ਗੱਲਬਾਤ ਮੁੜ ਸ਼ੁਰੂ ਕਰਨ ਲਈ ਪਾਕਿ ਵੱਲੋਂ ਨਵੀਆਂ ਤਜ&#26

[JUGRAJ SINGH]

Prime VIP
Staff member

ਇਸਲਾਮਾਬਾਦ -ਪਾਕਿਸਤਾਨ ਨੇ ਰੁਕੀ ਹੋਈ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੌਲੀ ਹੌਲੀ ਹੱਲ ਕਰਨ ਦੇ ਉਦੇਸ਼ ਨਾਲ ਭਾਰਤ ਨੂੰ ਨਵੀਆਂ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਰੋਜ਼ਾਨਾ 'ਦੀ ਐਕਸਪ੍ਰੈਸ ਟ੍ਰਿਬਿਊਨ' ਨੇ ਆਪਣੀ ਇਕ ਰਿਪੋਰਟ 'ਚ ਲਿਖਿਆ ਕਿ ਇਹ ਤਜਵੀਜ਼ਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਤਾਰਿਕ ਫਤੇਮੀ ਨੇ ਭਾਰਤੀ ਧਿਰ ਨੂੰ ਵੀਰਵਾਰ ਸੌਂਪੀਆਂ ਹਨ। ਇਹ ਤਜਵੀਜ਼ਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਆਪਣੇ ਭਾਰਤ ਦੇ ਹਮਰੁਤਬਾ ਡਾ. ਮਨਮੋਹਨ ਸਿੰਘ ਨੂੰ ਪਾਕਿਸਤਾਨ ਦੇ ਦੌਰੇ ਦਾ ਸੱਦਾ ਦੇਣ ਸਬੰਧੀ ਇਕ ਪੱਤਰ ਵਿਚ ਪੇਸ਼ ਕੀਤੀਆਂ ਗਈਆਂ। ਅਖ਼ਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਪੱਤਰ ਵਿਚ ਦੋਵਾਂ ਧਿਰਾਂ ਵਿਚਕਾਰ ਰੁਕੀ ਸ਼ਾਂਤੀ ਪ੍ਰਕਿਰਿਆ ਮੁੜ ਸੁਰਜੀਤ ਕਰਨ ਦੀ ਰੂਪਰੇਖਾ ਸ਼ਾਮਿਲ ਹੈ। ਸ੍ਰੀ ਫਤੇਮੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੇ ਵਫਦ ਵਿਚ ਸ਼ਾਮਿਲ ਹੈ ਜਿਸ ਨੇ ਪਹਿਲਾਂ ਦਿੱਲੀ ਦਾ ਦੌਰਾ ਕੀਤਾ ਅਤੇ ਹੁਣ ਚੜ੍ਹਦੇ ਪੰਜਾਬ ਦਾ ਦੌਰਾ ਕਰ ਰਿਹਾ ਹੈ। ਇਸ ਰੂਪ ਰੇਖਾ ਤਹਿਤ ਪਾਕਿਸਤਾਨ ਨੇ ਸੰਯੁਕਤ ਗੱਲਬਾਤ ਮੁੜ ਸ਼ੁਰੂ ਕਰਨ ਦੇ ਰਸਤੇ ਵਿਚ ਆਉਂਦੇ ਮਤਭੇਦਾਂ ਨੂੰ ਦੂਰ ਕਰਨ ਲਈ ਕੌਮੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਮੀਟਿੰਗ ਦਾ ਪ੍ਰਸਤਾਵ ਕੀਤਾ ਹੈ। ਬੁੱਧਵਾਰ ਭਾਰਤੀ ਰਾਜਦੂਤ ਨਾਲ ਮੀਟਿੰਗ ਸਮੇਂ ਨਵਾਜ਼ ਸ਼ਰੀਫ ਨੇ ਪ੍ਰਸਤਾਵ ਕੀਤਾ ਸੀ ਕਿ ਅੱਤਵਾਦ 'ਤੇ ਚਰਚਾ ਕਰਨ ਅਤੇ ਦੋਵਾਂ ਧਿਰਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਕੌਮੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਮੀਟਿੰਗਾਂ ਲਈ ਸੰਸਥਾਗਤ ਢਾਂਚਾ ਕਾਇਮ ਹੋਣਾ ਚਾਹੀਦਾ ਹੈ। ਪੱਤਰ ਵਿਚ ਸ੍ਰੀ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਸਬੰਧ ਸੁਧਾਰਨ ਲਈ ਵਾਧੂ ਕਦਮ ਚੁੱਕਣ ਲਈ ਤਿਆਰ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰ ਕਰੀਕ ਅਤੇ ਸਿਆਚਿਨ ਵਰਗੇ ਮੁੱਦੇ ਪਿਛਲੇ ਦਰਵਾਜੇ, ਭਾਵ ਗੁਪਤ ਕੂਟਨੀਤੀ ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ। ਵਿਦੇਸ਼ ਮੰਤਰਾਲੇ ਦੇ ਗੁੰਮਨਾਮ ਅਧਿਕਾਰੀ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਕਿ ਜੇਕਰ ਦੋਵੇਂ ਦੇਸ਼ ਸਿਆਸੀ ਇੱਛਾ ਸ਼ਕਤੀ ਦਿਖਾਉਣ ਤਾਂ ਇਹ ਮੁੱਦੇ ਹੱਲ ਹੋ ਸਕਦੇ ਹਨ। ਅਧਿਕਾਰੀ ਨੇ ਅੱਗੇ ਦਾਅਵਾ ਕੀਤਾ ਕਿ ਸਰ ਕਰੀਕ ਅਤੇ ਸਿਆਚਿਨ ਦੇ ਮੁੱਦਿਆਂ ਦਾ ਹੱਲ ਹੋਣ ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ ਕਸ਼ਮੀਰ ਮੁੱਦੇ ਦੇ ਹੱਲ ਦਾ ਰਾਹ ਸਾਫ ਹੋ ਸਕਦਾ ਹੈ। ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਦੌਰੇ ਲਈ ਨਵਾਜ਼ ਸ਼ਰੀਫ ਦਾ ਰਸਮੀ ਸੱਦਾ ਪ੍ਰਵਾਨ ਕਰ ਲਿਆ ਹੈ। ਪਾਕਿਸਤਾਨੀ ਆਗੂ ਪਿਛਲੇ ਕੁਝ ਸਾਲਾਂ ਤੋਂ ਮਨਮੋਹਨ ਸਿੰਘ ਨੂੰ ਆਪਣੇ ਦੇਸ਼ ਦਾ ਦੌਰਾ ਕਰਨ ਲਈ ਸੱਦਾ ਦੇ ਰਹੇ ਹਨ ਪਰ ਭਾਰਤੀ ਆਗੂ ਦਾ ਕਹਿਣਾ ਕਿ ਉਨ੍ਹਾਂ ਦਾ ਦੌਰਾ ਅੱਤਵਾਦ ਅਤੇ ਕੰਟਰੋਲ ਰੇਖਾਂ ਦੀ ਸਥਿਤੀ 'ਤੇ ਨਿਰਭਰ ਕਰੇਗਾ। ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਸ੍ਰੀ ਸ਼ਰੀਫ਼ ਦਾ ਸਦਭਾਵਨਾ ਸੰਦੇਸ਼ ਇਸ ਖੇਤਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਹਿੱਤ ਵਿਚ ਭਾਰਤ ਨਾਲ ਦੋਸਤਾਨਾ ਅਤੇ ਸਹਿਯੋਗ ਵਾਲੇ ਸਬੰਧ ਬਣਾਉਣ ਬਾਰੇ ਉਨ੍ਹਾਂ ਦੇ ਦੇਸ਼ ਦੀ ਇੱਛਾ ਦਾ ਪ੍ਰਗਟਾਵਾ ਹੈ।
 
Top