ਈਡਨ ਗਾਰਡਨ 'ਚ ਕੋਲਕਾਤਾ ਦੀ ਟੀਮ ਦਾ ਸ਼ਾਹੀ ਸਨਮਾਨ

[JUGRAJ SINGH]

Prime VIP
Staff member
ਮੁੱਖ ਮੰਤਰੀ ਮਮਤਾ ਬੈਨਰਜੀ, ਸ਼ਾਹਰੁਖ ਖਾਨ ਤੇ ਜੂਹੀ ਚਾਵਲਾ ਨੇ ਕੀਤੀ ਸ਼ਿਰਕਤ

ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ 1 ਲੱਖ ਦਰਸ਼ਕਾਂ ਦੀ ਮੌਜੂਦਗੀ ਵਿਚ ਆਈ. ਪੀ. ਐਲ.-7 ਦਾ ਖਿਤਾਬ ਜਿੱਤਣ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਸ਼ਾਹੀ ਸਨਮਾਨ ਕੀਤਾ ਗਿਆ | ਭਾਵੇਂ ਸ਼ਾਹਰੁਖ ਤੈਅ ਸਮੇਂ ਤੋਂ 2 ਘੰਟੇ ਦੇਰੀ ਨਾਲ ਪੁੱਜੇ, ਪ੍ਰੰਤੂ ਇਸ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਸੀ | ਇਸ ਸਮਾਰੋਹ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸ਼ਾਹਰੁਖ ਨੇ ਖਚਾਖਚ ਭਰੇ ਈਡਨ ਗਾਰਡਨ ਦੇ ਦਰਸ਼ਕਾਂ ਨੂੰ ਆਪਣੇ ਅੰਦਾਜ਼ ਵਿਚ ਹੱਥ ਹਿਲਾ ਕੇ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਆਪਣੀ ਟੀਮ ਦੇ ਨਾਅਰੇ 'ਕੋਰਬੋ, ਲੋਰਬੋ, ਜੀਤਵੋ' ਨੂੰ ਵਾਰ-ਵਾਰ ਦੁਹਰਾਇਆ | ਜੇਤੂ ਟ੍ਰਾਫੀ ਨਾਲ ਕਪਤਾਨ ਗੌਤਮ ਗੰਭੀਰ ਨੇ ਟੀਮ ਦੀ ਅਗਵਾਈ ਕੀਤੀ, ਇਸ ਮੌਕੇ ਉਸ ਨਾਲ ਟੀਮ ਦੀ ਸਹਿ ਮਾਲਕਾ ਜੂਹੀ ਚਾਵਲਾ ਵੀ ਨਾਲ ਸੀ | ਇਸ ਮੌਕੇ ਸ਼ਾਹਰੁਖ ਖਾਨ ਨੇ ਪ੍ਰਸੰਸਕਾਂ ਤੋਂ ਦੇਰੀ ਨਾਲ ਪੁੱਜਣ 'ਤੇ ਮੁਆਫੀ ਵੀ ਮੰਗੀ | ਇਸ ਤੋਂ ਪਹਿਲਾਂ, ਕੋਲਕਾਤਾ ਟੀਮ ਦੇ ਖਿਡਾਰੀਆਂ ਨੇ 8 ਓਪਨ ਐਸ. ਯੂ. ਵੀ. ਗੱਡੀਆਂ ਦੇ ਵਿਚ ਸਟੇਡੀਅਮ ਦਾ ਚੱਕਰ ਲਗਾਇਆ | ਸ਼ਾਹਰੁਖ ਖਾਨ 4 ਵਜੇ ਸਟੇਡੀਅਮ ਵਿਚ ਪੁੱਜੇ | ਇਸ ਮੌਕੇ ਸਟੇਡੀਅਮ ਵਿਚ 40 ਕਿਲੋਂ ਦਾ ਕੇਕ ਲਿਆਂਦਾ ਗਿਆ ਸੀ, ਜਿਸ ਨੂੰ ਸਾਂਝੇ ਤੌਰ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ, ਟੀਮ ਦੇ ਮਾਲਕ ਸ਼ਾਹਰੁਖ ਖਾਨ, ਜੂਹੀ ਚਾਵਲਾ ਤੇ ਜੇ ਮਹਿਤਾ ਅਤੇ ਟੀਮ ਦੇ ਕਪਤਾਨ ਗੌਤਮ ਗੰਭੀਰ ਨੇ ਕੱਟਿਆ | ਇਸ ਤੋਂ ਪਹਿਲਾਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਜਗਮੋਹਨ ਡਾਲਮੀਆ ਨੇ ਕੋਲਕਾਤਾ ਟੀਮ ਦੇ ਸਾਰੇ ਖਿਡਾਰੀਆਂ ਤੇ ਸਟਾਫ ਮੈਬਰਾਂ ਨੂੰ 10 ਗ੍ਰਾਮ ਸੋਨੇ ਦੀਆਂ ਮੁੰਦਰੀਆਂ ਭੇਟ ਕੀਤੀਆਂ | ਇਸ ਤੋਂ ਪਹਿਲਾਂ ਗਾਇਕਾ ਊਸ਼ਾ ਓਥੱਪ ਨੇ ਆਪਣੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਬੰਗਾਲੀ ਸਿਨੇਮਾ ਅਤੇ ਟੀ. ਵੀ. ਇੰਡਸਟਰੀ ਤੋਂ ਵੀ ਕਾਫੀ ਕਲਾਕਾਰ ਪੁੱਜੇ |
ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਕੀਤਾ ਲਾਠੀਚਾਰਜ
ਸਨਮਾਨ ਸਮਾਰੋਹ ਦੌਰਾਨ ਈਡਨ ਗਾਰਡਨ ਦੇ ਬਾਹਰ ਉਸ ਸਮੇਂ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ, ਜਦੋਂ ਸਟੇਡੀਅਮ ਦੇ ਅੰਦਰ ਪਹਿਲਾਂ ਪਹੁੰਚਣ ਦੀ ਭੱਜ ਦੌੜ ਵਿਚ ਕਈ ਪ੍ਰਸੰਸਕਾਂ ਨੇ ਪੁਲਿਸ ਵਲੋਂ ਲਗਾਏ ਗਏ ਬੈਰੀਕੈਡ ਨੂੰ ਤੋੜ ਦਿੱਤਾ | ਇਸ ਤੋਂ ਬਾਅਦ ਪੁਲਿਸ ਨੂੰ ਭੀੜ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ | ਸਟੇਡੀਅਮ ਵਿਚ ਦਾਖਲਾ ਮੁਫਤ ਵਿਚ ਰੱਖਿਆ ਗਿਆ ਸੀ, ਜਿਸ ਕਰਕੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ |
ਕੋਲਕਾਤਾ ਟੀਮ ਦੇ ਪ੍ਰਸੰਸਕ ਦੁਨੀਆ 'ਚੋਂ ਸਰਬੋਤਮ-ਸ਼ਾਹਰੁਖ ਖਾਨ
ਕੋਲਕਾਤਾ ਟੀਮ ਦੇ ਮਾਲਕ ਸ਼ਾਹਰੁਖ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਵੀ ਨਹੀਂ ਵੇਖਿਆ ਕਿ ਕੋਈ ਇਸ ਤਰਾਂ ਆਪਣੀ ਟੀਮ ਦਾ ਹੌਸਲਾ ਵਧਾਉਂਦਾ ਹੈ, ਉਨ੍ਹਾਂ ਕਿਹਾ ਕਿ ਮੈ ਨਹੀਂ ਸੋਚਦਾ ਕਿ ਦੁਨੀਆ ਵਿਚ ਅਜਿਹਾ ਕੋਈ ਦੇਸ਼ ਜਾ ਸੂਬਾ ਹੋਵੇਗਾ, ਜਿਥੇ ਆਪਣੀ ਟੀਮ ਨੂੰ ਇਸ ਤਰਾਂ ਦੀ ਹੌਸਲਾ ਅਫਜਾਈ ਮਿਲਦੀ ਹੈ | ਉਨ੍ਹਾਂ ਆਪਣੀ ਟੀਮ ਦੇ ਪ੍ਰਸੰਸਕਾਂ ਨੂੰ ਦੁਨੀਆ ਵਿਚੋਂ ਸਰਬੋਤਮ ਕਰਾਰ ਦਿੰਦਿਆਂ ਕਿਹਾ ਕਿ 'ਹਮਕੋ ਆਪਕੀ ਤਾਲੀਆਂ ਵੀ ਪਸੰਦ ਹੈ ਔਰ ਗਾਲੀਆਂ ਵੀ' ਤੇ ਇਸ ਮੌਕੇ ਉਨ੍ਹਾਂ ਆਪਣੀ ਪ੍ਰਸਿੱਧ ਫਿਲਮ ਡਾਨ ਦੇ ਡਾਇਲੋਗ ਦੇ ਲਹਿਜ਼ੇ ਨਾਲ ਕਿਹਾ ਕਿ, 'ਡੋਨ ਕੋ ਅਗਰ ਕੋਈ ਪਕੜ ਸਕਤਾ ਹੈ, ਵੋ ਕੇ. ਕੇ.ਆਰ. ਕੇ ਸਪੋਟਰਜ਼ ਹੈ' |
 
Top