ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਵਿਚ ਗੂਰੂ ਨਾਨਕ ਦੇ&#26

'MANISH'

yaara naal bahara
ਸ਼ਿਵ ਦੀ ਸ਼ਾਇਰੀ ਵਿਚ, ਉਸਦੇ ਜਨਮ-ਪਿੰਡ (ਲੋਹਤੀਆਂ) ਵਿਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੇਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ । ਸ਼ਿਵ ਦੇ ਬਚਪਨ 'ਚ ਹੀ ਦੇਸ਼-ਵੰਡ ਦੌਰਾਨ ਹੋੲੋ ਖੂਨ-ਖਰਾਬੇ, ਗੜਬੜ ਅਤੇ ਵਿਛੋੜੇ, ਸ਼ਾਇਦ ਉਸਦੇ ਉਦਾਸੀ ਤੇ ਨਿਰਾਸ਼ਾ ਭਰੇ ਗੀਤਾਂ ਦਾ ਸੋਮਾਂ ਹਨ । ਭਾਵੇਂ ਉਸ ਦੀ ਸ਼ਾਇਰੀ, ਮੁੱਖ ਰੂਪ ਵਿਚ ਉਦਾਸੀ ਤੇ ਨਿਰਾਸ਼ਾ ਭਰੇ ਗੀਤਾਂ ਦਾ ਸੋਮਾਂ ਹੈ ਫਿਰ ਵੀ ਸ਼ਿਵ ਨੇ ਦੇਸ਼ ਭਗਤੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਰਚਨਾਵਾਂ ਲਿਖੀਆਂ ਹਨ ।

ਡੇਰਾ ਬਾਬਾ ਨਾਨਕ, ਭਾਰਤੀ ਪੰਜਾਬ ਵਿਚ ਸ਼੍ਰੀ ਗੁਰੂ ਨਾਨਕ ਜੀ ਦੁਆਰਾ ਵਸਾਇਆ ਹੋਇਆ, ਸਰਹੱਦੀ ਕਸਬਾ ਹੈਜੋ ਰਾਵੀ ਦੇ ਇਸ ਪਾਸੇ ਹੈ ਜਦ ਕਿ ਦੂਸਰੇ ਪਾਰ ਪਾਕਿਸਤਾਨ ਵਿਚ, ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਜੋ ਨਾਰੋਵਾਲ ਤਹਿਸੀਲ ਅਧੀਨ ਆਉਂਦਾ ਹੈ । ਸ਼ਿਵ ਦਾ ਜਨਮ-ਪਿੰਡ ਲੋਹਤੀਆਂ ਵੀ ਇਸੇ ਤਹਿਸੀਲ ਵਿਚ ਹੈ । ਸੰਨ 1947 ਵਿਚ ਦੇਸ਼ ਦੀ ਵੰਡ ਵੇਲੇ ਗੜਬੜ, ਖੂਨ-ਖਰਾਬੇ ਤੇ ਭਿਅੰਕਰ ਕਤਲੋ-ਗ਼ਾਰਤ ਦੌਰਾਨ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਆਪਣੇ ਪਿੰਡ ਲੋਹਤੀਆਂ ਤੋਂ ਡੇਰਾ ਬਾਬਾ ਨਾਨਕ ਪੁੱਜੇ, ਤੇ ਬਾਦ ਵਿਚ ਬਟਾਲੇ । ਬਟਾਲੇ ਸ਼ਹਿਰ ਵਿਚ ਗੁਰੂ ਨਾਨਕ ਜੀ ਦੇ ਸਹੁਰੇ ਸਨ ਜਿੱਥੇ ਇਸ ਵੇਲੇ ਗੁਰਦੁਆਰਾ ਕੰਧ ਸਾਹਿਬ ਹੈ। ਬਟਾਲੇ 'ਚ ਹੀ ਗੁਰੂ ਜੀ ਨੇ ਸਿੱਧਾਂ ਨਾਲਸਿੱਧ-ਗੋਸ਼ਟ ਕੀਤੀ ਸੀ ।

ਸੋ ਉਹ ਸਥਾਨ ਜੋ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਰਹੇ ਤੇ ਜਿੰਨਾ੍ਹਂ ਥਾਵਾਂ ਨੂੰ ਗੁਰੂ ਜੀ ਦੀ ਚਰਣ-ਸ਼ੋਹ ਪ੍ਰਾਪਤ ਹੈ, ਸ਼ਿਵ ਬਟਾਲਵੀ ਨਾਲ ਵੀ ਸਬੰਧਤ ਹਨ, ਉਹ ਵੀ ਉਹਨਾਂ ਜਗਾ੍ਹਂ 'ਤੇ ਘੁੰਮਦਾ ਰਿਹਾ ।

ਜਦ ਨੌਜਵਾਨ ਨਾਨਕ ਦੇ ਪਿਤਾ ਮਹਿਤਾ ਕਾਲੂ ਨੇ ਨਨਕਾਣੇ ਤੋਂ 20 ਰੁਪੈ ਦੇ ਕੇ ਵਪਾਰ ਕਰਨ ਲਈ ਭੇਜਿਆ ਤਾਂ ਗੁਰੂ ਜੀ, ਚੂਹੜਕਾਣੇ ਮੰਡੀ ਵਿਖੇ, ਉਹਨਾਂ ਵੀਹਾਂ ਰੁਪੈਆਂ ਦਾ, ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਖਾਲੀ ਹੱਥ ਘਰ ਵਾਪਸ ਆ ਗਏ । ਪਿਤਾ ਨੇ ਝਿੜਕਾਂ /ਚਪੇੜਾਂ ਮਾਰੀਆਂ । ਗੁਰੂ ਜੀ ਦੀ ਪਤਨੀ ਮਾਤਾ ਸੁਲੱਖਣੀ ਵੀ ਸੋਚਣ ਲੱਗੀ ਕਿ ਮੇਰੇ ਬਾਬਲ ਨੇ ਮੇਰੇਲਈ ਕਿਸ ਤਰਾ੍ਹਂ ਦਾ ਵਰ ਲੱਭਿਆ ਹੈ । ਪਰ ਨਾਨਕ ਜੀ ਨੇ ਕਿਹਾ ਕਿ ਮੇਰੀ ਸਮਝ ਵਿਚ ਤਾਂ ਇਹੀ ਸੱਚਾ ਸੌਦਾ ਹੈ । ਭੈਣ ਨਾਨਕੀ ਨੇ ਕਿਹਾ ਕਿ ਨਾਨਕ ਨੂੰ ਮੇਰੇ ਨਾਲ ਹੀ ਸੁਲਤਾਨਪੁਰ ਲੋਧੀ (ਬੀਬੀ ਨਾਨਕੀ ਦੇ ਸਹੁਰੇ) ਭੇਜ ਦਿਓ ਜਿੱਥੇ, ਰੱਬ ਨੇ ਚਾਹਿਆ ਤਾਂ ਲੋਧੀ ਦੇ ਦਰਬਾਰ ਵਿਚ ਚੰਗਾ ਕਾਰੋਬਾਰ ਮਿਲ ਜਾਵੇਗਾ । ਸੁਲਤਾਨਪੁਰ ਲੋਧੀ (ਜ਼ਿਲ੍ਹਾ ਕਪੂਰਥਲਾ) ਵਿਖੇ ਹੀ ਮੋਦੀ ਖਾਨੇ ਵਿਚ ਗੁਰੂ ਜੀ ਨੇ ਨੌਕਰੀ ਕੀਤੀ ਤੇ ਤੇਰਾਂ ਤੇਰਾਂ ਤੋਲਿਆ ।

ਸ਼ਿਵ ਬਟਾਲਵੀ ਨੇ ਇਸ ਸਾਰੀ ਕਥਾ ਨੂੰ ਆਪਣੇ ਨਿਵੇਕਲੇ ਸ਼ਬਦਾਂ ਅਤੇ ਅੰਦਾਜ਼ ਵਿਚ "ਸੱਚਾ ਵਣਜਾਰਾ" ਗੀਤ ਵਿਚ ਲਿਖਿਆ ਹੈ :
ਜਦੋਂ ਸੱਚ ਵਿਹਾਜ* ਵਣਜਾਰਾ ਖਾਲੀ ਹੱਥ ਘਰੇ ਨੂੰ ਆਇਆ,
ਉਹਨੂੰ ਬਾਬਲ ਤਾਂ ਦੇਂਦਾ ਈ ਝਿੜਕਾਂ ਕਿੱਥੇ ਪੈਸਾ ਤੈਂ ਰੋਹੜ ਗਵਾਇਆ ।
ਕੀ ਉਹਨੂੰ ਲੁੱਟਿਆ ਕਾਲੇ ਚੋਰਾਂ ਜਾਂ ਕੋਈ ਠੱਗ ਬਨਾਰਸੀ ਧਾਇਆ,
ਹੱਸਣ ਬੈਠ ਤ੍ਰਿੰਜਣੀ ਤੰਦਾਂ ਗੱਲਾਂ ਕਰੇ ਬੋਹੜ ਦਾ ਸਾਇਆ ।
ਮੰਦਾ ਬੋਲੇ ਕਰਾੜ1 ਬੈਠਾ ਹੱਟੀ ਹੱਸੇ ਖੂਆਂ 'ਤੇ ਡੋਲ ਜ਼ੰਗਿਆਇਆ2,
ਉਹਨੂੰ ਅੰਬੜੀ ਤਾਂ ਦੇਂਦੀ ਆ ਮੱਤਾਂ ਨਾਲੇ ਘੁੱਟ ਕਲੇਜੜੇ ਲਾਇਆ ।
ਕਹਿੰਦੀ ਪੁੱਤ ਨਾ ਆਂਵਦੇ ਈ ਹੱਥੀਂ ਪੈਸਾ ਪੁੱਤਾਂ ਤੋਂ ਘੋਲ ਘੁਮਾਇਆ,
ਕੱਲੀ ਹੋਵੇ ਨਾ ਵਣਾਂ ਦੇ ਵਿਚ ਟਾਹਲੀ, ਕੱਲਾ ਹੋਵੇ ਨਾ ਕਿਸੇ ਦਾ ਜਾਇਆ ।
ਪੁਤੀਂ ਗੰਢ ਪਵੇ ਸੰਸਾਰੀਂ ਪੁੱਤਾਂ ਬਾਝੋਂ ਤਾਂ ਦੇਸ਼ ਪਰਾਇਆ,
ਖੂੰਜੀਂ3 ਬੈਠ ਸੁਲੱਖਣੀ ਰੋਂਦੀ ਝੋਲੀ ਬਾਬਲ ਨੇ ਵਰ ਕਿਹਾ ਪਾਇਆ ।
ਜ੍ਹਿਦੀ ਰੱਬ ਸੱਚੇ ਸੰਗ ਯਾਰੀ ਉਹਨੂੰ ਪੋਹੇ ਕੀ ਰੂਪ ਸਵਾਇਆ,
ਤਦ ਬੇਬੇ ਨਾਨਕੀ ਬੋਲੀ ਕਾਹਨੂੰ ਫਿਰੇ ਜੀ ਬਾਬਲ ਘਬਰਾਇਆ ।
___________________________________________
(*ਵਪਾਰ ਕਰਕੇ, 1ਬਾਣੀਆਂ, 2ਖੂਹਾਂ ਦਾ ਜ਼ੰਗ ਲੱਗਾ ਹੋਇਆ ਡੋਲ, 3ਖੂੰਜੇ ਵਿਚ, ਨੁੱਕਰੇ)
ਕਦੇ ਰੱਬ ਵੀ ਬੈਠਦਾ ਏ ਹੱਟੀ ਕਦੋਂ ਰੱਬ ਨੇ ਵਣਜ ਕਮਾਇਆ.
ਹੱਟੀ ਬਹਿਣ ਕਰਾੜੀਆਂ1 ਦੇ ਜਾਏ ਮੇਰਾ ਵੀਰ ਤਾਂ ਰੱਬ ਦਾ ਜਾਇਆ ।
ਮੇਰੇ ਨਾਲ ਟੋਰੋ ਮੇਰਾ ਵੀਰਾ ਇੰਜ ਨਾਲ ਰਹਵਾਂ ਜਿਵੇਂ ਸਾਇਆ,
ਚੱਲੇ ਨਾਲ ਸੁਲਤਾਨਪੁਰ ਲੋਧੀ ਜਿੱਥੇ ਮੁਲਖ ਵਣਜ ਨੂੰ ਧਾਇਆ ।
ਉਥੇ ਲੋਧੀ ਦੇ ਦਰਬਾਰੇ ਸੌ ਕੰਮ ਜੇ ਰੱਬ ਨੇ ਚਾਹਿਆ
ਸੌ ਕੰਮ ਜੇ ਰੱਬ ਨੇ ਚਾਹਿਆ........................।
ਆਪਣੇ ਸਾਥੀਆਂ, ਬਾਲੇ ਤੇ ਮਰਦਾਨੇ ਨੂੰ ਲੈ ਕੇ ਗੁਰੂ ਜੀ ਨੇ ਵਿਦੇਸ਼ਾਂ ਵਿਚ ਜਿਵੇਂ ਮੱਕਾ-ਮਦੀਨਾ, ਈਰਾਨ, ਕਾਬਲ ਅਤੇ ਹਿੰਦੁਸਤਾਨ ਵਿਚ ਬਨਾਰਸ, ਕਾਸ਼ੀ, ਆਸਾਮ, ਬੰਗਾਲ ਆਦਿ ਥਾਵਾਂ ਦੀ ਯਾਤਰਾ ਕੀਤੀ । ਇਨਾ੍ਹਂ ਨੂੰ ਗੁਰੂ ਜੀ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ । ਆਸਾਮ ਦੀ ਉਦਾਸੀ ਦੌਰਾਨ ਜਦ ਕਾਮ-ਰੂਪ ਵਿਚ ਨੂਰਸ਼ਾਹ ਰਾਣੀ ਨੂੰ ਵੇਖ ਕੇ ਮਰਦਾਨੇ ਦਾ ਦਿਲ ਡੋਲ ਗਿਆ ਸੀ, ਉਸ ਸਬੰਧੀ ਸ਼ਿਵ ਨੇ ਆਪਣੀ ਰਚਨਾ "ਬਾਬਾ ਤੇ ਮਰਦਾਨਾ" ਵਿਚ ਵਿਸਥਾਰ ਸਹਿਤ ਬਿਆਨਕੀਤਾ ਹੈ:

ਬਾਬਾ ਤੇ ਮਰਦਾਨੜਾ ਨਿੱਤ ਫਿਰਦੇ ਦੇਸ ਬਿਦੇਸ,
ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ2 ।
ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫਕੀਰੀ ਵੇਸ,
ਆ ਆ ਬੈਠਣ ਗੋਸ਼ਟ3 ਕਰਦੇ ਪੀਰ ਬ੍ਰਾਹਮਣ ਸ਼ੇਖ਼ ॥
ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼,
ਗੰਗਾ ਉਲਟਾ ਅਰਘ ਚੜ੍ਹਾਵੇ ਸਿੰਜੇ ਆਪਣੇ ਖੇਤ ।
ਹਉਂ ਵਿਚ ਆਏ ਹਉਂ ਵਿਚ ਮੋਏ ਡਰਦੇ ੳਹਨੂੰ ਵੇਖ,
ਰੱਬ ਨੂੰ ਨਾ ਉਹ ਅਲਾਹ ਆਖੇ ਤੇ ਨਾ ਰਾਮ ਮਹੇਸ਼ ॥
ਕਹਵੇ ਅਜੂਨੀ ਕਹਵੇ ਅਮੂਰਤ ਨਿਰਭਾਓ ਆਭੇਖ,
ਜੰਗਲ ਨਦੀਆਂ ਚੀਰ ਕੇ ਬੇਲੇ ਗਾਹ ਤੇ ਥਲ ਦੀ ਰੇਤ ।
ਇਕ ਦਿਨ ਪਹੁੰਚੇ ਤੁਰਦੇ ਤੁਰਦੇ ਕਾਮ-ਰੂਪ ਦੇ ਦੇਸ਼,
ਵਣ ਤ੍ਰਿਣ ਸਾਰਾ ਮਹਿਕੀਂ ਭਰਿਆ ਲੈਹ ਲੈਹ ਕਰਦੇ ਖੇਤ ॥
ਰਾਜ ਤ੍ਰੀਆ4 ਇਸ ਨਗਰੀ ਵਿਚ ਅਰਧ-ਨਗਨ ਜਿਹੇ ਵੇਸ,
ਨੂਰ ਸ਼ਾਹ ਰਾਣੀ ਦਾ ਨਾਓਂ ਗਜ਼ ਗਜ਼ ਲੰਮੇ ਕੇਸ ।
ਮਰਦਾਨੇ ਨੂੰ ਭੁੱਖ ਆ ਲੱਗੀ ਵੱਲ ਮਹਿਲਾ ਦੇ ਵੇਖ
ਝੱਟ ਬਾਬੇ ਨੇ ਮਰਦਾਨੇ ਨੂੰ ਕੀਤਾ ਇਹ ਆਦੇਸ਼ ॥
ਜਾ ਮਰਦਾਨਿਆਂ ਭਿਖਿਆ ਲੈ ਆ ਭੁੱਖ ਜੋ ਤੇਰੇ ਪੇਟ ।
ਗੁਰੂ ਸਾਹਿਬ ਦੁਨੀਆਂ ਦੀ ਯਾਤਰਾ ਦੌਰਾਨ ਸੱਚ ਤੇ ਝੂਠ ਦਾ ਨਿਸਤਾਰਾ ਕਰਦੇ ਰਹੇ । ਇਸੇ ਦੌਰਾਨ, ਐਮਨਾਬਾਦ (ਇਸ ਵੇਲੇ ਪਾਕਿਸਤਾਨ) ਦੇ ਮਲਿਕ ਭਾਗੋ ਨੇ ਇਕ ਮਹਾਨ ਯੱਗ ਕੀਤਾ ਜਿਸ ਵਿਚ ਬੜੇ ਬੜੇ ਸਾਧੂ ਸੰਤਾਂ,ਰਿਸ਼ੀਆਂ ਮੁਨੀਆਂਨੂੰ ਸੱਦਿਆ ਗਿਆ । ਗੁਰੂ ਨਾਨਕ ਜੀ ਨੂੰ ਵੀ ਸੱਦਾ ਭੇਜਿਆ ਗਿਆ । ਕੜਾਹ, ਪੂੜੀ, ਜਲੇਬੀਆਂ, ਖੀਰਾਂ ਆਦਿ ਬੜੇ ਮਹਿੰਗੇ ਤੇ ਸਵਾਦਲੇ ਵਿਅੰਜਨ ਤਿਆਰ ਕਰਵਾਏ ਗਏ।ਜਾਣੀ-ਜਾਣ, ਨਿਰੰਕਾਰੀ ਜੋਤ, ਨਾਨਕ ਨੂੰ ਪਤਾ ਲਗ ਗਿਆ ਕਿ ਮਲਿਕ ਭਾਗੋਦੀ ਕਮਾਈ ਹੱਕ-ਸੱਚ ਦੀ ਨਹੀਂ ਤੇ ਉਹ ਕੂੜ ਦੀ ਕਮਾਈ ਨਾਲ ਹੀ ਯੱਗ ਕਰ ਰਿਹਾ ਹੈ । ਗੁਰੂ ਜੀ ਐਮਨਾਬਾਦ ਆਏ ਜ਼ਰੂਰਪਰ ਉਥੋਂ ਦੇ ਹੀ ਕਿਰਤੀ, ਦਸਾਂ ਨੁੰਹਆਂ ਦੀ ਕਮਾਈ ਕਰਨ ਵਾਲੇ, ਗਰੀਬ ਮਿਸਤਰੀ ਦੇ ਘਰ ਜਾ ਕੇ ਬੈਠ ਗਏ ਤੇ ਉਸ ਕੋਲੋਂਕੁਝ ਖਾਣ ਵਾਸਤੇ ਮੰਗ ਕੀਤੀ । ਬਹੁਤ ਹੀ ਪਿਆਰ ਤੇ ਸਤਿਕਾਰ ਨਾਲ, ਭਾਈ ਲਾਲੋ ਨੇ ਗੁਰੂ ਜੀ ਨੂੰ, ਸੁੱਕੀ ਹੋਈ ਕੋਧਰੇ ਦੀ ਰੋਟੀ ਪੇਸ਼ ਕੀਤੀ ਜੋ ਉਹਨਾਂ ਬੜੇ ਅਨੰਦ ਨਾਲ ਛਕੀ । ਕਿਹਾ ਜਾਂਦਾ ਹੈ ਕਿ ਉਸ ਮੌਕੇ ਗੁਰੂ ਜੀ ਨੇ ਇਕ ਹੱਥ ਵਿਚ ਮਲਿਕ ਭਾਗੋ ਦੇ ਮਹਿੰਗੇ ਖਾਣੇ ਤੇ ਦੂਜੇ ਹੱਥ ਵਿਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਫੜੀ । ਦੋਹਾਂ ਨੂੰ ਘੁਟਿਆ ਤਾਂ ਐਸਾ ਕੌਤਕ ਹੋਇਆ ਕਿ ਮਲਿਕ ਭਾਗੋ ਦੀਆਂ ਕੜਾਹ-ਪੂੜੀਆਂ ਚੋਂ ਲਹੂ ਤੇ ਲਾਲੋ ਦੇ ਕੋਧਰੇ ਚੋਂ ਦੁੱਧ ਨਿਕਲਿਆ ।
______________________
(4ਬਨਿਆਣੀਆਂ, 2ਮੁਲਾਕਾਤ, 3ਬਹਿਸ )

ਇਸ ਦਾ ਬਿਰਤਾਂਤ ਸ਼ਿਵ ਕੁਮਾਰ ਦੀ ਕਵਿਤਾ "ਸੱਚਾ ਸਾਧ" ਵਿਚ ਇਵੇਂ ਹੈ :
ਜਦ ਭਾਗੋ ਦੇ ਘਰ ਬਾਹਮਣਾਂ ਦੀ ਆ ਲੱਥੀ ਇਕ ਜੰਜ,
ਕਈ ਸਾਧੂ ਗੁਣੀ ਮਹਾਤਮਾ ਕੰਨ ਪਾਟੇ ਨਾਗੇ ਨੰਗ ।
ਕਈ ਜਟਾ ਜਟੂਰੀ ਧਾਰੀਏ ਇਕਨਾਂ ਦੀ ਹੋਈ ਝੰਡ1,
ਇਕਨਾਂ ਸਿਰ ਜੁੜੀਆਂ ਲਿੰਭੀਆਂ2 ਇਕਨਾਂ ਦੇ ਸਿਰ ਵਿਚ ਗੰਜ ।
ਇਕ ਮਲ ਕੇ ਆਏ ਭਬੂਤੀਆਂ3 ਜਿਓਂ ਨੀਲ ਕੰਠ ਦਾ ਰੰਗ,
ਹੋਏ ਖਾਲੀ ਮੱਠ ਜਹਾਨ ਦੇ ਆਏ ਡੇਰੇ ਛੱਡ ਮਲੰਗ ।
ਕਈ ਅੱਕ ਧਤੂਰੇ ਪੀਂਵਦੇ ਇਕਨਾਂ ਨੇ ਪੀਤੀ ਭੰਗ,
ਖਾ ਖੀਰਾਂ ਇੰਜ ਡਕਾਰਦੇ ਜਿਓਂ ਘੋਗੜ ਕਾਂ ਦਾ ਸੰਘ ।
ਪਰ ਸੱਚਾ ਸਾਧ ਨਾ ਪਰਤਿਆ ਉਸ ਕੋਧਰਾ ਖਾਧਾ ਮੰਗ ।
ਗੁਰੂ ਨਾਨਕ ਸਾਹਿਬ ਆਪਣੇ ਆਖਰੀ ਸਮੇਂ, ਦਰਿਆ ਰਾਵੀ ਦੇ ਕੰਢੇ ਵਸੇ ਕਰਤਾਰਪੁਰ ਵਿਚ ਰਹੇ, ਜਿਥੇ ਉਹਨਾਂ ਨੇ ਆਪਣੇ ਹੱਥੀਂ ਮਿਹਨਤ-ਮੁਸ਼ੱਕਤ ਕੀਤੀ, ਹਲ ਵਾਹੇ, ਪੈਲੀਆਂ ਨੂੰ ਪਾਣੀ ਲਾਏ, ਗੋਡੀਆਂ ਕੀਤੀਆਂ ਤੇ ਲੋਕਾਈ ਨੂੰ ਮਿਹਨਤਦੀ ਮਹੱਤਤਾ ਦੱਸੀ । ਇਸੇ ਜਗ੍ਹਾ ਹੀ ਗੁਰੂ ਜੀ ਜੋਤੀ ਜੋਤ ਸਮਾਏ ।
"ਕਰਤਾਰਪੁਰ ਵਿਚ" ਨਾਂ ਦੀ ਕਵਿਤਾ ਵਿਚ ਇਸ ਸ਼ਿਵ ਬਟਾਲਵੀ ਨੇ ਸ਼ਬਦਾਂ ਦੀ ਤਸਵੀਰ ਬਣਾ ਕੇ ਬਹੁਤ ਹੀ ਸੋਹਣੇ ਢੰਗ ਨਾਲ ਲਿਖਿਆ ਹੈ :
ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ,
ਕਰਤਾਰਪੁਰੇ ਦੀ ਨਗਰੀ ਜ੍ਹਿਦੇ ਗਲ ਰਾਵੀ ਦਾ ਹਾਰ ।
ਜ੍ਹਿਦੇ ਝੰਮ ਝੰਮ ਪਾਣੀ ਲਿਸ਼ਕਦੇ ਜ੍ਹਿਦੀ ਚਾਂਦੀ-ਵੰਨੀ ਧਾਰ,
ਲਾਹ ਬਾਣਾ ਜੰਗ ਫਕੀਰ ਦਾ ਮੁੜ ਮੱਲਿਆ ਆ ਸੰਸਾਰ ।
ਕਰੇ ਮੰਜੀ ਬਹਿ ਅਵਤਾਰੀਆਂ ਕਰੇ ਦਸਾਂ ਨਹੁੰਆਂ ਦੀ ਕਾਰ,
ਉਹਦੀ ਜੀਭੇ ਜਪੁਜੀ ਬੈਠਿਆ ਤੇ ਅੱਖੀਂ ਨਾਮ ਖ਼ੁਮਾਰ ।
ਸੁਣ ਸੋਭਾ ਰੱਬ ਦੇ ਜੀਵ ਦੀ ਆ ਜੁੜਿਆ ਕੁੱਲ ਸੰਸਾਰ,
ਤਦ ਕੁਲ ਜੱਗ ਚਾਨਣ ਹੋ ਗਿਆ ਤੇ ਮਿਟੇ ਕੂੜ ਅੰਧਿਆਰ ।

ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ,
ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ।
ਕੁਝ ਸਮਕਾਲੀ ਸਾਇਰਾਂ ਅਨੁਸਾਰ ਸ਼ਿਵ ਨੇ ਆਪਣੀ ਸ਼ਾਇਰੀ ਵਿਚ ਸਮਾਜਕ ਚੇਤੰਨਤਾ ਨੂੰ ਅੱਖੋਂ ਓਹਲੇ ਕਰਕੇ ਇਸ਼ਕ ਅਤੇ ਰੋਮਾਂਸਵਾਦ / ਬੇਲੋੜੀ ਭਾਵ-ਪ੍ਰਧਾਨਤਾ ਦਰਸਾਈ ਹੈ, ਉਸਦੇ ਗੀਤ ਕਿਸ਼ੋਰ-ਅਵਸਥਾ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ ।
ਭਾਵੇਂ ਆਖਰੀ ਸਮੇਂ ਦੇ ਨੇੜੇ ਉਹਦੇ ਵਿਹਾਰ ਅਤੇ ਸੁਭਾਅ ਵਿਚ ਕੁੜੱਤਣ ਝਲਕਣ ਲੱਗ ਪਈ ਸੀ, ਉਹ ਸਿਖ਼ਰ ਦੁਪਹਿਰੇ ਢਲੇ ਪ੍ਰਛਾਵਿਆਂ ਜਾਂ ਸਿਖ਼ਰ ਦੁਪਹਿਰੇ ਮੌਤ ਦੀਆਂ ਗੱਲਾਂ ਕਰਦਾ ਸੀ ਜਾਂ ਦੁਪਹਿਰ ਦੇ ਸੂਰਜ ਦੇ ਲੰਮੇ ਹੋ ਰਹੇ ਪ੍ਰਛਾਵਿਆਂ ਦਾ ਜ਼ਿਕਰ ਕਰਦਾ ਸੀ, ਪਰ ਉਹਦੀ ਸ਼ਾਇਰੀ ਵਿਚ ਪੰਜਾਬ ਦੀਆਂ ਸੁਗੰਧੀਆਂ, ਖ਼ੁਸ਼ਬੋਈਆਂ ਤੇ ਮਹਿਕਾਂ ਦੇ ਬਿੰਬ ਹਨ ਜਿਨਾ੍ਹਂ ਵਿਚ ਸਾਹ ਲੈਣ ਨਾਲ ਬੰਦਾ ਬੇ-ਖ਼ੁਦੀ ਦੀ ਅਵਸਥਾ ਵਿਚ ਪੁੱਜ ਜਾਂਦਾ ਹੈ । ਗੁਰੂ ਨਾਨਕ ਜੀ ਬਾਰੇ, ਸ਼ੁਰੂ ਸ਼ੁਰੂਵਿਚ ਲਿਖੀਆਂ ਇਹ ਕਵਿਤਾਵਾਂ ਤੇ ਗੀਤ, ਬਹੁਤ ਹੀ ਅਰਥ-ਭਰਪੂਰ ਤੇ ਗਿਆਨ ਵਰਧਕ ਹਨ ।
 
Top