ਪ੍ਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ ਨਾਲ &#258

[JUGRAJ SINGH]

Prime VIP
Staff member

ਦੇਸ਼-ਵਿਦੇਸ਼ ਵਸਦੇ ਪੰਜਾਬੀ ਸੂਬੇ ਦੇ ਵਿਕਾਸ ਲਈ ਇਕਜੁੱਟ ਹੋਣ-ਸੁਖਬੀਰ





ਜਲੰਧਰ, 11 ਜਨਵਰੀ-ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ 2-ਦਿਨਾਂ ਚੌਥਾ ਪ੍ਰਵਾਸੀ ਪੰਜਾਬੀ ਸੰਮੇਲਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਦਿੱਤੇ ਗਏ ਸੱਦੇ ਨਾਲ ਅੱਜ ਇਥੇ ਬਾਠ ਕੈਸਲ ਵਿਖੇ ਸਮਾਪਤ ਹੋ ਗਿਆ | ਸੰਮੇਲਨ ਦੇ ਆਖਰੀ ਦਿਨ ਪ੍ਰਵਾਸੀ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਮਿੱਟੀ ਅਤੇ ਵਿਰਸੇ ਨਾਲ ਜੁੜਿਆ ਵਿਅਕਤੀ ਹੀ ਸਮਾਜ, ਸੂਬੇ ਅਤੇ ਮੁਲਕ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਅਜਿਹੇ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਸਕੂਲ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਬਾਹਰਲੇ ਮੁਲਕਾਂ 'ਚ ਵਸਦੇ ਪੰਜਾਬੀਆਂ ਦੇ ਬੱਚੇ ਮਿਆਰੀ ਸਿੱਖਿਆ ਹਾਸਿਲ ਕਰਨ ਦੇ ਨਾਲ-ਨਾਲ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਵੀ ਜੁੜੇ ਰਹਿ ਸਕਣਗੇ | ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੇਸ਼-ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਲਈ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਪ੍ਰਵਾਸੀ ਪੰਜਾਬੀ ਨਾ ਕੇਵਲ ਆਪੋ-ਆਪਣੇ ਦੇਸ਼ 'ਚ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਸਗੋਂ ਭਾਰਤ ਨਾਲ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ | ਇਸ ਤੋਂ ਪਹਿਲਾਂ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਪੰਜਾਬੀ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਸਹੂਲਤਾਂ ਦੇਣ ਦੇ ਮਾਮਲੇ 'ਚ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਪਹਿਲੇ ਨੰਬਰ 'ਤੇ ਹੈ | ਇਸ ਮੌਕੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਭਰ ਵਿਚ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਜਿੱਥੇ ਪ੍ਰਵਾਸੀ ਪੰਜਾਬੀਆਂ ਨੂੰ ਆ ਰਹੀਆਂ ਦਿੱਕਤਾਂ ਨੂੰ ਸਰਕਾਰ ਦੇ ਸਾਹਮਣੇ ਰੱਖਿਆ, ਉਥੇ ਉਨ੍ਹਾਂ ਪੰਜਾਬ ਦੇ ਵਿਕਾਸ 'ਚ ਆਪੋ-ਆਪਣੇ ਪੱਧਰ 'ਤੇ ਯੋਗਦਾਨ ਪਾਉਣ ਦੀ ਪੇਸ਼ਕਸ਼ ਵੀ ਕੀਤੀ | ਇਸ ਮੌਕੇ ਕੈਨੇਡਾ ਦੀ ਇਕ ਕੰਪਨੀ ਨਾਲ ਪੰਜਾਬ ਸਰਕਾਰ ਵਲੋਂ ਇਕ ਸਮਝੌਤਾ ਵੀ ਸਹੀਬੱਧ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਉੱਘੇ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਕੀਤੀ | ਮੰਚ ਦਾ ਸੰਚਾਲਨ ਸਤਿੰਦਰ ਸੱਤੀ ਵਲੋਂ ਬਾਖੂਬੀ ਕੀਤਾ ਗਿਆ | ਸੰਮੇਲਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਨ. ਆਰ. ਆਈ. ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਕੈਨੇਡਾ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਟਿੰਮ ਉੱਪਲ, ਕੈਨੇਡਾ ਦੇ ਹੀ ਖੇਡ ਮੰਤਰੀ ਬਲ ਗੋਸਲ, ਨਿਊਜ਼ੀਲੈਂਡ ਦੇ ਐਮ. ਪੀ. ਕਮਲਜੀਤ ਸਿੰਘ ਬਖਸ਼ੀ, ਇੰਗਲੈਂਡ ਦੇ ਐਮ. ਪੀ. ਦਲਜੀਤ ਰਾਣਾ, ਅਮਰੀਕਾ ਦੇ ਮੇਅਰ ਅਮਰਪ੍ਰੀਤ ਸਿੰਘ ਧਾਲੀਵਾਲ, ਪਾਕਿਸਤਾਨ ਅਸੈਂਬਲੀ ਦੇ ਐਮ. ਪੀ. ਰਮੇਸ਼ ਸਿੰਘ ਅਰੋੜਾ ਤੇ ਪੰਜਾਬ ਦੇ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਆਈ. ਜੀ. ਗੁਰਪ੍ਰੀਤ ਕੌਰ ਦਿਓ ਨੇ ਪੁਲਿਸ ਦੇ ਐਨ. ਆਰ. ਆਈ. ਵਿੰਗ ਵਲੋਂ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਟਿਆਲਾ, ਸੰਗਰੂਰ, ਫਿਰੋਜ਼ਪੁਰ ਤੇ ਬਠਿੰਡਾ 'ਚ 4 ਹੋਰ ਨਵੇਂ ਐਨ. ਆਰ. ਆਈ. ਥਾਣੇ ਬਣਾਏ ਗਏ ਹਨ | ਇਸੇ ਤਰ੍ਹਾਂ ਐਨ. ਆਰ. ਆਈ. ਲਈ ਬਣਾਈ ਗਈ ਨਵੀਂ ਵੈਬਸਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਐਨ. ਆਰ. ਆਈ. ਮਾਮਲਿਆਂ ਦੇ ਕਮਿਸ਼ਨਰ ਸ੍ਰੀ ਬੀ. ਪੁਰੂਸ਼ਾਰਥਾ ਨੇ ਦੱਸਿਆ ਕਿ ਇਸ ਵੈਬਸਾਈਟ ਨਾਲ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਆਨਲਾਈਨ ਨਿਪਟਾਏ ਜਾ ਸਕਣਗੇ |
422807__par-4.jpg

ਪ੍ਰਵਾਸੀ ਪੰਜਾਬੀ ਸੰਮੇਲਨ ਦਾ ਘੇਰਾ ਵਿਸ਼ਾਲ ਕੀਤਾ ਜਾਵੇਗਾ-ਬਾਦਲ
ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਗਲੀ ਵਾਰ ਤੋਂ ਸੰਮੇਲਨ ਦਾ ਘੇਰਾ ਵਿਸ਼ਾਲ ਕਰਦਿਆਂ ਸੰਮੇਲਨ ਦੌਰਾਨ ਵਿੱਦਿਆ, ਸਿਹਤ, ਖੇਤੀਬਾੜੀ ਅਤੇ ਸਨਅਤ ਵਰਗੇ ਪ੍ਰਮੁੱਖ ਖੇਤਰਾਂ ਦੇ ਮਾਹਿਰਾਂ ਲਈ ਵੱਖੋ-ਵੱਖਰੇ ਸੈਸ਼ਨ ਕਰਵਾਏ ਜਾਇਆ ਕਰਨਗੇ ਤਾਂ ਕਿ ਉਨ੍ਹਾਂ ਦੇ ਤਜਰਬੇ ਅਤੇ ਮੁਹਾਰਤ ਦਾ ਲਾਭ ਲਿਆ ਜਾ ਸਕੇ | ਸ: ਬਾਦਲ ਨੇ ਕਿਹਾ ਕਿ ਅਗਲੇ ਵਰ੍ਹੇ ਤੋਂ ਇਨ੍ਹਾਂ ਸੰਮੇਲਨਾਂ ਦੀ ਤਰਜ਼ 'ਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵਸਦੇ ਪੰਜਾਬੀਆਂ ਦਾ ਸਰਬ ਭਾਰਤੀ ਪੰਜਾਬੀ ਸੰਮੇਲਨ ਵੀ ਕਰਵਾਇਆ ਜਾਇਆ ਕਰੇਗਾ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਢੁਕਵੇਂ ਕਦਮ ਚੱੁਕੇ ਜਾ ਸਕਣ | |
ਪੰਜਾਬ ਦੇ ਸਾਰੇ ਪਿੰਡਾਂ 'ਚ 4-ਜੀ ਤਕਨਾਲੋਜੀ
ਸ: ਸੁਖਬੀਰ ਸਿੰਘ ਬਾਦਲ ਨੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੇ ਪਿੰਡਾਂ ਨੂੰ ਤੇਜ਼ ਰਫ਼ਤਾਰ ਇੰਟਰਨੈੱਟ ਨਾਲ ਜੋੜਨ ਲਈ 4000 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 8 ਮਹੀਨਿਆਂ ਦੌਰਾਨ ਪੰਜਾਬ ਦੇ ਸਾਰੇ ਪਿੰਡ 4-ਜੀ ਨਾਲ ਜੁੜ ਜਾਣਗੇ, ਜਿਸ ਨਾਲ ਪੰਜਾਬ ਸਰਕਾਰ ਦੇ ਸਾਰੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਨਲਾਈਨ ਕਰਨ ਵੱਲ ਵੱਡੀ ਪੁਲਾਂਘ ਪੁੱਟੀ ਜਾਵੇਗੀ | ਪੰਜਾਬ ਦੇ ਵਿਕਾਸ ਬਾਰੇ ਗੱਲ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਧੂ ਬਿਜਲੀ ਵਾਲਾ ਸੁੂਬਾ ਬਣਾਉਣ ਪਿੱਛੋਂ ਹੁਣ ਅਗਲਾ ਨਿਸ਼ਾਨਾ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜਨਾ ਹੈ |
ਉੱਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਵਿੱਤਰ ਸ਼ਹਿਰ ਅੰਮਿ੍ਤਸਰ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ 2000 ਕਰੋੜ ਦੀ ਲਾਗਤ ਨਾਲ ਇਸ ਦਾ ਮੂੰਹ-ਮੁਹਾਂਦਰਾ ਬਦਲਿਆ ਜਾ ਰਿਹਾ ਹੈ | ਪ੍ਰਵਾਸੀ ਮੀਡੀਆ ਬਾਰੇ ਜ਼ਿਕਰ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੇ ਐਨ.ਆਰ.ਆਈ. ਸੰਮੇਲਨ ਦੌਰਾਨ ਮੀਡੀਆ ਲਈ ਇਕ ਦਿਨ ਦਾ ਪੂਰਾ ਸੈਸ਼ਨ ਰਾਖਵਾਂ ਰੱਖਿਆ ਜਾਵੇਗਾ |
ਸਿੱਖਾਂ ਦੀ ਵੱਖਰੀ ਪਛਾਣ ਲਈ ਮੁਹਿੰਮ ਚਲਾਉਣ ਦੀ ਲੋੜ-ਮਜੀਠੀਆ
ਸ: ਬਿਕਰਮ ਸਿੰਘ ਮਜੀਠੀਆ ਨੇ ਵਿਦੇਸ਼ਾਂ ਵਿੱਚ ਸਿੱਖਾਂ 'ਤੇ ਗਲਤ ਪਛਾਣ ਕਾਰਨ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵਿਦੇਸ਼ਾਂ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਉਨ੍ਹਾਂ ਗੁਆਂਢੀ ਮੁਲਕ ਨਾਲ ਵਪਾਰ ਵਧਾਉਣ ਦੀ ਜ਼ਰੂਰੀ ਕਦਮ ਪੁੱਟੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਹਾਂ ਪੰਜਾਬਾਂ ਦੇ ਵਿਕਾਸ ਲਈ ਸਦੀਆਂ ਪੁਰਾਣੇ 'ਸਿਲਕ ਰੂਟ' ਨੂੰ ਦੁਬਾਰਾ ਖੋਲਿ੍ਹਆ ਜਾਵੇ |
ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ, ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਜਗੀਰ ਕੌਰ, ਜਥੇਦਾਰ ਅਜੀਤ ਸਿੰਘ ਕੋਹਾੜ, ਸਰਵਣ ਸਿੰਘ ਫਿਲੌਰ, ਇੰਦਰ ਇਕਬਾਲ ਸਿੰਘ ਅਟਵਾਲ, ਸ੍ਰੀ ਕੇ. ਡੀ. ਭੰਡਾਰੀ, ਸ: ਪ੍ਰਗਟ ਸਿੰਘ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਪਵਨ ਟੀਨੂੰ, ਮੋਹਨ ਸਿੰਘ ਬੰਗਾ, ਜਸਪਾਲ ਸਿੰਘ ਢੇਸੀ, ਹਰਦੀਪ ਸਿੰਘ ਗੋਲਡੀ ਯੂ. ਐਸ. ਏ., ਪਰਮਜੀਤ ਸਿੰਘ ਰਾਏਪੁਰ, ਪ੍ਰੇਮਪਾਲ ਸਿੰਘ ਖਾਲਸਾ, ਜਰਨੈਲ ਸਿੰਘ ਵਾਹਦ, ਸਰਵਣ ਸਿੰਘ ਕੁਲਾਰ ਤੇ ਹੋਰ ਬਹੁਤ ਸਾਰੇ ਆਗੂ ਵੀ ਮੌਜੂਦ ਸਨ |
ਬਾਦਲ ਨੇ ਬੰਨ੍ਹੇ ਸੁਖਬੀਰ ਦੀਆਂ ਤਾਰੀਫ਼ਾਂ ਦੇ ਪੁਲ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਇਹ ਪ੍ਰਵਾਸੀ ਪੰਜਾਬੀ ਸੰਮੇਲਨ ਸ: ਸੁਖਬੀਰ ਦਾ ਹੀ ਵਿਚਾਰ ਸੀ ਤੇ ਅੱਜ ਉਹ ਪ੍ਰਵਾਸੀ ਪੰਜਾਬੀਆਂ ਦਾ ਵਿਸ਼ਵਾਸ ਜਿੱਤਣ ਵਿਚ ਪੂਰੀ ਤਰ੍ਹਾਂ ਨਾਲ ਸਫਲ ਹੋਏ ਹਨ | ਉਨ੍ਹਾਂ ਕਿਹਾ ਕਿ ਅੱਜ ਮੈਨੂੰ ਖੁਸ਼ੀ ਹੈ ਕਿ ਸੁਖਬੀਰ ਉਨ੍ਹਾਂ ਨਾਲੋਂ ਵੀ ਵੱਧ ਤਨਦੇਹੀ ਨਾਲ ਆਪਣੇ ਸਮਾਜ ਅਤੇ ਸੂਬੇ ਦੀ ਸੇਵਾ ਕਰ ਰਿਹਾ ਹੈ | ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੇਲੇ ਹੋਰ ਤਰ੍ਹਾਂ ਦੀ ਸੇਵਾ ਹੁੰਦੀ ਸੀ ਤੇ ਉਨ੍ਹਾਂ ਨੂੰ ਅਨੇਕਾਂ ਵਾਰ ਜੇਲ੍ਹ ਯਾਤਰਾ ਕਰਨੀ ਪਈ ਅਤੇ ਸ਼ਾਇਦ ਹੀ ਦੇਸ਼ ਦੀ ਕੋਈ ਅਜਿਹੀ ਜੇਲ੍ਹ ਹੋਵੇ, ਜੋ ਕਾਂਗਰਸ ਨੇ ਉਨ੍ਹਾਂ ਨੂੰ ਨਾ ਦਿਖਾਈ ਹੋਵੇ ਪਰ ਅੱਜ ਹੋਰ ਤਰ੍ਹਾਂ ਦੀ ਸੇਵਾ ਹੈ, ਜੋ ਸੁਖਬੀਰ ਸਿੰਘ ਬਾਦਲ ਵਲੋਂ ਬਾਖੂਬੀ ਨਿਭਾਈ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਸ. ਬਿਕਰਮ ਸਿੰਘ ਮਜੀਠੀਆ ਵਲੋਂ ਵੀ ਪ੍ਰਵਾਸੀ ਪੰਜਾਬੀਆਂ ਦੀ ਬਿਹਤਰੀ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ |
ਔਰਤਾਂ ਦੀ ਘੱਟ ਗਿਣਤੀ ਦਾ ਮਾਮਲਾ ਉੱਠਿਆ
ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜਦੋਂ ਨਿਊਜ਼ੀਲੈਂਡ ਦੇ ਐਮ. ਪੀ. ਕਮਲਜੀਤ ਸਿੰਘ ਬਖਸ਼ੀ ਨੇ ਸੰਮੇਲਨ 'ਚ ਔਰਤਾਂ ਦੀ ਘੱਟ ਗਿਣਤੀ ਦਾ ਮਾਮਲਾ ਉਠਾਉਂਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਗੈਰਹਾਜ਼ਰੀ 'ਤੇ ਸਵਾਲ ਉਠਾਇਆ ਤਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਹੀ ਸਵਾਲ ਕੀਤਾ ਕਿ ਪ੍ਰਵਾਸੀ ਬੀਬੀਆਂ ਵੀ ਸੰਮੇਲਨ 'ਚ ਘੱਟ ਹੀ ਦਿਖਾਈ ਦੇ ਰਹੀਆਂ ਹਨ ਤੇ ਔਰਤਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਪ੍ਰਵਾਸੀ ਪੰਜਾਬੀ ਔਰਤਾਂ ਲਈ ਵੀ ਵੱਖਰਾ ਸੰਮੇਲਨ ਬੁਲਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁਲਕ ਦੀ ਪਹਿਲੀ ਅਜਿਹੀ ਸਿਆਸੀ ਪਾਰਟੀ ਹੈ, ਜਿਸ ਨੇ 33 ਫੀਸਦੀ ਮਹਿਲਾ ਰਾਖਵਾਂਕਰਨ ਦੇ ਹੱਕ ਵਿਚ ਮਤਾ ਪਾਇਆ ਸੀ ਤੇ ਇਸ ਸਮੇਂ 170 ਮੈਂਬਰੀ ਸ਼੍ਰੋਮਣੀ ਕਮੇਟੀ 'ਚ 35 ਔਰਤਾਂ ਮੈਂਬਰ ਹਨ |
ਜਦੋਂ ਬਾਦਲ ਨੇ ਰਾਮੂਵਾਲੀਆ ਨੂੰ ਕੀਤਾ ਠਿੱਠ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਹਾਸੇ-ਠੱਠੇ ਵਿਚ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਕਾਫੀ ਰਗੜਾ ਲਾਇਆ | ਉਨ੍ਹਾਂ ਸ: ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਹ ਦੋਵੇਂ ਰਾਜ-ਭਾਗ ਦਾ ਸੁੱਖ ਮਾਣ ਰਹੇ ਹਨ ਉਸੇ ਤਰ੍ਹਾਂ ਸ. ਰਾਮੂਵਾਲੀਆ ਨੇ ਵੀ ਬਹੁਤ ਮੌਜਾਂ ਲੁੱਟੀਆਂ ਹਨ ਤੇ ਸਵਾਦ ਵੀ ਸਾਰੇ ਦੇਖੇ ਹਨ | ਸ: ਬਾਦਲ ਨੇ ਕਿਹਾ ਕਿ ਸ: ਰਾਮੂਵਾਲੀਆ ਨੇ ਕਾਂਗਰਸ ਕੋਲੋਂ ਵੀ ਗੱਫੇ ਲਏ ਤੇ ਹੁਣ ਸਾਡੇ ਕੋਲ ਵੀ ਆ ਗਏ ਹਨ, ਜਿਸ 'ਤੇ ਸਾਰੇ ਹਾਲ 'ਚ ਹਾਸਾ ਪਸਰ ਗਿਆ |
ਪਾਣੀ ਨਾ ਮਿਲਣ 'ਤੇ ਹੋਇਆ ਹੰਗਾਮਾ
ਚੌਥੇ ਪ੍ਰਵਾਸੀ ਪੰਜਾਬੀ ਸੰਮੇਲਨ ਦੇ ਅੱਜ ਦੂਸਰੇ ਦਿਨ ਬਾਠ ਕੈਸਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁਝ ਪ੍ਰਵਾਸੀ ਪੰਜਾਬੀਆਂ ਨੇ ਸੰਮੇਲਨ 'ਚ ਪਾਣੀ ਨਾ ਮਿਲਣ 'ਤੇ ਰੋਸ ਪ੍ਰਗਟ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਸੰਮੇਲਨ 'ਚ ਸੱਦ ਕੇ ਪਾਣੀ ਤੱਕ ਪੀਣ ਨੂੰ ਦਿੱਤਾ ਨਹੀਂ ਜਾ ਰਿਹਾ ਹੈ | ਹਾਲਾਂਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬਾਅਦ ਵਿਚ ਇਸ ਕਮੀ ਲਈ ਉਨ੍ਹਾਂ ਕੋਲੋਂ ਮੁਆਫੀ ਵੀ ਮੰਗੀ ਤੇ ਇਹ ਵਾਅਦਾ ਵੀ ਕੀਤਾ ਕਿ ਅਗਲੀ ਵਾਰ ਖੁੱਲ੍ਹਾ ਪੰਡਾਲ ਲਗਾ ਕੇ ਸਾਰੇ ਪ੍ਰਵਾਸੀ ਪੰਜਾਬੀਆਂ ਦੀ ਗੱਲ ਸੁਣੀ ਜਾਵੇਗੀ ਪਰ ਪ੍ਰਵਾਸੀ ਪੰਜਾਬੀਆਂ ਵਲੋਂ ਰੋਸ ਪ੍ਰਗਟ ਕੀਤੇ ਜਾਣ ਕਾਰਨ ਕਾਫੀ ਸਮਾਂ ਹਾਲ ਵਿਚ ਰੌਲਾ ਪੈਂਦਾ ਰਿਹਾ |[/img]
 
Top