ਉਫ ਅਸਾਂ ਕਰਨੀ ਨਹੀਂ ਕਦੇ ਵੀ ਤੇਰੇ ਜ਼ਬਰ ਅੱਗੇ

ਉਫ ਅਸਾਂ ਕਰਨੀ ਨਹੀਂ ਕਦੇ ਵੀ ਤੇਰੇ ਜ਼ਬਰ ਅੱਗੇ
ਨਜਰ ਆਪਣੀ ‘ਚੋਂ ਗਿਰ ਜਾਣਾ ਤੂੰ ਸਾਡੇ ਸਬਰ ਅੱਗੇ

ਮੋਕਾਪ੍ਰਸਤ ਬਣ ਅੱਜ ਖੰਜਰ ਲਕੋ ਕੇ ਬੈਠ ਗਏ ਤੁਸੀਂ
ਕਫਨ ਤਾਨ ਬੈਠ ਗਏ ਅਸੀਂ ਵੀ ਆਪਣੀ ਕਬਰ ਅੱਗੇ

ਚਿਣ ਲਿਆ ਮਹਿਲ ਆਲੀਸ਼ਾਨ ਤੂੰ ਸਾਡੇ ਜਿਗਰ ਉੱਤੇ
ਜੁਲਮ ਕਰਕੇ ਪਾਰ ਅਸੀਂ ਲੰਘ ਜਾਣਾ ਤੇਰੇ ਨਗਰ ਅੱਗੇ

ਮਿਲੇ ਜ਼ਖਮ ਫੁੱਲਾਂ ਤੋਂ ਹੁਣ ਕੰਡਿਆਂ ਤੋਂ ਕੀ ਡਰਨਾ ਅਸੀਂ
ਦੇ ਮੌਤ ਦਾ ਫਰਮਾਨ ਤੂੰ ਨਹੀਂ ਝੁਕਨਾ ਤੇਰੀ ਖ਼ਬਰ ਅੱਗੇ

ਆਖਰੀ ਪੱਤਾ ਵੀ ਝਾੜ ਕੇ ਬਿਖੇਰ ਦੇ ਸਾਨੂੰ ਬਿਰਖ ਨਾਲੋਂ
ਕਹਿਰ ਪਤਝੜਾਂ ਦਾ ਵੀ ਮੁੱਕ ਜਾਣਾ ਸਾਡੇ ਸਬਰ ਅੱਗੇ

ਆਰ.ਬੀ.ਸੋਹਲ

 
Top