ਚੱਪੜਚਿੜੀ ਦੀ ਲੜਾਈ

→ ✰ Dead . UnP ✰ ←

→ Pendu ✰ ←
Staff member


ਅਪਰੈਲ 1710 ਤਕ ਬੰਦਾ ਸਿੰਘ ਨੇ ਸਰਹੰਦ ਦੇ ਆਲੇ-ਦੁਆਲੇ ਦਾ ਬਹੁਤਾ ਇਲਾਕਾ ਮੁਗ਼ਲਾਂ ਤੋਂ ਆਜ਼ਾਦ ਕਰਵਾ ਲਿਆ ਸੀ। ਸਿੱਖਾਂ ਨੇ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਦਰਿਆਵਾਂ ਸਤਲੁਜ ਤੇ ਜਮਨਾ ਵਿਚਕਾਰਲਾ ਤਕਰੀਬਨ ਸਾਰਾ ਇਲਾਕਾ ਹੁਣ ਸਿੱਖਾਂ ਦੇ ਕਬਜ਼ੇ ਵਿਚ ਸੀ। ਇਸ ਵੇਲੇ ਬਹੁਤ ਵੱਡੇ ਇਲਾਕੇ ਵਿਚ ਸਿੱਖਾਂ ਦਾ ਬੋਲ-ਬਾਲਾ ਕਾਇਮ ਹੋ ਚੁਕਾ ਸੀ। ਇਨ੍ਹਾਂ ਵਿਚ ਸਰਹੰਦ ਸੂਬੇ ਵਿਚ ਸਮਾਣਾ, ਘੁੜਾਮ, ਠਸਕਾ, ਥਾਨੇਸਰ, ਸ਼ਾਹਬਾਦ ਮਾਰਕੰਡਾ, ਮੁਸਤਫ਼ਾਬਾਦ, ਕੁੰਜਪੁਰਾ, ਕਪੂਰੀ, ਸਢੌਰਾ, ਮੁਖ਼ਲਿਸਗੜ੍ਹ ਕਿਲ੍ਹੇ ਤੇ ਨਗਰ ਸਿੱਖ ਫ਼ੌਜਾਂ ਦੇ ਪੈਰਾਂ ਵਿਚ ਝੁਕ ਚੁਕੇ ਸਨ। ਦਿੱਲੀ ਸੂਬੇ ਦੇ ਹਾਕਮ ਵੀ ਸਿੱਖ ਫ਼ੌਜਾਂ ਦੇ ਨਾਂ ਤੋਂ ਹੀ ਡਰਦੇ ਸਨ। ਸਿੱਖਾਂ ਦੇ ਆਪਣੇ ਫ਼ੌਜਦਾਰ, ਦੀਵਾਨ, ਥਾਣੇਦਾਰ, ਆਮਿਲ, ਜੱਜ, ਕਾਰਦਾਰ ਕੰਮ ਕਰ ਰਹੇ ਸਨ। ਸਰਹੰਦ ਇਕ ਬੜਾ ਵੱਡਾ ਸੂਬਾ ਸੀ। ਇਸ ਦੇ 28 ਪਰਗਨੇ ਸਨ ਤੇ ਇਸ ਦੀ ਆਮਦਨ 52 ਲੱਖ ਰੁਪੈ ਸਾਲਾਨਾ ਸੀ। ਇਸ ਕਰ ਕੇ ਇਸ ਨੂੰ ‘ਬਾਵਨੀ ਸਰਹੰਦ ‘ ਵੀ ਆਖਦੇ ਸਨ। ਦਰਿਆ ਯਮਨਾ ਤੇ ਸਤਲੁਜ ਵਿਚਕਾਰਲਾ ਇਲਾਕਾ ਸਰਹੰਦ ਦੀ ਹਕੂਮਤ ਹੇਠ ਸੀ। ਹੁਣ ਬੰਦਾ ਸਿੰਘ ਦਾ ਅਗਲਾ ਅਤੇ ਵੱਡਾ ਐਕਸ਼ਨ ਸੀ ਸਰਹੰਦ ਦੇ ਜ਼ਾਲਮ ਹਾਕਮਾਂ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਦੇਣਾ। ਇਧਰ ਵਜ਼ੀਰ ਖ਼ਾਨ ਵੀ ਬੰਦਾ ਸਿੰਘ ਦੀਆਂ ਜਿੱਤਾਂ ਤੋਂ ਘਬਰਾ ਗਿਆ ਸੀ। ਉਸ ਨੂੰ ਬੰਦਾ ਸਿੰਘ ਵੱਲੋਂ ਕੁੰਜਪੁਰਾ ’ਤੇ ਕਬਜ਼ਾ ਕਰਨ ਦਾ ਗੁੱਸਾ ਵੀ ਸੀ। ਉਹ ਚਾਹੁੰਦਾ ਸੀ ਕਿ ਸਰਹੰਦ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੰਦਾ ਸਿੰਘ ’ਤੇ ਹਮਲਾ ਕਰ ਦੇਵੇ। ਬੰਦਾ ਸਿੰਘ ਇਸ ਵੇਲੇ ਛੱਤ-ਬਨੂੜ ਦੇ ਇਲਾਕੇ ਵਿਚ ਸੀ। ਵਜ਼ੀਰ ਖ਼ਾਨ ਕੋਲ ਇਸ ਵੇਲੇ ਇਕ ਵੱਡੀ ਫ਼ੌਜ ਸੀ ਕਿਉਂਕਿ ਵਜ਼ੀਰ ਖ਼ਾਨ ਨੇ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ (ਖ਼ਾਸ ਕਰ ਕੇ ਆਪਣੇ ਪਠਾਨ ਭਰਾਵਾਂ, ਰੰਘੜਾਂ ਅਤੇ ਬਲੋਚਾਂ ਨੂੰ) ਫ਼ੌਜ ’ਚ ਭਰਤੀ ਕਰ ਲਿਆ ਸੀ। ਬਹੁਤ ਸਾਰੇ ਮੁਸਲਿਮ ਚੌਧਰੀ ਤੇ ਜਾਗੀਰਦਾਰ ਵੀ ਉਸ ਦੀ ਫ਼ੌਜ ਵਿਚ ਸ਼ਾਮਿਲ ਹੋ ਗਏ ਸਨ। ਉਸ ਦੀ ਸਭ ਤੋਂ ਵੱਡੀ ਮਦਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਕੀਤੀ। ਉਹ ਆਪ, ਆਪਣੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਅਤੇ ਸਾਰੀ ਫ਼ੌਜ ਸਣੇ ਇਸ ਜਹਾਦ ਵਿਚ ਸ਼ਾਮਿਲ ਹੋ ਗਿਆ।
ਮਾਝੇ ਦੇ ਸਿੱਖਾਂ ਅਤੇ ਮਲੇਰਕੋਟਲਾ ਦੀ ਫ਼ੌਜ ਵਿਚ ਜੰਗ
ਮਈ 1710 ਦੇ ਸ਼ੁਰੂ ਵਿਚ ਮਾਝੇ ਤੋਂ ਦੋ ਹਜ਼ਾਰ ਦੇ ਕਰੀਬ ਸਿੱਖ ਬੰਦਾ ਸਿੰਘ ਨਾਲ ਸ਼ਾਮਿਲ ਹੋਣ ਵਾਸਤੇ ਕੀਰਤਪੁਰ ਵਿਚ ਪੁੱਜ ਚੁਕੇ ਸਨ। ਇਹ ਸਾਰੇ ਉਹ ਸਿੱਖ ਸਨ ਜਿਹੜੇ ਪੰਥ ਵਾਸਤੇ ਜਾਨਾਂ ਵਾਰਨ ਲਈ ਘਰੋਂ ਨਿਕਲੇ ਸਨ। ਕੀਰਤਪੁਰ ਤੋਂ ਉਨ੍ਹਾਂ ਰੂਪੜ (ਹੁਣ ਰੋਪੜ) ਰਾਹੀਂ ਛੱਤ-ਬਨੂੜ ਪੁੱਜ ਕੇ ਬੰਦਾ ਸਿੰਘ ਦੇ ਨਾਲ ਰਲਣਾ ਸੀ। ਇਸ ਦੀ ਖ਼ਬਰ ਵਜ਼ੀਰ ਖ਼ਾਨ ਨੂੰ ਮਿਲ ਚੁਕੀ ਸੀ। ਉਸ ਨੇ ਮਲੇਰਕੋਟਲਾ ਦੇ ਸ਼ੇਰ ਮੁਹੰਮਦ ਖ਼ਾਨ (ਜਿਸ ਨੂੰ ਛੋਟੇ ਸਾਹਿਬਜ਼ਾਦਿਆਂ ਵਾਸਤੇ ਅਖੌਤੀ ਤੌਰ ’ਤੇ ਹਾਅ ਦਾ ਨਾਅਰਾ ਮਾਰਨ ਦੇ ਬਹਾਨੇ ਨਾਲ ‘ਸਿੱਖਾਂ ਦਾ ਹਮਦਰਦ’ ਆਖਣ ਦੀ ਗ਼ਲਤੀ ਕੀਤੀ ਜਾਂਦੀ ਹੈ) ਨੂੰ ਫ਼ੌਜ ਲਿਜਾ ਕੇ ਮਾਝੇ ਵੱਲੋਂ ਆ ਰਹੇ ਸਿੱਖਾਂ ਨੂੰ ਰੋਕਣ ਵਾਸਤੇ ਕੂਚ ਕਰਨ ਵਾਸਤੇ ਹਦਾਇਤਾਂ ਦਿਤੀਆਂ। ਸ਼ੇਰ ਮੁਹੰਮਦ ਖ਼ਾਨ ਆਪਣੇ ਇਕ ਭਰਾ (ਖ਼ਿਜਰ ਖ਼ਾਨ) ਅਤੇ ਭਤੀਜਿਆਂ (ਵਲੀ ਖ਼ਾਨ ਅਤੇ ਮੁਹੰਮਦ ਬਖ਼ਸ਼) ਨਾਲ ਵੱਡੀ ਫ਼ੌਜ ਲੈ ਕੇ ਰੋਪੜ ਵਲ ਚਲ ਪਿਆ। ਰੋਪੜ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ, ਪਿੰਡ ਬਹਿਲੋਲਪੁਰ ਦੀ ਜੂਹ ਵਿਚ, ਸਿੱਖਾਂ ਅਤੇ ਮਲੇਰੀ ਫ਼ੌਜਾਂ ਵਿਚ ਜ਼ਬਰਦਸਤ ਜੰਗ ਹੋਈ (ਉਦੋਂ ਸਤਲੁਜ ਦਰਿਆ ਬਹਿਲੋਲਪੁਰ ਅਤੇ ਮਾਛੀਵਾੜਾ ਦੇ ਪੈਰਾਂ ਵਿਚ ਵਗਦਾ ਸੀ)। ਭਾਵੇਂ ਮਲੇਰੀ ਫ਼ੌਜਾਂ ਦੀ ਗਿਣਤੀ ਵੀ ਵਧੇਰੇ ਸੀ ਅਤੇ ਉਨ੍ਹਾਂ ਕੋਲ ਹਥਿਆਰ ਵੀ ਜ਼ਿਆਦਾ ਅਤੇ ਵਧੀਆ ਸਨ ਪਰ ਸਿੱਖ ਤਾਂ ਆਪਣੇ ਗੁਰੂ ਦੇ ਨਾਂ ’ਤੇ ਸਿਰ ਤਲੀ ’ਤੇ ਰੱਖ ਕੇ ਜੂਝ ਰਹੇ ਸਨ। ਪਹਿਲੇ ਦਿਨ ਮਲੇਰੀਆਂ ਦਾ ਪਲੜਾ ਭਾਰੀ ਜਾਪਦਾ ਸੀ। ਹਨੇਰਾ ਪੈਣ ’ਤੇ ਲੜਾਈ ਬੰਦ ਹੋ ਗਈ। ਰਾਤ ਨੂੰ ਮਾਝੇ ਤੋਂ ਕੁਝ ਹੋਰ ਸਿੱਖ ਵੀ ਉਨ੍ਹਾਂ ਨਾਲ ਆ ਰਲੇ। ਅਗਲੇ ਦਿਨ ਪਹੁ-ਫੁੱਟਦਿਆਂ ਹੀ ਸਿੱਖਾਂ ਨੇ ਇਕ ਦਮ ਮਲੇਰੀਆਂ ’ਤੇ ਹਮਲਾ ਕਰ ਦਿੱਤਾ। ਦੋਵੇਂ ਫ਼ੌਜਾਂ ਹੁਣ ਆਹਮੋ-ਸਾਹਮਣੇ ਹੋ ਕੇ ਲੜੀਆਂ। ਗਹਿ-ਗੱਚ ਲੜਾਈ ਦੌਰਾਨ ਇਕ ਗੋਲੀ ਸ਼ੇਰ ਮੁਹੰਮਦ ਖ਼ਾਨ ਮਲੇਰੀਏ ਦੇ ਭਰਾ ਖ਼ਿਜਰ ਖ਼ਾਨ ਦੀ ਛਾਤੀ ਵਿਚ ਆ ਵੱਜੀ ਤੇ ਉਹ ਉਂਥੇ ਹੀ ਢੇਰੀ ਹੋ ਗਿਆ। ਉਸ ਦੇ ਮਰਨ ਦੇ ਨਾਲ ਹੀ ਪਠਾਨ ਫ਼ੌਜੀ ਮੈਦਾਨ ਛੱਡ ਕੇ ਭੱਜਣ ਲਗ ਪਏ। ਇਸ ’ਤੇ ਸ਼ੇਰ ਮੁਹੰਮਦ ਖ਼ਾਨ ਨੇ ਲਲਕਾਰਾ ਮਾਰਿਆ ਤੇ ਕੁਝ ਵਫ਼ਾਦਾਰ ਫ਼ੌਜੀਆਂ ਨਾਲ ਉਹ ਅਤੇ ਉਸ ਦੇ ਦੋਵੇਂ ਭਤੀਜੇ ਖ਼ਿਜਰ ਖ਼ਾਨ ਦੀ ਲਾਸ਼ ਚੁੱਕਣ ਵਾਸਤੇ ਅੱਗੇ ਵਧੇ। ਸਿੱਖਾਂ ਨੇ ਇਨ੍ਹਾਂ ’ਤੇ ਵੀ ਹਮਲਾ ਕਰ ਦਿਤਾ। ਦੋਵੇਂ ਭਰਾ ਖ਼ਾਨ ਅਲੀ ਅਤੇ ਮੁਹੰਮਦ ਬਖ਼ਸ਼ ਇਸ ਹਮਲੇ ਵਿਚ ਮਾਰੇ ਗਏ। ਸ਼ੇਰ ਮੁਹੰਮਦ ਖ਼ਾਨ ਖ਼ੁਦ ਵੀ ਜ਼ਖ਼ਮੀ ਹੋ ਗਿਆ। ਇਸ ਮਗਰੋਂ ਤਾਂ ਸਾਰੀਆਂ ਪਠਾਨਨ ਫ਼ੌਜਾਂ ਮੈਦਾਨ ’ਚੋਂ ਦੌੜ ਗਈਆਂ। ਜਿੱਤ ਦੀ ਖ਼ੁਸ਼ੀ ਵਿਚ ਸਿੱਖਾਂ ਨੇ ਖ਼ੂਬ ਜੈਕਾਰੇ ਛਂਡੇ ਅਤੇ ਉਹ ਛਤ-ਬਨੂੜ ਵਲ ਚਲ ਪਏ। ਜਦ ਇਸ ਦੀ ਖ਼ਬਰ ਬੰਦਾ ਸਿੰਘ ਨੂੰ ਪੁੱਜੀ ਤਾਂ ਉਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਾਫ਼ੀ ਅੱਗੇ ਆ ਗਿਆ ਅਤੇ ਜੇਤੂ ਮਝੈਲਾਂ ਨੂੰ ਗਲਵੱਕੜੀਆਂ ਪਾ ਕੇ ਜੀ ਆਇਆਂ ਆਖਿਆ। (ਖ਼ਾਫ਼ੀ ਖ਼ਾਨ, ਚੈਪਟਰ 2, ਸਫ਼ਾ 653)। ਇਸ ਤੋਂ ਅਗਲੇ ਦਿਨ ਸਿੱਖਾਂ ਦੇ ਇਕ ਹੋਰ ਜਥੇ ਦੀ ਟੱਕਰ ਰਾਣਵਾਂ ਪਿੰਡ ਵਿਚ (ਸੰਘੋਲ ਦੇ ਨੇੜੇ) ਵਜ਼ੀਰ ਖ਼ਾਨ ਦੀ ਭੇਜੀ ਫ਼ੌਜ ਨਾਲ ਹੋ ਗਈ। ਇੱਥੋਂ ਵੀ ਜੇਤੂ ਹੋ ਕੇ ਸਿੱਖ ਬੰਦਾ ਸਿੰਘ ਕੋਲ ਛੱਤ-ਬਨੂੜ ਪਹੁੰਚ ਗਏ।
ਚੱਪੜ-ਚਿੜੀ ਦੀ ਲੜਾਈ
ਜਦ ਵਜ਼ੀਰ ਖ਼ਾਨ ਨੂੰ ਖ਼ਿਜਰ ਖ਼ਾਨ ਤੇ ਉਸ ਦੇ ਦੋਹਾਂ ਪੁੱਤਰਾਂ ਦੇ ਮਰਨ ਅਤੇ ਸ਼ੇਰ ਮੁਹੰਮਦ ਖ਼ਾਨ ਦੇ ਜ਼ਖ਼ਮੀ ਹੋਣ ਅਤੇ ਮਲੇਰੀ ਫ਼ੌਜਾਂ ਦੀ ਹਾਰ ਦੀ ਖ਼ਬਰ ਪੁੱਜੀ ਤਾਂ ਉਹ ਬੜਾ ਦੁਖੀ ਹੋਇਆ। ਪਰ ਉਸ ਨੇ ਦਿੱਲੀ ਅਤੇ ਲਾਹੌਰ ਤੋਂ ਹੋਰ ਫ਼ੌਜ ਅਤੇ ਹਥਿਆਰ ਮੰਗਵਾ ਲਏ ਹੋਏ ਸਨ। ਹੁਣ ਵਜ਼ੀਰ ਖ਼ਾਨ ਕੋਲ ਬੇਪਨਾਹ ਗੋਲਾ ਬਾਰੂਦ, ਹਥਿਆਰ, ਘੋੜੇ ਤੇ ਹਾਥੀ ਵੀ ਸਨ। ਉਸ ਦੀ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਪਰ ਉਹ ਬੰਦਾ ਸਿੰਘ ਦਾ ਹਮਲਾ ਉਡੀਕਣਾ ਨਹੀਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਸਿੱਖਾਂ ’ਤੇ ਅਚਾਣਕ ਹੀ ਹਮਲਾ ਕਰ ਦਿੱਤਾ ਜਾਵੇ; ਦੂਜਾ ਉਹ ਬੰਦਾ ਸਿੰਘ ਨੂੰ ਸਰਹੰਦ ਤੋਂ ਬਾਹਰ ਹੀ ਟੱਕਰਨਾ ਚਾਹੁੰਦਾ ਸੀ।
ਵਜ਼ੀਰ ਖ਼ਾਨ ਨੇ ਇਸ ਦੇ ਨਾਲ ਇਕ ਹੋਰ ਚਾਲ ਵੀ ਖੇਡੀ। ਉਸ ਨੇ ਸੁੱਚਾ ਨੰਦ ਦੇ ਇਕ ਭਤੀਜੇ ਗੰਡਾ ਮੱਲ ਨੂੰ ਇਕ ਹਜ਼ਾਰ ਹਿੰਦੂ ਫ਼ੌਜੀ ਦੇ ਕੇ ਬੰਦਾ ਸਿੰਘ ਦੀਆਂ ਫ਼ੌਜਾਂ ਵਿਚ ਸ਼ਾਮਿਲ ਹੋਣ ਵਾਸਤੇ ਛੱਤ-ਬਨੂੜ ਵਲ ਟੋਰ ਦਿਤਾ। ਉਸ ਦੀ ਪਲਾਨ ਇਹ ਸੀ ਕਿ ਜੰਗ ਸ਼ੁਰੂ ਹੁੰਦਿਆਂ ਹੀ ਇਹ ਸਾਰੇ ਗ਼ਦਾਰੀ ਕਰ ਕੇ ਮੈਦਾਨ ਛੱਡ ਕੇ ਭੱਜ ਜਾਣ ਜਿਸ ਨਾਲ ਸਿੱਖ ਫ਼ੌਜਾਂ ਵਿਚ ਖਲਬਲੀ ਮੱਚ ਜਾਵੇ ਤੇ ਇਸੇ ਉਲਝਣ ਵਿਚ ਉਹ ਮਾਰੇ ਜਾਣ ਜਾਂ ਮੈਦਾਨ ਛੱਡ ਜਾਣ। ਜਦ ਇਹ ਜੱਥਾ ਬੰਦਾ ਸਿੰਘ ਦੇ ਕੈਂਪ ਵਿਚ ਪਹੁੰਚਿਆਂ ਤਾਂ ਉਨ੍ਹਾਂ ਨੂੰ ਇਨ੍ਹਾਂ ਦੀ ਗੱਲ ’ਤੇ ਯਕੀਨ ਨਾ ਆਇਆ ਕਿ ਇਹ ਵਜ਼ੀਰ ਖ਼ਾਨ ਤੋਂ ਬਾਗ਼ੀ ਹੋ ਕੇ ਸਿੱਖਾਂ ਨਾਲ ਆ ਰਲੇ ਹਨ। ਇਸ ਕਰ ਕੇ ਬੰਦਾ ਸਿੰਘ ਨੇ ਫ਼ੈਸਲਾ ਕੀਤਾ ਕਿ ਇਨਾਂ ਨੂੰ ਅੱਗੇ ਲਾਉਣ ਦੀ ਬਜਾਇ ਸਭ ਤੋਂ ਆਖ਼ਰੀ ਕਤਾਰਾਂ ਵਿਚ ਰਖਿਆ ਜਾਏ।
ਹੁਣ ਸਾਰੇ ਸਿੱਖ ਚੱਪੜ-ਚਿੜੀ ਦੀ ਜੂਹ ਵਿਚ ਇਕੱਠੇ ਹੋ ਗਏ। (ਅਜਿਹਾ ਜਾਪਦਾ ਹੈ ਕਿ ਕਦੇ ਇਸ ਥਾਂ ’ਤੇ ਇਕ ਵੱਡਾ ਛੱਪੜ ਅਤੇ ਨੇੜੇ ਹੀ ਇਕ ਝਿੜੀ ਹੋਵੇਗੀ, ਜਿਸ ਦਾ ਨਾਂ ਮਗਰੋਂ ‘ਛੱਪੜ-ਝਿੜੀ’ ਤੋਂ ਵਿਗੜ ਕੇ ਚੱਪੜ-ਚਿੜੀ ਬਣ ਗਿਆ ਹੋਵੇਗਾ)। ਬੰਦਾ ਸਿੰਘ ਨੇ ਜੂਹ ਵਿਚ ਇਕੱਠੇ ਹੋ ਕੇ ਸਰਹੰਦ ’ਤੇ ਹਮਲੇ ਦੀ ਤਿਆਰੀ ਕਰ ਲਈ। ਇੱਥੋਂ ਸਰਹੰਦ ਤਕਰੀਬਨ 20 ਕਿਲੋਮੀਟਰ ਦੂਰ ਸੀ। ਪਰ ਇਸ ਤੋਂ ਪਹਿਲਾਂ ਕਿ ਸਿੱਖ ਫ਼ੌਜਾਂ ਸਰਹੰਦ ਵਲ ਕੂਚ ਕਰ ਸਕਦੀਆਂ, ਉਨ੍ਹਾਂ ਨੂੰ ਖ਼ਬਰ ਮਿਲ ਗਈ ਕਿ ਵਜ਼ੀਰ ਖ਼ਾਨ ਵੀ ਇਕ ਵੱਡੀ ਫ਼ੌਜ ਨੂੰ ਲੈ ਕੇ ਉਧਰ ਵਲ ਟੁਰ ਚੁਕਾ ਹੈ। ਇਸ ’ਤੇ ਬੰਦਾ ਸਿੰਘ ਨੇ ਸਾਰੀਆਂ ਫ਼ੌਜਾਂ ਨੂੰ ਚਾਰ ਹਿੱਸਿਆਂ ਵਿਚ ਵੰਡ ਦਿਤਾ। ਸਿੱਖਾਂ ਕੋਲ ਹੁਣ ਤਕ ਛੇ ਤੋਪਾਂ ਵੀ ਆ ਚੁਕੀਆਂ ਸਨ। ਮਸ਼ਹੂਰ ਤੋਪਚੀ ਭਾਈ ਸ਼ਾਹਬਾਜ਼ ਸਿੰਘ ਨੂੰ ਇਨ੍ਹਾਂ ਦਾ ਚਾਰਜ ਸੰਭਾਲ ਦਿਤਾ ਗਿਆ। ਫ਼ੌਜਾਂ ਦੀ ਕਮਾਂਡ ਫ਼ਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੌਂਪ ਦਿੱਤੀ ਗਈ। ਬੰਦਾ ਸਿੰਘ ਨੇ ਆਪ ਇਕ ਟਿੱਬੇ ’ਤੇ ਮੋਰਚੇ ਲਾ ਲਏ ਅਤੇ ਸਾਰੀ ਹਾਲਤ ਤੇ ਨਿਗਾਹ ਰਖਣ ਲਗ ਪਿਆ। ਖ਼ਾਫ਼ੀ ਖ਼ਾਨ ਮੁਤਾਬਿਕ ਸਿੱਖ ਫ਼ੌਜਾਂ ਦੀ ਗਿਣਤੀ ਤੀਹ ਤੋਂ ਚਾਲ੍ਹੀ ਹਜ਼ਾਰ ਸੀ। ਉਨ੍ਹਾਂ ਕੋਲ ਵਧੀਆ ਹਥਿਆਰ ਨਹੀਂ ਸਨ ਤੇ ਸਿਰਫ਼ ਤਲਵਾਰਾਂ, ਨੇਜ਼ੇ, ਤੀਰ ਕਮਾਨ ਤੇ ਕੁਝ ਕੂ ਬੰਦੂਕਾਂ ਸਨ। (ਖ਼ਾਫ਼ੀ ਖ਼ਾਨ, ਚੈਪਟਰ 2, ਸਫ਼ਾ 652-53)
12 ਮਈ 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁਕੀ ਸੀ। ਭਾਵੇਂ ਸ਼ਾਇਰ ਲੋਕ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ (ਜਹਾਦ ਵਾਲੇ) ਅਤੇ ਕੁਝ ਪੈਦਲ ਫ਼ੌਜ ਵੀ ਸੀ (ਯਾਨਿ ਕੁਲ ਵੀਹ ਹਜ਼ਾਰ)। ਉਸ ਦੀ ਫ਼ੌਜ ਵਿਚ ਸਭ ਤੋਂ ਅੱਗੇ ਹਾਥੀ ਸਨ। ਸਰਹੰਦੀ ਫ਼ੌਜ ਵਿਚ ਸਾਰੇ ਪਾਸਿਓਂ “ਯਾ ਅਲੀ, ਯਾ ਅਲੀ” ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ‘ਤੇ ਸਿੱਖਾਂ ਨੇ “ਅਕਾਲ! ਅਕਾਲ!!” ਦੇ ਜੈਕਾਰੇ ਗਜਾਉਣੇ ਸ਼ੁਰੂ ਕਰ ਦਿਤੇ। ਸਿੱਖ ਜਰਨੈਲਾਂ ਨੇ ‘ਸੱਚਾ ਪਾਤਸ਼ਾਹ’ ਅਤੇ ‘ਫ਼ਤਹਿ ਦਰਸ਼ਨ’ ਦੇ ਨਵੇਂ ਜੈਕਾਰੇ ਵੀ ਘੜ ਲਏ ਕਿਉਂ ਕਿ ਇਹ ਜੈਕਾਰੇ ‘ਅਲ੍ਹਾ ਹੂ ਅਕਬਰ’ ਵਾਂਗ ਜਾਪਦੇ ਸਨ। (ਐਲੀਅਟ ਐਂਡ ਡਾਊਸਨ, ਜਿਲਦ 7, ਸਫ਼ਾ 414)।
ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿਚ ਆ ਗਏ ਤਾਂ ਸਿੱਖਾਂ ਨੇ ਇਕ ਦਮ ਗੋਲੇ ਬਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਆਪਣੇ ਹੀ ਫ਼ੌਜੀਆਂ ਨੂੰ ਹੀ ਜ਼ਖ਼ਮੀ ਕਰ ਗਏ।
ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲਗ ਪਈਆਂ। ਸਿੱਖ ਫ਼ੌਜਾਂ ਕਿਉਂ ਕਿ ਝਿੜੀ ਵਾਲੇ ਪਾਸੇ ਸਨ ਇਸ ਕਰ ਕੇ ਉਨਾਂ ਨੂੰ ਦਰਖਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਆਪਣੀ ਮਾਰ ਹੇਠ ਲੈ ਆਂਦਾ। ਇਨ੍ਹਾਂ ਤੋਪਚੀਆਂ ਦੇ ਮਾਰੇ ਜਾਣ ਮਗਰੋਂ ਸਰਹੰਦੀ ਫ਼ੌਜ ਵੱਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜਸਵਾਰ ਸਰਹੰਦੀ ਫ਼ੌਜਾਂ ਵਿਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ’ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ; ਇਸ ਕਰ ਕੇ ਉਹ ਸਿਰ ਤਲੀ ’ਤੇ ਰਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਨ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ‘ਜਹਾਦ’ ਦੇ ਨਾਂ ’ਤੇ ਇਕੱਠੇ ਕੀਤੇ ਪਠਾਨ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਣਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਸ ਮੌਕੇ ’ਤੇ ਗੰਡਾ ਮੱਲ (ਭਤੀਜਾ ਸੁੱਚਾ ਨੰਦ) ਵੀ ਆਪਣੇ ਜਾਸੂਸ ਹਿੰਦੂ ਫ਼ੌਜੀ ਲੈ ਕੇ ਭੱਜਣ ਲਗ ਪਿਆ। ਇਸ ਨਾਲ ਸਿੱਖਾਂ ਦੇ ਖੇਮੇ ਵਿਚ ਵੀ ਕੁਝ ਘਬਰਾਹਟ ਫੈਲ ਗਈ। ਇਸ ਨੂੰ ਵੇਖ ਕੇ ਬੰਦਾ ਸਿੰਘ ਟਿੱਲੇ ਤੋਂ ਉਤਰ ਕੇ ਆਪ ਮੈਦਾਨੇ-ਜੰਗ ਵਿਚ ਆ ਗਿਆ। ਬੰਦਾ ਸਿੰਘ ਨੂੰ ਆਪਣੇ ਵਿਚ ਖੜਾ ਵੇਖ ਕੇ ਸਿੱਖਾਂ ਦੇ ਹੌਸਲੇ ਦੂਣੇ-ਚੌਣੇ ਹੋ ਗਏ ਤੇ ਉਹ ਨਵੇਂ ਜੋਸ਼ ਨਾਲ ਸਰਹੰਦੀ ਫ਼ੌਜਾਂ ’ਤੇ ਟੁੱਟ ਪਏ। ਇਸ ਨਾਲ ਸਰਹੰਦੀ ਫ਼ੌਜਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿਤਾ। ਇਹ ਵੇਖ ਕੇ ਵਜ਼ੀਰ ਖ਼ਾਨ ਤੇ ਉਸ ਦਾ ਵਜ਼ੀਰ ਸੁੱਚਾ ਨੰਦ ਆਪ ਅਗਲੀਆਂ ਸਫ਼ਾਂ ਵਿਚ ਆ ਗਏ ਅਤੇ ਸਰਹੰਦੀ ਫ਼ੌਜਾਂ ਨੂੰ ਹੱਲਾਸ਼ੇਰੀ ਦੇਣ ਲਗ ਪਏ। ਸਭ ਤੋਂ ਪਹਿਲੀ ਟੱਕਰ ਬਾਜ਼ ਸਿੰਘ ਅਤੇ ਸੁੱਚਾ ਨੰਦ ਵਿਚ ਹੋਈ। ਬਾਜ਼ ਸਿੰਘ ਜਦ ਸੁੱਚਾ ਨੰਦ ਵੱਲ ਵਧਿਆ ਤਾਂ ਬੁਜ਼ਦਿਲ ਸੁੱਚਾ ਨੰਦ ਖ਼ੌਫ਼ ਨਾਲ ਦਹਿਲ ਗਿਆ ਤੇ ਪਿੱਛੇ ਨੂੰ ਭੱਜ ਪਿਆ। (ਮੈਦਾਨ ਵਿੱਚੋਂ ਭੱਜੇ ਸੁੱਚਾ ਨੰਦ ਨੇ ਸਰਹੰਦ ਪੁੱਜ ਕੇ ਹੀ ਸਾਹ ਲਿਆ)। ਇਸ ਮਗਰੋਂ ਜਦ ਬਾਜ਼ ਸਿੰਘ ਤੇ ਫ਼ਤਹਿ ਸਿੰਘ ਦੀ ਨਿਗਾਹ ਵਜ਼ੀਰ ਖ਼ਾਨ ’ਤੇ ਪਈ ਤਾਂ ਉਹ ਘੋੜੇ ਦੌੜਾ ਕੇ ਉਸ ਵਲ ਆ ਗਏ ਤੇ ਉਸ ਦੇ ਹਾਥੀ ਨੂੰ ਘੇਰ ਲਿਆ। ਹੁਣ ਹੱਥੋ-ਹੱਥ ਲੜਾਈ ਹੋਈ ਜਿਸ ਵਿਚ ਵਜ਼ੀਰ ਖ਼ਾਨ ਮਾਰਿਆ ਗਿਆ। ਏਨੇ ਵਿਚ ਹੀ ਉਨ੍ਹਾਂ ਨੂੰ ਸ਼ੇਰ ਮੁਹੰਮਦ ਖ਼ਾਨ (ਮਲੇਰਕੋਟਲਾ ਵਾਲਾ, ਜੋ ਬਹਿਲੋਲਪੁਰ ਵਿਚ ਮਝੈਲਾਂ ਹਥੋਂ ਹਾਰ ਖਾ ਕੇ ਫਿਰ ਇੱਥੇ ਚੱਪੜ-ਚਿੜੀ ਵਿਚ ਆ ਲੜਿਆ ਸੀ) ਵੀ ਨਜ਼ਰ ਆ ਗਿਆ। ਸਿੱਖਾਂ ਨੇ ਉਸ ਨੂੰ ਵੀ ਪਾਰ ਬੁਲਾ ਦਿਤਾ। ਉਸ ਦਾ ਭਰਾ ਖਵਾਜਾ ਅਲੀ ਵੀ ਮਾਰਿਆ ਗਿਆ ਇਨ੍ਹਾਂ ਦੀ ਮੌਤ ਮਗਰੋਂ ਇਕ ਵੀ ਪਠਾਨ ਜਾਂ ਮੁਗ਼ਲ ਫ਼ੌਜੀ ਮੈਦਾਨ ਵਿਚ ਨਾ ਠਹਿਰਿਆ। ਸਾਰੇ ਮੁਗ਼ਲ ਫ਼ੌਜੀ ਸਭ ਕੁਝ ਛੱਡ ਕੇ ਖ਼ਾਲੀ ਹੱਥ ਸਿਰਫ਼ ਜਾਨ ਬਣਾ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ, ਸਿਰਫ਼ ਕੁਝ ਘੰਟੇ, ਹੀ ਚੱਲੀ ਸੀ।
ਵਜ਼ੀਰ ਖਾਨ ਦੀ ਮੌਤ ਕਿੰਞ ਹੋਈ?
ਖ਼ਾਫ਼ੀ ਖ਼ਾਨ ਮੁਤਾਬਿਕ ਵਜ਼ੀਰ ਖ਼ਾਨ ਗੋਲੀ ਲੱਗਣ ਨਾਲ ਮਰਿਆ ਸੀ। ਇਸ ਮੁਤਾਬਿਕ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲੇ ਵਾਲੇ ਨੇ ਬਿਨੋਦ ਸਿੰਘ ‘ਤੇ ਹਮਲਾ ਕੀਤਾ। ਏਨੇ ਵਿਚ ਇਕ ਗੋਲੀ ਵਜ਼ੀਰ ਖ਼ਾਨ ਨੂੰ ਲੱਗੀ ਤੇ ਉਹ ਮਰ ਗਿਆ ਤੇ ਸ਼ੇਰ ਮੁਹੰਮਦ ਖ਼ਾਨ ਦਾ ਧਿਆਨ ਉਸ ਪਾਸੇ ਵੱਲ ਹੋ ਗਿਆ। (ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਜਿਲਦ 2, ਸਫ਼ਾ 653, ਇਰਵਿਨ, ਲੇਟਰ ਮੁਗ਼ਲਜ਼, ਜਿਲਦ ਪਹਿਲੀ, ਸਫ਼ਾ 96, ਐਲੀਅਟ ਐਂਡ ਡਾਊਸਨ, ਹਿਸਟਰੀ ਆਫ਼ ਇੰਡੀਆ ਐਜ਼ ਟੋਲਡ ਬਾਈ ਇਟਸ ਹਿਸਟੋਰੀਅਨਜ਼, ਜਿਲਦ 7, ਸਫ਼ਾ 414)।
ਕਨੱਈਆ ਲਾਲ ਮੁਤਾਬਿਕ ਵੀ ਵਜ਼ੀਰ ਖ਼ਾਨ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ। (ਤਾਰੀਖ਼ੇ ਪੰਜਾਬ, ਸਫ਼ਾ 59)। ਲਤੀਫ਼ ਮੁਤਾਬਿਕ ਵਜ਼ੀਰ ਖ਼ਾਨ ਦੀ ਮੌਤ ਇਕ ਤੀਰ ਲੱਗਣ ਨਾਲ ਹੋਈ ਸੀ। (ਹਿਸਟਰੀ ਆਫ਼ ਪੰਜਾਬ, ਸਫ਼ਾ 274)। ਮੀਰ ਮੁਹੰਮਦ ਅਹਿਸਨ ਇਜਾਦ ਮੁਤਾਬਿਕ “ਵਜ਼ੀਰ ਖ਼ਾਨ ਬੰਦਾ ਸਿੰਘ ਵੱਲ ਵਧਿਆ। ਬਾਜ਼ ਸਿੰਘ ਇਹ ਵੇਖ ਰਿਹਾ ਸੀ। ਉਹ ਘੋੜਾ ਭਜਾ ਕੇ ਵਜ਼ੀਰ ਖ਼ਾਨ ਤੇ ਬੰਦਾ ਸਿੰਘ ਦੇ ਵਿਚਕਾਰ ਆ ਗਿਆ। ਇਸ ‘ਤੇ ਵਜ਼ੀਰ ਖ਼ਾਨ ਨੇ ਬਾਜ਼ ਸਿੰਘ ਵੱਲ ਨੇਜ਼ਾ ਸੁੱਟਿਆ ਜੋ ਬਾਜ਼ ਸਿੰਘ ਨੇ ਹੱਥ ਨਾਲ ਬੋਚ ਲਿਆ ਤੇ ਵਾਪਿਸ ਵਜ਼ੀਰ ਖ਼ਾਨ ਵੱਲ ਵਗਾਹ ਕੇ ਮਾਰਿਆ। ਇਹ ਬਰਛਾ ਵਜ਼ੀਰ ਖ਼ਾਨ ਦੇ ਘੋੜੇ ਨੂੰ ਲੱਗਾ। ਵਜ਼ੀਰ ਖ਼ਾਨ ਨੇ ਡਿਗਦਿਆਂ ਹੀ ਬਾਜ਼ ਸਿੰਘ ‘ਤੇ ਤੀਰ ਚਲਾਇਆ ਜੋ ਉਸ (ਬਾਜ਼ ਸਿੰਘ) ਦੀ ਬਾਂਹ ਵਿਚ ਵੱਜਾ। ਇਸ ਦੇ ਨਾਲ ਹੀ ਵਜ਼ੀਰ ਖ਼ਾਨ ਨੇ ਬਾਜ਼ ਸਿੰਘ ‘ਤੇ ਤਲਵਾਰ ਨਾਲ ਵੀ ਵਾਰ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਕਿ ਤਲਵਾਰ ਬਾਜ਼ ਸਿੰਘ ਨੂੰ ਵੱਜ ਸਕਦੀ, ਫ਼ਤਹਿ ਸਿੰਘ ਨੇ ਤਲਵਾਰ ਮਾਰ ਕੇ ਵਜ਼ੀਰ ਖ਼ਾਨ ਦਾ ਸੱਜਾ ਮੋਢਾ ਵੱਢ ਦਿੱਤਾ।” (ਮੀਰ ਮੁਹੰਮਦ ਅਹਿਸਨ ਇਜਾਦ, ਸ਼ਾਹਨਾਮਾ)। ਵਜ਼ੀਰ ਖ਼ਾਨ ਨੂੰ ਡਿੱਗਾ ਵੇਖ ਕੇ ਬਾਕੀ ਫ਼ੌਜੀ ਜਾਨ ਬਚਾ ਕੇ ਭੱਜ ਗਏ। ਉਨ੍ਹਾਂ ਕੋਲ ਸਿਰਫ਼ ਬਦਨ ਦੇ ਕਪੜਿਆਂ ਤੋਂ ਸਿਵਾ ਕੁਝ ਵੀ ਨਹੀਂ ਸੀ। (ਖ਼ਾਫ਼ੀ ਖ਼ਾਨ, ਚੈਪਟਰ 2, ਸਫ਼ਾ 654)। ਦਸਤੂਰ ਉਲ ਇਨਸ਼ਾ ਦਾ ਲੇਖਕ ਯਾਰ ਮੁਹੰਮਦ ਲਿਖਦਾ ਹੈ ਕਿ ਵਜ਼ੀਰ ਖ਼ਾਨ ਦਾ ਸਿਰ ਇਕ ਨੇਜ਼ੇ ’ਤੇ ਟੰਗ ਕੇ ਅਤੇ ਉਸ ਦੇ ਧੜ ਨੂੰ ਬਲਦਾਂ ਪਿੱਛੇ ਬੰਨ੍ਹ ਕੇ, ਘਸੀਟ ਕੇ, 20 ਕਿਲੋਮੀਟਰ ਦੂਰ, ਸਾਹਰਿੰਦ ਲਿਜਾਇਆ ਗਿਆ।
ਸਿੱਖਾਂ ਦੇ ਇਕ ਜੱਥੇ ਨੇ ਸ਼ਹੀਦਾਂ ਦੀਆਂ ਲਾਸ਼ਾਂ ਸੰਭਾਲਣੀਆਂ ਸ਼ੁਰੂ ਕਰ ਦਿਤੀਆਂ। ਆਮ ਚਰਚਾ ਮੁਤਾਬਿਕ 30 ਹਜ਼ਾਰ ਸਿੱਖ ਸ਼ਹੀਦ ਹੋਏ ਅਤੇ 50 ਹਜ਼ਾਰ ਮੁਗਲ-ਪਠਾਣ ਮਾਰੇ ਗਏ। ਪਰ ਇਹ ਗਿਣਤੀ ਠੀਕ ਨਹੀਂ ਜਾਪਦੀ। ਦਰਅਸਲ ਇਹ ਗਿਣਤੀ ਤਰਤੀਬਵਾਰ ਤਿੰਨ ਤੇ ਪੰਜ ਹਜ਼ਾਰ ਵਿਚਕਾਰ ਹੈ। ਸ਼ਹੀਦ ਹੋਣ ਵਾਲਿਆਂ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਸਤਰ ਸਿਖਾਉਣ ਵਾਲਾ ਉਸਤਾਦ ਭਾਈ ਬਜਰ ਸਿੰਘ ਵੀ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਜ਼ਖ਼ਮੀ ਵੀ ਹੋਏ।
ਇਸ ਜੰਗ ਵਿਚ ਸਿੱਖਾਂ ਨੂੰ 45 ਵੱਡੀਆਂ-ਛੋਟੀਆਂ ਤੋਪਾਂ, ਦਰਜਨਾਂ ਹਾਥੀ, ਸੈਂਕੜੇ ਘੋੜੇ ਅਤੇ ਬਹੁਤ ਸਾਰੀਆਂ ਬੰਦੂਕਾਂ ਹੱਥ ਲੱਗੀਆਂ।
ਸਰਹੰਦ ਸ਼ਹਿਰ ’ਤੇ ਕਬਜ਼ਾ
ਲੜਾਈ ਖ਼ਤਮ ਹੋਣ ਮਗਰੋਂ ਜ਼ਖ਼ਮੀ ਸਿੱਖਾਂ ਦੀ ਮਰਹਮ ਪੱਟੀ ਕੀਤੀ ਗਈ ਪਰ ਸਿੱਖਾਂ ਕੋਲ ਏਨੀ ਮਰਹਮ ਨਹੀਂ ਸੀ ਹਰ ਇਕ ਨੂੰ ਮੁਹੱਈਆ ਕੀਤੀ ਜਾ ਸਕੇ। ਸ਼ਹੀਦ ਸਿੱਖਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਹ ਸਾਰਾ ਸਮਾਂ ਸਿੱਖ ਸ਼ਬਦ ਗਾਉਂਦੇ ਅਤੇ ਪਾਠ ਕਰਦੇ ਰਹੇ। ਸਸਕਾਰ ਕਰਨ ਮਗਰੋਂ ਬਾਕੀ ਸਿਖ ਫ਼ੌਜਾਂ ਸਰਹੰਦ ਵਲ ਚਲ ਪਈਆਂ। ਵੀਹ ਕਿਲੋਮੀਟਰ ਦਾ ਫ਼ਾਲਸਾ ਤੈਅ ਕਰ ਕੇ ਸਿੱਖ ਅੱਧੀ ਰਾਤ ਵੇਲੇ ਸਰਹੰਦ ਪਹੁੰਚ ਗਏ। ਇਸ ਵੇਲੇ ਸ਼ਹਿਰ ਦੇ ਦਰਵਾਜ਼ੇ ਬੰਦ ਸਨ। ਸਿੱਖ ਫ਼ੌਜਾਂ ਨੇ ਸਰਹੰਦ ਨਗਰ ਨੂੰ ਘੇਰਾ ਪਾ ਲਿਆ। ਅਗਲੇ ਦਿਨ ਇਕ ਨਿੱਕੀ ਜਹੀ ਝੜਪ ਮਗਰੋਂ ਸਿੱਖ ਸ਼ਹਿਰ ਵਿਚ ਦਾਖ਼ਿਲ ਹੋ ਗਏ। ਉਨ੍ਹਾਂ ਨੇ ਵਜ਼ੀਰ ਖ਼ਾਨ ਦੀ ਲਾਸ਼ ਦਾ ਜਲੂਸ ਕੱਢਿਆ ਅਤੇ ਕਿਲ੍ਹੇ ਦੇ ਕੋਲ ਲੈ ਆਏ। ਉਨ੍ਹਾਂ ਨੇ ਇਸ ਲਾਸ਼ ਨੂੰ ਇਕ ਦਰਖ਼ਤ ਨਾਲ ਪੁੱਠਾ ਲਟਕਾ ਦਿਤਾ। ਇਸ ਵੇਲੇ ਤਕ ਲਾਸ਼ ਵਿਚੋਂ ਬੋਅ ਆਉਣੀ ਸ਼ੁਰੂ ਹੋ ਚੁਕੀ ਸੀ। ਛੇਤੀ ਹੀ ਗਿਰਝਾਂ ਅਤੇ ਹੋਰ ਪੰਥੀਆਂ ਨੇ ਉਸ ਦੀ ਲਾਸ਼ ਨੂੰ ਨੋਚਣਾ ਸ਼ੁਰੂ ਕਰ ਦਿਤਾ। ਇਹ ਦੇਖ ਕੇ ਸ਼ਹਿਰ ਦੇ ਲੋਕ ਬੁਰੀ ਤਰ੍ਹਾਂ ਦਹਿਲ ਗਏ। ਉਨ੍ਹਾਂ ਵਿਚੋਂ ਕਈਆਂ ਨੇ ਸਿੱਖ ਫ਼ੌਜਾਂ ਤੋਂ ਰਹਿਮ ਦੀ ਮੰਗ ਕੀਤੀ। ਇਸ ਵੇਲੇ ਤਕ ਸ਼ਹਿਰ ਵਿਚ ਖ਼ਾਮੋਸ਼ੀ ਅਤੇ ਡਰ ਦਾ ਮਾਹੌਲ ਬਣ ਚੁਕਾ ਸੀ। ਸਿੱਖਾਂ ਨੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਕੋਈ ਵੀ ਸਿੱਖ ਕਿਸੇ ਬੇਗੁਨਾਹ ਦਾ ਵਾਲ ਵੀ ਵਿੰਗਾ ਨਹੀਂ ਕਰੇਗਾ।
ਹੁਣ ਸਿੱਖਾਂ ਨੇ ਕਿਲ੍ਹੇ ਵਲ ਮੂੰਹ ਕੀਤਾ। ਇੱਥੇ ਜ਼ਬਰਦਸਤ ਲੜਾਈ ਹੋਈ। ਕਿਲ੍ਹੇ ਦੀਆਂ ਤੋਪਾਂ ਦੇ ਗੋਲਿਆਂ ਨਾਲ 500 ਦੇ ਕਰੀਬ ਸਿੱਖ ਸ਼ਹੀਦ ਹੋ ਗਏ। ਇਸ ’ਤੇ ਕੁਝ ਸਿੱਖ ਕਿਲ੍ਹੇ ਦੇ ਨੇੜਲੇ ਇਕ ਭੱਠੇ ’ਤੇ ਚੜ੍ਹ ਗਏ ਤੇ ਉਥੋਂ ਉਨ੍ਹਾਂ ਨੇ ਕਿਲ੍ਹੇ ’ਚੋਂ ਗੋਲੇ ਬਰਸਾਉਂਦੀਆਂ ਤੋਪਾਂ ਦੇ ਤੋਪਚੀ ਮਾਰ ਦਿੱਤੇ। ਹੁਣ ਸਿੱਖ ਫ਼ੌਜ ਨੇ ਚੱਪੜ-ਚਿੜੀ ਵਿਚ ਸਰਹੰਦੀ ਫ਼ੌਜ ਤੋਂ ਖੋਹੀਆਂ ਤੋਪਾਂ ਨਾਲ ਕਿਲ੍ਹੇ ’ਤੇ ਗੋਲਾਬਾਰੀ ਕਰ ਕੇ ਅੰਦਰ ਜਾਣ ਦਾ ਰਸਤਾ ਬਣਾ ਲਿਆ। ਕਿਲ੍ਹੇ ਦੇ ਅੰਦਰ ਬਚੀ-ਖੁਚੀ ਸਰਹੰਦੀ ਫ਼ੌਜ, ਜੋ ਅਜੇ ਆਕੀ ਹੋਈ ਬੈਠੀ ਸੀ, ਨੇ ਵੀ ਥੋੜ੍ਹੇ ਹੀ ਸਮੇਂ ਵਿਚ ਹਥਿਆਰ ਸੁਟ ਦਿੱਤੇ। ਬੰਦਾ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿਤਾ। ਹੁਣ ਪੂਰੇ ਸਰਹੰਦ ਸ਼ਹਿਰ ਉਂਤੇ ਸਿੱਖਾਂ ਦਾ ਮੁਕੰਮਲ ਕਬਜ਼ਾ ਹੋ ਚੁਕਾ ਸੀ। ਇਸ ਵੇਲੇ ਸ਼ਹਿਰ ਜਾਂ ਕਿਲ੍ਹੇ ਵਿਚ ਮੁਖ਼ਾਲਫ਼ਤ ਕਰਨ ਵਾਲਾ ਕੋਈ ਵੀ ਨਹੀਂ ਸੀ ਬਚਿਆ। ਵਜ਼ੀਰ ਖ਼ਾਨ ਦਾ ਪੁੱਤਰ ਸਮੁੰਦ ਖ਼ਾਨ ਚੋਖੀ ਦੌਲਤ ਲੈ ਕੇ ਦਿੱਲੀ ਵਲ ਭੱਜ ਚੁਕਾ ਸੀ ਪਰ ਸੁੱਚਾ ਨੰਦ ਅਜੇ ਵੀ ਸ਼ਹਿਰ ਵਿਚ ਹੀ ਲੁਕਿਆ ਬੈਠਾ ਸੀ।
ਬੰਦਾ ਸਿੰਘ ਨੇ ਮੁਖੀ ਸ਼ਹਿਰੀਆਂ ਦਾ ਇਕ ਇਕੱਠ ਬੁਲਾਇਆ ਅਤੇ ਐਲਾਨ ਕੀਤਾ ਕਿ ਸਿੱਖ ਕਿਸੇ ਵੀ ਬੇਗੁਨਾਹ ਨੂੰ ਕੋਈ ਤਕਲੀਫ਼ ਨਹੀਂ ਆਉਣ ਦੇਣਗੇ ਪਰ ਕਿਸੇ ਵੀ ਮੁਜਰਿਮ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ’ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਬਹੁਤ ਸਾਰੇ ਲੋਕ ਬੰਦਾ ਸਿੰਘ ਨਾਲ ਮਿਲਵਰਤਣ ਕਰਨ ਲਗ ਪਏ। ਉਨ੍ਹਾਂ ਵਿਚੋਂ ਕਿਸੇ ਨੇ ਸੁੱਚਾ ਨੰਦ ਦਾ ਵੀ ਥਹੁ-ਪਤਾ ਦਸ ਦਿਤਾ। ਸੁੱਚਾ ਨੰਦ ਅਜੇ ਸ਼ਹਿਰ ਵਿਚ ਲੁਕਿਆ ਹੋਇਆ ਸੀ। ਉਹ ਚੱਪੜ-ਚਿੜੀ ਵਿੱਚੋਂ ਦੌੜ ਆਉਣ ਦੇ ਬਾਵਜੂਦ ਸਰਹੰਦ ’ਚੋਂ ਦੌੜ ਨਹੀਂ ਸਕਿਆ ਸੀ ਕਿਉਂਕਿ ਉਹ ਆਪਣੀ ਬੇਸ਼ੁਮਾਰ ਇਕੱਠੀ ਕੀਤੀ ਹੋਈ ਦੌਲਤ ਨੂੰ ਸੰਭਾਲਣ ਅਤੇ ਕੱਢ ਕੇ ਲਿਜਾਉਣ ਦੀਆਂ ਸਕੀਮਾਂ ਘੜਦਾ ਰਹਿ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਘਰ-ਘਰ ਵਿਚ ਭਿੱਖਿਆ ਮੰਗਣ ’ਤੇ ਮਜਬੂਰ ਕੀਤਾ ਗਿਆ। ਰਸਤੇ ਵਿਚ ਲੋਕਾਂ ਨੇ ਉਸ ਨੂੰ ਪੱਥਰ ਵੀ ਮਾਰੇ। ਅਖ਼ੀਰ ਬੁਰੀ ਤਰ੍ਹਾਂ ਜ਼ਲੀਲ ਹੋ ਕੇ ਸੁੱਚਾ ਨੰਦ ਮਰ ਗਿਆ। ਸੁੱਚਾ ਨੰਦ ਕੋਲ ਬੇਸ਼ੁਮਾਰ ਦੌਲਤ ਸੀ। ਇਸ ਸਾਰੀ ਦੌਲਤ ਨੂੰ ਜ਼ਬਤ ਕਰ ਲਿਆ ਗਿਆ। ਇਬਰਤਨਾਮਾ ਦਾ ਲਿਖਾਰੀ ਮੁਹੰਮਦ ਕਾਸਿਮ ਲਿਖਦਾ ਹੈ ਕਿ “ਇੰਞ ਜਾਪਦਾ ਸੀ ਕਿ ਉਸ ਨੇ ਇਹ ਸਾਰੀ ਦੌਲਤ ਇਸੇ ਦਿਨ ਵਾਸਤੇ ਇਕੱਠੀ ਕੀਤੀ ਹੋਈ ਸੀ।” ਮੁਹੰਮਦ ਕਾਸਿਮ ਇਹ ਵੀ ਲਿਖਦਾ ਹੈ ਕਿ “ਲੋਕ ਕਹਿੰਦੇ ਸਨ ਕਿ ਵਜ਼ੀਰ ਖ਼ਾਨ ਦੇ ਵੇਲੇ ਕੋਈ ਐਸਾ ਜ਼ੁਲਮ ਨਹੀਂ ਸੀ ਜੋ ਗ਼ਰੀਬਾਂ ਉਂਤੇ ਨਾ ਕੀਤਾ ਗਿਆ ਹੋਵੇ ਤੇ ਹੁਣ (ਜ਼ੁਲਮ ਦਾ) ਕੋਈ ਅਜਿਹਾ ਬੀਜ ਨਹੀਂ ਸੀ ਜਿਸ ਨੂੰ ਫੁੱਲ ਨਾ ਲੱਗਾ ਹੋਵੇ। ਜਿਹਾ ਬੀਜਿਆ ਗਿਆ, ਤਿਹਾ ਵੱਢਿਆ ਗਿਆ।” (ਮੁਹੰਮਦ ਕਾਸਿਮ, ਇਬਰਤਨਾਮਾ, ਛਪੀ ਕਿਤਾਬ ਦੇ ਸਫ਼ੇ 133-46, ਬ੍ਰਿਟਿਸ਼ ਲਾਇਬਰੇਰੀ ਦੀ ਹੱਥ-ਲਿਖਤ ਦੇ ਸਫ਼ੇ 26 ਬੀ ਤੋਂ 35 ਬੀ)।
ਬੰਦਾ ਸਿੰਘ ਨੇ ਸੁੱਚਾ ਨੰਦ ਦੇ ਪਰਵਾਰ ਨੂੰ ਵੀ ਸਜ਼ਾ ਦਿੱਤੀ। ਉਨ੍ਹਾਂ ਨੂੰ ਜਿਸਮ ਢੱਕਣ ਜੋਗੇ ਕਪੜੇ ਦੇ ਕੇ ਸ਼ਹਿਰ ਵਿਚ ਮੰਗਣ ’ਤੇ ਮਜਬੂਰ ਕੀਤਾ ਗਿਆ ਤੇ ਨਾਲ ਹੀ ਸ਼ਹਿਰ ਵਿਚ ਇਹ ਮੁਨਿਆਦੀ ਵੀ ਕਰਵਾ ਦਿੱਤੀ ਗਈ ਕਿ ਕੋਈ ਵੀ ਬੰਦਾ ਇਨ੍ਹਾਂ ਨੂੰ ਇਕ ਕੌਡੀ ਤੋਂ ਵਧ ਭਿਖਿਆ ਨਾ ਦੇਵੇ।ਇਸ ਦੇ ਨਾਲ ਹੀ ਬੰਦਾ ਸਿੰਘ ਨੇ ਹਰ ਉਸ ਸ਼ਖ਼ਸ ਨੂੰ ਸਜ਼ਾ-ਇ-ਮੌਤ ਦਿਤੀ ਜਿਸ ਨੇ ਲੋਕਾਂ ‘ਤੇ ਜ਼ੁਲਮ ਢਾਏ ਸਨ। (ਤਾਰੀਖ਼ੇ ਮੁਹੰਮਦ ਸ਼ਾਹੀ)। ਸੁੱਚਾ ਨੰਦ ਅਤੇ ਵਜ਼ੀਰ ਖ਼ਾਨ ਦੇ ਮਹਿਲਾਂ ਬਾਰੇ ਮੁਹੰਮਦ ਕਾਸਿਮ ਲਿਖਦਾ ਹੈ ਕਿ ਉਨ੍ਹਾਂ ਦੇ “ਸੁਰਗਾਂ ਵਰਗੇ ਮਹਿਲ ਕਾਂਵਾਂ ਦੇ ਅੱਡੇ ਬਣ ਗਏ”।
ਭਾਵੇਂ ਬੰਦਾ ਸਿੰਘ ਨੇ ਸਾਰੇ ਦੁਸ਼ਮਣਾਂ ਨੂੰ ਸਖ਼ਤ ਸਜ਼ਾ ਦੇ ਦਿਤੀ ਸੀ ਪਰ ਉਸ ਨੇ ਗੁੱਸੇ ਵਿਚ ਕਦੇ ਵੀ ਕਿਸੇ ਨੂੰ ਤੰਗ ਨਹੀਂ ਕੀਤਾ। ਹੋਰ ਤਾਂ ਹੋਰ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ’ਤੇ ਖ਼ੁਸ਼ੀ ਮਨਾਉਣ ਵਾਲੇ ਸਰਹੰਦੀ ਸ਼ੈਖਾਂ ਨੂੰ ਵੀ ਕੁਝ ਨਹੀਂ ਕਿਹਾ। ਦਰਅਸਲ ਬੰਦਾ ਸਿੰਘ ਦੀ ਜੰਗ ਮੁਸਲਮਾਨਾਂ ਦੇ ਖ਼ਿਲਾਫ਼ ਨਹੀਂ ਸੀ ਬਲਕਿ ਜ਼ੁਲਮ ਕਰਨ ਵਾਲਿਆਂ ਦੇ ਖ਼ਿਲਾਫ਼ ਸੀ। ਇਸੇ ਕਰ ਕੇ ਬੰਦਾ ਸਿੰਘ ਨੇ ਕਿਸੇ ਵੀ ਇਸਲਾਮੀ ਅਦਾਰੇ ’ਤੇ ਹਮਲਾ ਨਹੀਂ ਕੀਤਾ।
ਅੱਜ ਵੀ (2010 ਵਿਚ), ਬੰਦਾ ਸਿੰਘ ਦੇ ਹਮਲੇ ਤੋਂ ਤਿੰਨ ਸੌ ਸਾਲ ਮਗਰੋਂ ਵੀ, ਸ਼ੈਖ ਅਹਿਮਦ ਸਰਹੰਦੀ ਦਾ ਮਜ਼ਾਰ ਅਤੇ ਡੇਰਾ, ਲਾਲ ਮਸਜਿਦ, ਸਦਨੇ ਕਸਾਈ ਦੀ ਮਸਜਿਦ, (ਨੇੜੇ ਤਲਾਨੀਆਂ ਵਿਚ) ਉਸਤਾਦ ਤੇ ਸ਼ਾਗਿਰਦ ਦੇ ਮਕਬਰੇ, ਮੀਰੇ-ਮੀਰਾਂ ਪਿੰਡ ਵਿਚ ਬਹਿਲੋਲ ਲੋਧੀ ਦੇ ਜੁਆਈ ਦਾ ਮਜ਼ਾਰ ਅਤੇ ਹੋਰ ਕਈ ਮਸਜਿਦਾਂ ਤੇ ਮਕਬਰੇ ਅਜ ਵੀ ਸਰਹੰਦ ਤੇ ਇਸ ਦੇ ਆਲੇ-ਦੁਆਲੇ ਆਪਣੇ ਜੌਹੇ-ਜਲਾਲ ਵਿਚ ਖੜ੍ਹੇ ਹਨ। ਜੇ ਬੰਦਾ ਸਿੰਘ ਇਸਲਾਮ-ਵਿਰੋਧੀ ਹੁੰਦਾ ਤਾਂ ਉਹ ਇਨ੍ਹਾਂ ਇਮਾਰਤਾਂ ਨੂੰ ਜੇ ਤਬਾਹ ਨਾ ਵੀ ਕਰਦਾ ਤਾਂ ਨੁਕਸਾਨ ਜ਼ਰੂਰ ਪਹੁੰਚਾਉਂਦਾ।
ਸਰਹੰਦ ’ਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਨੇ ਬਾਜ ਸਿੰਘ ਬੰਗੇਸ਼ਰੀ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਸਲੌਦੀ ਵਾਲੇ ਨੂੰ ਨਾਇਬ-ਸੂਬੇਦਾਰ ਤਾਈਨਾਤ ਕੀਤਾ। ਬੰਦਾ ਸਿੰਘ ਨੇ 27 ਮਈ 1710 ਦੇ ਦਿਨ ਕਿਲ੍ਹੇ ਦੇ ਬਾਹਰ ਆਮ ਲੋਕਾਂ ਦਾ ਇਕ ਇਕੱਠ ਬੁਲਾਇਆ ਅਤੇ ਲੋਕ ਰਾਜ ਦਾ ਐਲਾਨ ਕਰ ਦਿਤਾ। ਉਸ ਨੇ ਇਹ ਵੀ ਕਿਹਾ ਕਿ ਜ਼ਮੀਨ ਦਾ ਮਾਲਕ ਕਾਸ਼ਤਕਾਰ (ਵਾਹੀ ਕਰਨ ਵਾਲਾ ਕਿਰਸਾਨ) ਹੀ ਹੋਵੇਗਾ ਅਤੇ ਉਹ ਸਿਰਫ਼ ਇਕ ਤਿਹਾਈ ਵਟਾਈ ਸਰਕਾਰ ਨੂੰ ਬੰਧਾਨ ਵਜੋਂ ਦੇਵੇਗਾ। ਬੰਦਾ ਸਿੰਘ ਨੇ ਜ਼ਮੀਂਦਾਰੀ ਸਿਸਟਮ ਉਂਕਾ ਹੀ ਖ਼ਤਮ ਕਰਨ ਦਾ ਵੀ ਐਲਾਨ ਕਰ ਦਿਤਾ।
ਇਹ ਬੰਦਾ ਸਿੰਘ ਹੀ ਸੀ ਜਿਸ ਨੇ ‘ਦਲਿਤ’ ਜਾਣੇ ਜਾਂਦੇ, ਹੀਣੇ ਤੇ ਨਿਗੂਣੇ ਜਿਹੇ ਕਿਸਾਨਾਂ ਨੂੰ ਜੱਟ ਅਤੇ ਜ਼ਮੀਨਾਂ ਦੇ ਮਾਲਿਕ ਬਣਾ ਦਿੱਤਾ ਸੀ। ਇਹ ਗੱਲ ਕਾਬਲੇ-ਜ਼ਿਕਰ ਹੈ ਕਿ ਦੁਨੀਆਂ ਭਰ ਵਿਚ ਜਾਗੀਰਦਾਰੀ ਦਾ ਸਭ ਤੋਂ ਪਹਿਲਾ ਖ਼ਾਤਮਾ ਬਾਬਾ ਬੰਦਾ ਸਿੰਘ ਨੇ ਸਿੱਖ ਹੋਮਲੈਂਡ ਵਿਚ ਕੀਤਾ ਸੀ।
ਖਾਲਸਾ ਰਾਜ ਦਾ ਸੰਮਤ ਸ਼ੁਰੂ ਕਰਨਾ
ਸਰਹੰਦ ਦੀ ਜਿੱਤ ਦੇ ਦਿਨ ਤੋਂ ਖਾਲਸੇ ਦਾ (ਬੰਦਾ ਸਿੰਘ ਦਾ ਨਹੀਂ) ਨਵਾਂ ਸੰਮਤ ਵੀ ਜਾਰੀ ਕੀਤਾ ਗਿਆ। ਭਾਵੇਂ ਬੰਦਾ ਸਿੰਘ ਨੇ ਸਰਹੰਦ ਦਾ ਨਿਜ਼ਾਮ ਬਾਜ਼ ਸਿੰਘ ਤੇ ਆਲੀ ਸਿੰਘ ਨੂੰ ਸੌਂਪ ਦਿੱਤਾ ਸੀ ਪਰ ਉਹ ਆਪ ਅਜੇ ਇਂਥੇ ਹੀ ਠਹਿਰਆ ਹੋਇਆ ਸੀ। ਉਸ ਨੇ ਸਾਰੀ ਦੌਲਤ ਜੋ ਘੱਟੋ-ਘੱਟ ਤਿੰਨ ਕਰੋੜ ਰੁਪੈ ਸੀ, ਗੱਡਿਆਂ ’ਤੇ ਲਦਵਾ ਕੇ ਲੋਹਗੜ੍ਹ ਕਿਲ੍ਹੇ ਵਲ ਭੇਜ ਦਿਤੀ। ਇਨ੍ਹੀਂ ਦਿਨੀਂ ਹੀ ਬੰਦਾ ਸਿੰਘ ਨੇ ਭਾਈ ਰਾਮ ਸਿੰਘ ਤੇ ਬਿਨੋਦ ਸਿੰਘ ਨੂੰ ਥਾਨੇਸਰ ਨਗਰ ਦੀ ਹਕੂਮਤ ਸੌਂਪ ਦਿਤੀ।
ਖਾਲਸਾ ਰਾਜ ਦਾ ਸਿੱਖ ਸਿੱਕਾ ਤੇ ਮੁਹਰ ਜਾਰੀ ਕਰਨਾ
ਇਸ ਦੇ ਨਾਲ ਹੀ ਬੰਦਾ ਸਿੰਘ ਨੇ ਖਾਲਸਾ ਰਾਜ ਦਾ ਨਵਾਂ ਸਿੱਕਾ ਵੀ ਜਾਰੀ ਕੀਤਾ । ਇਸ ਦੇ ਇਕ ਪਾਸੇ ਇਹ ਲਿਖਿਆ ਸੀ:
ਸਿੱਕਾ ਜ਼ਦ ਬਰ ਹਰਦੋ ਆੱਲਿਮ, ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ ਫ਼ਜ਼ਲਿ ਸੱਚਾ ਸਾਹਿਬ ਅਸਤ
(ਦੋਹਾਂ ਜਹਾਨਾਂ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖ਼ਸ਼ਦੀ ਹੈ; ਅਕਾਲ ਪੁਰਖ ਦੇ ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਹਿ ਹੋਈ ਹੈ)
ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ:
ਜ਼ਰਬ ਬ ਅਮਾਨੁਲ ਦਹਰ ਮਸੱਵਰਤ ਸ਼ਹਿਰ
ਜ਼ੀਨਤੁੱਲ ਬਖ਼ਤ ਮੁਬਾਰਕ ਬਖ਼ਤ॥
(ਦੁਨੀਆਂ ਦੇ ਸਕੂਨ ਭਰੇ ਥਾਂ, ਜੰਨਤ ਵਰਗੇ ਸ਼ਹਿਰ, ਭਾਗਾਂ ਵਾਲੇ ਤਖ਼ਤ ਦੀ ਰਾਜਧਾਨੀ ਵਿਚ, ਜਾਰੀ ਹੋਇਆ)
ਇੰਞ ਹੀ ਖਾਲਸਾ ਰਾਜ ਦੀ ਮੁਹਰ ਵੀ ਜਾਰੀ ਕੀਤੀ ਗਈ, ਜਿਸ ’ਤੇ ਲਿਖਿਆ ਸੀ:
ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ॥
ਪਾਦਸ਼ਾਹ ਦੀਨੋ-ਦੁਨੀਆਂ ਆਪ ਸੱਚਾ ਸਾਹਿਬ ਅਸਤ॥
(ਅੰਦਰ-ਬਾਹਰ, ਸਾਰੇ ਪਾਸੇ, ਬਾਬਾ ਨਾਨਕ ਦੀ ਹੀ ਵਡਿਆਈ ਹੈ। ਉਹ ਸੱਚਾ ਰੱਬ ਦੀਨ-ਦੁਨੀਆਂ ਦੋਹਾਂ ਦਾ ਵਾਲੀ ਹੈ)
ਮਗਰੋਂ ਇਸ ਦੀ ਥਾਂ ’ਤੇ ਹੇਠ ਲਿਖੀ ਮੁਹਰ ਜਾਰੀ ਕੀਤੀ ਗਈ:
ਦੇਗ਼ੋ-ਤੇਗ਼ੋ-ਫ਼ਤਿਹ-ਓ-ਨੁਸਰਤ ਬੇਦਿਰੰਗ
ਯਾਫ਼ਤ ਅਜ਼ ਨਾਨਕ - ਗੁਰੂ ਗੋਬਿੰਦ ਸਿੰਘ
(ਦੇਗ਼ ਤੇਗ਼ ਅਤੇ ਫ਼ਤਹਿ ਬਿਨਾਂ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਿਲ ਹੋਈ)
ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਬੰਦਾ ਸਿੰਘ ਨੇ ਨਾ ਤਾਂ ਆਪਣੇ ਨਾਂ ’ਤੇ ਸਿੱਕਾ ਜਾਰੀ ਕੀਤਾ ਅਤੇ ਨਾ ਹੀ ਉਸ ਨੇ ਆਪਣੇ ਨਾਂ ਦੀ ਮੁਹਰ ਚਲਾਈ। ਬੰਦਾ ਸਿੰਘ ਨੇ ਹਰ ਕਾਮਯਾਬੀ ਨੂੰ ਗੁਰੂ ਸਾਹਿਬ ਨੂੰ ਹੀ ਸਮਰਪਣ ਕੀਤਾ ਸੀ। ਦੁਨੀਆਂ ਭਰ ਦੀ ਤਵਾਰੀਖ਼ ਵਿਚ ਕਦੇ ਕਿਸੇ ਜੇਤੂ ਜਾਂ ਹਾਕਮ ਨੇ ਅੱਜ ਤਕ ਆਪਣੇ ਨਾਂ ਤੋਂ ਸਿਵਾ ਕਦੇ ਕਿਸੇ ਹੋਰ ਦੇ ਨਾਂ ਦਾ ਸਿੱਕਾ ਜਾਰੀ ਨਹੀਂ ਕੀਤਾ। ਹੋਰ ਤਾਂ ਹੋਰ, ਅੱਲ੍ਹਾ ਦੇ ਨਾਂ ’ਤੇ ਅਤੇ ਇਸਲਾਮ ਦੀ ਸ਼ਾਨ ਦੇ ਨਾਂ ’ਤੇ ਹਕੂਮਤਾਂ ਕਾਇਮ ਕਰਨ ਵਾਲੇ, ਮੁਸਲਮਾਨ ਰਾਜੇ ਵੀ ਆਪਣੇ ਨਾਂ ਦਾ ਸਿੱਕਾ ਜਾਰੀ ਕਰਿਆ ਕਰਦੇ ਸਨ ਤੇ ਆਪਣਾ ਖ਼ੁਤਬਾ ਪੜ੍ਹਵਾਇਆ ਕਰਦੇ ਸਨ। ਦੂਜੇ ਪਾਸੇ ਬੰਦਾ ਸਿੰਘ ਤਾਂ ਆਪਣੇ ਆਪ ਨੂੰ ਹਮੇਸ਼ਾ ‘ਗੁਰੂ ਦਾ ਬੰਦਾ’ ਆਖਿਆ ਕਰਦਾ ਸੀ।
ਚੱਪੜ ਚਿੜੀ ਦੀ ਲੜਾਈ ਦੀ ਅਸਲ ਤਾਰੀਖ਼
ਚੱਪੜ ਚਿੜੀ ਦੀ ਲੜਾਈ 12 ਮਈ 1710 ਦੇ ਦਿਨ ਹੋਈ ਸੀ, ਅਗਲੇ ਦਿਨ ਸ਼ਹਿਰ ਸਰਹੰਦ ਅਤੇ ਇਸ ਦੇ ਕਿਲ੍ਹੇ ’ਤੇ ਵੀ ਕਬਜ਼ਾ ਹੋ ਚੁਕਾ ਸੀ। । ਸਰਹੰਦ ’ਤੇ ਸਿੱਖਾਂ ਦਾ ਕਬਜ਼ਾ ਹੋਣ ਦੀ ਖ਼ਬਰ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਹਾਸੂ ਨਗਰ ਦੇ ਪੜਾਅ ’ਤੇ 20 ਮਈ 1710 ਨੂੰ ਮਿਲੀ। ਅੰਗਰੇਜ਼ ਲੇਖਕ ਇਰਵਿਨ (ਕਿਤਾਬ ਲੇਟਰ ਮੁਗ਼ਲਜ਼) ਨੇ ਸਰਹੰਦ ਦੀ ਲੜਾਈ ਦੀ ਤਾਰੀਖ਼ 22 ਮਈ ਲਿਖੀ ਹੈ ਜੋ ਕਿ ਗ਼ਲਤ ਹੈ। ਦਰਅਸਲ ਉਸ ਨੇ ਅਖਬਾਰਾਤੇ ਦਰਬਾਰੇ ਮੁਅੱਲਾ ਦੀ ਇਕ ਬਿਨ-ਤਾਰੀਖ਼ ਐਂਟਰੀ (13 ਫ਼ਰਵਰੀ 1712 ਦੀ ਐਂਟਰੀ ਤੋਂ ਪਿੱਛੋਂ ਛਪੀ) ਤੋਂ ਗ਼ਲਤੀ ਖਾਧੀ ਸੀ। ਜੇ ਤਾਰੀਖ਼ 22 ਮਈ ਹੁੰਦੀ ਤਾਂ ਬਾਦਸ਼ਾਹ ਨੂੰ 20 ਮਈ ਨੂੰ ਖ਼ਬਰ ਕਿਵੇਂ ਮਿਲ ਸਕਦੀ ਸੀ?
ਦੂਜੇ ਪਾਸੇ ‘ਸੂਰਜ ਪਰਕਾਸ਼’ ਦਾ ਲਿਖਾਰੀ ਸੰਤੋਖ ਸਿੰਘ ਸਰਹੰਦ ਦੀ ਲੜਾਈ 1707 ਵਿਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੰਦੇੜ ਵਿਚ ਹੁੰਦਿਆਂ, ਕਰਵਾ ਕੇ ਉਨ੍ਹਾਂ ਕੋਲੋਂ ਇਸ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਵਾਉਂਦਾ ਹੈ। ਸੰਤੋਖ ਸਿੰਘ ਦੀ ਨਕਲ ਮਾਰ ਕੇ ਗਿਆਨੀ ਗਿਆਨ ਸਿੰਘ ਵੀ ਇਹ ਲੜਾਈ ਜੇਠ 1764, ਯਾਨਿ 1707, ਵਿਚ ਕਰਵਾਉਂਦਾ ਹੈ।


ਡਾ: ਹਰਜਿੰਦਰ ਸਿੰਘ ਦਿਲਗੀਰ
 
Top