ਦੇਵਯਾਨੀ ਮਾਮਲਾ-ਭਾਰਤ-ਅਮਰੀਕਾ ਵਿਚਕਾਰ ਅੜਿੱਕਾ &#2604

[JUGRAJ SINGH]

Prime VIP
Staff member
ਨਵੀਂ ਦਿੱਲੀ, 21 ਦਸੰਬਰ (ਏਜੰਸੀਆਂ ਰਾਹੀਂ)-ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੇ ਮਾਮਲੇ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਪੈਦਾ ਹੋਇਆ ਅੜਿੱਕਾ ਅਜੇ ਵੀ ਬਰਕਰਾਰ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਕਿ ਦੇਵਯਾਨੀ ਨੂੰ ਸੰਯੁਕਤ ਰਾਸ਼ਟਰ ਵਿਚ ਭੇਜੇ ਜਾਣ ਪਿੱਛੋਂ ਮਿਲਣ ਵਾਲੀ ਕੂਟਨੀਤਕ ਛੋਟ ਪਿਛਲੇ ਸਮੇਂ ਤੋਂ ਲਾਗੂ ਨਹੀਂ ਹੋਵੇਗੀ ਜਦਕਿ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਇਸ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇਵਯਾਨੀ ਦੇ ਕੂਟਨੀਤਕ ਰੁਤਬੇ ਬਾਰੇ ਚਿੰਤਤ ਨਹੀਂ। ਉਸ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੂਟਨੀਤਕ ਰੁਤਬਾ ਬਦਲਣ ਨਾਲ ਪਹਿਲੇ ਮਾਮਲੇ ਖਤਮ ਨਹੀਂ ਹੋਣਗੇ ਪਰ ਭਵਿੱਖ ਵਿਚ ਕੋਈ ਹੋਰ ਦੋਸ਼, ਸੰਮਨ ਭੇਜੇ ਜਾਣ ਜਾਂ ਕੇਸ ਦੇ ਨਤੀਜੇ ਪਿੱਛੋਂ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੇਗੀ। ਸੂਤਰਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਛੋਟ ਤਹਿਤ ਕੇਸ ਦੀ ਆਖਰੀ ਫ਼ੈਸਲਾ ਤਾਂ ਆਵੇਗਾ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕੇਗਾ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਅੱਗੇ ਕਿਹਾ ਕਿ ਅਮਰੀਕੀ ਅਦਾਲਤ ਤੋਂ ਦੇਵਯਾਨੀ ਦਾ ਪਾਸਪੋਰਟ ਲੈਣ ਬਾਰੇ ਭਾਰਤ ਚਿੰਤਤ ਨਹੀਂ ਕਿਉਂਕਿ ਜੇਕਰ ਦੇਵਯਾਨੀ ਨੂੰ ਵਾਪਸ ਭਾਰਤ ਬੁਲਾਇਆ ਜਾਂਦਾ ਹੈ ਜਾਂ ਹੋਰ ਕਿਤੇ ਨਿਯੁਕਤ ਕੀਤਾ ਜਾਂਦਾ ਹੈ ਤਾਂ ਭਾਰਤ ਨੂੰ ਆਪਣੇ ਨਾਗਰਿਕ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦਾ ਹੱਕ ਹੈ। ਮੰਤਰਾਲੇ ਨੇ ਇਹ ਟਿੱਪਣੀ ਇਕ ਅਮਰੀਕੀ ਅਧਿਕਾਰੀ ਪਿੱਛੋਂ ਕੀਤੀ ਹੈ ਜਿਸ ਨੇ ਕਿਹਾ ਕਿ ਕੂਟਨੀਤਕ ਦੇਵਯਾਨੀ ਨੂੰ ਸੰਯੁਕਤ ਰਾਸ਼ਟਰ ਵਿਖੇ ਭਾਰਤ ਦੇ ਸਥਾਈ ਮਿਸ਼ਨ ਵਿਚ ਨਿਯੁਕਤ ਕਰਨ ਨਾਲ ਉਨ੍ਹਾਂ ਨੂੰ ਮੁਕੰਮਲ ਕੂਟਨੀਤਕ ਛੋਟ ਆਰਜ਼ੀ ਤੌਰ 'ਤੇ ਮਿਲੇਗੀ ਅਤੇ ਅਮਰੀਕਾ ਵਿਚ ਉਸ ਨੂੰ ਗ੍ਰਿਫਤਾਰੀ ਤੋਂ ਬਚਾਵੇਗੀ ਪਰ ਉਸ ਦੇ ਖਿਲਾਫ ਵੀਜ਼ਾ ਘੁਟਾਲਾ ਮਾਮਲਾ ਬਿਨਾਂ ਰੁਕਾਵਟ ਚੱਲੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਕਿ ਕੂਟਨੀਤਕ ਛੋਟ ਮਿਲਣ ਨਾਲ ਪਹਿਲੇ ਅਪਰਾਧਿਕ ਦੋਸ਼ ਮੌਜੂਦ ਰਹਿਣਗੇ ਅਤੇ ਕੂਟਨੀਤਕ ਨੂੰ ਪ੍ਰਾਪਤ ਕੂਟਨੀਤਕ ਛੋਟ ਅਨਿਸ਼ਚਤ ਸਮੇਂ ਲਈ ਨਹੀਂ ਬਚਾ ਸਕਦੀ। ਉਨ੍ਹਾਂ ਕਿਹਾ ਕਿ ਇਹ ਗੱਲ ਕੂਟਨੀਤਕ ਦੇ ਮੌਜੂਦਾ ਰੁਤਬੇ ਦੇ ਸਮੇਂ ਨਾਲ ਜੁੜੀ ਹੋਈ ਹੈ। ਕੂਟਨੀਤਕ ਛੋਟ ਦਾ ਮਤਲਬ ਹੈ ਕਿ ਵਿਦੇਸ਼ੀ ਕੂਟਨੀਤਕ ਜਿੰਨਾ ਚਿਰ ਕੂਟਨੀਤਕ ਹੈ ਉਨੀ ਦੇਰੀ ਉਸ 'ਤੇ ਅਮਰੀਕੀ ਅਦਾਲਤਾਂ 'ਚ ਕੇਸ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿਸੇ ਨੂੰ ਕੂਟਨੀਤਕ ਛੋਟ ਮਿਲਦੀ ਹੈ ਉਹ ਪਿਛਲੇ ਸਮੇਂ ਤੋਂ ਲਾਗੂ ਨਹੀਂ ਹੁੰਦੀ ਸਗੋਂ ਇਹ ਕੂਟਨੀਤਕ ਦੇ ਮੌਜੂਦਾ ਰੁਤਬੇ ਨਾਲ ਜੁੜੀ ਹੋਈ ਹੁੰਦੀ ਹੈ। ਦੇਵਯਾਨੀ ਖੋਬਰਾਗੜੇ ਨੂੰ ਪਿਛਲੇ ਹਫਤੇ ਨਿਊਯਾਰਕ ਵਿਚ ਵੀਜ਼ਾ ਘੁਟਾਲੇ ਵਿਚ ਗ੍ਰਿਫਤਾਰ ਕਰਨ ਸਮੇਂ ਹੱਥਕੜੀਆਂ ਲਾਈਆਂ ਸਨ ਅਤੇ ਬਾਅਦ ਵਿਚ ਢਾਈ ਲੱਖ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।
ਨੌਕਰਾਣੀ ਦੇ ਹੱਕ 'ਚ ਨਿਊਯਾਰਕ 'ਚ ਮੁਜ਼ਾਹਰਾ
ਨਿਊਯਾਰਕ, 21 ਦਸੰਬਰ (ਏਜੰਸੀ)-ਅਮਰੀਕਾ ਵਿਚ ਘਰੇਲੂ ਨੌਕਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਭਾਰਤੀ ਕੌਂਸਲਖਾਨੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੀ ਨੌਕਰਾਣੀ ਸੰਗੀਤਾ ਰਿਚਰਡ ਲਈ ਨਿਆਂ ਦੀ ਮੰਗ ਕੀਤੀ ਹੈ। ਇਨ੍ਹਾਂ ਸੰਗਠਨਾਂ ਦਾ ਕਹਿਣਾ ਹੈ ਕਿ ਕੂਟਨੀਤਕ ਆਪਣੇ ਕੰਮਾਂ ਦੀ ਜਵਾਬਦੇਹੀ ਤੋਂ ਬੱਚਣ ਲਈ ਛੋਟ ਦਾ ਇਸਤੇਮਾਲ ਨਹੀਂ ਕਰ ਸਕਦੇ। ਰਾਸ਼ਟਰੀ ਘਰੇਲੂ ਨੌਕਰ ਸੰਗਠਨ ਨੇ ਇਥੇ ਕਰੀਬ ਇਕ ਘੰਟੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਵਿਚ ਨੌਕਰਾਨੀ ਸੰਗੀਤਾ ਰਿਚਰਡ ਦੀ ਮਦਦ ਕਰਨ ਵਾਲੀ ਏਜੰਸੀ ਸੇਫ ਹਾਰੀਜਨ, ਦਾਮਯਾਨ ਵਰਕਰਜ਼ ਐਸੋਸ਼ੀਏਸ਼ਨ ਤੇ ਗੈਸਟ ਵਰਕਰਜ਼ ਐਲਾਇੰਸ ਵਰਗੇ ਸੰਗਠਨਾਂ ਨੇ ਵੀ ਹਿੱਸਾ ਲਿਆ। ਰਾਸ਼ਟਰੀ ਘਰੇਲੂ ਨੌਕਰ ਸੰਗਠਨ ਦੇ ਬੁਲਾਰੇ ਯੋਮਾਰਾ ਬੇਲੇਜ ਨੇ ਕਿਹਾ ਕਿ ਉਹ ਨਿਰਪੱਖ ਸੁਣਵਾਈ ਤੇ ਰਿਚਰਡ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕੂਟਨੀਤਕ ਛੋਟ ਦੇ ਸਬੰਧ ਵਿਚ ਸਾਰੇ ਘਰੇਲੂ ਨੌਕਰਾਂ ਦੀ ਤਨੁਖਾਹ ਸੁਰੱਖਿਆ ਸਬੰਧੀ ਇਹ ਵਿਸ਼ਾ ਇਥੇ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਹੋਰ ਨੌਕਰਾਂ ਤੇ ਘਰੇਲੂ ਮਜਦੂਰਾਂ ਵਾਂਗ ਇਨ੍ਹਾਂ ਨੂੰ ਵੀ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ ਹੈ।
 
Top