ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ

ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਜਦੋਂ ਛੂ ਕੇ ਸੋਹਣੀਏ ਨੀ ਤੈਨੂੰ ਮਸਤ ਹਵਾ ਲੰਘੇ
ਤੇਰੇ ਬਦਨ ਦੀ ਖੁਸ਼ਬੂ ਨੀ ਮੇਰੇ ਸਾਹਾਂ ਨੂੰ ਰੰਗੇ
ਤੈਨੂੰ ਕਰਨ ਲਈ ਸੱਜਦਾ ਰਾਹਾਂ ਵਿੱਚ ਬਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਤੇਰੀ ਝਲਕ ਮਿਲੇ ਜਿਥੇ ਉਸ ਥਾਂ ਤੇ ਖੜ ਜਾਵਾਂ
ਤੂੰ ਨਦੀ ਹੈ ਹੁਸਨਾਂ ਦੀ ਬਣ ਵੇਗ ਮੈਂ ਹੜ ਜਾਵਾਂ
ਛੱਡੇ ਤੀਰ ਤੂੰ ਨਜ਼ਰਾਂ ਦੇ ਨਜ਼ਰਾਂ ਨਾਲ ਖਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਤੂੰ ਬਣ ਕੇ ਹੂਰ ਪਰੀ ਸੋਚਾਂ ਵਿੱਚ ਆ ਜਾਵੇਂ
ਬਣ ਸੁਪਨਾ ਆਣ ਖੜੇ ਮੈਨੂੰ ਰਾਤ ਜਗਾ ਜਾਵੇਂ
ਹੁਣ ਹੋਸ਼ ਗੁਵਾਚ ਗਏ ਲੋਕੀਂ ਕਮਲਾ ਕਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਕੋਈ ਪਿਆਰ ਦਾ ਨਾ ਦੇਵੇ ਕੋਈ ਇਸ਼ਕ ਕਹੇ ਇਸਨੂੰ
ਕੋਈ ਰਾਜ਼ ਨਾ ਬੁਝ ਸਕਿਆ ਨਾ ਅਸਰ ਦਵਾ ਇਸਨੂੰ
ਜੋ ਨੈਣੀਂ ਉੱਤਰ ਗਏ ਸਦਾ ਦਿੱਲ ਵਿੱਚ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਆਰ.ਬੀ.ਸੋਹਲ
 
Top