ਭਾਰਤ ਦਾ ਸਖ਼ਤ ਰੁਖ-ਅਮਰੀਕੀ ਕੂਟਨੀਤਕਾਂ ਤੋਂ ਵਾਪਸ &#26

[JUGRAJ SINGH]

Prime VIP
Staff member
ਨਵੀਂ ਦਿੱਲੀ, 17 ਦਸੰਬਰ (ਪੀ. ਟੀ. ਆਈ.)-ਨਿਊਯਾਰਕ ਵਿਚ ਭਾਰਤ ਦੀ ਡਿਪਟੀ ਕੌਂਸਿਲ ਜਨਰਲ ਨਾਲ ਕੀਤੇ ਮਾੜੇ ਵਰਤਾਅ ਦੇ ਵਿਰੋਧ ਵਿਚ ਜਵਾਬੀ ਕਾਰਵਾਈ ਤਹਿਤ ਭਾਰਤ ਨੇ ਇਥੇ ਤਾਇਨਾਤ ਅਮਰੀਕੀ ਕੌਂਸਲਖਾਨੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਸ਼ਨਾਖਤੀ ਕਾਰਡ ਵਾਪਸ ਦੇਣ ਲਈ ਕਿਹਾ ਹੈ। ਸਰਕਾਰ ਦੀ ਇਹ ਕਾਰਵਾਈ ਅਮਰੀਕੀ ਅਧਿਕਾਰੀਆਂ ਨੂੰ ਮਿਲੀ ਛੋਟ ਅਤੇ ਲਾਭ ਦੇ ਮੁੜ ਜਾਇਜ਼ੇ ਦਾ ਪੂਰਵ ਸੰਕੇਤ ਹੋ ਸਕਦੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਅਮਰੀਕਾ ਨੂੰ ਕਿਹਾ ਕਿ ਉਸ ਦੇ ਭਾਰਤ ਸਥਿਤ ਕੌਂਸਲਖਾਨੇ ਵਿਚ ਤਾਇਨਾਤ ਅਧਿਕਾਰੀਆਂ ਨੂੰ ਦਿੱਤੇ ਸ਼ਨਾਖਤੀ ਕਾਰਡ ਵਾਪਸ ਮੋੜ ਦਿੱਤੇ ਜਾਣ। ਸਮਝਿਆ ਜਾਂਦਾ ਹੈ ਕਿ ਸਰਕਾਰ ਅਮਰੀਕੀ ਕੂਟਨੀਤਕਾਂ ਨੂੰ ਮਿਲੀ ਛੋਟ ਅਤੇ ਲਾਭਾਂ 'ਤੇ ਨਜ਼ਰਸਾਨੀ ਕਰਨ ਦਾ ਇਰਾਦਾ ਰੱਖਦੀ ਹੈ। ਸਰਕਾਰ ਨੇ ਅਮਰੀਕੀ ਦੂਤਘਰ ਅਤੇ ਕੌਂਸਲਖਾਨੇ ਦੇ ਕੂਟਨੀਤਕ ਤੋਂ ਸਾਰੇ ਏਅਰਪੋਰਟ ਪਾਸ ਵੀ ਵਾਪਸ ਲੈ ਲਏ ਹਨ। ਦਿੱਲੀ ਵਿਚ ਪੁਲਿਸ ਚੌਕੀ ਤੋਂ ਬਿਨਾਂ ਅਮਰੀਕੀ ਦੂਤਘਰ ਦੇ ਨੇੜੇ ਲਾਏ ਸਾਰੇ ਟਰੈਫਿਕ ਨਾਕੇ ਚੁੱਕ ਲਏ ਜਾਣਗੇ। ਸਰਕਾਰ ਨੇ ਅਮਰੀਕੀ ਸਕੂਲਾਂ ਵਿਖੇ ਸਾਰੇ ਅਧਿਆਪਕਾਂ ਦੇ ਵੀਜ਼ੇ ਅਤੇ ਦੂਸਰੇ ਵੇਰਵੇ ਅਤੇ ਇਨ੍ਹਾਂ ਸਕੂਲਾਂ ਵਿਚ ਕੰਮ ਕਰਦੇ ਭਾਰਤੀਆਂ ਦੀਆਂ ਤਨਖਾਹਾਂ ਅਤੇ ਬੈਂਕ ਖਾਤਿਆਂ ਦੇ ਵੇਰਵੇ ਵੀ ਮੰਗੇ ਹਨ। ਸਰਕਾਰ ਨੇ ਸ਼ਰਾਬ ਸਮੇਤ ਅਮਰੀਕੀ ਦੂਤਘਰ ਲਈ ਸਾਰੀਆਂ ਦਰਾਮਦਾਂ ਨੂੰ ਪ੍ਰਵਾਨਗੀ ਰੋਕ ਦਿੱਤੀ ਹੈ। ਇਹ ਰਿਪੋਰਟਾਂ ਮਿਲਣ ਪਿੱਛੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ ਕਿ ਕੂਟਨੀਤਕ ਦੀ ਕਪੜੇ ਉਤਾਰ ਕੇ ਤਲਾਸ਼ੀ ਲਈ ਗਈ ਅਤੇ ਹਿਰਾਸਤ ਵਿਚ ਲੈਣ ਪਿੱਛੋਂ ਨਸ਼ੇੜੀਆਂ ਦੇ ਨਾਲ ਰੱਖਿਆ ਗਿਆ। ਕੂਟਨੀਤਕ ਦਾ ਡੀ. ਐਨ. ਏ. ਨਮੂਨਾ ਲੈਣ ਦੀ ਵੀ ਖ਼ਬਰ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਹਫਤੇ ਨਿਊਯਾਰਕ 'ਚ ਵੀਜ਼ਾ ਘੁਟਾਲੇ ਵਿਚ ਭਾਰਤ ਦੀ ਡਿਪਟੀ ਕੌਂਸਲ ਜਨਰਲ ਦੇਵਯਾਨੀ ਨੂੰ ਗ੍ਰਿਫਤਾਰ ਕਰਕੇ ਸ਼ਰੇਆਮ ਹੱਥਕੜੀਆਂ ਲਾਈਆਂ ਸਨ। 39 ਸਾਲਾ 1999 ਬੈਚ ਦੀ ਆਈ ਐਫ. ਐਸ. ਅਧਿਕਾਰੀ ਖੋਬਰਾਗੈਡੇ ਨੂੰ ਆਪਣੀ ਪੁੱਤਰੀ ਸਕੂਲ ਛੱਡਣ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਢਾਈ ਲੱਖ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਅਮਰੀਕਾ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਨੈਨਸੀ ਪਾਵਲ ਨੂੰ ਤਲਬ ਕਰਕੇ ਸਖਤ ਇਤਰਾਜ਼ ਪ੍ਰਗਟ ਕੀਤਾ ਸੀ।
ਮਾਮਲਾ ਗੰਭੀਰਤਾ ਨਾਲ ਲਿਆ : ਖੁਰਸ਼ੀਦ
ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਨਿਊਯਾਰਕ ਵਿਚ ਭਾਰਤੀ ਕੂਟਨੀਤਕ ਖੋਬਰਾਗੈਡੇ ਨਾਲ ਅਮਰੀਕੀ ਅਧਿਕਾਰੀਆਂ ਵਲੋਂ ਕੀਤੇ ਵਰਤਾਅ ਨੂੰ ਉਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਸਹਿਣਯੋਗ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਨਰਾਜ਼ਗੀ ਜ਼ਾਹਿਰ ਕਰਨ ਲਈ ਹਰ ਸੰਭਵ ਕਾਰਵਾਈ ਕੀਤੀ ਜਾ ਰਹੀ ਹੈ। ਜੋ ਕੁਝ ਕਰਨ ਦੀ ਲੋੜ ਹੈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਮਾਮਲੇ ਨੂੰ ਸੁਲਝਾਉਣ ਲਈ ਜੋ ਕੁਝ ਸਾਨੂੰ ਕਰਨ ਦੀ ਲੋੜ ਹੈ, ਅਸੀਂ ਕਰ ਰਹੇ ਹਾਂ।
ਅਮਰੀਕੀ ਵਫਦ ਨੂੰ ਮਿਲਣ ਤੋਂ ਇਨਕਾਰ
ਇਸੇ ਦੌਰਾਨ ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੈਡੇ ਨਾਲ ਅਮਰੀਕੀ ਅਧਿਕਾਰੀਆਂ ਵਲੋਂ ਕੀਤੇ ਮਾੜੇ ਵਰਤਾਅ ਦੇ ਵਿਰੋਧ ਵਿਚ ਅਮਰੀਕੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਭਾਰਤ ਦੇ ਦੌਰੇ 'ਤੇ ਆਏ ਅਮਰੀਕੀ ਕਾਂਗਰਸ ਮੈਂਬਰਾਂ ਦੇ ਪੰਜ ਮੈਂਬਰੀ ਵਫਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਵੀ ਵਫਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਕਲ੍ਹ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਅਮਰੀਕੀ ਵਫਦ ਨਾਲ ਮੀਟਿੰਗ ਰੱਦ ਕਰ ਦਿੱਤੀ ਸੀ।
ਗ੍ਰਹਿ ਮੰਤਰੀ ਨੂੰ ਮਿਲੇ ਪਿਤਾ
ਅਮਰੀਕਾ ਵਿਚ ਵੀਜ਼ਾ ਘੁਟਾਲੇ ਵਿਚ ਗ੍ਰਿਫਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕੀਤੀ ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੈਡੇ ਦੇ ਪਿਤਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ ਅਤੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਿੰਦੇ ਨੂੰ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਸ੍ਰੀ ਸ਼ਿੰਦੇ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਅਤੇ ਸਮੁੱਚੀ ਸਰਕਾਰ ਤੁਹਾਡੇ ਨਾਲ ਹੈ।
 
Top