ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜ&#26

ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜਾਬੀ ਦੇ
ਮੈਂ ਹੱਸਦਾ ਵਿੱਚ ਪੰਜਾਬੀ ਦੇ, ਮੈਂ ਰੋਦਾਂ ਵਿੱਚ ਪੰਜਾਬੀ ਦੇ

ਮੈਂ ਤੁਰਦਾ ਵਿੱਚ ਪੰਜਾਬੀ ਦੇ, ਮੈਂ ਜੱਚਦਾ ਵਿੱਚ ਪੰਜਾਬੀ ਦੇ
ਮੈਂ ਵਸਦਾ ਵਿੱਚ ਪੰਜਾਬੀ ਦੇ, 'ਤੇ ਨੱਚਦਾ ਵਿੱਚ ਪੰਜਾਬੀ ਦੇ

ਮੈਂ ਪੜ੍ਹਦਾ ਰਹਾਂ ਪੰਜਾਬੀ ਨੂੰ, ਮੈਂ ਲਿਖਦਾ ਵਿੱਚ ਪੰਜਾਬੀ ਦੇ
ਮੇਰੀ ਮਾਂ ਪੰਜਾਬੀ ਬੋਲੀ ਏ, ਮੈਂ ਸਿੱਖਦਾ ਵਿੱਚ ਪੰਜਾਬੀ ਦੇ

ਮੇਰੀ ਭਾਸ਼ਾ ਰੱਬੋਂ ਆਈ ਏ, ਜੋ ਸ਼ਹਿਦ ਦੇ ਨਾਲੋਂ ਮਿੱਠੀ ਏ
ਐਸੀ ਭਾਸ਼ਾ ਹੋਰ ਜਹਾਨ ਉੱਤੇ, ਅੱਜ ਤਾਂਈ ਕਿਸੇ ਨਾ ਡਿੱਠੀ ਏ

ਇਹ ਭਾਸ਼ਾ ਸੱਚੇ ਨਾਨਕ ਦੀ, ਨਾਲ਼ੇ ਬੁੱਲੇ, ਵਾਰਸ, ਯਾਰ ਦੀ
ਸ਼ਿਵ, ਪਾਸ਼, ਅੰਮ੍ਰਿਤਾ ਪੀਤਮ ਤੇ, ਮੋਹਨ ਸਿੰਘ ਸਰਦਾਰ ਦੀ

ਧਨੀ ਰਾਮ ਤੇ ਭਾਈ ਵੀਰ ਸਿੰਘ, ਹਾਂ ਬਾਹੂ ਅਤੇ ਦਮੋਦਰ ਦੀ
ਸੁਬਾਹ ਨੂੰ 'ਜਪੁ ਜੀ' ਪੜ੍ਹਦੇ ਹਾਂ, ਸ਼ਾਮ ਨੂੰ ਬਾਣੀ 'ਸੋ ਦਰ' ਦੀ

ਅੱਜ ਮਾਂ ਬੋਲੀ ਦੀ ਇੱਜ਼ਤ ਲਈ, ਸ਼ਬਦਾਂ ਨੂੰ ਸੁੱਚਾ ਕਰਦੇ ਜੋ
ਅੱਜ ਲੱਖਾਂ ਹੀਰੇ ਚਮਕਣ ਉਹ, ਨਾਂ ਇਸ ਦਾ ਉੱਚਾ ਕਰਦੇ ਜੋ

ਕੁਝ ਮਾਂ ਤੋਂ ਨਾਬਰ ਵੀ ਹੋਏ, ਉਹ ਮੈਨੂੰ ਗੁਮਰਾਹ ਲੱਗਦੇ ਨੇ
ਜੋ ਮਾਂ ਦੀ ਥਾਂ ਬਗਾਨੀ ਨੂੰ, ਹੁਣ ਆਪਣੀ ਮਾਂ ਹੀ ਦੱਸਦੇ ਨੇ

ਮੁੜ ਆਓ ਹੁਣ ਵੀ ਘਰ ਵੱਲੇ, ਅਜੇ ਸ਼ਾਮ ਸਮੇਂ ਦੀ ਨਹੀਂ ਹੋਈ
ਨਾ ਬੇਰ ਹੀ ਡੁੱਲ੍ਹੇ ਬਿਗੜੇ ਨੇ, ਨਾ ਮਾਂ ਹੀ ਸਾਡੀ ਹੈ ਮੋਈ

ਮਾਂ ਜ਼ਖ਼ਮੀ ਆਪਣੇ ਹੱਥੀਂ ਹੀ, ਅਸੀਂ ਕਰ ਬੈਠੇ ਹਾਂ ਖੁਦ ਯਾਰੋ
ਕਿਸੇ ਵੈਦ ਦੀ ਕੋਈ ਲੋੜ ਨਹੀਂ, ਬੇਦਾਗ਼ ਹੈ ਚਾਹੁੰਦੀ ਦੁੱਧ ਯਾਰੋ

ਕਿੰਝ ਮੋੜੇਂਗਾ ਦੱਸ ਜਾਈਂ, ਮੁੱਲ ਮਾਂ ਦੀ ਕਰਣੀ ਦਾ ਚੰਨਾ
ਕੁਝ ਲਹੂ ਤੇਰੇ ਦੀ ਲੋੜ ਪਈ, ਆ ਭਰ ਜਾ ਖਾਲੀ ਇਹ ਛੰਨਾ
ਕੁਝ ਲਹੂ ਤੇਰੇ ਦੀ ਲੋੜ ਪਈ.....
 
Top