ਗੁਰਦੁਆਰਾ ਸੁਧਾਰ ਲਹਿਰ ਆਜ਼ਾਦੀ ਦੇ ਸੰਘਰਸ਼ 'ਚ ਕਿ&#26

6130-pic-by-post-by-20-9-1921-1921-14-20-1920.jpg

pic by: ਗੁਰਤੇਜ ਸਿੰਘ ਠੀਕਰੀਵਾਲਾ
ਗੁਰਦੁਆਰਾ ਸੁਧਾਰ ਲਹਿਰ ਆਜ਼ਾਦੀ ਦੇ ਸੰਘਰਸ਼ 'ਚ ਕਿਵੇਂ ਤਬਦੀਲ ਹੋਈ?

ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਸਿੱਖਾਂ ਨੂੰ ਦੋ ਵੱਡੀਆਂ ਔਕੜਾਂ ਦਰਪੇਸ਼ ਸਨ। ਪਹਿਲੀ ਤਾਂ ਇਹ ਸੀ ਕਿ ਸਿੱਖਾਂ ਦੀ ਖੁੱਸੀ ਬਾਦਸ਼ਾਹਤ ਉਪਰੰਤ ਸਿੱਖ ਪੰਥ ਅੰਦਰ ਰਾਜਨੀਤਕ ਪ੍ਰਭੂਤਾ ਦਾ ਵਿਚਾਰ ਅਤੇ ਜਜ਼ਬਾ ਧੁੰਧਲਾ ਪੈ ਰਿਹਾ ਸੀ। ਇਸ ਵਿਚ ਅੰਗਰੇਜ਼ਾਂ ਦੀ ਕੂਟਨੀਤੀ ਕੰਮ ਕਰ ਰਹੀ ਸੀ। ਸਿੱਖਾਂ ਵਿਚੋਂ ਕੌਮੀਅਤ ਦੀ ਭਾਵਨਾ ਦੀਆਂ ਬੁਨਿਆਦਾਂ ਨੂੰ ਖੋਰਾ ਲਾਉਣ ਦੇ ਯੁੱਧਨੀਤਕ ਮੰਤਵ ਨਾਲ ਸਿੱਖ ਫ਼ਲਸਫ਼ਾ, ਇਤਿਹਾਸ ਅਤੇ ਪ੍ਰੰਪਰਾ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦੇ ਯਤਨ ਅਰੰਭੇ ਗਏ। ਅੰਗਰੇਜ਼ੀ ਰਾਜ ਨੂੰ ਗੁਰੂ ਸਾਹਿਬਾਨ ਦੀ ਰਜ਼ਾ ਦੇ ਅਨੁਕੂਲ ਦਰਸਾਉਣ ਲਈ 'ਸੌ ਸਾਖੀ' ਵਰਗੀਆਂ ਗ਼ੈਰ-ਪ੍ਰਮਾਣਿਕ ਲਿਖਤਾਂ ਦਾ ਇਸਤੇਮਾਲ ਕੀਤਾ ਗਿਆ। ਇਸ ਲਿਖਤ ਦੇ ਨਵੀਂ ਐਡੀਸ਼ਨ ਵਿਚ ਉਚੇਚੇ ਤੌਰ 'ਤੇ ਅੰਗਰੇਜ਼ਾਂ ਅਤੇ ਸਿੱਖਾਂ ਦੁਆਰਾ ਰਲ ਕੇ ਦਿੱਲੀ ਨੂੰ ਜਿੱਤਣ ਦੀ ਭਵਿੱਖਬਾਣੀ ਕੀਤੀ ਦੱਸੀ ਗਈ। ਇਸ ਤਰ੍ਹਾਂ ਹੀ ਸਿੱਖ ਅਰਦਾਸ ਦੇ ਮੌਲਿਕ ਸਰੂਪ ਵਿਚ ਤਬਦੀਲੀ ਕਰਨ ਦਾ ਯਤਨ ਕੀਤਾ ਗਿਆ ਸੀ। ਖ਼ਾਸ ਤੌਰ 'ਤੇ ਅਰਦਾਸ ਪਿੱਛੋਂ ਪੜ੍ਹੇ ਜਾਂਦੇ ਦੋਹਰੇ ਵਿਚੋਂ 'ਰਾਜ ਕਰੇਗਾ ਖ਼ਾਲਸਾ' ਵਾਲੀਆਂ ਤੁਕਾਂ ਹਟਾ ਦਿਤੀਆਂ ਗਈਆਂ ਸਨ।

ਦੂਸਰੀ ਔਕੜ ਇਹ ਸੀ ਕਿ ਸਿੱਖ ਸਮਾਜ ਉਤੇ ਹਿੰਦੂ ਸਮਾਜ ਦੇ ਵਿਚਾਰਧਾਰਕ ਅਤੇ ਸੱਭਿਆਚਾਰਕ ਅਸਰ ਹਕੀਕਤ ਰੂਪ ਵਿਚ ਵਧ ਰਹੇ ਸਨ। ਸਿੱਖ ਪੰਥ ਦਾ ਪੜ੍ਹਿਆ-ਲਿਖਿਆ ਵਰਗ ਪਹਿਲੀ ਔਕੜ ਦੇ ਮਾਮਲੇ ਵਿਚ ਵਧੇਰੇ ਉਦਾਸੀਨ ਅਤੇ ਨਿਰਲੇਪ ਰਿਹਾ ਅਤੇ ਦੂਸਰੀ ਔਕੜ ਸਬੰਧੀ ਇਸ ਵਰਗ ਨੂੰ ਦ੍ਰਿੜ੍ਹ ਯਕੀਨ ਹੋ ਗਿਆ ਸੀ ਕਿ ਜੇਕਰ ਸਿੱਖ ਧਰਮ ਨੂੰ ਹਿੰਦੂਵਾਦ ਦੇ ਗ੍ਰਹਿਣ ਤੋਂ ਮੁਕਤ ਕਰਾਉਣ ਲਈ ਫੌਰੀ ਉਪਰਾਲੇ ਨਾ ਕੀਤੇ ਗਏ ਤਾਂ ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਬਚਾ ਕੇ ਰੱਖਣਾ ਨਾਮੁਮਕਿਨ ਹੋ ਜਾਵੇਗਾ। ਇਸ ਪ੍ਰਸੰਗ ਵਿਚ ਗੁਰਦੁਆਰਾ ਸੁਧਾਰ ਲਹਿਰ, ਜੋ ਆਪਣੇ ਉਦੇਸ਼ਾਂ ਪੱਖੋਂ ਸਿੰਘ ਸਭਾ ਲਹਿਰ ਹੀ ਅਨੁਸਾਰੀ ਸੀ, ਦੇ ਉਦੇਸ਼ਾਂ ਅਤੇ ਯਤਨਾਂ ਦਾ ਯੁਕਤੀ-ਸੰਗਤ ਅਧਿਐਨ ਕੀਤਾ ਜਾ ਸਕਦਾ ਹੈ।

ਆਜ਼ਾਦੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ 20ਵੀਂ ਸਦੀ ਦੇ ਅਰੰਭ ਵਿਚ ਇਕੋ ਸਮੇਂ ਹੀ ਆਪੋ-ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਭਾਰਤ ਵਿਚ ਸਰਗਰਮ ਹੋਈਆਂ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਉਦੇਸ਼ਾਂ ਵਿਚ ਇਕ ਮਦ ਇਹ ਵੀ ਸ਼ਾਮਿਲ ਸੀ ਕਿ ਸਿੱਖ ਪੁਨਰ-ਜਾਗ੍ਰਿਤੀ ਦੀ ਲਹਿਰ ਦੇ ਸਮੁੱਚੇ ਅਮਲ ਲਈ ਅੰਗਰੇਜ਼ ਸਰਕਾਰ ਤੋਂ ਹਰ ਸੰਭਵ ਸਹਇਤਾ ਲਈ ਜਾਵੇ। ਇਸ ਨੀਤੀ ਦਾ ਉਲਟ ਪਾਸਾ ਇਹ ਵੀ ਸੀ ਕਿ ਅੰਗਰੇਜ਼ਾਂ ਵਿਰੁੱਧ ਰਾਜਨੀਤਕ ਸਰਗਰਮੀ, ਭਾਰਤ ਦੇ ਹਿੰਦੂ ਵਰਗ ਨਾਲ ਰਾਜਸੀ ਸਾਂਝ ਗੰਢਣ ਦੀ ਅਟੱਲ ਲੋੜ ਪੈਦਾ ਕਰਦੀ ਸੀ। ਇਸ ਨਾਲ ਕੁਦਰਤੀ ਤੌਰ 'ਤੇ ਸਿੱਖ ਧਰਮ ਦੀ ਹਿੰਦੂਵਾਦ ਨਾਲੋਂ ਅੱਡਰੀ ਪਛਾਣ ਸਥਾਪਤ ਕਰਨ ਦੇ ਸਿਧਾਂਤਕ ਉੱਦਮ ਨੂੰ ਠੇਸ ਪਹੁੰਚਦੀ ਸੀ। ਇਨ੍ਹਾਂ ਦੋਵੇਂ ਕਾਰਜਾਂ ਦਾ ਨਾਲੋ-ਨਾਲ ਅਤੇ ਇਕੋ ਜਿੰਨੀ ਮਾਤਰਾ ਵਿਚ ਨਿਭਣਾ ਮੁਸ਼ਕਿਲ ਸੀ। ਦੋਵਾਂ ਵਿਚੋਂ ਕਿਸੇ ਇਕ ਨੂੰ ਤਰਜੀਹ ਦੇ ਕੇ ਹੀ ਚੱਲਿਆ ਜਾ ਸਕਦਾ ਸੀ।

ਗੁਰਦੁਆਰਾ ਸੁਧਾਰ ਲਹਿਰ ਸੁਭਾਵਿਕ ਹੀ ਸਰਕਾਰ-ਵਿਰੋਧੀ ਘੱਟ ਅਤੇ ਬ੍ਰਾਹਮਣਵਾਦ-ਵਿਰੋਧੀ ਜ਼ਿਆਦਾ ਸੀ, ਕਿਉਂਕਿ ਇਸ ਦਾ ਅਸਲ ਉਦੇਸ਼ ਗੁਰਦੁਆਰਿਆਂ ਵਿਚੋਂ ਪ੍ਰਚਲਿਤ ਬ੍ਰਾਹਮਣੀ ਰਹੁ-ਰੀਤਾਂ ਨੂੰ ਖ਼ਤਮ ਕਰਕੇ ਗੁਰ-ਮਰਿਆਦਾ ਦਾ ਪੁਨਰ-ਉਥਾਨ ਕਰਨਾ ਸੀ। ਪੰਜਾਬ ਸਰਕਾਰ ਨਾਲ ਇਸ ਲਹਿਰ ਦੀ ਤਕਰਾਰ ਦੀ ਸਥਿਤੀ ਵੀ ਉਦੋਂ ਤੋਂ ਪੈਦਾ ਹੋਣ ਲੱਗੀ, ਜਦੋਂ ਕਾਂਗਰਸ ਵਿਚ ਭਰਤੀ ਹੋਏ ਕੁਝ ਨਵੇਂ ਸਿੱਖ ਆਗੂਆਂ ਨੇ 9 ਮਈ 1921 ਈ: ਨੂੰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੁਕੱਦਮੇ ਵਿਚ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ। ਮਾਰਚ 1921 ਈ: ਦੇ ਸ਼ੁਰੂ ਵਿਚ ਮਹਾਤਮਾ ਗਾਂਧੀ ਅਤੇ ਸ਼ੌਕਤ ਅਲੀ ਨਨਕਾਣਾ ਸਾਹਿਬ ਪੁੱਜੇ, ਜਿਥੇ ਉਨ੍ਹਾਂ ਖ਼ਾਲਸਾ ਪੰਥ ਦੀ ਸ਼ਲਾਘਾ ਕਰਦਿਆਂ ਸਾਕੇ ਦੇ ਮੁਕੱਦਮੇ ਵਿਚ ਨਾ-ਮਿਲਵਰਤਨ ਕਰਨ ਪ੍ਰਥਾਇ ਇਕ ਘੰਟਾ ਤਕਰੀਰ ਕੀਤੀ ਅਤੇ ਬਾਅਦ ਵਿਚ ਲਾਲਾ ਲਾਜਪਤ ਰਾਇ ਨੇ ਵੀ ਉਥੇ ਆ ਕੇ ਸਿੱਖਾਂ ਨੂੰ ਗਾਂਧੀ ਜੀ ਦੇ ਪ੍ਰੋਗਰਾਮ 'ਤੇ ਚੱਲਣ ਦੀ ਤਾਕੀਦ ਕੀਤੀ, ਭਾਵੇਂ ਉਹ ਆਪ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਮਹਾਤਮਾ ਗਾਂਧੀ ਦੇ ਨਾ-ਮਿਲਵਰਨ ਦੇ ਪ੍ਰੋਗਰਾਮ ਨਾਲ ਅਸਹਿਮਤ ਸਨ।

ਇਨ੍ਹਾਂ ਤਕਰੀਰਾਂ ਦੇ ਅਸਰ ਹੇਠ ਮਾ: ਮੋਤਾ ਸਿੰਘ ਨੇ ਨਾ-ਮਿਲਵਰਤਨ ਦਾ ਮਤਾ ਪੇਸ਼ ਕਰ ਦਿੱਤਾ ਅਤੇ ਹਾਜ਼ਰ ਲੋਕਾਂ ਵੱਲੋਂ ਤਾਈਦ ਹੋ ਗਈ। ਭਾਵੇਂ ਇਸ ਲਹਿਰ ਦੇ ਸਿਰਕੱਢ ਆਗੂਆਂ ਸ: ਹਰਬੰਸ ਸਿੰਘ ਅਟਾਰੀ, ਭਾਈ ਜੋਧ ਸਿੰਘ ਅਤੇ ਕਰਤਾਰ ਸਿੰਘ ਝੱਬਰ ਨੇ ਮੀਟਿੰਗ ਵਿਚ ਇਸ ਮਤੇ ਨੂੰ ਪਾਸ ਕਰਨ ਦਾ ਵਿਰੋਧ ਵੀ ਕੀਤਾ ਸੀ। ਇਹ ਆਗੂ ਗੁਰਦੁਆਰਿਆਂ ਵਿਚ ਪੂਰਨ ਸੁਧਾਰ ਲਈ ਬ੍ਰਿਟਿਸ਼ ਸਰਕਾਰ ਤੋਂ ਹਰ ਸੰਭਵ ਸਹਾਇਤਾ ਲੈਣੀ ਮੁਨਾਸਿਬ ਸਮਝਦੇ ਸਨ। ਇਸ ਮੰਤਵ ਲਈ ਉਹ ਇਸ ਲਹਿਰ ਨੂੰ ਨਿਰੋਲ ਧਾਰਮਿਕ ਦੱਸਦੇ ਹੋਏ ਸਮਕਾਲੀ ਰਾਜਨੀਤਕ ਸਰੋਕਾਰਾਂ (ਆਜ਼ਾਦੀ ਅੰਦੋਲਨ) ਤੋਂ ਵੀ ਅਲਹਿਦਾ ਰੱਖਣਾ ਚਾਹੁੰਦੇ ਸਨ। ਇਨ੍ਹਾਂ ਆਗੂਆਂ ਅਨੁਸਾਰ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਜਾਂ ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਖੋਹਣ ਲਈ ਸਰਕਾਰ ਦੀ ਸਹਾਇਤਾ ਲੈਣੀ ਜ਼ਰੂਰੀ ਸੀ। ਇਨ੍ਹਾਂ ਆਗੂਆਂ ਦਾ ਇਹ ਵੀ ਵਿਚਾਰ ਸੀ ਕਿ ਜੇ ਗੁਰਦੁਆਰਿਆਂ 'ਤੇ ਕਾਬਜ਼ ਮਹੰਤ ਕਾਨੂੰਨਨ ਸਰਗਰਮ ਹੋ ਗਏ ਅਤੇ ਅਸੀਂ ਮੁਕਾਬਲੇ 'ਤੇ ਨਾ ਖਲੋਤੇ ਤਾਂ ਜ਼ਰੂਰ ਫੈਸਲੇ ਸਾਡੇ ਬਰਖਿਲਾਫ਼ ਹੋਣਗੇ।

ਕਿੰਤੂ ਮਤਾ ਪਾਸ ਹੋ ਜਾਣ ਨਾਲ ਸਰਕਾਰ, ਜੋ ਪਹਿਲਾਂ ਇਸ ਲਹਿਰ ਨੂੰ ਕੇਵਲ ਧਾਰਮਿਕ ਸਮਝਦੀ ਸੀ, ਹੁਣ ਆਪਣਾ ਰਾਜਸੀ ਵਿਰੋਧੀ ਸਮਝਣ ਲੱਗੀ ਅਤੇ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਅਰੰਭ ਹੋ ਗਈਆਂ। ਕਰਤਾਰ ਸਿੰਘ ਝੱਬਰ ਸਮੇਤ ਕਈ ਆਗੂਆਂ ਨੂੰ ਫੜ ਕੇ ਉਨ੍ਹਾਂ ਵਿਰੁੱਧ ਮੁਕੱਦਮੇ ਚਲਾਏ ਗਏ। ਕਾਂਗਰਸੀ ਸਿੱਖ ਆਗੂ ਸਰਦੂਲ ਸਿੰਘ ਕਵੀਸ਼ਰ, ਅਮਰ ਸਿੰਘ ਝਬਾਲ, ਮਾ: ਸੁੰਦਰ ਸਿੰਘ ਲਾਇਲਪੁਰੀ ਆਦਿ ਨਾ-ਮਿਲਵਰਤਨ ਦੇ ਹੱਕ ਵਿਚ ਸਨ, ਜਦਕਿ ਚੀਫ਼ ਖ਼ਾਲਸਾ ਦੀਵਾਨ ਇਸ ਮਤੇ ਦਾ ਵਿਰੋਧੀ ਸੀ। ਦੋਵਾਂ ਧੜਿਆਂ ਦੇ ਆਪਸੀ ਫ਼ੈਸਲੇ ਅਨੁਸਾਰ ਜਿਨ੍ਹਾਂ 'ਤੇ ਮੁਕੱਦਮੇ ਬਣੇ, ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਮੁਕੱਦਮਿਆਂ ਵਿਚ ਕੀ ਕਰਨਾ ਚਾਹੀਦਾ ਹੈ? ਤਾਂ ਸਾਰਿਆਂ ਤਰਫ਼ੋਂ ਜਵਾਬ ਦਿੰਦੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਸਾਡਾ ਸਰਕਾਰ ਨਾਲ ਕੋਈ ਰਾਜਨੀਤਕ ਮੋਰਚਾ ਨਹੀਂ ਹੈ ਅਤੇ ਨਾ ਹੀ ਇਹ ਹਿੰਦੂ-ਮੁਸਲਮਾਨਾਂ ਦਾ ਸਾਂਝਾ ਅੰਦੋਲਨ ਹੈ, ਇਹ ਤਾਂ ਸਾਡਾ ਧਾਰਮਿਕ ਮਸਲਾ ਹੈ। ਅਸੀਂ ਨਾ-ਮਿਲਵਰਤਨ ਦੇ ਪ੍ਰੋਗਰਾਮ ਨੂੰ ਨਹੀਂ ਚਲਾਉਣਾ ਚਾਹੁੰਦੇ।

ਆਜ਼ਾਦੀ ਲਹਿਰ ਦੇ ਆਗੂਆਂ ਦੀਆਂ ਨੀਤੀਆਂ ਅਤੇ ਕਾਫ਼ੀ ਹੱਦ ਤੱਕ ਉਦੇਸ਼ਾਂ ਨਾਲ ਅਸਹਿਮਤੀ ਰੱਖਦੇ ਸਰਕਾਰ ਨਾਲ ਮਿਲਵਰਤਨ ਰੱਖਣ ਦੇ ਹਾਮੀ ਆਗੂ ਸਿੱਖ ਧਾਰਮਿਕ ਮਸਲਿਆਂ ਨੂੰ ਬੜੀ ਸੰਜੀਦਗੀ ਅਤੇ ਦੂਰਅੰਦੇਸ਼ੀ ਨਾਲ ਨਜਿੱਠਣਾ ਜ਼ਰੂਰੀ ਦੱਸਦੇ ਹੋਏ ਦੋ ਤੱਥਾਂ ਨੂੰ ਪੂਰਨ ਤੌਰ 'ਤੇ ਅਸਰਅੰਦਾਜ਼ ਕਰਕੇ ਚੱਲ ਰਹੇ ਸਨ-ਇਕ ਇਹ ਕਿ ਅੰਗਰੇਜ਼ ਸਰਕਾਰ ਨਾਲ ਕਿਸੇ ਕਿਸਮ ਦਾ ਟਕਰਾਅ ਸਿੱਖ ਕੌਮ ਦੇ ਹਿਤ ਵਿਚ ਨਹੀਂ, ਖ਼ਾਸ ਕਰਕੇ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਧਾਰਮਿਕ ਹਿਤਾਂ ਤਰਫੋਂ ਵੀ ਅਸੁਰੱਖਿਅਤ ਸਿੱਖ ਕੌਮ ਲਈ ਅਜਿਹਾ ਸੰਭਵ ਨਹੀਂ ਸੀ। ਸੋ, ਅੰਗਰੇਜ਼ ਸਰਕਾਰ ਦੇ ਮਿਲਵਰਤਨ ਨਾਲ ਹੀ ਆਪਣੀ ਵੱਖਰੀ ਧਾਰਮਿਕ ਪਛਾਣ ਬਣਾ ਕੇ ਰੱਖੀ ਜਾਵੇ ਅਤੇ ਰਾਜਸੀ ਹੱਕ ਪ੍ਰਾਪਤ ਕੀਤੇ ਜਾਣ। ਦੂਸਰਾ ਇਹ ਸੀ ਕਿ ਆਜ਼ਾਦੀ ਦੀ ਲੜਾਈ ਵਿਚ ਉਸ ਕੱਟੜਪੰਥੀ (ਹਿੰਦੂ) ਵਰਗ ਨਾਲ ਮਿਲ ਕੇ ਚੱਲਣਾ ਪੈਣਾ ਸੀ, ਜੋ ਪਿਛਲੀ ਇਕ ਸਦੀ ਤੋਂ ਸਿੱਖਾਂ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਨੀਤੀ ਅਪਣਾ ਕੇ ਨਾਲ ਚੱਲ ਰਿਹਾ ਸੀ, ਕਿਉਂਕਿ ਇਤਿਹਾਸ ਵਿਚ ਯੂਨਾਨੀ, ਸਿਥੀਅਨ, ਚੀਨੀ, ਜੂਟਸ, ਹੂਨਸ ਆਦਿ ਅਤੇ ਇਥੋਂ ਦੇ ਉਤਪੰਨ ਹੋਏ ਬੋਧੀ, ਜੈਨੀ ਅਤੇ ਕਈ ਭਗਤ ਸੰਪਰਦਾਵਾਂ ਹਿੰਦੂ ਮਤ ਵਿਚ ਜਜ਼ਬ ਹੋ ਚੁੱਕੇ (ਕੀਤੇ ਗਏ) ਸਨ।
ਅਜਿਹਾ ਤੌਖਲਾ ਸਿੱਖ ਆਗੂਆਂ ਦੇ ਮਨਾਂ ਵਿਚ ਵੀ ਬਣਿਆ ਹੋਇਆ ਸੀ। ਜਿਥੇ ਤੱਕ ਇਨ੍ਹਾਂ ਆਗੂਆਂ ਪ੍ਰਥਾਇ ਆਜ਼ਾਦੀ ਦੀ ਲਹਿਰ ਦਾ ਸਵਾਲ ਹੈ ਤਾਂ ਇਹ ਸਿੱਖ ਰਾਜ ਖੁੱਸਣ ਉਪਰੰਤ ਆਜ਼ਾਦੀ ਦੀ ਇੱਛਾ ਨਾ ਖ਼ਤਮ ਹੋਣ ਦੇ ਵਿਚਾਰਾਂ ਦਾ ਇਜ਼ਹਾਰ ਕਰਦੇ ਸਨ ਅਤੇ ਇਨ੍ਹਾਂ ਆਗੂਆਂ ਦੀਆਂ ਬੇਬਾਕ ਟਿੱਪਣੀਆਂ ਹੁੰਦੀਆਂ ਸਨ ਕਿ ਆਜ਼ਾਦੀ ਦੀ ਲਹਿਰ ਨਾਲੋਂ ਅਲਹਿਦਗੀ ਦਾ ਅਰਥ ਕਦਾਚਿਤ ਇਹ ਨਹੀਂ ਲੈਣਾ ਚਾਹੀਦਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੂੰ ਆਜ਼ਾਦੀ ਨਾਲ ਕੋਈ ਸਰੋਕਾਰ ਨਹੀਂ ਸੀ। ਇਸ ਲਹਿਰ ਦੇ ਸਰਕਰਦਾ ਆਗੂ ਭਾਈ ਜੋਧ ਸਿੰਘ ਨੇ 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦਿੱਲੀ ਵਿਚ ਆਪਣੀ ਤਕਰੀਰ ਰਾਹੀਂ ਆਜ਼ਾਦੀ ਬਾਬਤ ਕੌਮੀ ਤਾਕਤ ਪੈਦਾ ਹੋਣ ਦੀ ਖ਼ਾਹਿਸ਼ ਰੱਖਣ ਦੇ ਇਰਾਦੇ ਨੂੰ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਸਾਡੇ ਵਿਚ ਆਜ਼ਾਦੀ ਦਾ ਖ਼ਿਆਲ ਨਾ ਹੋਣ ਦਾ ਭਾਵ ਮੁਰਦਾ ਹੋਣਾ ਹੈ। ਕਿੰਤੂ ਇਸ ਕਾਰਜ ਲਈ ਕੌਮ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਇਸ ਲਈ ਵਿੱਦਿਆ ਦੇ ਪ੍ਰਸਾਰ ਦਾ ਕਾਰਜ ਸਿੱਖ ਕੌਮ ਲਈ ਪ੍ਰਮੁੱਖ ਹੋਣਾ ਚਾਹੀਦਾ ਹੈ। ਗੁਰਦੁਆਰਾ ਸੁਧਾਰ ਲਹਿਰ ਅਤੇ ਆਜ਼ਾਦੀ ਲਹਿਰ ਵਿਚੋਂ ਗੁਰਦੁਆਰਾ ਸੁਧਾਰ ਲਹਿਰ ਦੇ ਮਸਲਿਆਂ ਨੂੰ ਤਰਜੀਹ ਦੇਣ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੀ ਸਿੱਖ ਲੀਡਰਸ਼ਿਪ ਸਿੱਖ ਜਗਤ ਨੂੰ ਸੁਚੇਤ ਕਰ ਰਹੀ ਸੀ ਕਿ ਇਸ ਨਾਲ ਸਾਡੀ ਸਦੀਵੀ ਕੌਮੀ ਹੋਂਦ ਬਣੇ ਰਹਿਣ ਦਾ ਸਰੋਕਾਰ ਜੁੜਿਆ ਹੋਇਆ ਹੈ। ਇਸ ਲਈ ਆਜ਼ਾਦੀ ਦੀ ਲਹਿਰ ਦੇ ਅੰਤਰਗਤ ਵੀ ਹਰ ਕਦਮ ਪਹਿਲਾਂ ਆਪਣੇ-ਆਪ ਨੂੰ ਸਿੱਖ ਅਤੇ ਬਾਅਦ ਵਿਚ ਹਿੰਦੁਸਤਾਨੀ ਸਮਝ ਕੇ ਚੁੱਕਣਾ ਚਾਹੀਦਾ ਹੈ। ਦੇਸ਼ ਦੀ ਆਜ਼ਾਦੀ ਬਾਬਤ ਉਕਤ ਵਿਚਾਰ ਸਿਰਫ਼ ਸਿੱਖਾਂ ਦੇ ਹਿਤ ਵਿਚ ਹੀ ਨਹੀਂ ਸਨ, ਸਗੋਂ ਆਜ਼ਾਦੀ ਦੀ ਲਹਿਰ ਦੇ ਵੀ ਹੱਕ ਵਿਚ ਸਨ, ਕਿਉਂਕਿ ਸਿੱਖ ਕੌਮੀ ਤੌਰ 'ਤੇ ਆਪਣੀ ਮਜ਼ਬੂਤੀ ਸਥਾਪਤ ਕਰਕੇ ਹੀ ਦੇਸ਼ ਲਈ ਲਾਭਦਾਇਕ ਹੋ ਸਕਦੇ ਹਨ।

ਇਸ ਤਰ੍ਹਾਂ ਦੇਸ਼ ਅਤੇ ਕੌਮ ਦੀ ਅਲੱਗ-ਅਲੱਗ ਹੋਂਦ ਤੇ ਪਛਾਣ ਅਤੇ ਹਿੰਦੁਸਤਾਨ ਦੇ 'ਇਕ ਬਹੁ-ਕੌਮੀ ਦੇਸ਼' ਹੋਣ ਦੇ ਤੱਥ ਨੂੰ ਪੇਸ਼ ਕਰਦਿਆਂ ਇਨ੍ਹਾਂ ਆਗੂਆਂ ਦਾ ਵਿਚਾਰ ਸੀ ਕਿ ਜੇ ਇਸ ਦੇਸ਼ ਦੀ ਇਕ ਨੀਂਹ (ਸਿੱਖ ਕੌਮ) ਕਮਜ਼ੋਰ ਹੋਵੇਗੀ ਤਾਂ ਇਸ ਦਾ ਨੁਕਸਾਨ ਦੇਸ਼ ਨੂੰ ਵੀ ਹੋਵੇਗਾ। ਪਰ ਕਾਂਗਰਸੀ ਆਗੂ ਕੁਝ ਸਿੱਖ ਆਗੂਆਂ ਨੂੰ ਇਸ ਮੁੱਦੇ ਤੋਂ ਪਰ੍ਹਾਂ ਲਿਜਾ ਕੇ ਇਸ ਲਹਿਰ ਦਾ ਮੂੰਹ ਦੇਸ਼ ਦੀ ਆਜ਼ਾਦੀ ਦੀ ਲਹਿਰ ਵੱਲ ਹੀ ਮੋੜਨਾ ਚਾਹੁੰਦੇ ਸਨ ਅਤੇ ਸਿੱਖਾਂ ਦੀ ਆਪਣੇ ਵੱਖਰੇ ਰਾਜਸੀ ਹੱਕ ਲੈਣ ਦੀ ਮੰਗ ਨਾਲ ਅਸਹਿਮਤੀ ਪ੍ਰਗਟ ਕਰਦੇ ਸਨ। ਲਾਲਾ ਲਾਜਪਤ ਰਾਇ ਨੇ ਬਾਵਾ ਹਰਕ੍ਰਿਸ਼ਨ ਸਿੰਘ ਦੇ ਸਿੱਖਾਂ ਲਈ ਵੱਖਰੇ ਹੱਕ ਮੰਗਣ ਦੇ ਵਿਰੋਧ ਵਿਚ ਲਿਖਿਆ ਕਿ ਸਿੱਖ ਹਿੰਦੂ ਹੀ ਹਨ, ਇਸ ਲਈ ਸਿੱਖਾਂ ਨੂੰ ਵੱਖਰੇ ਅਧਿਕਾਰਾਂ/ਹੱਕਾਂ ਦੀ ਮੰਗ ਨਹੀਂ ਕਰਨੀ ਚਾਹੀਦੀ। ਮਹਾਤਮਾ ਗਾਂਧੀ ਵੀ ਇਹੀ ਵਿਚਾਰ ਰੱਖਦੇ ਸਨ। 20 ਅਕਤੂਬਰ 1920 ਈ: ਨੂੰ ਲਾਹੌਰ ਵਿਚ ਸਿੱਖ ਲੀਗ ਦੇ ਸਮਾਗਮ ਵਿਚ ਗਾਂਧੀ ਨੇ ਇਹ ਤਕਰੀਰ ਕੀਤੀ ਸੀ, 'ਮੁਝੇ ਮਾਲੂਮ ਹੂਆ ਹੈ ਕਿ ਕੁਛ ਨੌਜਵਾਨ ਸਿੱਖ ਗੁਰਦੁਆਰੋਂ ਪਰ ਕਬਜ਼ੇ ਕਰ ਰਹੇ ਹੈਂ ਯਿਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦੁਆਰੋਂ ਕਾ ਕਬਜ਼ਾ ਕਰਨਾ ਜਬਰ ਹੈ। ਕਾਂਗਰਸ ਕਾ ਕਾਮ ਕਰਨਾ ਚਾਹੀਏ।'

ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਅਤੇ ਚੀਫ਼ ਖ਼ਾਲਸਾ ਦੀਵਾਨ ਦਾ ਮਤ ਸੀ ਕਿ ਗੁਰਦੁਆਰਿਆਂ ਦਾ ਪੂਰਨ ਸੁਧਾਰ ਕਰਨ ਵਾਸਤੇ ਸਾਨੂੰ ਚਾਹੁੰਦਿਆਂ ਹੋਇਆਂ ਵੀ ਨਾ-ਮਿਲਵਰਤਨ ਦਾ ਰਾਹ ਛੱਡਣਾ ਪਵੇਗਾ, ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਨਾ-ਮਿਲਵਰਤਨ ਇਕ-ਦੂਜੇ ਦੇ ਵਿਰੋਧੀ ਹਨ। ਮਿਸਾਲ ਦੇ ਤੌਰ 'ਤੇ ਜੇਕਰ ਨਨਕਾਣਾ ਸਾਹਿਬ ਦੀ ਜ਼ਮੀਨ ਸਬੰਧੀ ਮੁਕੱਦਮੇ ਵਿਚ ਨਾ-ਮਿਲਵਰਤਨ ਦੀ ਨੀਤੀ ਅਪਣਾਈ ਜਾਂਦੀ ਤਾਂ ਇਸ 'ਤੇ ਗੁਰਦੁਆਰਾ ਕਮੇਟੀ ਦਾ ਅਧਿਕਾਰ ਜਾਂਦਾ ਰਹਿੰਦਾ ।

ਇਸ ਵਿਚ ਕੋਈ ਦੋ ਰਾਏ ਨਹੀਂ ਕਿ ਆਪਣੀ ਸ਼ਾਸਨ ਰਾਜਨੀਤਕ ਪ੍ਰਬਲਤਾ ਅਤੇ ਸਿੱਖਾਂ ਦੀ ਆਪਸੀ ਬੇਇਤਫ਼ਾਕੀ ਦਾ ਲਾਹਾ ਲੈਂਦਿਆਂ ਅੰਗਰੇਜ਼ਾਂ ਨੇ ਸਿੱਖ ਰਾਜ ਖ਼ਤਮ ਹੋਣ ਤੋਂ ਬਾਅਦ ਸਿੱਖਾਂ ਦੀ ਕੌਮੀ ਸ਼ਕਤੀ ਨੂੰ ਕੁਚਲਣ ਲਈ ਵੱਡੇ ਪੱਧਰ ਉਤੇ ਯਤਨ ਕੀਤੇ ਸਨ ਪਰ ਗੁਰਦੁਆਰਾ ਸੁਧਾਰ ਲਹਿਰ ਗੁਰ ਸਥਾਨਾਂ ਨੂੰ ਮਹੰਤਾਂ ਦੇ ਚੁੰਗਲ ਵਿਚੋਂ ਕੱਢ ਕੇ ਪੰਥ ਦੀ ਪ੍ਰਤੀਨਿਧ ਸੰਸਥਾ ਹਵਾਲੇ ਕਰਨ ਦੇ ਨਿਰੋਲ ਮੰਤਵ ਨਾਲ ਹੀ ਸ਼ੁਰੂ ਹੋਈ ਸੀ ਅਤੇ ਅਕਾਲੀ ਮੋਰਚਿਆਂ ਪਿੱਛੇ ਵੀ ਇਹੀ ਭਾਵਨਾ ਗਤੀਸ਼ੀਲ ਸੀ। ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿਚ ਵੀ ਇਹ ਧਾਰਮਿਕ ਲਹਿਰ ਹੀ ਸੀ ਪਰ ਨਨਕਾਣਾ ਸਾਹਿਬ ਦੇ ਕਤਲੇਆਮ ਤੋਂ ਬਾਅਦ ਕੁਝ ਸਿੱਖਾਂ ਨੇ ਆਜ਼ਾਦੀ ਅੰਦੋਲਨ ਦੇ ਪ੍ਰਭਾਵ ਹੇਠ ਸਰਕਾਰ ਨਾਲ ਨਾ-ਮਿਲਵਰਤਨ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਾ ਸੁਧਾਰ ਲਹਿਰ ਅਤੇ ਆਜ਼ਾਦੀ ਦੀ ਲਹਿਰ ਨੂੰ ਇਕੱਠਿਆਂ ਚਲਾਉਣਾ ਚਾਹਿਆ ਤਾਂ ਗੁਰਦੁਆਰਾ ਸੁਧਾਰ ਲਹਿਰ ਅੰਗਰੇਜ਼ ਸਰਕਾਰ ਦੀ ਕ੍ਰੋਪੀ ਦਾ ਸ਼ਿਕਾਰ ਹੋਈ ਅਤੇ ਇਸ ਤਰ੍ਹਾਂ ਇਹ ਆਜ਼ਾਦੀ ਦੀ ਲਹਿਰ 'ਚ ਬਦਲ ਗਈ।
 
Top