ਅਮਰੀਕਾ ਵਿੱਚ ਵਧ ਰਹੀ ਹੈ ਭਾਰਤੀਆਂ ਖ਼ਿਲਾਫ਼ ਹਿੰ&#261




ਅਮਰੀਕਾ ਵਿੱਚ ਭਾਰਤੀਆਂ, ਖ਼ਾਸ ਤੌਰ ’ਤੇ ਸਿੱਖਾਂ ਖ਼ਿਲਾਫ਼ 9-11 ਦੇ ਹਮਲੇ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਵਿਕਰਾਲ ਰੂਪ ਧਾਰਨ ਕਰ ਗਈ ਹੈ। ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਅਤੇ ਮੁਸਲਮਾਨਾਂ ਖ਼ਿਲਾਫ਼ ਅੱਗ ਉੱਗਲਦੇ ਬਿਆਨਾਂ ਕਾਰਨ ਨਸਲਵਾਦੀ ਗਰੋਹਾਂ ਦੇ ਹਮਲਿਆਂ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈ। ਰੋਜ਼ਾਨਾ ਕਿਸੇ ਨਾ ਕਿਸੇ ਭਾਰਤੀ ’ਤੇ ਹਮਲੇ ਦੀ ਖ਼ਬਰ ਆ ਰਹੀ ਹੈ। 5 ਮਈ ਨੂੰ ਕੈਲੀਫੋਰਨੀਆ ਦੇ ਮੋਡੈਸਟੋ ਸ਼ਹਿਰ ਵਿੱਚ ਨਡਾਲੇ ਦੇ ਰਹਿਣ ਵਾਲੇ ਜਗਜੀਤ ਸਿੰਘ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 23 ਫਰਵਰੀ ਨੂੰ ਇੱਕ ਨਸਲਵਾਦੀ ਗੋਰੇ ਨੇ ਸਾਫਟਵੇਅਰ ਇੰਜਨੀਅਰ ਸ੍ਰੀਨਿਵਾਸ ਕੁੱਚੀਭੋਤਲਾ ਨੂੰ ਕਤਲ ਅਤੇ ਉਸ ਦੇ ਦੋਸਤ ਅਲੋਕ ਨੂੰ ਜ਼ਖ਼ਮੀ ਨੂੰ ਕਰ ਦਿੱਤਾ ਸੀ। ਹਮਲਾਵਰ ਨੇ ਉਨ੍ਹਾਂ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਨਸਲਵਾਦੀ ਗਾਲਾਂ ਦਿੱਤੀਆਂ ਕਿ ਮੇਰੇ ਦੇਸ਼ ਵਿੱਚੋਂ ਦਫਾ ਹੋ ਜਾਓ। ਇਸ ਤੋਂ 10 ਦਿਨ ਬਾਅਦ 3 ਮਾਰਚ ਨੂੰ ਸਾਊਥ ਕੈਰੋਲਾਈਨਾ ਦੇ ਲੈਂਕੇਸਟਰ ਸ਼ਹਿਰ ਵਿੱਚ ਜਨਰਲ ਸਟੋਰ ਚਲਾਉਣ ਵਾਲੇ ਹਾਰਨਿਸ਼ ਪਟੇਲ ਦੀ ਉਸ ਦੇ ਘਰ ਦੇ ਨਜ਼ਦੀਕ ਹੱਤਿਆ ਕਰ ਦਿੱਤੀ ਗਈ ਅਤੇ 4 ਫਰਵਰੀ ਨੂੰ ਵਾਸ਼ਿੰਗਟਨ ਨੇੜਲੇ ਕੈਂਟ ਸ਼ਹਿਰ ਵਿੱਚ ਇੱਕ ਸਿੱਖ ਨੌਜਵਾਨ ਨੂੰ ਇੱਕ ਗੋਰੇ ਹਮਲਾਵਰ ਨੇ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।

ਉਸਾਮਾ ਬਿਨ ਲਾਦੇਨ ਦੇ ਅਤਿਵਾਦੀਆਂ ਵੱਲੋਂ ਵਰਲਡ ਟਰੇਡ ਸੈਂਟਰ ’ਤੇ 9 ਸਤੰਬਰ 2001 ਨੂੰ ਕੀਤੇ ਹਮਲੇ ਤੋਂ ਬਾਅਦ ਹਾਲਾਤ, ਖ਼ਾਸ ਤੌਰ ’ਤੇ ਸਿੱਖਾਂ ਲਈ ਬਹੁਤ ਮੁਸ਼ਕਿਲ ਹੋ ਗਏ। ਪਗੜੀ ਅਤੇ ਦਾੜ੍ਹੀ ਕੇਸਾਂ ਕਾਰਨ ਉਨ੍ਹਾਂ ਨੂੰ ਅਰਬੀ ਸਮਝਿਆ ਜਾਣ ਲੱਗਾ। ਇਸ ਹਿੰਸਾ ਦਾ ਸਭ ਤੋਂ ਪਹਿਲਾ ਸ਼ਿਕਾਰ 52 ਸਾਲਾ ਪੈਟਰੌਲ ਪੰਪ ਮਾਲਕ ਬਲਬੀਰ ਸਿੰਘ ਸੋਢੀ ਬਣਿਆ। ਉਸ ਨੂੰ ਅਰਬੀ ਸਮਝ ਕੇ 42 ਸਾਲਾ ਨਸਲਵਾਦੀ ਗੋਰੇ ਫਰੈਂਕ ਸਿਲਵਾ ਨੇ 15 ਸਤੰਬਰ 2001 ਵਾਲੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਿੰਦੂ ਮੰਦਿਰਾਂ ਅਤੇ ਗੁਰਦੁਆਰਿਆਂ ’ਤੇ ਹਮਲੇ ਆਮ ਹਨ। ਅਗਸਤ 2012 ਨੂੰ ਇੱਕ ਨਸਲਵਾਦੀ ਗੋਰੇ ਨੇ ਹਮਲਾ ਕਰ ਕੇ ਵਿਸਕਾਨਸਨ ਗੁਰਦੁਆਰੇ ਵਿੱਚ 6 ਸਿੱਖਾਂ ਨੂੰ ਕਤਲ ਕਰਕੇ ਆਤਮਹੱਤਿਆ ਕਰ ਲਈ। ਹੁਣ ਤਕ ਨਸਲੀ ਹਮਲਿਆਂ ਵਿੱਚ 16 ਤੋਂ ਵੱਧ ਭਾਰਤੀ ਹਿੰਦੂ-ਸਿੱਖ ਮਾਰੇ ਜਾ ਚੁੱਕੇ ਹਨ ਤੇ ਦਰਜਨਾਂ ਜ਼ਖ਼ਮੀ ਹੋਏ ਹਨ। ਸਕੂਲਾਂ ਵਿੱਚ ਭਾਰਤੀ ਬੱਚਿਆਂ ਨੂੰ ਗੋਰੇ ਬੱਚਿਆਂ ਤੋਂ ਮਜ਼ਾਕ ਅਤੇ ਅਪਮਾਨ ਸਹਿਣਾ ਪੈਂਦਾ ਹੈ। ਆਮ ਗੋਰਿਆਂ ਨੂੰ ਐਨੀ ਸਮਝ ਨਹੀਂ ਕਿ ਸਿੱਖ ਅਤੇ ਅਰਬੀ ਅਲੱਗ ਅਲੱਗ ਹਨ।
ਅਜਿਹੇ ਹਮਲੇ ਵਧਣ ਵਿੱਚ ਟਰੰਪ ਦੀਆਂ ਗ਼ਲਤ ਨੀਤੀਆਂ ਦਾ ਬਹੁਤ ਵੱਡਾ ਹੱਥ ਹੈ। ਪਰ ਸ੍ਰੀਨਿਵਾਸ ਦੇ ਕਤਲ ਨੇ ਇਸ ਸਬੰਧੀ ਅੰਤਰ ਰਾਸ਼ਟਰੀ ਬਹਿਸ ਛੇੜ ਦਿੱਤੀ ਹੈ ਤੇ ਟਰੰਪ ਦੀਆਂ ਨੀਤੀਆਂ ਦੀ ਨਿਖੇਧੀ ਹੋ ਰਹੀ ਹੈ। ਅਮਰੀਕਾ ਦੀ ਨਸਲੀ ਹਮਲਿਆਂ ’ਤੇ ਨਿਗਾਹ ਰੱਖਣ ਵਾਲੀ ਇੱਕ ਸੰਸਥਾ ਸਾਊਦਰਨ ਪਾਵਰਟੀ ਲਾਅ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਸਲੀ ਹਮਲਿਆਂ ਵਿੱਚ 10 ਫ਼ੀਸਦੀ ਵਾਧਾ ਹੋਇਆ ਹੈ। ਅਮਰੀਕਾ ਵਿੱਚ ਪਹਿਲਾਂ ਨਸਲੀ ਝਗੜਿਆਂ-ਹਮਲਿਆਂ ਦੀ ਔਸਤ 7-8 ਰੋਜ਼ਾਨਾ ਸੀ ਜੋ ਹੁਣ 200 ਤਕ ਵਧ ਗਈ ਹੈ। ਉਸ ਦੀ ਸਹੁੰ ਚੁੱਕਣ ਦੇ ਪਹਿਲੇ 9 ਦਿਨਾਂ ਵਿੱਚ ਪਰਵਾਸੀਆਂ ’ਤੇ (ਭਾਰਤੀਆਂ ਸਮੇਤ) 867 ਹਮਲੇ ਹੋਏ। ਕਈ ਕੇਸਾਂ ਵਿੱਚ ਫਸਾਦੀਆਂ ਨੇ ਟਰੰਪ ਦਾ ਨਾਮ ਖੁੱਲ੍ਹ ਕੇ ਜਪਿਆ। ਨਿਊਯਾਰਕ ਪੁਲੀਸ ਦੇ ਚੀਫ ਡਿਟੈਕਟਿਵ ਰਾਬਰਟ ਬੌਇਸ ਨੇ ਕਿਹਾ ਹੈ ਕਿ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਨਿਊਯਾਰਕ ਵਿੱਚ ਨਸਲੀ ਹਮਲਿਆਂ ਵਿੱਚ 115 ਫ਼ੀਸਦੀ ਵਾਧਾ ਹੋਇਆ ਹੈ।
ਟਰੰਪ ਨੇ ਭਾਵੇਂ ਨਸਲਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਹੈ ਪਰ ਉਸ ਦੇ ਮੁਸਲਮਾਨਾਂ ਖ਼ਿਲਾਫ਼ ਲਗਾਤਰ ਅੱਗ ਉਗਲਣ ਕਾਰਨ ਅਜਿਹੇ ਗਰੋਹਾਂ ਨੂੰ ਭਾਰੀ ਉਤਸ਼ਾਹ ਪ੍ਰਾਪਤ ਹੋਇਆ ਹੈ। ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਲੇ ਗਰੋਹਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ ਤੇ ਮੁਸਲਮਾਨਾਂ ਦੇ ਖ਼ਿਲਾਫ਼ ਹਮਲਿਆਂ ਵਿੱਚ ਵੀ 67 ਫ਼ੀਸਦੀ ਵਾਧਾ ਹੋਇਆ ਹੈ। ਉਹ ਹਰ ਭੂਰੀ ਰੰਗਤ ਅਤੇ ਪਗੜੀ ਵਾਲੇ ਆਦਮੀ ਨੂੰ ਅਰਬੀ ਅਤਿਵਾਦੀ ਸਮਝਣ ਲੱਗ ਪਏ ਹਨ। ਟਰੰਪ ਨੇ ਆਪਣੇ ਸਟਾਫ ਵਿੱਚ ਨਸਲਵਾਦੀ ਵਿਚਾਰਾਂ ਵਾਲੇ ਕਈ ਲੋਕਾਂ ਨੂੰ ਜਗ੍ਹਾ ਦਿੱਤੀ ਹੈ।
ਨਸਲੀ ਹਮਲਿਆਂ ਦੇ ਕਈ ਕਾਰਨ ਹਨ ਜਿਵੇਂ ਨਜਾਇਜ਼ ਇੰਮੀਗਰੇਸ਼ਨ, ਧਾਰਮਿਕ ਵਖਰੇਵਾਂ, ਸਮਾਜਿਕ ਅਤੇ ਆਰਥਿਕ ਪਾੜਾ। ਪਰ ਹੁਣ ਆਰਥਿਕ ਕਾਰਨ ਸਭ ਤੋਂ ਵੱਡਾ ਮਸਲਾ ਬਣਦਾ ਜਾ ਰਹੇ ਹਨ। ਪਰਵਾਸੀ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ, ਇਸ ਲਈ ਅਮਰੀਕਨ ਪਰਵਾਸੀਆਂ ਨੂੰ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਸਮਝਦੇ ਹਨ। ਅਮਰੀਕਾ ਵਿੱਚ ਆਰਥਿਕ ਪਾੜਾ ਵਧਦਾ ਜਾ ਰਿਹਾ ਹੈ ਤੇ ਲੋਕ ਗਾਹੇ ਬਗਾਹੇ ਹੋਣ ਵਾਲੇ ਅਤਿਵਾਦੀ ਹਮਲਿਆਂ ਤੋਂ ਬੁਰੀ ਤਰ੍ਹਾਂ ਡਰੇ ਪਏ ਹਨ। ਲੋਕ ਆਪਣੀ ਸੁਰੱਖਿਆ ਸਬੰਧੀ ਮੁਸ਼ਕਿਲਾਂ ਦਾ ਕਾਰਨ ਅਰਬੀ ਅਤਿਵਾਦੀਆਂ ਨੂੰ ਸਮਝਣ ਲੱਗ ਪਏ ਹਨ। ਇਸੇ ਕਾਰਨ ਬੇਗ਼ੁਨਾਹ ਭਾਰਤੀ ਅਤੇ ਸਿੱਖ ਲਪੇਟੇ ਵਿੱਚ ਆ ਰਹੇ ਹਨ।
ਭਾਰਤੀਆਂ ਵਾਸਤੇ ਰਾਹਤ ਦੀ ਗੱਲ ਹੈ ਕਿ ਆਮ ਅਮਰੀਕਨ ਉਨ੍ਹਾਂ ਨੂੰ ਬਹੁਤ ਮਿਹਨਤੀ ਅਤੇ ਸਰੀਫ਼ ਮੰਨਦੇ ਹਨ। ਸ੍ਰੀਨਿਵਾਸਨ ਦੀ ਹੱਤਿਆ ਵੇਲੇ ਇੱਕ ਗੋਰੇ ਨੇ ਹੀ ਹਮਲਾਵਰ ਨੂੰ ਫੜਨ ਵਿੱਚ ਮਦਦ ਕੀਤੀ ਸੀ ਤੇ ਉਹ ਆਪ ਵੀ ਜ਼ਖ਼ਮੀ ਹੋ ਗਿਆ ਸੀ। 2013 ਵਿੱਚ ਅਮਰੀਕੀ ਸੈਨੇਟ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਸਿੱਖਾਂ, ਹਿੰਦੂਆਂ, ਬੋਧੀਆਂ ਅਤੇ ਅਰਬਾਂ ’ਤੇ ਹੋਣ ਵਾਲੇ ਹਮਲੇ ਨਸਲਵਾਦੀ ਹਿੰਸਾ ਗਿਣੇ ਜਾਣਗੇ। ਇਸ ਕਾਰਨ ਅਮਰੀਕਨ ਪੁਲੀਸ ਅਤੇ ਅਦਾਲਤਾਂ ਹੁਣ ਨਸਲਵਾਦੀ ਜ਼ੁਰਮਾਂ ਨਾਲ ਬਹੁਤ ਸਖ਼ਤੀ ਨਾਲ ਨਿਪਟ ਰਹੀਆਂ ਹਨ। ਟਰੰਪ ਦੀ ਚੋਣ ਤੋਂ ਬਾਅਦ ਨਿਊਯਾਰਕ ਵਿੱਚ ਹੋਣ ਵਾਲੇ ਅੱਧੇ ਨਸਲੀ ਹਮਲੇ ਯਹੂਦੀਆਂ ਦੇ ਖ਼ਿਲਾਫ਼ ਸਨ ਜਦੋਂਕਿ ਟਰੰਪ ਦਾ ਜਵਾਈ ਖ਼ੁਦ ਯਹੂਦੀ ਹੈ। ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਆਪਣੀ ਵਿਲੱਖਣ ਪਛਾਣ ਆਮ ਅਮਰੀਕਨਾਂ ਨੂੰ ਦੱਸਣ ਕਿ ਉਹ ਅਰਬੀ ਨਹੀਂ ਬਲਕਿ ਸ਼ਾਂਤੀ ਪਸੰਦ ਭਾਰਤੀ ਹਨ।
 
Top