ਸਰਤਾਜ, ਵਿਵਾਦ ਅਤੇ ਪ੍ਰਚੱਲਿਤ ਪੰਜਾਬੀ ਗਾਇਕੀ-ਗੁ&#260

ਸਰਤਾਜ, ਵਿਵਾਦ ਅਤੇ ਪ੍ਰਚੱਲਿਤ ਪੰਜਾਬੀ ਗਾਇਕੀ-ਗੁਰਜੋਤ ਸਿੰਘ


ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸੀ੍ ਅਕਾਲ ਜੀ। ਅੱਜ ਪਹਿਲੀ ਵਾਰ ਕੁੱਝ ਲਿਖਣ ਜਾ ਰਿਹਾ ਹਾਂ ਜੀ ਤੇ ਅਪਣੇ ਰੱਬ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮੈਨੂੰ ਸੱਚ ਲਿਖਣ ਦੀ ਤਾਕਤ ਦੇਣਾ। ਜੋ ਮੈਂ ਅੱਜ ਕਹਿਣਾ ਹੈ ਉਸ ਨਾਲ ਕਈ ਸਹਿਮਤ ਹੋਣਗੇ ਪਰ ਉਸ ਤੋਂ ਦੁੱਗਣੇ ਉਲਟ ਵੀ ਹੋ ਸਕਦੇ ਨੇ। ਪਰ ਮੈਂ ਕਿਸੇ ਦੀ ਪਰਵਾਹ ਕੀਤੇ ਬਿਨਾਂ ਇਹ ਸਭ ਕੁੱਝ ਲਿਖਣ ਲੱਗਿਆ ਹਾਂ।


ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ ਸਰਤਾਜ ਤੇ ਲੱਗ ਰਹੇ ਇਲਜ਼ਾਮਾ ਬਾਰੇ। ਮੈਂ ਇਸ ਪਾਸੇ ਥੋੜੀ ਖੋਜ ਕੀਤੀ ਤੇ ਜੋ ਅਸਲ ਤੱਥ ਸਾਹਮਣੇ ਆਏ ਉਹਨਾਂ ਨੂੰ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਹਾਂ। ਕਿਸੇ ਸ਼ਾਇਰ ਦੀ 1978 ਚ' ਲਿਖੀ ਕੋਈ ਕਿਤਾਬ ਚਰਚਾ ਵਿੱਚ ਆਈ ਤੇ ਇਸ ਨੂੰ ਚਰਚਾ ਵਿੱਚ ਲਿਆਉਣ ਵਾਲਾ ਗਾਇਕ ਸਤਿੰਦਰ ਸਰਤਾਜ। ਇਲਜ਼ਾਮ ਲੱਗਿਆ ਕਿ ਸਰਤਾਜ ਨੇ ਉਸ ਦੀ ਗਜ਼ਲ ਨੂੰ ਬਿਨਾਂ ਪੁੱਛੇ ਗਾਇਆ ਤੇ ਰਿਲੀਜ਼ ਵੀ ਕੀਤਾ।

ਸਰਤਾਜ ਦੇ ਦੋ ਖਾਸ ਮਿੱਤਰ ਮਨਜੀਤ ਮਾਂਗਟ ਤੇ ਬੌਬੀ ਸਿੰਘ ਨੇ ਇਸ ਮਸਲੇ ਨੂੰ ਪਿਆਰ ਨਾਲ ਬੈਠ ਕੇ ਹੱਲ ਕਰਨ ਦੀ ਯੋਜਨਾ ਬਣਾਈ। ਉਸ ਨੇ ਭਰੋਸਾ ਦਿਵਾਇਆ ਤੇ ਕਿਹਾ ਕੇ ਠੀਕ ਹੈ ਸਰਤਾਜ ਦੇ ਅਮਰੀਕਾ-ਕੈਨੇਡਾ ਦੌਰੇ ਤੋਂ ਵਾਪਿਸ ਆਉਣ ਤੋਂ ਪਹਿਲਾਂ ਉਹ ਕੋਈ ਕਾਰਵਾਈ ਨਹੀਂ ਕਰਦਾ। ਸਰਤਾਜ ਹਾਲੇ ਪਰਤਿਆ ਨਹੀਂ ਸੀ ਕਿ ਉਸ ਦੇ ਆਉਣ ਤੋਂ ਥੋੜੇ ਦਿਨ ਪਹਿਲਾਂ ਉਸ ਸ਼ਾਇਰ ਨੇ ਅਖਬਾਰਾਂ ਵਿੱਚ ਸਰਤਾਜ ਦੀ ਮਿੱਟੀ ਪਲੀਤ ਕਰਵਾਈ। ਸ਼ਾਇਦ ਉਹ ਕੁੱਝ ਹੋਰ ਚਾਹੁੰਦਾ ਸੀ।


ਬਾਅਦ ਵਿੱਚ ਸਰਤਾਜ ਵਾਪਿਸ ਆਇਆ ਤੇ ਕੀ ਦੇਖਿਆ ਕਿ ਜੇਹੜੀ ਜੁਬਾਨ ਉਸ ਨੂੰ ਦਿੱਤੀ ਗਈ ਸੀ ਉਹ ਤੇ ਪੂਰੀ ਨਹੀਂ ਹੋਈ ਤੇ ਏਨੀ ਬੇ-ਇੱਜ਼ਤੀ ਕੀਤੀ ਗਈ। ਕੋਈ ਵੀ ਐਸਾ ਅਖਬਾਰ ਨੀ ਸੀ ਜੀਦੇ ਵਿੱਚ ਉਸ ਨੇ ਖਬਰ ਨਾ ਲਵਾਈ ਹੋਵੇ। ਫੇਰ ਉਸ ਸਖਸ਼ ਦਾ ਅਸਲੀ ਚੇਹਰਾ ਸਾਹਮਣੇ ਆਇਆ। ਉਸ ਨੇ ਅਦਾਲਤ ਚ' ਸਰਤਾਜ ਤੇ 2.5 ਕਰੋੜ ਦਾ ਕੇਸ ਕੀਤਾ ਤੇ ਉਹ ਵੀ ਇੱਕ ਗਜ਼ਲ ਪਿੱਛੇ। ਜੇ ਆਹੀ ਗੱਲ ਸੀ ਤਾਂ ਸਰਤਾਜ ਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਪੈਸੇ ਚਾਹੀਦੇ ਨੇ। ਜਿਹੜਾ ਸਿਆਣਾ ਬੰਦਾ ਹੁੰਦਾ ਏ ਨਾ ਉਸ ਨੂੰ ਪੈਸੇ ਨਹੀਂ ਇੱਜ਼ਤ ਪਿਆਰੀ ਹੁੰਦੀ ਹੈ। ਏਥੇ ਉਹਨਾਂ 2.5 ਕਰੋੜ ਮੰਗ ਕੇ ਜੋ ਅਪਣਾ ਜ਼ਮੀਰ ਦਿਖਾਇਆ ਹੈ ਕਾਬਲ ਏ ਤਾਰੀਫ ਹੈ। ਉਤੋਂ ਕਹਿੰਦੇ ਕਿ ਇਹ ਪੈਸਾ ਨਵੇਂ ਲਿਖਾਰੀਆਂ ਤੇ ਲਾਉਣਾ। ਇਹ ਥੋਨੂੰ ਵੀ ਪਤਾ ਇੱਕ ਵਾਰ ਪੈਸਾ ਹੱਥ ਲੱਗਾ ਤੂੰ ਕੌਣ ਤੇ ਮੈਂ ਕੌਣ। ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ।


ਹੁਣ ਆ ਜਾਉ ਸਾਈਂ ਵਿਵਾਦ ਤੇ। ਜਿਹੜਾ ਹਾਲ ਵਿੱਚ ਹੀ ਚਰਚਾ ਵਿੱਚ ਆਇਆ।
ਕਹਿੰਦੇ ਆ ਕਿ 2009 ਵਿੱਚ ਕਿਸੇ ਗਾਇਕ ਦਾ ਗਾਇਆ ਹੋਇਆ ਗੀਤ ਸਰਤਾਜ ਨੇ ਚੋਰੀ ਕਰਕੇ 2010 ਚ' ਅਪਣੀ ਐਲਬਮ ਚ' ਰਿਲੀਜ਼ ਕੀਤਾ। ਉਹ ਭਲਿਓ ਲੋਕੋ ਸ਼ਇਦ ਤੁਸੀਂ ਸਰਤਾਜ ਦੀ 2008 ਚ' ਪੰਜਾਬ ਯੂਨੀਵਰਸਿਟੀ ਦੇ ਇੱਕ ਚਰਚਿਤ ਫੈਸਟੀਵਲ ਆਗਾਜ਼ ਤੇ ਹੋਈ ਉਹ ਮਹਿਫਿਲ ਨੀ ਦੇਖੀ ਜਿੱਥੇ ਸਰਤਾਜ ਨੇ ਸਾਈਂ-ਸਾਈਂ ਗਾ ਕੇ ਸਾਰੀ ਕਾਇਨਾਤ ਨੂੰ ਵੀ ਮਹਿਕਾ ਦਿੱਤਾ ਸੀ। ਮੈਂ ਵੀ ਉਹ ਲਾਈਵ ਮਹਿਫਿਲ ਆਪਣੇ ਅੱਖੀਂ ਦੇਖੀ ਸੀ। ਜੀਦੀ ਮੋਬਾਈਲ ਰਿਕਾਰਡਿੰਗ ਹੁਣ ਵੀ ਪਈ ਹੈ ਮੇਰੇ ਕੋਲ। ਸਰਤਾਜ ਦਾ ਐਲਬਮ ਕੱਢਣ ਦਾ ਸੁਪਨਾ ਜਿਸ ਨੂੰ ਪੂਰੇ ਹੁੰਦੇ-ਹੁੰਦੇ ਕਾਫੀ ਸਾਲ ਲੱਗ ਗਏ। ਉਹ ਜਾ ਕੇ 2010 ਚ' ਪੂਰਾ ਹੋਇਆ। ਜੇ ਉਸ ਤੋਂ ਪਹਿਲਾਂ ਕਿਸੇ ਨੇ ਸਰਤਾਜ ਦਾ ਹੀ ਗੀਤ ਚੋਰੀ ਕਰਕੇ ਰਿਲੀਜ਼ ਕਰਵਾ ਦਿੱਤਾ ਤਾਂ ਇਹ ਉਸਦਾ ਨੀ ਹੋ ਗਿਆ। ਹਾਲ ਵਿੱਚ ਹੀ ਸਰਤਾਜ ਨੇ ਸਾਰੇ ਸਬੂਤ ਮੀਡੀਆ ਅੱਗੇ ਪੇਸ਼ ਕਰ ਦਿੱਤੇ ਨੇ। ਤੇ ਹੁਣ ਅਦਾਲਤ ਚ' ਪੇਸ਼ ਕਰਨੇ ਨੇ। ਸਰਤਾਜ ਨੇ ਦੱਸਿਆ ਕਿ ਸਾਈਂ ਉਸ ਨੇ 17 ਮਈ 2008 ਨੂੰ ਲਿਖਿਆ ਸੀ। ਸ਼ਾਇਦ ਸਭ ਨੂੰ ਲਗਦਾ ਹੈ ਕਿ ਜਿੰਨਾ ਚਿਰ ਸਰਤਾਜ ਹੈ ਉਹਨਾਂ ਨੂੰ ਕਿਸੇ ਨੇ ਨੀ ਸੁਣਨਾ ਤੇ ਉਹ ਏਦਾਂ ਦੇ ਹੱਥਕੰਡੇ ਅਪਣਾ ਰਹੇ ਨੇ।


ਉਹ ਵੀ ਚੋਰ, ਮੈਂ ਵੀ ਚੋਰ ਕੇ ਸਾਰੇ ਚੋਰ। ਇਸ ਗੱਲ ਨੂੰ ਸਾਫ ਕਰਦਾ ਹਾਂ ਤੇ ਬਚਪਨ ਦੀ ਇੱਕ ਕਹਾਣੀ ਸਾਝੀਂ ਕਰਦਾ ਹਾਂ।


ਇਹ ਕਹਾਣੀ ਇਸ ਤਰਾਂ ਹੈ। ਇੱਕ ਵਾਰੀ ਇੱਕ ਛੋਟਾ ਬੱਚਾ ਚੋਰੀ ਕਰਦਾ ਫੜਿਆ ਜਾਂਦਾ ਹੈ ਤੇ ਉਸ ਨੂੰ ਰਾਜੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਰਾਜਾ ਉਸ ਨੂੰ ਪੁੱਛਦਾ ਹੈ ਕਿ ਤੂੰ ਸੱਚੋ-ਸੱਚ ਦੱਸ ਵੀ ਇਹ ਚੋਰੀ ਤੂੰ ਕੀਤੀ ਹੈ ਤੇ ਉਹ ਬੱਚਾ ਸੱਚ-ਸੱਚ ਦੱਸ ਦਿੰਦਾ ਹੈ ਕਿ ਹਾਂ ਜੀ ਇਹ ਚੋਰੀ ਮੈਂ ਕੀਤੀ ਹੈ ਤੇ ਮੈਨੂੰ ਮਾਫ ਕਰਦੋ। ਪਰ ਰਾਜਾ ਕਹਿੰਦਾ ਕਿ ਮਾਫ ਕਿਉਂ ਕਰੀਏ ਤੂੰ ਕਿਹੜਾ ਜੁਰਮਾਨਾ ਭਰਨਾ ਹੈ। ਤੇ ਸਜ਼ਾ ਤਾਂ ਤੈਨੂੰ ਭੁਗਤਣੀ ਹੀ ਪਵੇਗੀ। ਫੇਰ ਛੋਟਾ ਬੱਚਾ ਕਹਿੰਦਾ ਹੈ ਕਿ ਜੇ ਮੈਂ ਤੁਹਾਡੇ ਵਾਸਤੇ ਸੋਨੇ ਦੀ ਫਸਲ ਉਗਾਕੇ ਦੇਵਾਂ, ਕੀ ਤੁਸੀਂ ਮੈਨੂੰ ਫੇਰ ਵੀ ਸਜ਼ਾ ਦਿਉਗੇ। ਰਾਜਾ ਹੱਸਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਫਾਲਤੂ ਗੱਲਾਂ ਲਈ ਸਾਡੇ ਕੋਲ ਟਾਈਮ ਨਹੀਂ। ਪਰ ਉਹ ਛੋਟਾ ਬੱਚਾ ਯਕੀਨ ਦਿਵਾਉਦਾਂ ਹੈ ਕਿ ਉਹ ਉਹਨਾਂ ਨੂੰ ਸੋਨੇ ਦੀ ਫਸਲ ਉਗਾ ਦਵੇਗਾ। ਰਾਜਾ ਮੰਨ ਜਾਂਦਾ ਹੈ। ਤੇ ਛੋਟਾ ਬੱਚਾ ਰਾਜੇ ਨੂੰ ਕਹਿੰਦਾ ਹੈ ਕਿ ਉਹ ਸੋਨੇ ਦੇ ਬੀਜ ਤਿਆਰ ਕਰਵਾ ਲਵੇ। ਰਾਜਾ ਅਗਲਾ ਦਿਨ ਫਸਲ ਉਗਾਉਣ ਲਈ ਨਿਸ਼ਚਿਤ ਕਰਦਾ ਹੈ। ਅਗਲੇ ਦਿਨ ਸਾਰੀ ਪਰਜਾ ਖੇਤ ਵਿੱਚ ਇਹ ਕੌਤਕ ਦੇਖਣ ਵਾਸਤੇ ਪੁੱਜੀ ਹੁੰਦੀ ਹੈ। ਸਿਪਾਹੀ ਉਹ ਬੱਚੇ ਨੂੰ ਲੈ ਕੇ ਆਉਦੇਂ ਨੇ। ਰਾਜ ਮੰਤਰੀ, ਵੱਡੇ-ਵੱਡੇ ਸ਼ਾਹੂਕਾਰ, ਸਾਰੇ ਸਿਆਣੇ ਲੋਕ ਉੱਥੇ ਪੁੱਜ ਗਏ ਸਨ। ਫੇਰ ਬੱਚੇ ਦੇ ਹੱਥ ਵਿੱਚ ਸੋਨੇ ਦੇ ਬੀਜ ਫੜਾਏ ਜਾਦੇਂ ਨੇ। ਜਿੱਥੇ ਫਸਲ ਬੀਜ ਹੋਣੀ ਸੀ ਉਹ ਪਹਿਲਾ ਹੀ ਵਾਹ ਦਿੱਤੀ ਗਈ ਸੀ। ਬੱਚਾ ਹੱਥ ਵਿੱਚ ਬੀਜ ਫੜ ਕਿ ਰਾਜੇ ਅੱਗੇ ਬੇਨਤੀ ਕਰਦਾ ਹੈ ਕਿ ਇਹ ਬੀਜ ਉਹ ਬੰਦਾ ਆ ਕੇ ਬੀਜੇ ਜੀਹਨੇ ਕਦੇ ਅਪਣੇ ਜੀਵਨ ਕਾਲ ਚ' ਕਦੇ ਚੋਰੀ ਨਾ ਕੀਤੀ ਹੋਵੇ। ਨਹੀਂ ਤੇ ਫਸਲ ਨਹੀਂ ਹੋਵੇਗੀ। ਉਦੋਂ ਹੀ ਰਾਜੇ ਨੂੰ ਆਪਣੇ ਛੋਟੇ ਹੁੰਦੇ ਕੀਤੀ ਚੋਰੀ ਯਾਦ ਆ ਗਈ ਤੇ ਰਾਜਾ ਤਾਂ ਕੁੱਝ ਬੋਲ ਨਾ ਸਕਿਆ।



ਉਸ ਨੇ ਵਜ਼ੀਰ ਨੂੰ ਪੁੱਛਿਆ ਪਰ ਵਜ਼ੀਰ ਤਾਂ ਆਪ ਅਪਣੀ ਕੀਤੀ ਹੋਈ ਚੋਰੀ ਨੂੰ ਯਾਦ ਕਰ ਰਿਹਾ ਸੀ। ਫੇਰ ਵਜ਼ੀਰ ਨੇ ਹੋਕਾ ਦਿਵਾਇਆ ਕਿ ਜੀਹਨੇ ਕਦੇ ਅਪਣੇ ਜੀਵਨ ਵਿੱਚ ਕਦੇ ਚੋਰੀ ਨਾ ਕੀਤੀ ਹੋਵੇ ਉਹ ਉਰੇ ਆ ਕਿ ਬੀਜ ਬੀਜੇ। ਪਰ ਉਹਨੇ ਵੀ ਕੀ ਤੱਕਿਆ ਕਿ ਸਾਰੇ ਜਾਣੇ ਇੱਕ ਦੂਜੇ ਦਾ ਮੂੰਹ ਦੇਖ ਰਹੇ ਸਨ। ਸਾਰੇ ਸਿਆਣੇ ਤੇ ਸਾਰੇ ਸ਼ਾਹੂਕਾਰ ਵੀ ਆਪੋ-ਅਪਣੀਆਂ ਕੀਤੀਆਂ ਚੋਰੀਆਂ ਨੂੰ ਯਾਦ ਕਰ ਰਹੇ ਸਨ। ਹੁਣ ਛੋਟੇ ਬੱਚੇ ਨੇ ਕਿਹਾ ਰਾਜਾ ਜੀ ਇੱਥੇ ਤਾਂ ਸਾਰੇ ਹੀ ਚੋਰ ਨੇ ਕੀ ਹੁਣ ਵੀ ਮੈਂ ਹੀ ਕੱਲਾ ਸਜ਼ਾ ਦਾ ਹੱਕਦਾਰ ਹਾਂ ?? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਉ ਫੇਰ ਭਾਵੇਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦੇਣਾ। ਮੈਂ ਨਾਂਹ ਨਹੀਂ ਕਰਾਂਗਾ। ਰਾਜੇ ਕੋਲ ਕੋਈ ਜਵਾਬ ਨਹੀਂ ਸੀ। ਰਾਜਾ ਥੱਲੇ ਨੂੰ ਮੂੰਹ ਕਰਕੇ ਖੜਾ ਸੀ। ਉਸੇ ਵੇਲੇ ਰਾਜੇ ਨੇ ਬੱਚੇ ਨੂੰ ਛੱਡਣ ਦਾ ਹੁਕਮ ਦੇ ਦਿੱਤਾ।


ਮੈਂ ਨਹੀਂ ਕਹਿੰਦਾ ਕਿ ਇਹ ਸੁਣ ਕਿ ਸਾਰੇ ਜਾਣੇ ਚੋਰੀ ਸ਼ੁਰੂ ਕਰ ਦੇਣ ਕਿ ਇੱਥੇ ਸਾਰੇ ਚੋਰ ਨੇ। ਪਰ ਹਾਂ ਜੇ ਕਿਸੇ ਨੇ ਜਾਣੇ ਚ' ਯਾ ਅਣਜਾਣੇ ਚ' ਗਲਤੀ ਕੀਤੀ ਹੈ ਤਾਂ ਇੱਕਵਾਰ ਘੱਟੋ-ਘੱਟ ਮਾਫ ਕਰ ਦੇਣਾ ਚਾਹੀਦਾ ਹੈ। ਪਰ ਜਿਹੜਾ ਵਾਰ-ਵਾਰ ਗਲਤੀ ਕਰਦਾ ਹੈ ਉਹਨੂੰ ਸਜ਼ਾ ਜਰੂਰ ਦਿਉ। ਏਥੇ ਤਾਂ ਸਾਰੇ ਹੀ ਚੋਰ ਨੇ ਫੇਰ ਕੌਣ ਕੀਹਦੇ ਤੇ 2.5 ਕਰੋੜ ਦਾ ਕੇਸ ਪਾਵੇ। ਉਹ ਲੋਕੋ ਏਦਾਂ ਤਾ ਭਗਵਾਨ ਕਿ੍ਸ਼ਨ ਜੀ ਵੀ ਮੱਖਣ ਖਾਦੇਂ ਸਨ ਉੱਥੇ ਤਾਂ ਕਿਸੇ ਗੋਪੀ ਨੇ 2.5 ਰੁਪਏ ਦਾ ਕੇਸ ਨੀ ਸੀ ਪਾਇਆ। ਨਾਲੇ ਮੇਰੀ ਆਹ ਗੱਲ ਸੁਣ ਕੇ ਅੱਧੇ ਲਾਲ ਪੀਲੇ ਹੋ ਗਏ ਹੋਣੇ ਆ ਕਿ ਕਿ੍ਸ਼ਨ ਜੀ ਤਾਂ ਆਪ ਭਗਵਾਨ ਸੀ ਤੇ ਇਹ ਉਹਨਾਂ ਦੀ ਤੁਲਨਾ ਸਰਤਾਜ ਨਾਲ ਕਰੀ ਜਾਂਦਾ ਹੈ। ਪਰ ਮਿੱਤਰੋ ਸੱਚ ਤਾਂ ਸੱਚ ਹੀ ਹੈ ਜਿਹੜੀ ਨਜ਼ਰ ਨਾਲ ਦੇਖੋਗੇ ਉਮੇਂ ਦਿਖੂਗਾ।



ਜੇ ਉਹ ਸੱਚੀਂ ਸਿਆਣੇ ਹੁੰਦੇ ਤਾਂ ਸਰਤਾਜ ਨੂੰ ਅਪਣਾ ਬੱਚਾ ਸਮਝ ਕੇ ਅਪਣੇ ਬੱਚੇ ਦੀ ਗਲਤੀ ਨੂੰ ਮਾਫ ਕਰ ਦਿੰਦੇ। ਹੁਣ ਏਥੇ ਸਿਰਫ ਉਹੀ ਬੋਲਣ ਜਿਹੜੇ ਆਪ ਦੁੱਧ ਦੇ ਧੋਤੇ ਨੇ। ਮੇਰੇ ਇੱਕ ਮਿੱਤਰ ਰਾਏ ਨੂੰ ਫੇਸਬੁੱਕ ਤੇ ਕਿਸੇ ਨੇ ਸਰਤਾਜ ਵਾਲੀ ਖਬਰ ਤੇ ਟੈਗ ਕੀਤਾ ਤੇ ਰਾਏ ਸਾਬ ਨੇ ਸਰਤਾਜ ਦੇ ਪੱਖ ਵਿੱਚ ਬੋਲ ਦਿੱਤਾ ਉੱਥੇ। ਅੱਗੋਂ ਉਸ ਟੈਗ ਕਰਨ ਵਾਲੇ ਨੇ ਏਦਾਂ ਦੀਆਂ ਦਲੀਲਾਂ ਦਿੱਤੀਆਂ ਜਿਮੇਂ ਸਿਰਫ ਉਹੀ ਦੁਨੀਆਂ ਦਾ ਮਹਾਨ ਬੰਦਾ ਹੁੰਦਾ ਤੇ ਬਾਕੀ ਸਾਰੇ ਏਥੇ ਲੰਡੂ ਤੁਰੇ ਫਿਰਦੇ ਨੇ। ਅਖੇ ਰਾਏ ਸਾਬ ਚੋਰ ਹੀ ਚੋਰ ਦਾ ਸਾਥ ਦਿੰਦਾ ਹੈ ਅਸੀਂ ਸੱਚੇ ਹਾਂ ਤੇ ਉਸ ਨਾਲ ਹਾਂ। ਜੇ ਕਿਸੇ ਨੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਚੋਰ ਦਾ ਖਿਤਾਬ ਦੇ ਦਿੱਤਾ। ਸੱਚ ਨਾ ਸੁਣ ਸਕਿਆ ਤੇ ਰਾਏ ਸਾਬ ਨੂੰ ਅਪਣੀ ਲਿਸਟ ਵਿੱਚੋਂ ਕੱਢ ਦਿੱਤਾ। ਜੇ ਹਿੰਮਤ ਸੀ ਤਾਂ ਸੱਚਾਈ ਸੁਣਦਾ। ਉਹਦਾ ਨਾਮ ਮੈਂ ਲੈਣਾ ਨੀਂ ਚਾਹੁੰਦਾ ਪਰ ਮੈਨੂੰ ਲਗਦਾ ਕੇ ਮੇਰਾ ਪੈਗਾਮ ਪੁੱਜ ਗਿਆ ਹੈ। ਤੇ ਉਹਨੂੰ ਕਹੋ ਜਾ ਕੇ ਅਪਣੇ ਅੰਦਰ ਝਾਤੀ ਮਾਰ ਫੇਰ ਬੋਲੀ।



ਪਰ ਹਾਂ ਜਦ ਬੰਦਾ ਸਫਲਤਾ ਦੇ ਰਾਹ ਤੇ ਤੁਰਦਾ ਹੈ ਤਾਂ ਬਹੁਤ ਔਕੜਾਂ ਆਉਦੀਂਆ, ਰਾਹਾਂ ਵਿੱਚ ਕੰਡੇ ਵਿਛੇ ਹੁੰਦੇ ਨੇ ਤੇ ਇਹ ਉਹੀ ਕੰਡੇ ਨੇ।



ਸਤਿੰਦਰ ਸਰਤਾਜ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹਨੇ ਬਿਨਾਂ ਕਿਸੇ ਡਰ ਦੇ ਸਮਾਜ ਦੀਆਂ ਪ੍ਰਚੱਲਿਤ ਧਾਰਨਾਵਾਂ ਦੇ ਖਿਲਾਫ਼ ਗਾਣਾ ਸ਼ੁਰੂ ਕੀਤਾ। ਪੰਜਾਬੀ ਗਾਇਕ ਅਕਸਰ ਕਿਹਾ ਕਰਦੇ ਸਨ ਕਿ "ਜੀ ਕੀ ਕਰੀਏ ਅਸੀਂ ਤਾਂ ਓਹੀ ਗਾਉਦੇਂ ਹਾਂ ਜੋ ਲੋਕਾਂ ਨੂੰ ਪਸੰਦ ਆਂਦੈ" ਤੇ ਪਿਛਲੇ 15 -20 ਸਾਲ ਤੋਂ ਕਿੱਦਾਂ ਦੇ ਪੰਜਾਬੀ ਗੀਤ ਚੱਲ ਰਹੇ ਸਨ ਇਹ ਕਿਸੇ ਤੋਂ ਲੁਕਿਆ ਨਹੀ ਹੈ। ਬੰਦੇ ਦੀਆਂ ਮਾਨਸਿਕ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਮਨ ਵਿਕਾਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਅਕਸਰ ਹਿੱਟ ਹੁੰਦੇ ਰਹੇ ਨੇ। 100 ਚੋਂ 99 ਹਿੱਟ ਗੀਤ ਇਸੇ ਕਰਕੇ ਹੀ ਹਿੱਟ ਹੁੰਦੇ ਨੇ। ਵਿਸ਼ੇ ਕੀ ਹੁੰਦੇ ਨੇ.... ਇਹ ਵੀ ਦੇਖ ਲਓ : ਕੁੜੀ ਨਾਲ ਛੇੜ-ਛਾੜ, ਵੈਲੀਪੁਣਾ ( ਵਢ ਦਿਆਂਗੇ, ਗੱਡ ਦਿਆਂਗੇ, ਕੱਢ ਲਿਆਂਗੇਂ ), ਹਓਮੈਂ ( ਪਚੀਆਂ ਪਿੰਡਾਂ ਚ ਸਰਦਾਰੀ ), ਆਵਾਰਾ-ਗਰਦੀ, ਦਾਰੂ ਦੀ ਬੋਤਲ ਵਗੈਰਾ-ਵਗੈਰਾ । ਇਹੀ ਕੁੱਝ ਚਲਦਾ ਰਿਹਾ ਗੀਤਾਂ ਚ ਪਿਛਲੇ ਦੋ ਦਹਾਕੇ ਤੋਂ। ਸਰਤਾਜ ਨੇ ਜਿਹੜਾ ਮਹਿਫਿਲਾਂ ਦਾ ਦੌਰ ਸ਼ੁਰੂ ਕੀਤਾ। ਬੈਠ ਕੇ ਗਾਉਣਾ ਸ਼ੁਰੂ ਕੀਤਾ ਇਸ ਨੇ ਖੁੱਲੇ ਅਖਾੜੇ ਨੂੰ ਸਿੱਧੇ ਤੌਰ ਤੇ ਵੰਗਾਰਿਆ ਤੇ ਟਪੂਸੀ ਮਾਰਕਾ ਸਿਸਟਮ ਨੂੰ ਕਿਸੇ ਹੱਦ ਤੱਕ ਨੱਥ ਪਾਈ। ਖੈਰ ਸਰਤਾਜ ਨੇ ਇਸ ਸਾਰੇ ਦੇ ਖਿਲਾਫ਼ ਜੋ ਜੰਗ ਜਿੱਤੀ ਏ ਓਹਦੀ ਕੋਈ ਰੀਸ ਨਹੀ ਤੇ ਕੁਦਰਤੀ ਗੱਲ ਏ ਕਿ ਇਸ ਸਭ ਨਾਲ ਕਈਆਂ ਦੇ ਢਿੱਡ ਚ' ਪੀੜ ਹੋਣੀ ਲਾਜ਼ਮੀ ਏ। ਹੁੰਦੀ ਰਹੇ....



ਖੈਰ ਆਪਣੀ ਗੱਲ ਤੇ ਵਾਪਸ ਆਂਦਾ ਹਾਂ ।


ਮੈਂ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਚ' ਸਰਤਾਜ ਹੋਰਾਂ ਦੀ ਇਕ ਮਹਿਫਿਲ ਦੇਖੀ ਸੀ ਜੀਹਦਾ ਬਿਆਨ ਮੈਂ ਪਹਿਲਾਂ ਵੀ ਕਰ ਚੁੱਕਿਆ ਹਾਂ। ਹਾਲ ਚ' ਬੈਠੇ ਦਰਸ਼ਕ ਇੱਕ ਬਹੁਤ ਹੀ ਸੋਹਣਾ ਦਿ੍ਸ਼ ਪੇਸ਼ ਕਰ ਰਹੇ ਸਨ। ਇੱਕ ਵਾਕਿਆ ਹੀ ਅਚੰਭਾ ਸੀ। ਸਾਰੇ ਦੇ ਸਾਰੇ ਬਹੁਤ ਹੀ ਸੋਹਣੇ ਸੁਲਝੇ ਹੋਏ ਇਨਸਾਨ ਲੱਗ ਰਹੇ ਸਨ। ਸਭ ਦੇ ਚਿਹਰੇ ਫੁੱਲ ਵਾਂਗ ਖਿੜੇ ਹੋਏ ਸਨ। ਮੈਨੂੰ 600-700 ਤੋਂ ਉੱਪਰ ਲੋਕਾਂ ਦੀ ਭੀੜ ਚੋਂ ਇੱਕ ਵੀ ਬਦਸੂਰਤ ਮੁਰਝਾਇਆ ਹੋਇਆ ਚਿਹਰਾ ਨਜ਼ਰ ਨਹੀ ਆਇਆ। ਇਹ ਕਿਸੇ ਕਰਾਮਾਤ ਨਾਲੋਂ ਘੱਟ ਨਹੀ । ਠੀਕ ਏ ਠੀਕ ਏ .. ਬਹੁਤੇ ਲੋਕੀ ਕਹਿਣਗੇ ਕਿ ਹਰ ਖੁਸ਼ੀ ਦੇ ਮੌਕੇ ਤੇ ਲੋਕੀ ਖੁਸ਼ ਹੁੰਦੇ ਨੇ। ਪਰ ਮੇਰਾ ਮਤਲਬ ਸਿਰਫ ਫੋਕੀ ਖੁਸ਼ੀ ਤੋਂ ਨਹੀ। ਓਸ ਫੋਕੀ ਖੁਸ਼ੀ ਤੋਂ ਤਾਂ ਬਿਲਕੁਲ ਨਹੀ ਜੋ "ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ ' ਜਾਂ ' ਕਚਿਹਰੀਆਂ ਚ' ਮੇਲੇ ਲਗਦੇ" ਵਰਗੇ ਗੀਤਾਂ ਨੂੰ ਸੁਣ ਕੇ ਲੋਕੀ ਮਹਿਸੂਸ ਕਰਦੇ ਨੇ। ਸਰਤਾਜ ਦੇ ਦਰਸ਼ਕ ਆਪਣੀਆਂ ਮਾਨਸਿਕ ਕਮਜੋਰੀਆਂ ਤੋਂ ਉੱਪਰ ਉੱਠ ਕੇ ਕਿਸੇ ਉੱਚੇ ਆਤਮਿਕ ਰਸ ਚ' ਲੀਨ ਹੋ ਜਾਂਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਇਸ ਲਈ ਉਮਰ, ਵਿੱਦਿਆ, ਪਦਵੀ, ਅਕਲ ਮਾਇਨੇ ਨਹੀ ਰਖਦੀ। ਹਰ ਕਿਸਮ ਦਾ ਬੰਦਾ ਸਰਤਾਜ ਨਾਲ ਦਿਲੋਂ ਜੁੜ ਜਾਂਦਾ ਹੈ। ਵੱਡੀਆਂ ਗੱਲਾਂ ਕਰਨ ਵਾਲੇ ਗਾਇਕਾਂ ਦੀ ਕਦੇ ਕਮੀ ਨਹੀ ਰਹੀ। ਪਰ ਓਹ ਹਮੇਸ਼ਾਂ ਇੱਕ ਖਾਸ ਵਰਗ ਨੂੰ ਹੀ ਖਿੱਚਦੇ ਹਨ। ਪਰ ਸਰਤਾਜ ਹੀ ਇੱਕੋ ਇੱਕ ਅਜਿਹਾ ਗਾਇਕ ਹੈ ਜੀਹਨੇ ਇੱਕ ਆਮ ਨੌਜਵਾਨ ਨੂੰ ਵੀ ਖਿੱਚਿਆ ਤੇ ਉਸ ਦੀ ਮਾਨਸਿਕ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਨਹੀ ਬਲਕਿ ਉਸ ਨੂੰ ਆਤਮਿਕ ਤੋਰ ਹੋਰ ਉੱਚਾ ਕੀਤਾ।


ਮੈ ਇੱਕ ਹੋਰ ਗੱਲ ਸਾਫ ਕਰ ਦੇਣੀ ਚਾਹੁੰਦਾ ਕਿ ਉਂਝ ਭਾਵੇ ਤੁਹਾਡੇ ਘਰੇ ਕੋਈ ਵਿਆਹ ਹੁੰਦਾ ਤਾਂ ਕਿਸੇ ਦੀ ਡੱਬੀ ਚੋਂ' ਫੀਮ ਮੁੱਕੀ ਹੁੰਦੀ ਏ, ਕੋਈ ਦਾਰੂ ਦੇ ਨਾਲ ਹੀ ਕਬਰਾਂ ਤੱਕ ਪੁੱਜਿਆ ਹੁੰਦਾ ਹੈ ਤੇ ਕਿਤੇ ਸਾਲੀ ਅਪਣੇ ਨਸ਼ੇੜੀ ਜੀਜਾ ਦਾ ਬਟੂਆ ਖਾਲੀ ਕਰਵਾਉਣ ਤੇ ਤੁਲੀ ਹੁੰਦੀ ਆ। ਇਹਨਾਂ ਗੀਤਾਂ ਤੇ ਕਦੇ ਕਿਸੇ ਨੇ ਵਿਵਾਦ ਨੀ ਚੱਕਿਆ ਤੇ ਸ਼ਾਇਦ ਉਸ ਟਾਈਮ ਇਹਨਾਂ ਸਾਰਿਆਂ ਦੀ ਵੀ ਡੱਬੀ ਚੋਂ' ਫੀਮ ਮੁੱਕੀ ਹੋਣੀ ਏ ਯਾ ਫੇਰ ਦਾਰੂ ਦੇ ਨਾਲ ਕਬਰਾਂ ਤੱਕ ਪੁੱਜਣ ਦੀ ਗੱਲ ਕਰਦੇ ਹੋਣੇ ਆ।


ਸਰਤਾਜ ਨੇ ਨਾ ਤਾਂ ਕਦੇ ਬਾਣੀਏ/ਬਾਹਮਣਾਂ ਨੂੰ ਕਦੇ ਮੰਦਾ ਕਿਹਾ ਤੇ ਨਾ ਜੱਟਾਂ ਦੇ ਸੋਹਲੇ ਗਾਏ ਨੇ। ਇਹ ਗੱਲ ਕਰਕੇ ਵੀ ਕਈਆਂ ਦੀ ਨੀਂਦ ਹਰਾਮ ਹੋਈ ਪਈ ਹੈ। ਫੇਰ ਵੀ ਕਿਸੇ ਨੂੰ ਯਾਹਮੇ ਤੇ ਗਿਲਾ, ਕਿਸੇ ਨੂੰ ਬਿੱਲੋ ਜੀ ਤੇ ਗਿਲਾ ਤੇ ਕਿਸੇ ਨੂੰ ਹੱਸਕੇ ਨਾ ਬੋਲੀ ਤੇ। ਖੈਰ ਵਿਵਾਦ ਤਾਂ ਉਠਦੇ ਰਹੇ ਨੇ ਤੇ ਉਠਦੇ ਰਹਿਣਗੇ ਤੇ ਵੈਸੇ ਵੀ ਚੰਦ ਤੇ ਥੁੱਕਣ ਦਾ ਹਸ਼ਰ ਸਭ ਨੂੰ ਪਤਾ ਹੀ ਹੈ।
ਸਰਤਾਜ ਹਰ ਦੋ ਮਹੀਨੇ ਬਾਅਦ ਓਸ ਥਾਂ ਤੇ ਮਹਿਫਿਲ ਲਈ ਫੇਰ ਬੁਲਾਇਆ ਜਾਂਦਾਂ ਏ ਤੇ ਕਈ ਭੱਦਰ-ਪੁਰਸ਼ ਨਸੀਹਤਾਂ ਦਿੰਦੇ ਨੇ ਕਿ ਇੰਨੀ ਜਲਦੀ ਵਾਰ ਵਾਰ ਆਉਣਾ ਵੀ ਠੀਕ ਨਹੀ। ਖੈਰ ਲੋਕੀ ਬੁਲਾਂਦੇ ਨੇ ਤੇ ਮਹਿੰਗੀਆਂ ਮਹਿੰਗੀਆਂ ਟਿਕਟਾਂ ਖਰੀਦ ਕੇ ਪ੍ਰੋਗ੍ਰਾਮ ਵੀ ਵੇਖਦੇ ਨੇ ਤਾਂ ਹੀ ਤਾਂ ਸਰਤਾਜ ਜਾਦਾਂ ਉੱਥੇ। ਪਰ ਕਈ ਲੋਕਾਂ ਨੂੰ ਬੜੀ ਢਿੱਡ ਪੀੜ ਹੁੰਦੀ ਹੈ। ਕੁਦਰਤੀ ਵੀ ਹੈ। ਅਗਲਿਆਂ ਦੇ ਢਿੱਡ ਤੇ ਲੱਤ ਜੋ ਵੱਜਦੀ ਏ। ਐਸੇ ਲੋਕਾਂ ਨੂੰ ਚਾਹੀਦਾ ਹੈ ਕੇ ਸੰਵਿਧਾਨ ਚ' ਇਕ ਮਤਾ ਪਾਸ ਕਰਾਇਆ ਜਾਵੇ ਜੋ ਪ੍ਰੋਗਰਾਮਾਂ ਤੇ ਪਾਬੰਧੀ ਲਾਵੇ ਕੇ ਹਰ ਮਹੀਨੇ ਇਕ ਗਾਇਕ 2 ਯਾ 4 ਤੋਂ ਵੱਧ ਪ੍ਰੋਗ੍ਰਾਮ ਨਹੀ ਕਰ ਸਕਦਾ ਤਾਂ ਜੋ ਹੋਰਾਂ ਨੂੰ ਵੀ ਮੌਕਾ ਮਿਲੇ।


ਆਖਰ ਚ' ਮੈਂ ਓਹਨਾਂ ਕਲਮਾਂ ਨੂੰ ਸਵਾਲ ਪੁੱਛਦਾ ਹਾਂ ਜੋ ਸਰਤਾਜ ਦੇ ਖਿਲਾਫ਼ ਲਿਖ ਰਹੀਆਂ ਨੇ। ਜੇ ਸਰਤਾਜ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸੱਚ ਵੀ ਮੰਨ ਲਿਆ ਜਾਵੇ .... ਤਾਂ ਵੀ .... ਕੀ ਸਾਡੇ ਕੋਲ ਸਰਤਾਜ ਦਾ ਕੋਈ ਬਦਲ ਹੈ ?? ਹੈ ਕੋਈ ਜੋ ਭਟਕੀ ਹੋਈ ਨੌਜਵਾਨੀ ਨੂੰ ਸਿੱਧੇ ਰਾਹ ਪਾ ਸਕੇ। ਕੋਈ ਮਾਨਸਿਕ ਵਿਕਾਰਾਂ ਨੂੰ ਮਾਰਨ ਵਾਲੀ ਕਿਸੇ ਆਤਮਕ ਉਡਾਰੀ ਦੀ ਗੱਲ ਕਰ ਸਕੇ। ਜੋ ਸਮਾਜਿਕ ਗਿਰਾਵਟਾਂ ਨੇ ਖਿਲਾਫ਼ ਹਿੱਕ ਤਾਣ ਕੇ ਗਾ ਸਕੇ ਤੇ ਓਹ ਵੀ ਐਸਾ ਜੋ ਹਰ ਦਿਲ ਦੀ ਧੜਕਣ ਬਣੇ ..ਹੈ ਕੋਈ ??.. ਹੈ ਕੋਈ ਹੋਰ ਜੋ ਬੱਚੇ-ਬੁੱਢੇ, ਆਦਮੀ-ਔਰਤ, ਅਮੀਰ-ਗਰੀਬ, ਹਰ ਵਰਗ ਦੀ ਰੂਹ ਨੂੰ ਨਸ਼ਿਆ ਸਕੇ। ਜੋ ਹਰ ਚਿਹਰੇ ਤੇ ਮਾਸੂਮ ਜਿਹੀ ਸੱਜਰੀ ਮੁਸਕਾਨ ਲਿਆ ਸਕੇ। ਕਿਸੇ ਦਾ ਖੋਇਆ ਚੈਨ ਦਵਾ ਸਕੇ। ਕਿਸੇ ਰੋਂਦੇ ਨੂੰ ਚੁੱਪ ਕਰਾ ਸਕੇ ਤੇ ਦਿਲ ਦੀ ਪੀੜ ਮਿਟਾ ਸਕੇ। ਹੈ ਕੋਈ ?? ਹੈ ਕੋਈ ਹੋਰ ?????


ਜੇ ਨਹੀ ਤਾਂ ਸਾਨੂੰ ਸੀਨਾ ਠੋਕ ਕੇ ਸਰਤਾਜ ਦੇ ਨਾਲ ਖੜਨਾ ਚਾਹੀਦਾ ਹੈ ਨਾ ਕਿ ਉਹਨਾਂ ਨਾਲ ਜੋ ਕੇ ਸਿਰਫ ਵਕਤੀ ਸ਼ੋਹਰਤ ਯਾਂ ਹਰੇ ਕਾਗਜਾਂ ਦੀ ਖਾਤਰ ਪੰਜਾਬੀਆਂ ਦੀ ਹਿੱਕ ਤੇ ਮੂੰਗੀ ਦਲ ਰਹੇ ਨੇ ।।

<span> </span>


ਬਾਕੀ ਮੈਂ ਨੀਂ ਕਹਿੰਦਾ ਕਿ ਮੈਂ ਹੀ ਨਿਰਾ ਦੁੱਧ ਦਾ ਧੋਤਾ ਹਾਂ। ਮੈਂ ਤਾਂ ਇਹੀ ਕਹਿੰਦਾ ਹਾਂ ਕਿ ਮੇਰੇ ਨਾਲੋਂ ਵੱਧ ਗੁਨਾਹਗਾਰ ਬੰਦਾ ਇਸ ਜਹਾਨ ਤੇ ਹੋਰ ਕੋਈ ਨਹੀਂ। ਜੇ ਕਿਸੇ ਦੀ ਸ਼ਾਨ ਚ' ਵੱਧ ਘੱਟ ਬੋਲਿਆ ਗਿਆ ਤਾਂ ਮੈਂ ਕੰਨ ਫੜ ਕੇ ਮਾਫੀ ਮੰਗਦਾ ਹਾਂ ਤੇ ਮੈਨੂੰ ਅਪਣਾ ਛੋਟਾ/ਵੱਡਾ ਵੀਰ ਜਾਂ ਅਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ।


ਫੇਰ ਮਿਲਾਂਗੇ ਜੇ ਰੱਬ ਜੀ ਨੇ ਚਾਹਿਆ। ਚੰਗਾ ਜੀ ਸਭ ਨੂੰ ਸਤਿ ਸੀ੍ ਅਕਾਲ ਜੀ।

ਰੱਬ ਰਾਖਾ ਜੀ।
ਅਕਾਲ ਸਹਾਏ।।

ਗੁਰਜੋਤ ਸਿੰਘ
 
Top