ਅੰਮ੍ਰਿਤਧਾਰੀ ਨੌਜਵਾਨ ਨੂੰ ਅਗਵਾ ਕਰਕੇ ਕੀਤੇ ਕੇ&#2616

[JUGRAJ SINGH]

Prime VIP
Staff member

ਰਾਜਪੁਰਾ, (ਸੈਣੀ)-ਤਹਿਸੀਲ ਰਾਜਪੁਰਾ ਦੇ ਪਿੰਡ ਰਾਜਗੜ੍ਹ ਨਿਵਾਸੀ ਇਕ ਅੰਮ੍ਰਿਤਧਾਰੀ ਨੌਜਵਾਨ ਨੇ ਦੋਸ਼ ਲਗਾਇਆ ਕਿ 2 ਔਰਤਾਂ ਸਣੇ 7 ਵਿਅਕਤੀਆਂ ਨੇ ਉਸ ਨੂੰ ਇਕ ਕਾਰ ਵਿਚ ਅਗਵਾ ਕਰਕੇ ਉਸ ਦੀ ਦਾੜ੍ਹੀ ਅਤੇ ਕੇਸ ਕਤਲ ਕਰਕੇ ਮਾਰਕੁੱਟ ਕੀਤੀ ਤੇ ਉਸਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ।
ਇਥੋਂ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਿੰਡ ਰਾਜਗੜ੍ਹ ਨਿਵਾਸੀ ਨੌਜਵਾਨ ਗੁਰਦੀਪ ਸਿੰਘ ਉਰਫ ਮੰਗਾ (22) ਪੁੱਤਰ ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਹ 26 ਦਸੰਬਰ ਸ਼ਾਮ ਸਮੇਂ ਆਪਣੇ ਘਰੋਂ ਪੈਦਲ ਹੀ ਰਾਜਪੁਰਾ ਅੰਬਾਲਾ ਰੋਡ 'ਤੇ ਬੈਰੀਅਰ ਵੱਲ ਸ਼ਹੀਦੀ ਜੋੜ ਮੇਲੇ ਮੌਕੇ ਲਗਾਏ ਗਏ ਲੰਗਰ ਵਿਚ ਸੇਵਾ ਕਰਨ ਲਈ ਅੰਬਾਲਾ ਵਾਲੇ ਪਾਸੇ ਜਾ ਰਿਹਾ ਸੀ ਤਾਂ ਉਸਦੇ ਕੋਲ ਆ ਕੇ ਇਕ ਕਾਰ ਰੁਕੀ ਜਿਸ ਵਿਚ ਸਵਾਰ ਰਿੰਕੂ ਵਾਸੀ ਸਲੇਮਪੁਰ ਸੇਖਾ, 2 ਔਰਤਾਂ ਤੇ 4 ਵਿਅਕਤੀ ਹੋਰ ਸਵਾਰ ਸਨ। ਜਿਨ੍ਹਾਂ ਨੇ ਉਸਨੂੰ ਕੁਰੂਕਸ਼ੇਤਰ ਜਾਣ ਦਾ ਰਸਤਾ ਪੁੱਛਿਆ ਅਤੇ ਨਾਲ ਹੀ ਉਨ੍ਹਾਂ ਨੇ ਉਸ ਨੂੰ ਰੁਮਾਲ ਸੁੰਘਾ ਦਿੱਤਾ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਕਤ ਵਿਅਕਤੀ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ ਜਿਥੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸਦੇ ਕੇਸ ਤੇ ਦਾੜ੍ਹੀ ਕਤਲ ਕਰ ਦਿੱਤੀ। ਉਕਤ ਵਿਅਕਤੀਆਂ ਨੇ ਉਸ ਨੂੰ ਨੀਮ ਬੇਹੋਸ਼ੀ ਦੀ ਹਾਲਤ 'ਚ ਖਤਾਨਾਂ ਵਿਚ ਸੁੱਟ ਦਿੱਤਾ ਤੇ ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਚਾਵਾ ਪਾਇਲ ਦੇ ਨੇੜੇ ਸੀ। ਜਿਥੋਂ ਇਕ ਵਿਅਕਤੀ ਤੋਂ ਮੋਬਾਈਲ ਫੋਨ ਲੈ ਕੇ ਉਸਨੇ ਆਪਣੇ ਸਾਲੇ ਰੁਪਿੰਦਰ ਸਿੰਘ ਵਾਸੀ ਬਪਰੋਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਆਪ ਉਥੋਂ ਕਿਸੇ ਤਰ੍ਹਾਂ ਰੇਲ ਗੱਡੀ ਚੜ੍ਹ ਕੇ ਰਾਜਪੁਰਾ ਪੁੱਜਾ ਤੇ ਇਥੋਂ ਇਕ ਸਕੂਟਰ ਸਵਾਰ ਨੂੰ ਹੱਥ ਦੇ ਕੇ ਆਪਣੇ ਪਿੰਡ ਰਾਜਗੜ੍ਹ ਪੁੱਜਿਆ। ਜਿੱਥੇ ਉਸਦੀ ਹਾਲਤ ਖਰਾਬ ਦੇਖਦੇ ਹੋਏ ਉਸਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਆਏ। ਗੁਰਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਉਸਦੇ ਲਾਪਤਾ ਹੋਣ ਦੀ ਜਾਣਕਾਰੀ ਕੱਲ ਸਵੇਰੇ 10 ਵਜੇ ਦੇ ਕਰੀਬ ਥਾਣਾ ਸ਼ੰਭੂ ਪੁਲਸ ਨੂੰ ਦੇ ਦਿੱਤੀ ਸੀ।
ਨੌਜਵਾਨ ਗੁਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਰਿੰਕੂ ਉਸ ਦੀ ਭੂਆ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ ਤੇ ਉਨ੍ਹਾਂ ਦਾ ਕੁਝ ਦੇਰ ਪਹਿਲਾਂ ਤਲਾਕ ਹੋ ਗਿਆ ਸੀ। ਰਿੰਕੂ ਅਤੇ ਉਸ ਦੇ ਸਾਥੀ ਉਸ ਨੂੰ ਇਸ ਗੱਲ ਲਈ ਡਰਾਉਂਦੇ ਧਮਕਾਉਂਦੇ ਰਹੇ ਕਿ ਉਹ ਆਪਣੀ ਭੂਆ ਦੀ ਲੜਕੀ ਨੂੰ ਮੇਰੇ ਕੋਲ ਭੇਜੇ ਨਹੀਂ ਤਾਂ ਉਸ ਨੂੰ ਤੇ ਉਸਦੇ ਚਾਚੇ ਨੂੰ ਮਾਰ ਦਿੱਤਾ ਜਾਵੇਗਾ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ (ਜਥਾ ਭਿੰਡਰਾ ਮਹਿਤਾ) ਅਜਨਾਲਾ ਤੋਂ ਸੰਥਿਆ ਪ੍ਰਾਪਤ ਕੀਤੀ ਹੈ ਤੇ ਉਹ ਗ੍ਰੰਥੀ ਦਾ ਕੰਮ ਕਰਦਾ ਹੈ। ਇਸ ਸਬੰਧੀ ਜਦੋਂ ਥਾਣਾ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜੇਕਰ ਅਜਿਹੀ ਗੱਲ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।​
 
Top