱਡ ਕੇ ਲਗਾਤਾਰ ਹੋਣ ਵਾਲੀਆਂ ਮਿੰਨੀ ਪੇਂਡੂ ਉਲੰਪਿਕਸ 'ਚ ਹਾਕੀ, ਬੈਲ-ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਖੱਚਰ ਰੇਹੜਾ ਦੌੜ, ਸੁਹਾਗਾ ਦੌੜ, ਘੋੜੇ-ਘੋੜੀਆਂ ਦੀ ਦੌੜ, ਕੁੱਤਿਆਂ ਦੀਆਂ ਦੌੜਾਂ, ਨਿਹੰਗ ਸਿੰਘਾਂ ਵੱਲੋਂ ਘੋੜਿਆਂ 'ਤੇ ਕੀਤੇ ਜਾਂਦੇ ਕਰਤੱਬ, ਮੋਟਰਸਾਈਕਲ ਦੇ ਕਰਤੱਬ ਸਮੇਤ ਖੇਡਾਂ ਖਿੱਚ ਦਾ ਕੇਂਦਰ ਬਣਦੀਆਂ ਹਨ। ਉਸ ਦੇ ਨਾਲ ਪੰਜਾਬੀ ਸੱਭਿਆਚਾਰ, ਹਰਿਆਣਵੀ ਨਾਚ, ਰਾਜਸਥਾਨੀ ਨਾਚ ਸਮੇਤ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰਕ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਮਨ ਮੋਹ ਲੈਂਦੀਆਂ ਹਨ। ਮਿੰਨੀ ਪੇਂਡੂ ਉਲੰਪਿਕਸ 'ਚ ਪੰਜਾਬੀ ਵਿਰਾਸਤੀ ਖੇਡਾਂ ਅਤੇ ਪੇਂਡੂ ਖੇਡਾਂ 'ਚ ਗੋਲਾ ਸੁੱਟਣ, ਅਥਲੈਟਿਕਸ, ਨਿਸ਼ਾਨੇਬਾਜ਼ੀ ਸਮੇਤ ਸਾਰੀਆਂ ਖੇਡਾਂ ਨਾਲ ਭਰਪੂਰ ਮਨੋਰੰਜਨ ਕਰਨ ਨੂੰ ਮਿਲਦਾ ਹੈ ਅਤੇ ਖੇਡਾਂ ਦੇ ਸਾਰੇ ਦਿਨ ਪੰਜਾਬੀ ਪ੍ਰਸਿੱਧ ਲੋਕ ਗਾਇਕ ਸ਼ਾਮ ਵੇਲੇ ਗਾਇਕੀ ਦਾ ਪ੍ਰਦਰਸ਼ਨ ਕਰਕੇ ਕਿਸੇ ਸੱਭਿਆਚਾਰਕ ਮੇਲੇ ਦਾ ਵੀ ਰੰਗ ਬੰਨ੍ਹ ਜਾਂਦੇ ਹਨ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਾਰਤ ਦੇ ਰਾਸ਼ਟਰਪਤੀ, ਕੇਂਦਰੀ ਖੇਡ ਮੰਤਰੀਆਂ, ਵੱਖ-ਵੱਖ ਕੇਂਦਰੀ ਮੰਤਰੀ, ਪੰਜਾਬ ਦੇ ਸਮੇਂ-ਸਮੇਂ ਦੇ ਮੁੱਖ ਮੰਤਰੀ, ਰਾਜਪਾਲ ਸਮੇਤ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਕਿਲ੍ਹਾ ਰਾਏਪੁਰ ਦੀ ਮਿੰਨੀ ਪੇਂਡੂ ਉਲੰਪਿਕਸ 'ਚ ਸ਼ਿਰਕਤ ਕਰਕੇ ਜਿਥੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕਰ ਜਾਂਦੇ ਹਨ, ਉਥੇ ਖੇਡਾਂ ਦਾ ਅਨੰਦ ਮਾਣਦੇ ਹੋਏ ਕਿਲ੍ਹਾ ਰਾਏਪੁਰ ਖੇਡ ਸਟੇਡੀਅਮ ਦੇ ਨਗਰ ਦੇ ਵਿਕਾਸ ਲਈ ਲੱਖਾਂ ਦੀ ਗ੍ਰਾਂਟ ਵੀ ਦੇ ਜਾਂਦੇ ਹਨ, ਜਿਸ ਕਰਕੇ ਕਿਲ੍ਹਾ ਰਾਏਪੁਰ ਵਾਲੇ ਜਿਥੇ ਖੇਡਾਂ ਕਰਵਾ ਕੇ ਵਾਹ-ਵਾਹ ਖੱਟਦੇ ਹਨ, ਉਥੇ ਪਿੰਡ ਦੇ ਵਿਕਾਸ ਲਈ ਭਾਵੇਂ ਕੋਈ ਸਰਕਾਰ ਹੋਵੇ, ਉਸ ਤੋਂ ਲੱਖਾਂ ਰੁਪਏ ਦੀ ਗ੍ਰਾਂਟ ਹਰ ਸਾਲ ਲੈ ਲੈਣਾ ਪਿੰਡ ਵਾਸੀਆਂ ਲਈ ਖੇਡਾਂ ਸੋਨੇ ਤੇ ਸੁਹਾਗੇ ਵਾਂਗ ਹੋ ਨਿਬੜਦੀਆਂ ਹਨ, ਜਿਸ ਦੀ ਚਰਚਾ ਇਲਾਕੇ ਵਿਚ ਹਮੇਸ਼ਾ ਰਹਿੰਦੀ ਹੈ।
ਇਸ ਵਰ੍ਹੇ 78ਵੀਆਂ ਮਿੰਨੀ ਪੇਂਡੂ ਉਲੰਪਿਕਸ ਖੇਡਾਂ 30, 31 ਜਨਵਰੀ ਤੋਂ 1, 2 ਫਰਵਰੀ ਤੱਕ ਹੋਣਗੀਆਂ, ਜਿਨ੍ਹਾਂ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ: ਗੁਰਸੰਦੀਪ ਸਿੰਘ ਸਨੀ ਗਰੇਵਾਲ, ਸਕੱਤਰ ਬਲਵਿੰਦਰ ਸਿੰਘ ਜੱਗਾ ਸਮੇਤ ਪੂਰੀ ਐਸੋਸੀਏਸ਼ਨ ਵੱਲੋਂ ਦਿਨ-ਰਾਤ ਇਕ ਕੀਤਾ ਗਿਆ ਹੈ।