ਖ਼ੁਸ਼ਬੂ

ਕਾਨਫਰੰਸ ਦੌਰਾਨ ਮੈਨੂੰ ਕਿਸੇ ਨੇ ਦੱਸਿਆ ਕਿ ਹਨੀਫ਼ਾਂ ਬੀਬੀ ਮੈਨੂੰ ਲੱਭਦੀ ਪਈ ਹੈ। ਮੈਨੂੰ ਪਤਾ ਸੀ ਉਹ ਏਥੇ ਹੀ ਕਿਧਰੇ ਹੈ ਤੇ ਮੈਂ ਵੀ ਉਸੇ ਦੀ ਭਾਲ਼ ਵਿਚ ਸਾਂ। ਸੋਚ ਰਿਹਾ ਸਾਂ ਕਿ ਹੁਣ ਦੁਪਹਿਰ ਦੇ ਖਾਣੇ ਵੇਲੇ ਹੀ ਮੁਲਾਕਾਤ ਹੋਵੇਗੀ ਪਰ ਅਚਾਨਕ ਕਿਸੇ ਨੇ ਪਿੱਛੋਂ ਆ ਕੇ ਮੇਰੇ ਮੋਢੇ ’ਤੇ ਪੋਲਾ ਜਿਹਾ ਧੱਫਾ ਮਾਰਿਆ। ਮੈਂ ਪਲਟ ਕੇ ਵੇਖਿਆ ਤਾਂ ਪੰਝੱਤਰ-ਛਿਹੱਤਰ ਵਰ੍ਹਿਆਂ ਦੀ ਭਰਵੇਂ ਜੁੱਸੇ ਵਾਲੀ ਔਰਤ ਮੁਸਕਰਾ ਰਹੀ ਸੀ। ਉਸਦੇ ਗੋਰੇ ਨਿਛੋਹ ਰੰਗ ’ਤੇ ਸੁਨਹਿਰੀ ਫਰੇਮ ਵਾਲੀ ਐਨਕ ਕਮਾਲ ਦੀ ਹੱਦ ਤੱਕ ਜਚ ਰਹੀ ਸੀ। ਬੋਲੀ, ‘ਤੂੰ ਸੁਰਿੰਦਰ ਈ ਐਂ ਨਾ?’
‘ਜੀ, ਮੈਂ ਈ ਆਂ। ਤੁਸੀਂ ਪਾਕਿਸਤਾਨ ਤੋਂ?’ ਮੈਂ ਅਦਬ ਵਜੋਂ ਕੁਰਸੀ ਤੋਂ ਉੱਠਣ ਲਈ ਅਹੁਲਿਆ।
‘ਹਾਂ ਉਹੀ।’ ਉਸਨੇ ਜੁਆਬ ਦਿੱਤਾ, ‘ਆ ਜਾ, ਜ਼ਰਾ ਬਾਹਰ ਚਲਦੇ ਆਂ।’
ਮੈਂ ਉੱਠ ਕੇ ਉਹਦੇ ਮਗਰ ਮਗਰ ਬਾਹਰ ਆ ਗਿਆ। ਆਡੀਟੋਰੀਅਮ ਦੀਆਂ ਪੌੜੀਆਂ ਲਾਗੇ ਖਲੋ ਕੇ ਉਹ ਬੇਤਕਲਫ਼ੀ ਵਿਚ ਬੋਲੀ, ‘ਆ ਗਲ਼ੇ ਮਿਲ।’ ਤੇ ਉਹਨੇ ਆਪਣੀਆਂ ਬਾਹਾਂ ਵਿਚ ਘੁੱਟ ਕੇ ਮੈਨੂੰ ਪਿਆਰ ਦਿੱਤਾ। ਬੋਲੀ, ‘ਲਹੌਰੋਂ ਤੁਰਨ ਵੇਲੇ ਤੋਂ ਖ਼ਾਹਸ਼ ਸੀ ਤੈਨੂੰ ਮਿਲਣ ਦੀ। ਤਾਂ ਹੀ ਤੈਨੂੰ ਖ਼ਬਰ ਕੀਤੀ ਸੀ ਈ-ਮੇਲ ਕਰਕੇ ਆਪਣੇ ਆਉਣ ਬਾਰੇ। ਪੰਚਮ ਵਿਚ ਤੇਰਾ ਲੇਖ ਪੜ੍ਹਿਆ ਜੋ ਬਹੁਤ ਹੀ ਪਸੰਦ ਆਇਆ। ਤੇਰੀਆਂ ਕਹਾਣੀਆਂ ਦੀ ਕਿਤਾਬ ਵੀ ਪੜ੍ਹੀ ਐ। ਤੂੰ ਬਹੁਤ ਵਧੀਆ ਲਿਖਦੈਂ।’
‘ਮੈਂ ਵੀ ਤੁਹਾਡਾ ਨਾਵਲ ਪੜ੍ਹਿਆ। ਸ਼ਾਹਮੁਖੀ ਅੱਖਰ ਥੋੜ੍ਹੀ ਦਿੱਕਤ ਪੈਦਾ ਕਰਦੇ ਨੇ ਪਰ ਮੈਂ ਹਫ਼ਤਾ ਲਾ ਕੇ ਪੜ੍ਹ ਹੀ ਲਿਆ।’
‘ਚੰਗਾ ਲੱਗਾ?’ ਉਹਨੇ ਪੁੱਛਿਆ।
‘ਇਕ ਵਾਰ ਤਾਂ ਹਿੱਲ ਹੀ ਗਿਆ ਮੈਂ। ਗਜ਼ਬ ਦਾ ਘਟਨਾਕ੍ਰਮ ਹੈ। ਜਿਵੇਂ ਹੱਡੀਂ ਹੰਢਾਇਆ ਸੱਚ ਹੋਵੇ। ਮੈਨੂੰ ਤਾਂ ਲੱਗਾ ਜਿਸ ਸ਼ਿੱਦਤ ਨਾਲ ਤੁਸਾਂ ਇਸਨੂੰ ਲਿਖਿਆ, ਤੁਹਾਡੇ ਆਪਣੇ ਆਪ ਨਾਲ ਜਾਂ ਬਹੁਤ ਨੇੜੇ ਤੇੜੇ ਇਹ ਸਭ ਵਾਪਰਿਆ, ਨਹੀਂ?’
‘ਹਾਂ, ਤੂੰ ਦੱਸ ਆਪਣੇ ਅਸਲੇ ਨਾਲੋਂ ਕਿਵੇਂ ਟੁੱਟੇਗਾ ਬੰਦਾ? ਜਿਸ ਤਰ੍ਹਾਂ ਦੇ ਜੀਵਨ ਨੂੰ ਭੋਗਿਆ, ਵੇਖਿਆ, ਹੰਢਾਇਆ ਉਹ ਸਾਡੀ ਲਿਖਤ ਵਿਚ ਆਏਗਾ ਹੀ। ਅਸੀਂ ਕਿੰਨੇ ਵੀ ਵਲੇਵੇਂ ਪਾ ਕੇ ਲਿਖੀਏ … ਕਿ ਨਹੀਂ?’ ਉਹ ਕਹਿ ਰਹੀ ਸੀ ਤੇ ਮੈਂ ਸਹਿਮਤੀ ਵਿਚ ਸਿਰ ਹਿਲਾ ਰਿਹਾ ਸਾਂ। ਉਹ ਕਹਿਣ ਲੱਗੀ, ‘ਚੱਲ ਜ਼ਰਾ ਭੀੜ ਤੋਂ ਪਰ੍ਹੇ ਹੋਈਏ। ਕਿਤੋਂ ਚਾਹ ਜਾਂ ਕੌਫ਼ੀ ਨਹੀਂ ਮਿਲ ਸਕਦੀ ਚੰਗੀ ਜਿਹੀ?’
‘ਮੈਨੂੰ ਚੰਡੀਗੜ੍ਹ ਦੀ ਬਹੁਤੀ ਵਾਕਫੀਅਤ ਨਹੀਂ, ਪਰ ਆਓ ਥੱਲੇ ਚੱਲਦੇ ਆਂ। ਕੋਈ ਰਾਹ ਲੱਭਦੇ ਆਂ।’ ਅਸੀਂ ਪੌੜੀਆਂ ਉੱਤਰ ਥੱਲੇ ਆਏ। ਉਹ ਮੇਰੇ ਨਾਲ ਇੰਜ ਤੁਰਨ ਲੱਗੀ ਜਿਵੇਂ ਵਰ੍ਹਿਆਂ ਤੋਂ ਜਾਣੂ ਹੋਵੇ। ਜਿਵੇਂ ਅਨੇਕਾਂ ਵਾਰ ਪਹਿਲਾਂ ਮਿਲ ਚੁੱਕੇ ਹੋਈਏ। ਕਲਾ ਭਵਨ ਦੀਆਂ ਕਿਆਰੀਆਂ ਵਿਚ ਖਿੜੇ ਫੁੱਲ ਤੱਕਦੀ ਉਹ ਮੰਦ ਮੰਦ ਮੁਸਕਰਾ ਰਹੀ ਸੀ। ਮੈਂ ਇੱਧਰ ਉੱਧਰ ਵੇਖਿਆ ਪਰ ਕੋਈ ਢੁਕਵੀਂ ਥਾਂ ਨਜ਼ਰ ਨਾ ਪਈ। ਮੇਰੀ ਉਲਝਣ ਨੂੰ ਸਮਝ ਕੇ ਉਹ ਬੋਲੀ, ‘ਚੱਲ ਏਥੋਂ ਵੀ ਨਿਕਲ, ਕਿਤੇ ਬਾਹਰ ਚੱਲੀਏ।’
ਦੋ ਕੱਪ ਚਾਹ ਪੀਣ ਲਈ ਮੈਂ ਕਈ ਕਿਲੋਮੀਟਰ ਕਾਰ ਚਲਾਈ। ਕਿੰਨੇ ਹੀ ਮੋੜਾਂ ਤੇ ਰੁਕ ਕੇ ਇਸ ਬਾਰੇ ਪੁੱਛਗਿੱਛ ਕੀਤੀ। ਉਹ ਸਹਿਜ ਗੱਲਾਂ ਕਰੀ ਜਾ ਰਹੀ ਸੀ। ਆਸੇ ਪਾਸੇ ਇਮਾਰਤਾਂ ਨੂੰ ਵੇਖਦੀ ਨਿੱਕੇ ਨਿੱਕੇ ਸੁਆਲ ਪੁੱਛ ਰਹੀ ਸੀ ਜਿਨ੍ਹਾਂ ਦਾ ਉੱਤਰ ਮੈਂ ਆਪਣੀ ਜਾਣਕਾਰੀ ਮੁਤਾਬਿਕ ਦਿੰਦਾ ਜਾ ਰਿਹਾ ਸਾਂ।
‘ਮੈਂ ਤੁਹਾਨੂੰ ਦੀਦੀ ਆਖ ਕੇ ਬੁਲਾਵਾਂ? ਉਹਦੀ ਅਪਣੱਤ ਵਿਚ ਭਿੱਜਦਿਆਂ ਮੈਂ ਪੁੱਛਿਆ।
‘ਜੇ ਭੈਣ ਜਾਂ ਆਪਾ-ਜੀ ਕਹਿਣ ਲੱਗਿਆਂ ਜ਼ੋਰ ਲੱਗਦੈ ਤਾਂ ਮਾਸੀ ਭੂਆ ਕੁਝ ਵੀ ਕਹਿ ਲੈ ਪਰ ਦੀਦੀ ਸ਼ੀਦੀ ਬਿਲਕੁਲ ਨਹੀਂ।’ ਉਹਨੇ ਹੱਸ ਕੇ ਉੱਤਰ ਮੋੜਿਆ। ਇਕ ਕੌਫ਼ੀ ਹਾਊਸ ਤੋਂ ਹੋ ਕੇ ਅਸੀਂ ਮੁੜ ਕਾਨਫਰੰਸ ਵਿਚ ਕੋਲ ਕੋਲ ਆ ਬੈਠੇ। ਦੁਪਹਿਰ ਦੇ ਖਾਣੇ ਵੇਲੇ ਵੀ ਉਹ ਮੇਰੇ ਕਰੀਬ ਕਰੀਬ ਰਹੀ। ਰਾਤੀਂ ਉਸਨੇ ਸਟੇਜ ਤੋਂ ਡਾਢੀ ਸੋਜ਼ ਭਰੀ ਆਵਾਜ਼ ਵਿਚ ਗ਼ਜ਼ਲ ਦੇ ਬੋਲ ਚੁੱਕੇ:
ਤੇਰਾ ਨਾਂ ਨਸੀਬਾਂ ਵਿਚ ਲਿਖਿਆ ਏ, ਮੇਰੇ ਮੱਥੇ ਨਾ ਲੱਗ ਇਲਜ਼ਾਮ ਵਾਂਗੂੰ।
ਮੇਰੇ ਸਿਦਕ ’ਤੇ ਬਿਠਾ ਪਹਿਰਾ, ਮੇਰੇ ਨਾਲ ਨਾ ਚੱਲ ਅਹਿਸਾਨ ਵਾਂਗੂੰ।
ਸੁਣ ਕੇ ਮੈਂ ਦੰਗ ਰਹਿ ਗਿਆ। ਸਰੋਤਿਆਂ ਨੇ ਭਰਪੂਰ ਤਾੜੀਆਂ ਵਜਾਈਆਂ। ਵਾਪਸ ਆਈ ਤਾਂ ਮੈਂ ਮੁਬਾਰਕਬਾਦ ਦਿੱਤੀ। ‘ਤੁਹਾਡੀ ਆਵਾਜ਼ ਵਿਚ ਤਾਂ ਜਾਦੂ ਆ।’ ਜੁਆਬ ਵਿਚ ਉਹ ਸਿਰਫ਼ ਮੁਸਕਰਾਈ।
ਰਾਤੀਂ ਉਹਦੇ ਰਹਿਣ ਦਾ ਇੰਤਜ਼ਾਮ ਹੋਟਲ ਵਿਚ ਸੀ। ਮੈਂ ਆਪਣੇ ਦੋਸਤ ਨਾਲ ਜਾਣਾ ਸੀ। ਵਿਛੜਨ ਵੇਲੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਉਸਨੇ ਕਿਹਾ, ‘ਇਕ ਦਿਨ ਲਈ ਮੇਰੇ ਲਈ ਥੋੜ੍ਹਾ ਕਸ਼ਟ ਝੱਲ। ਮੈਨੂੰ ਅੰਬਰਸਰ ਦਰਬਾਰ ਸਾਹਿਬ ਤੇ ਮੇਰਾ ਪਿੰਡ ਅਟਾਰੀ ਵਿਖਾ ਦੇ। ਤੇਰਾ ਅਹਿਸਾਨ …।’
‘ਨਾ ਨਾ, ਇੰਜ ਨਾ ਕਹੋ। ਇਹ ਮੇਰੇ ਲਈ ਮਾਣ ਵਾਲੀ ਗੱਲ ਆ।’ ਮੈਂ ਕਿਹਾ।
ਅਗਲੇ ਦਿਨ ਅਸੀਂ ਅਮ੍ਰਿਤਸਰ ਦੇ ਰਾਹ ’ਤੇ ਸਾਂ। ਉਹ ਮੇਰੇ ਨਾਲ ਇੰਜ ਰਚੀ ਮਿਚੀ ਸੀ ਜਿਵੇਂ ਬਹੁਤ ਸਮੇਂ ਤੋਂ ਇਕੱਠੇ ਰਹਿੰਦੇ ਆ ਰਹੇ ਹੋਈਏ। ਦੂਰ ਤੱਕ ਪਸਰੇ ਕਣਕ ਦੇ ਨਿੱਸਰਦੇ ਖੇਤਾਂ ’ਤੇ ਨਜ਼ਰ ਦੌੜਾਉਂਦੀ ਉਹ ਕਿਧਰੇ ਗੁਆਚੀ ਹੋਈ ਸੀ। ਕੁਝ ਛਿਣਾਂ ਦੀ ਚੁੱਪ ਤੋੜਦਿਆਂ ਮੈਂ ਕਿਹਾ, ‘ਬਾ-ਜੀ, ਮੈਨੂੰ ਲੱਗਦੈ ਆਪਣੇ ਨਾਵਲ ‘ਇੰਤਹਾ’ ਦੀ ਨਾਇਕਾ ਸਰਗਮ ਤੁਸੀਂ ਖੁਦ ਹੀ ਹੋ।’ ਉਹਨੇ ਹਲਕਾ ਜਿਹਾ ਸਿਰ ਹਿਲਾਇਆ। ਚਿਹਰਾ ਹੋਰ ਸੰਜੀਦਾ ਹੋ ਗਿਆ। ਬੋਲੀ, ‘ਤੈਨੂੰ ਕੱਲ੍ਹ ਵੀ ਦੱਸਿਆ ਸੀ, ਬੰਦਾ ਆਪਣੇ ਅਤੀਤ ਨਾਲੋਂ ਟੁੱਟ ਨਹੀਂ ਸਕਦਾ। ਬਹੁਤ ਕੁਝ ਐਸਾ ਹੁੰਦਾ ਜੋ ਉਹਦੇ ਨਾਲ ਨਾਲ ਤੁਰਦਾ।’
‘ਕਿੰਜ ਹੋਇਆ?’ ਮੈਂ ਕੁਰੇਦਣ ਦੇ ਇਰਾਦੇ ਨਾਲ ਗੱਲ ਤੋਰੀ।
‘ਮੇਰੇ ਵਾਲਿਦ ਲਾਇਲਪੁਰ ਪੋਸਟਡ ਸਨ। ਉਹ ਕਹਿਰ ਮੈਨੂੰ ਅੱਜ ਵੀ ਚੇਤੇ ਐ। ਅੱਗਾਂ, ਖ਼ੂਨ, ਲੋਥਾਂ, ਚੀਕਾਂ, ਕੁਰਲਾਹਟਾਂ, ਕਾਫ਼ਲੇ, ਤਬਾਹੀਆਂ ਤੇ ਉਜਾੜੇ …।’ ਉਹਨੇ ਦੋਹਾਂ ਹੱਥਾਂ ਨਾਲ ਕੰਨਾਂ ਨੂੰ ਛੂਹਿਆ। ਮੇਰਾ ਧਿਆਨ ਉਚਾਟ ਹੋਇਆ ਤਾਂ ਅਚਾਨਕ ਪੈਰ ਰੇਸ ਤੋਂ ਉੱਠ ਬਰੇਕ ’ਤੇ ਆ ਟਿਕਿਆ। ਸਾਹਮਣਿਓਂ ਆਉਂਦੀ ਗੱਡੀ ਵਾਲੇ ਨੇ ਔਖੀ ਜਿਹੀ ਨਜ਼ਰੇ ਮੇਰੇ ਵੱਲ ਵੇਖਿਆ। ਮੈਂ ਰਫ਼ਤਾਰ ਪਹਿਲਾਂ ਨਾਲੋਂ ਧੀਮੀ ਕਰ ਲਈ। ਉਹ ਕਹਿਣ ਲੱਗੀ, ‘ਸਰਗਮ ਨਹੀਂ, ਅਸਲ ਵਿਚ ਮੈਂ ਸੁਰਜੀਤ ਆਂ। ਚੰਗਾ ਬੰਦਾ ਸੀ ਉਹ, ਜਿਸ ਮੈਨੂੰ ਸੁਰਜੀਤ ਤੋਂ ਹਨੀਫ਼ਾਂ ਬਣਾਉਣ ਵਿਚ ਉਸ ਕੋਈ ਕਾਹਲ ਨਹੀਂ ਸੀ ਕੀਤੀ। ਮੈਨੂੰ ਕਈ ਦਿਨ ਘਰ ਰੱਖਿਆ। ਮੈਂ ਮੂੰਹੋਂ ਰਜ਼ਾਮੰਦੀ ਜ਼ਾਹਰ ਕੀਤੀ ਤਾਂ ਹੀ ਉਸਨੇ ਮੈਨੂੰ ਆਪਣੀ ਬੇਗ਼ਮ ਬਣਾਇਆ।’
ਕੁਝ ਸਮਾਂ ਫਿਰ ਚੁੱਪ ਤਣ ਗਈ। ਮੈਂ ਕਿਹਾ, ‘ਉਸ ਅਤੀਤ ਵੱਲ ਪਰਤਣ ਨੂੰ ਜੀਅ ਕਰਦੈ?’
‘ਹੁਣ ਮੇਰੀ ਜ਼ਿੰਦਗੀ ਦੀ ਹਕੀਕਤ ਐ ਇਹ। ਮੇਰੇ ਮਨ ਨੇ ਪ੍ਰਵਾਨ ਕਰ ਲਿਐ। ਹੁਣ ਤੇਰੇ ਜਿੱਡਾ ਮੇਰਾ ਗੱਭਰੂ ਪੁੱਤ ਆ। ਖ਼ੂਬਸੂਰਤ ਨੂੰਹ, ਦੋ ਨਿੱਕੇ ਨਿਆਣੇ। ਔਰਤ ਤਾਂ ਰੁੱਖ ਹੁੰਦੀ ਆ, ਜਿੱਥੇ ਜਾ ਬੈਠੀ ਉੱਥੇ ਜੜ੍ਹ ਫੜ ਗਈ।’ ਆਪਣੇ ਪਰਿਵਾਰ ਦੇ ਨਿੱਕੇ ਨਿੱਕੇ ਵੇਰਵੇ, ਸ਼ਾਖ਼ਾਵਾਂ, ਪੱਤੀਆਂ, ਫੁੱਲਾਂ ਬਾਰੇ ਦੱਸਦੀ ਰਹੀ ਉਹ। ਉਹਦੀਆਂ ਗੱਲਾਂ ਵਿਚ ਇਕਮਿੱਕ ਹੋਇਆ ਮੈਂ ਅਣਵੇਖੇ ਸੰਸਾਰ ਦੀਆਂ ਜੂਹਾਂ ਗਾਹੁੰਦਾ ਰਿਹਾ। ਜ਼ਿੰਦਗੀ ਦੀਆਂ ਗੰਢਾਂ ਬਾਰੇ ਸੋਚਦਾ ਕਾਰ ਚਲਾਉਂਦਾ ਰਿਹਾ।
ਦਰਬਾਰ ਸਾਹਿਬ ਦੀਆਂ ਪਰਿਕਰਮਾਂ ’ਤੇ ਉੱਤਰ ਹਨੀਫ਼ਾਂ ਅੱਖਾਂ ਮੀਟ ਤੇ ਹੱਥ ਜੋੜ ਸ਼ਾਂਤ ਚਿੱਤ ਮੁਦਰਾ ਵਿਚ ਕਾਫੀ ਚਿਰ ਖਲੋਤੀ ਰਹੀ। ਮੈਂ ਚੁੱਪਚਾਪ ਉਹਦੇ ਲਾਗੇ ਖੜ੍ਹਾ ਰਿਹਾ। ਚੇਤੰਨ ਹੋਈ ਤਾਂ ਅਸੀਂ ਅਗਾਂਹ ਤੁਰੇ। ਉਸਨੂੰ ਆਪਣੇ ਅੰਦਰ ਉਤਰਨ ਦਾ ਮੌਕਾ ਦੇਣ ਦੇ ਖ਼ਿਆਲ ਨਾਲ ਮੈਂ ਕੋਈ ਗੱਲ ਨਾ ਛੋਹੀ। ਦੁੱਖ ਭੰਜਨੀ ਬੇਰੀ ਲਾਗੋਂ ਉਹਨੇ ਚਰਨਾਮਤ ਲਿਆ। ਅਚਾਨਕ ਬੋਲੀ, ‘ਕਿੱਥੋਂ ਤੋਪਾਂ ਚਲਾਈਆਂ ਸਨ ਇੰਡੀਅਨ ਫੌਜ ਨੇ?’
ਇਸ ਸੁਆਲ ਦੀ ਤਾਂ ਮੈਂ ਤਵੱਕੋ ਹੀ ਨਹੀਂ ਸਾਂ ਕਰ ਰਿਹਾ। ਫਿਰ ਵੀ ਮੈਂ ਖੱਬੇ ਹੱਥ ਇਸ਼ਾਰਾ ਕਰ ਕੇ ਦੱਸਿਆ, ‘ਇਸ ਰਸਤੇ ਤੇ ਔਸ ਥਾਂ ਤੋਂ ਫਾਇਰਿੰਗ ਹੋਈ ਸੀ।’ ਉਹ ਕੁਝ ਚਿਰ ਚੁੱਪ ਰਹੀ। ਫਿਰ ਬੋਲੀ, ‘ਕੌਣ ਜ਼ਾਲਮ ਐ ਤੇ ਕੌਣ ਨਿਰਦੋਸ਼, ਇਸਦਾ ਫ਼ੈਸਲਾ ਕੌਣ ਕਰੇ?’ ਉਹ ਮੂੰਹ ਵਿਚ ਕੁਝ ਬੁੜਬੁੜਾ ਰਹੀ ਸੀ, ਜਿਵੇਂ ਪਾਠ ਕਰ ਰਹੀ ਹੋਵੇ। ਫਿਰ ਉਸਨੇ ਇਕੋਤਰ ਸੌ ਦਾ ਪ੍ਰਸ਼ਾਦ ਲਿਆ ਤੇ ਅੰਦਰ ਜਾ ਕੇ ਚੜ੍ਹਾਇਆ। ਕੁਝ ਚਿਰ ਬੈਠ ਕੇ ਕੀਰਤਨ ਸੁਣਿਆ। ਉੱਠੀ ਤੇ ਆਸੇ ਪਾਸੇ ਨੂੰ ਨਿਹਾਰਨ ਲੱਗੀ। ਫਿਰ ਬੁੱਲ੍ਹ ਫਰਕੇ, ‘ਇਹ ਵੀ ਮੇਰਾ ਘਰ ਆ, ਮੇਰੇ ਅੰਦਰ ਵੱਸਿਆ।’ ਉਹਦੀਆਂ ਅੱਖਾਂ ਨਮ ਸਨ। ਵਕਤ ਦਾ ਤਕਾਜ਼ਾ ਵੇਖਦੇ ਅਸੀਂ ਬਾਹਰ ਆਏ। ਭੀੜ ਵਿੱਚੋਂ ਰਾਹ ਬਣਾਉਂਦੇ ਅਸੀਂ ਲੰਘਣ ਲੱਗੇ। ਫ਼ੁਹਾਰਾ ਚੌਕ, ਚੌਕ ਫਰੀਦ, ਉੱਚਾ ਪੁਲ਼, ਸਟੇਸ਼ਨ। ‘ਇਹ ਉਹ ਅੰਬਰਸਰ ਨਹੀਂ ਜਿਸ ਦਾ ਤਸੱਵਰ ਮੈਂ ਲਾਹੌਰ ਬੈਠੀ ਕਰਦੀ ਰਹੀ। ਜਦ ਦਾ ਵੇਖਿਆ, ਉਦੋਂ ਬੜਾ ਸਾਧਾਰਨ ਜਿਹਾ ਸੀ।’
‘ਸ਼ਹਿਰਾਂ ਦਾ ਰੰਗ ਢੰਗ ਬਦਲ ਗਿਆ। ਨਾ ਅੰਬਰਸਰ ਉਹ ਰਿਹਾ, ਨਾ ਲਾਹੌਰ।’ ਮੈਂ ਕਿਹਾ।
‘ਪਰ ਬੰਦੇ ਦੀ ਜ਼ਹਿਨੀਅਤ ਸਦੀਆਂ ਤੱਕ ਨਹੀਂ ਬਦਲਦੀ। ਬੁੱਸਿਆ ਸੜਿਆ-ਗਲ਼ਿਆ ਨਾਲ ਹੀ ਚੁੱਕੀ ਫਿਰਦਾ ਬੰਦਾ। ਬਾਹਰੀ ਲਿਬਾਸ ਬਦਲ ਲੈਂਦਾ, ਪਰ ਅੰਦਰੋਂ ਉਹੀ।’ ਉਹ ਬੋਲੀ। ਪੁਤਲੀਘਰ ਚੌਕ, ਖ਼ਾਲਸਾ ਕਾਲਜ ਤੇ ਯੂਨੀਵਰਸਿਟੀ ਲੰਘ ਗਏ। ਛੇਹਰਟਾ ਚੌਕ ’ਤੋਂ ਲੰਘਦਿਆਂ ਕਹਿਣ ਲੱਗੀ, ‘ਏਥੇ ਈ ਕਿਤੇ ਨਰੈਣਗੜ੍ਹ ਹੋਏਗਾ। ਮੇਰੀ ਇਕ ਭੂਆ ਹੁੰਦੀ ਸੀ ਬਚਨ ਕੌਰ। ਫੁੱਫੜ ਜੀ ਸਰਦੂਲ ਸਿੰਘ ਸਨ ਜਾਂ ਸੁਲੱਖਣ ਸਿੰਘ। ਹੁਣ ਯਾਦ ਨਹੀਂ ਪੱਕਾ। ਪਤਾ ਨਹੀਂ ਕਿਹੜੀ ਗਲ਼ੀ ਸੀ। ਨਾਲੇ ਕੀ ਪਤਾ ਹੁਣ ਉਨ੍ਹਾਂ ਵਿੱਚੋਂ ਕੋਈ ਹੋਵੇ ਵੀ ਜਾਂ ਨਾ।’ ਉਸਦੀ ਨਜ਼ਰ ਅਗਾਂਹ ਟਿਕ ਗਈ। ‘ਇਸ ਰੋਡ ’ਤੇ ਅੱਗੇ ਥਾਣਾ ਆਏਗਾ, ਘਰਿੰਡਾ।’
‘ਤਾਂ ਇਸ ਥਾਣੇ ਵਿਚ ਸਰਗਮ ਆਉਂਦੀ ਏ ਇਕ ਦਿਨ।’ ਮੈਂ ਉਸਦੇ ਨਾਵਲ ਦੇ ਕਥਾਨਕ ਨੂੰ ਚਿਤਵਦਾ ਹਾਂ, ‘ਉਹਦਾ ਪਿਓ ਇਕ ਮੁਜ਼ਰਿਮ ਨੂੰ ਕੁੱਟਦਾ ਏ ਤੇ ਉਹ ਚੀਕਾਂ ਮਾਰਦੀ ਬਾਹਰ ਨੂੰ ਭੱਜਦੀ ਏ।’
‘ਬਿਲਕੁਲ, ਉਦੋਂ ਮੇਰੇ ਵਾਲਿਦ ਏਥੇ ਪੋਸਟਡ ਸਨ। ਅਸੀਂ ਉਨ੍ਹਾਂ ਨੂੰ ਦਾਰ ਜੀ ਕਹਿੰਦੇ ਸਾਂ। ਅਸੀਂ ਅਟਾਰੀ ਰਹਿੰਦੇ ਸਾਂ। ਮੇਰਾ ਜੰਮਣ ਅਟਾਰੀ ਦਾ ਈ ਏ। ਅਟਾਰੀ ਵਾਲਾ ਘਰ ਅੱਜ ਵੀ ਮੇਰੇ ਸੁਪਨਿਆਂ ਵਿਚ ਆਉਂਦਾ।’
ਅਟਾਰੀ ਦੀਆਂ ਜੂਹਾਂ ਵਿੱਚ ਅੱਪੜਦਿਆਂ ਹੀ ਹਨੀਫ਼ਾਂ ਦਾ ਚਿਹਰਾ ਖਿੜਨ ਲੱਗਾ ਸੀ। ਮੇਨ ਬਾਜ਼ਾਰ ਵਿਚ ਮੈਂ ਕਾਰ ਵਾੜ ਲਈ। ਇਕ ਥਾਂ ਉਹ ਬੋਲੀ, ‘ਰੋਕ ਖਾਂ ਏਥੇ ਜ਼ਰਾ। ਸ਼ਾਇਦ ਏਹੋ ਥਾਂ ਏ।’ ਮੈਂ ਖੁੱਲ੍ਹਾ ਪਲਾਟ ਵੇਖ ਕਾਰ ਪਾਰਕ ਕੀਤੀ। ਬਾਹਰ ਨਿਕਲ ਆਸੇ ਪਾਸੇ ਤੱਕਦੀ ਉਹ ਕਹਿਣ ਲੱਗੀ, ‘ਬਾਹਰ ਆ, ਤੈਨੂੰ ਵਿਖਾਵਾਂ ਆਪਣਾ ਪਹਿਲਾ ਘਰ।’ ਸਾਨੂੰ ਓਪਰਿਆਂ ਨੂੰ ਵੇਖ ਦੁਕਾਨਦਾਰ ਕੁਝ ਅਸਚਰਜ ਜਿਹੇ ਹੋਏ। ਸੋਚਦੇ ਹੋਣਗੇ, ਗਾਹਕ ਤਾਂ ਲੱਗਦੇ ਨਹੀਂ, ਕੁਝ ਲੱਭਣ ਆਏ ਨੇ ਸ਼ਾਇਦ।
‘ਬਿਲਕੁਲ ਏਹੋ ਏ।’ ਬੜੀ ਉਤਸੁਕਤਾ ਨਾਲ ਉਹ ਕਹਿ ਰਹੀ ਸੀ। ‘ਅਹੁ ਬਾਰੀ ਏ ਜਿੱਥੇ ਖਲੋ ਕੇ ਮੈਂ ਹੇਠਾਂ ਵੱਲ ਵੇਖਦੀ ਸਾਂ। ਇਕ ਫਕੀਰ ਲੰਘਦਾ ਹੁੰਦਾ ਸੀ ਏਥੋਂ ਦੀ। ਉਸਨੂੰ ਉਡੀਕਿਆ ਕਰਦੀ ਸਾਂ ਰੋਜ਼। ਕੋਈ ਗੀਤ ਗਾਉਂਦਾ ਹੁੰਦਾ ਸੀ ਉਹ। ਹੁਣ ਯਾਦ ਨਹੀਂ, ਕੀ ਸੀ ਉਹ। ਏਧਰ ਇਕ ਗਲੀ ਹੁੰਦੀ ਸੀ। ਸ਼ਾਇਦ ਏਹੋ ਏ। ਅੰਦਰ ਮੰਦਰ ਹੈ ਏ ਕੋਈ?’
‘ਪਤਾ ਨਹੀਂ।’ ਮੈਂ ਕਿਹਾ ਪਰ ਨਾਲ ਹੀ ਖਲੋਤੇ ਇਕ ਬਜ਼ੁਰਗ ਨੇ ਹੁੰਗਾਰਾ ਭਰ ਦਿੱਤਾ, ‘ਹੈਗਾ ਏ ਮੰਦਰ।’
‘ਹੈਗਾ ਏ ਨਾ, ਮੈਂ ਕਿਹਾ ਸੀ ਨਾ।’ ਹਨੀਫ਼ਾਂ ਖ਼ੁਸ਼ ਹੋ ਗਈ। ‘ਉਸ ਮੰਦਰ ਵਿਚ ਰਾਮਲੀਲਾ ਲੱਗਦੀ ਹੁੰਦੀ ਸੀ।’
‘ਹਾਲੇ ਵੀ ਲੱਗਦੀ ਆ।’ ਬਜ਼ੁਰਗ ਨੇ ਦੱਸਿਆ।
‘ਕਮਾਲ ਹੋ ਗਈ।’ ਹਨੀਫ਼ਾਂ ਹੈਰਾਨ ਸੀ। ‘ਆਓ ਖਾਂ ਦੇਖੀਏ ਜ਼ਰਾ …।’ ਸਾਹਮਣਿਓਂ ਦੁਕਾਨ ’ਤੋਂ ਉੱਠ ਕੇ ਹਲਵਾਈ ਲਾਗੇ ਆਇਆ ਤੇ ਬੋਲਿਆ, ‘ਕਿਵੇਂ ਸਰਦਾਰ ਜੀ?’
‘ਇਨ੍ਹਾਂ ਬੀਬੀ ਹੋਰਾਂ ਦਾ ਪਿੰਡ ਏ ਇਹ। ਇੱਥੇ ਹੀ ਜੰਮੇ ਪਲ਼ੇ। ਲਹੌਰੋਂ ਆਏ ਨੇ ਬਾਹਠਾਂ ਸਾਲਾਂ ਬਾਅਦ।’ ਮੇਰੀ ਗੱਲ ਸੁਣ ਕੇ ਬਜ਼ੁਰਗ ਨੇ ਅੱਖਾਂ ਚੌੜੀਆਂ ਕੀਤੀਆਂ। ਪੁੱਛਿਆ, ‘ਕੌਣ ਸਨ ਬੀਬੀ ਜੀ ਤੁਹਾਡੇ ਬਾਪ?’
‘ਠਾਣੇਦਾਰ ਭਜਨ ਸਿੰਘ, ਜਾਣਦੇ ਓ?’ ਹਨੀਫ਼ਾਂ ਨੇ ਦੱਸਿਆ। ਇਕ ਛਿਣ ਲਈ ਬਜ਼ੁਰਗ ਨੇ ਆਪਣੀ ਸੋਚ ਵਿਚ ਟੁੱਭੀ ਮਾਰੀ ਤੇ ਅਗਲੇ ਛਿਣ ਬਾਹਰ ਨਿਕਲ ਆਇਆ। ‘ਮੈਂ ਜਾਣਦਾਂ ਬੀਬੀ ਜੀ, ਉਨ੍ਹਾਂ ਦੀ ਤਾਂ ਬੜੀ ਧਾਂਕ ਸੀ ’ਲਾਕੇ ’ਚ। ਚੋਰ ਉਚੱਕੇ ਨਾਂ ਸੁਣ ਕੇ ਈ ਕੰਬ ਜਾਂਦੇ। ਤਾਂ ਤੁਸੀਂ ਉਨ੍ਹਾਂ ਦੀ ਪੁੱਤਰੀ ਓ?’
‘ਹਾਂ ਬਾਬਾ ਜੀ।’ ਕਹਿ ਕੇ ਹਨੀਫ਼ਾਂ ਨੂੰ ਲੱਗਾ ਜਿਵੇਂ ਇਸ ਪਿੰਡ ਵਿਚ ਉਸਦੀ ਜੜ੍ਹ ਹਾਲੇ ਵੀ ਹਰੀ ਸੀ। ਉਸ ਘਰ ਨੂੰ ਤੱਕਣ ਲਈ ਅਸੀਂ ਪੌੜੀਆਂ ਚੜ੍ਹੇ। ਘਰ ਦੇ ਕਮਰਿਆਂ ਨੂੰ ਵੇਖਦੀ ਉਹ ਵਿਸਮਾਦਤ ਹੋ ਗਈ। ‘ਇਹ ਅਲਮਾਰੀ ਏ ਜਿੱਥੇ ਮੇਰੀ ਸਹੇਲੀ ਨੇ ਮੈਨੂੰ ਡੱਕ ਦਿੱਤਾ ਸੀ ਤੇ ਆਪ ਬਾਹਰ ਦੌੜ ਗਈ ਸੀ। ਮਰ ਹੀ ਜਾਂਦੀ ਜੇ ਮਾਂ ਆ ਕੇ ਅਲਮਾਰੀ ਨਾ ਖੋਲ੍ਹਦੀ।’ ਇਹ ਸੁਣਦਾ ਵੇਖਦਾ ਘਰ ਦਾ ਮਾਲਕ ਹੈਰਾਨ ਹੋ ਰਿਹਾ ਸੀ। ਉਸਦੀ ਹੈਰਾਨਗੀ ਨੂੰ ਤਾੜਦਿਆਂ ਹਨੀਫ਼ਾਂ ਬੋਲੀ, ‘ਜਨਾਬੇ ਆਲੀ, ਇਹ ਮੇਰਾ ਘਰ ਏ ਪਰ ਤੁਸੀਂ ਏਥੇ ਰਹੋ।’ ਕੰਧਾਂ ਕੌਲ਼ਿਆਂ ਨੂੰ ਨਿਹਾਰਦੀ ਉਹ ਮੇਰੇ ਨਾਲ ਹੇਠਾਂ ਉੱਤਰੀ। ਬਜ਼ੁਰਗ ਨੂੰ ਅਸੀਂ ਨਾਲ ਤੋਰ ਲਿਆ। ਪੈਰ ਪੈਰ ’ਤੇ ਉਹ ਰੁਕ ਜਾਂਦੀ ਤੇ ਦਰਵਾਜ਼ਿਆਂ ਝਰੋਖਿਆਂ ਨੂੰ ਵੇਖਦੀ ਉਹ ਯਾਦਾਂ ’ਚ ਲਹਿ ਜਾਂਦੀ।
‘ਇਸ ਉੱਚੀ ਬਿਲਡਿੰਗ ਦੇ ਧੁਰ ਉੱਪਰੋਂ ਇਕ ਕੁੜੀ ਨੇ ਛਾਲ਼ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। ਐਸ ਥਾਂ ਪਈ ਸੀ ਲਾਸ਼ ਉਹਦੀ।’ ਇਕ ਥਾਂ ਰੁਕ ਕੇ ਉਹਨੇ ਦੱਸਿਆ। ਬਜ਼ੁਰਗ ਨੇ ਫਿਰ ਦਿਮਾਗ਼ ’ਤੇ ਜ਼ੋਰ ਪਾਇਆ ਤੇ ਦੱਸਿਆ, ‘ਹਾਂ ਹੋਇਆ ਸੀ ਇਹ ਵਾਕਿਆ।’
‘ਕਿਉਂ ਹੋਇਆ ਸੀ?’ ਮੈਂ ਸਹਿਵਨ ਹੀ ਪੁੱਛਿਆ।
‘ਐਸੇ ਵਾਕਿਆਤ ਪਿੱਛੇ ਇੱਕੋ ਜਿਹੇ ਸਬਬ ਹੁੰਦੇ ਨੇ।’ ਉਹ ਬੋਲੀ, ‘ਸ਼ੈਤ ਪੰਡਤਾਂ ਦੀ ਕੁੜੀ ਸੀ ਉਹ ਤੇ ਕਿਸੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਜਦੋਂ ਮਜ਼ਹਬੀ ਤਵਾਜ਼ਨ ਨਾ ਬਣਿਆ ਤਾਂ ਇੰਜ ਹੀ ਹੋਣਾ ਸੀ। ਕਿਉਂ ਬਾਬਾ ਜੀ?’
‘ਬੀਬੀ ਜੀ ਤੁਹਾਡੀ ਤਾਂ ਯਾਦਾਸ਼ਤ ਕਮਾਲ ਆ। ਬਿਲਕੁਲ ਏਹੋ ਗੱਲ ਸੀ।’ ਬਜ਼ੁਰਗ ਦਾ ਚਿਹਰਾ ਹੈਰਾਨੀ ਦੀ ਭਾਹ ਦੇਣ ਲੱਗਾ। ਇਕ ਮੋੜ ਲਾਗੇ ਉਹ ਰੁਕਿਆ, ‘ਇਹ ਐ ਆਪਣਾ ਗ਼ਰੀਬ-ਖ਼ਾਨਾ, ਆਓ ਕੁਝ ਖਾ ਪੀ ਕੇ ਚੱਲੋ।’ ਉਸਨੂੰ ਹਾਂ-ਨਾਂਹ ਦਾ ਜੁਆਬ ਦੇਣ ’ਤੋਂ ਪਹਿਲਾਂ ਹਨੀਫ਼ਾਂ ਫਿਰ ਚੇਤਿਆਂ ਵਿਚ ਲਹਿ ਗਈ, ‘ਮੈਨੂੰ ਯਾਦ ਆਉਂਦੈ, ਏਥੇ ਵਿਆਹ ਹੋਇਆ ਸੀ ਇਕ। ਇਸ ਥੜ੍ਹੇ ’ਤੇ ਵਹੁਟੀ ਦਾ ਡੋਲਾ ਰੱਖਿਆ ਗਿਆ ਸੀ। ਬੜੀ ਸੁਹਣੀ ਸੀ ਵਹੁਟੀ, ਨਿੱਕੀ ਜਿਹੀ ਉਮਰ ਦੀ। ਇੱਥੇ ਇਕ ਖੂਹੀ ਨਹੀਂ ਸੀ ਹੁੰਦੀ?’
‘ਹੁੰਦੀ ਸੀ। ਹੁਣ ਪੂਰ ਦਿੱਤੀ ਗਈ ਐ। ਤੇ ਵਿਆਹ ਹੋਇਆ ਸੀ ਮੇਰਾ।’ ਬਜ਼ੁਰਗ ਦੀਆਂ ਅੱਖਾਂ ਲਿਸ਼ਕੀਆਂ।
‘ਉਹ ਵਹੁਟੀ ਕਿੱਥੇ ਜੇ ਸੂਹੇ ਲਿਬਾਸ ਵਾਲੀ, ਗੋਰੀ ਚਿੱਟੀ?’ ਹਨੀਫ਼ਾਂ ਆਪਣੇ ਚੇਤਿਆਂ ਦੀ ਤਾਈਦ ਵਿਚ ਖੁਸ਼ ਹੋ ਗਈ।
‘ਘਰੇ ਈ ਐ, ਆਓ ਮਿਲਾਵਾਂ।’ ਬਜ਼ੁਰਗ ਅੱਗੇ ਅੱਗੇ ਹੋ ਗਿਆ ਤੇ ਅਸੀਂ ਪਿੱਛੇ ਪਿੱਛੇ। ਉਸਨੇ ਸੋਟੀ ਆਸਰੇ ਤੁਰਦੀ ਇਕ ਔਰਤ ਨੂੰ ਹਾਕ ਮਾਰੀ, ‘ਬੰਸ ਕੁਰੇ, ਆ ਏਧਰ, ਤੈਨੂੰ ਮਿਲਣ ਆਏ ਆ।’ ਉਹਦੀ ਧੀਮੀ ਤੋਰ ਵੇਖ ਹਨੀਫ਼ਾਂ ਅੱਗੇ ਹੋਈ ਤੇ ਉਸ ਔਰਤ ਨੂੰ ਗਲ਼ ਨਾਲ ਲਾਇਆ। ਬੋਲੀ, ‘ਤੁਸੀਂ ਤਾਂ ਬੁੱਢੇ ਹੋ ਗਏ ਏਨੀ ਛੇਤੀ?’
‘ਸਮੇਂ ਦਾ ਰੰਗ ਆ ਭੈਣੇ, ਤੂੰ ਵੀ ਤਾਂ ਹੋ ਈ ਗਈ।’ ਉਹ ਬੋਲੀ। ਪਰ ਹਨੀਫ਼ਾਂ ਨਹੀਂ ਮੰਨੀ, ਮੈਂ ਤਾਂ ਜੁਆਨ ਆਂ ਹਾਲੇ। ਬੁਢਾਪੇ ਨੂੰ ਲਾਗੇ ਨਹੀਂ ਫਟਕਣ ਦਿੰਦੀ। ਫਿਰ ਅੱਜ ਤਾਂ ਉੱਕਾ ਨਹੀਂ। ਅੱਜ ਤਾਂ ਮੇਰੀ ਉਮਰ ਦਸਾਂ-ਬਾਰਾਂ ਤੋਂ ਵੱਧ ਹੈ ਈ ਨਹੀਂ। ਇਹ ਬਚਪਨ ਕਿੰਨਾ ਪਿਆਰਾ ਐ।’ ਮੇਰੇ ਸਮੇਤ ਆਸੇ ਪਾਸੇ ਖੜੇ ਘਰ ਦੇ ਜੀਅ ਮੁਸਕਰਾ ਪਏ। ਉਸ ਘਰੋਂ ਅਸਾਂ ਠੰਢਾ ਸ਼ਰਬਤ ਪੀਤਾ। ਫਿਰ ਘਾਟੀ ਵੱਲ ਮੁੜੇ। ਅੰਨ੍ਹੀ ਡਿਓਢੀ ਵੇਖ ਕੇ ਤਾਂ ਮੈਂ ਵੀ ਹੈਰਾਨ ਰਹਿ ਗਿਆ। ਕਮਾਲ ਦੀ ਕਾਰੀਗਰੀ ਸੀ। ਕਮਾਲ ਦਾ ਉਹਲਾ ਸੀ। ਹਨੀਫ਼ਾਂ ਨੇ ਦੱਸਿਆ, ‘ਇਸ ਥਾਂ ਦਾ ਉਹਲਾ ਆਸ਼ਕਾਂ ਲਈ ਜੰਨਤ ਜਿਹਾ ਏ। ਉਦੋਂ ਕੁੜੀਆਂ ਮੁੰਡੇ ਇੱਥੇ ਮਿਲਦੇ ਹੁੰਦੇ ਸਨ। ਬਜ਼ੁਰਗ ਨੇ ਦੱਸਿਆ, ‘ਹੁਣ ਵੀ ਏਦਾਂ ਈ ਏ ਬੀਬੀ ਜੀ।’ ਮੈਂ ਡਿਓਢੀ ਦੀਆਂ ਨੁੱਕਰਾਂ, ਉਹਲਿਆਂ ਤੇ ਹਨੇਰਿਆਂ ਨੂੰ ਵੇਖਿਆ। ਅੱਗੇ ਖੁੱਲ੍ਹੀ ਥਾਂ ਸੀ। ਹਨੀਫ਼ਾਂ ਦੱਸ ਰਹੀ ਸੀ, ‘ਏਥੇ ਅਸੀਂ ਖੇਡਿਆ ਕਰਦੇ ਸਾਂ। ਸਾਹਮਣੀ ਡਾਟ ਤੇ ਕਬੂਤਰਾਂ ਦੇ ਝੁੰਡ ਬੈਠਦੇ। ਸਰਦਾਰਾਂ ਦੀਆਂ ਨੂੰਹਾਂ ਏਧਰੋਂ ਘੱਗਰੇ ਪਾਈ ਲੰਘਦੀਆਂ। ਨੌਕਰਾਣੀਆਂ ਉਨ੍ਹਾਂ ਦੇ ਘੱਗਰੇ ਚੁੱਕੀ ਪਿੱਛੇ ਪਿੱਛੇ ਤੁਰਦੀਆਂ।’
‘ਬਿਲਕੁਲ ਦਰੁੱਸਤ।’ ਬਜ਼ੁਰਗ ਨੇ ਹਾਂ ਪੱਖੀ ਮੁਦਰਾ ਵਿਚ ਸਿਰ ਹਿਲਾਇਆ। ਨਾਨਕ ਸ਼ਾਹੀ ਇੱਟ ਦੀਆਂ ਜਰਜਰੀਆਂ ਹੋ ਰਹੀਆਂ ਕੰਧਾਂ ਤੇ ਖੰਡਰਾਂ ਵਿਚ ਬਦਲ ਰਹੇ ਮਹਿਲ ਨੁਮਾ ਘਰਾਂ ਨੂੰ ਵੇਖਦੇ ਅਸੀਂ ਗਲੀਓ ਗਲੀ ਲੰਘਦੇ ਗਏ। ਇਕ ਉੱਚੇ ਥੜ੍ਹੇ ਵਾਲੇ ਘਰ ਅੱਗੇ ਖਲੋ ਉਹ ਬੋਲੀ, ‘ਜ਼ਰਾ ਇਸ ਘਰ ਚੱਲੀਏ।’ ਮੈਂ ਬੂਹਾ ਖੜਕਾਇਆ। ਸਾਹਮਣੇ ਮੇਰਾ ਇਕ ਜਾਣੂ ਪਛਾਣੂ ਅਧਿਆਪਕ ਅਮਰਜੀਤ ਆ ਖੜ੍ਹਾ ਹੋਇਆ। ਉਸ ਅੱਗੇ ਵਧ ਕੇ ਹੱਥ ਮਿਲਾਇਆ, ‘ਅੱਜ ਕਵੀ ਜਨ ਕਿਵੇਂ ਸਾਡੀਆਂ ਜੂਹਾਂ ’ਚ?’ ਮੈਂ ਉਹਨੂੰ ਗਲਵਕੜੀ ’ਚ ਲੈਂਦਿਆਂ ਸੰਖੇਪ ਵਿਚ ਹਨੀਫ਼ਾਂ ਬਾਰੇ ਦੱਸਿਆ। ਹਨੀਫ਼ਾਂ ਨੇ ਕਿਹਾ, ‘ਮੇਰਾ ਖ਼ਿਆਲ ਐ ਏਹੋ ਘਰ ਐ ਜਿੱਥੇ ਅਟਾਰੀ ਵਿਚ ਆਪਾਂ ਆਖਰੀ ਦੋ ਸਾਲ ਗੁਜ਼ਾਰੇ।’ ਅਮਰਜੀਤ ਸਾਨੂੰ ਅੰਦਰ ਲੈ ਗਿਆ। ਯਾਦਾਂ ਦੀ ਪਟਾਰੀ ਇਕ ਵਾਰ ਫਿਰ ਖੁੱਲ੍ਹ ਗਈ। ਹਨੀਫ਼ਾਂ ਨੇ ਪੁਰਾਣੇ ਕਮਰੇ ਖੁਲ੍ਹਵਾ ਕੇ ਵੇਖੇ। ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ਿਆਂ ਦੇ ਰੰਗ ਤੱਕ ਯਾਦ ਸਨ ਉਸਨੂੰ। ਛੱਤ ਉੱਪਰ ਜਾ ਕੇ ਉਹ ਸਾਹਮਣੇ ਚੁਬਾਰੇ ਵੱਲ ਵੇਖਣ ਲੱਗੀ ਜਿਸਦੀਆਂ ਮਮਟੀਆਂ ਤੇ ਜਾਲੀਦਾਰ ਰੋਸ਼ਨਦਾਨ ਆਖਰੀ ਸਾਹਾਂ ’ਤੇ ਸਨ। ‘ਇਕ ਚੈਪਟਰ ਮੇਰੇ ਨਾਵਲ ਦਾ ਏਥੇ ਵੀ ਖੁੱਲ੍ਹਦਾ ਏ, ਯਾਦ ਈ?’ ਉਹ ਬੋਲੀ। ਮੈਂ ਆਪਣੀ ਯਾਦਾਸ਼ਤ ਤੇ ਜ਼ੋਰ ਪਾਇਆ, ‘ਕਿਹੜਾ ਭਲਾ?’
‘ਜਦੋਂ ਸਰਗਮ ਨੂੰ ਜ਼ਿਮੀਦਾਰਾਂ ਦਾ ਮੁੰਡਾ ਚੁਬਾਰੇ ’ਤੇ ਖਲੋ ਕੇ ਵੇਂਹਦਾ ਏ। ਏਸ ਛੱਤ ਤੇ ਖਲੋਂਦੀ ਹੁੰਦੀ ਸਾਂ ਮੈਂ ਤੇ ਉਹ ਔਸ ਚੁਬਾਰੇ ਦੀ ਛੱਤ ਉੱਤੇ। ਉਹ ਮੇਰੇ ਵੱਲ ਤੱਕਦਾ ਸੀ। ਸਿਖ਼ਰ ਦੁਪਹਿਰੇ, ਕਦੇ ਵਰ੍ਹਦੇ ਮੀਂਹ ਵਿਚ। ਮੈਨੂੰ ਉਹ ਪਾਗਲ ਲੱਗਦਾ ਸੀ। ਇਕ ਦਿਨ ਉਸਨੇ ਆਪਣੀ ਭੈਣ ਹੱਥ ਮੇਰੇ ਲਈ ਇਕ ਮੁੰਦਰੀ ਘੱਲੀ। ਮੈਨੂੰ ਗੁੱਸਾ ਚੜ੍ਹ ਗਿਆ ਤੇ ਮੈਂ ਉਸਨੂੰ ਭਜਾ ਦਿੱਤਾ।’ ਮਹਿਕ ਦਾ ਕੋਈ ਬੁੱਲਾ ਸਾਡੇ ਲਾਗੋਂ ਗੁਜ਼ਰਿਆ। ਕੁਝ ਚਿਰ ਅਸੀਂ ਸੁੰਨ ਜਿਹੇ ਖਲੋਤੇ ਰਹੇ। ਫਿਰ ਅਮਰਜੀਤ ਬੋਲਿਆ, ‘ਜ਼ਰਾ ਦੱਸੋ ਤਾਂ ਉਹ ਕੌਣ ਸੀ?’
‘ਸਰੂਪ ਸੀ ਨਾਂ ਉਹਦਾ।’ ਇਸ ਵਾਰ ਹਨੀਫ਼ਾਂ ਨੂੰ ਦਿਮਾਗ਼ ’ਤੇ ਕੋਈ ਜ਼ੋਰ ਨਾ ਪਾਉਣਾ ਪਿਆ। ਅਮਰਜੀਤ ਨੇ ਕਿਹਾ, ‘ਇਹ ਮਕਾਨ ਸਰੂਪ ਸਿਹੁੰ ਨੰਬਰਦਾਰ ਦਾ ਈ ਐ ਜੀ। ਹੁਣ ਉਨ੍ਹਾਂ ਨੇ ਬਾਹਰ ਕੋਠੀ ਪਾ ਲਈ ਆ।’ ਮਾਹੌਲ ਦੀ ਰੁਮਾਂਚਿਕਤਾ ਵੇਖ ਅਮਰਜੀਤ ਨੇ ਕਿਹਾ, ‘ਜੇ ਆਖੋ ਤਾਂ ਲੱਭਾਂ ਤਾਏ ਸਰੂਪ ਸਿਹੁੰ ਨੂੰ।’ ਹਨੀਫ਼ਾਂ ਨੇ ਖੁਸ਼ ਤਬੀਅਤ ਹੋ ਕੇ ਕਿਹਾ, ‘ਹੋ ਜਾਏ।’
ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਆਖ ਉਹ ਸਕੂਟਰ ਫੜ ਕੇ ਘਰੋਂ ਨਿਕਲ ਗਿਆ। ਹਨੀਫ਼ਾਂ ਦੱਸ ਰਹੀ ਸੀ, ‘ਉਹਦੀਆਂ ਭੈਣਾਂ ਮੇਰੀਆਂ ਸਹੇਲੀਆਂ ਸਨ। ਕਦੇ ਕਦਾਈ ਉੱਧਰ ਜਾਂਦੀ ਸਾਂ ਮੈਂ। ਉਹ ਮੇਰੇ ਵੱਲ ਵੇਖਦਾ ਤਾਂ ਮੈਂ ਘੂਰੀਆਂ ਵੱਟਦੀ। ਘਰ ਨਾ ਹੁੰਦਾ ਤਾਂ ਐਵੇਂ ਖਾਲੀ ਖਾਲੀ ਜਿਹਾ ਲੱਗਦਾ। ਅਜੀਬ ਸੀ ਇਹ ਅੱਲ੍ਹੜ ਵਰੇਸ ਵੀ। ਉਹ ਮੇਰੇ ਤੋਂ ਡਰਦਾ ਵੀ ਸੀ। ਮੇਰੇ ਦਾਰ ਜੀ ਤੋਂ ਤਾਂ ਬਹੁਤ।’
‘ਕਿਸੇ ਸਾਂਝ ਦਾ ਮੁੱਢ ਬੱਝਾ ਵੀ?’ ਮੈਂ ਪੁੱਛਿਆ।
‘ਬੱਸ ਇਕ ਡੇਢ ਸਾਲ। ਛਿਆਲੀ ਵਿਚ ਦਾਰ ਜੀ ਦੀ ਬਦਲੀ ਲਾਇਲਪੁਰ ਹੋਈ। ਸਾਲ ਭਰ ਉੱਥੇ ਰਹੇ। ਜਦੋਂ ਹੱਲੇ ਸ਼ੁਰੂ ਹੋਏ ਦਾਰ ਜੀ ਫ਼ਸਾਦ ਰੋਕਦੇ ਕਤਲ ਹੋ ਗਏ। ਜਿਸ ਕਾਫ਼ਲੇ ਵਿਚ ਅਸੀਂ ਨਿਕਲ ਰਹੇ ਸਾਂ ਉਸ ’ਤੇ ਹਮਲਾ ਹੋ ਗਿਆ। ਮੈਨੂੰ ਬਚਾਉਂਦਿਆਂ ਮਾਂ ਮਾਰੀ ਗਈ ਤੇ ਮੈਂ …।’ ਹਨੀਫ਼ਾਂ ਖ਼ਲਾਅ ਨੂੰ ਘੂਰਨ ਲੱਗੀ। ਚਾਹ ਮੁੱਕਣ ’ਤੋਂ ਪਹਿਲਾਂ ਅਮਰਜੀਤ ਇਕ ਦਾਨੇ ਪ੍ਰਧਾਨੇ ਬਜ਼ੁਰਗ ਸ਼ਖ਼ਸ ਨੂੰ ਲੈ ਆਇਆ। ਉਸਨੇ ਬੜੇ ਅਦਬ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹੀ। ਉਹਦੇ ਸਤਿਕਾਰ ਵਜੋਂ ਹਨੀਫ਼ਾਂ ਖਲੋ ਗਈ ਤੇ ਬੋਲੀ, ‘ਪਛਾਣੋਂ ਤਾਂ ਕੌਣ ਆਂ ਮੈਂ?’
‘ਤੁਸੀਂ ਜੀਤਾਂ, ਪਛਾਣ ਲਿਆ ਮੈਂ।’ ਸਮੇਂ ਦੀ ਧੁੰਦ ਵਿਚ ਗੁਆਚੀਆਂ ਤਸਵੀਰਾਂ ਜਿਵੇਂ ਚਾਣਚੱਕ ਪ੍ਰਗਟ ਹੋ ਗਈਆਂ ਹੋਣ। ਨਿੱਕੇ ਨਿੱਕੇ ਸੁਆਲ, ਘਰਾਂ ਪਰਿਵਾਰਾਂ ਦੀ ਖ਼ੈਰ ਸੁੱਖ, ਜੀਵਨ ਦੇ ਰੰਗ ਢੰਗ ਤੇ ਬਦਲੇ ਮਾਹੌਲ ਦੀਆਂ ਗੱਲਾਂ ਨੇ ਘੇਰਾ ਘੱਤ ਲਿਆ। ਸਮੇਂ ਤੇ ਸਥਾਨ ਦਾ ਫ਼ਾਸਲਾ ਪਲਾਂ ਛਿਣਾਂ ਵਿੱਚ ਮੁੱਕ ਗਿਆ ਜਿਵੇਂ। ਹਨੀਫ਼ਾਂ ਬੋਲੀ, ‘ਯਾਦ ਜੇ ਤੁਸਾਂ ਮੇਰੇ ਲਈ ਇਕ ਮੁੰਦਰੀ ਭੇਜੀ ਸੀ ਤੇ ਮੈਂ ਮੋੜ ਦਿੱਤੀ ਸੀ। ਲਿਆਓ, ਦੇ ਦਿਓ ਹੁਣ, ਅੱਜ ਮੈਂ ਉਹ ਮੁੰਦਰੀ ਲੈਣ ਆਈ ਆਂ।’
ਖਿੜੇ ਹੋਏ ਰੋਹਬਦਾਰ ਚਿਹਰੇ ’ਤੇ ਸ਼ਰਮਿੰਦਗੀ ਜਿਹੀ ਦੀ ਬੱਦਲੀ ਉਮਡ ਆਈ। ਉਹ ਬੋਲਿਆ, ‘ਉਹ ਬਚਪਨ ਦੀਆਂ ਗੱਲਾਂ ਸੀਗੀਆਂ ਭੈਣ ਜੀ।’ ਪਰ ਹਨੀਫ਼ਾਂ ਠਹਾਕਾ ਲਾ ਕੇ ਹੱਸੀ। ਫ਼ਿਜ਼ਾ ਤਾਂ ਪਹਿਲਾਂ ਹੀ ਸੁਗੰਧਿਤ ਹੋਈ ਪਈ ਸੀ। ਹਾਸਿਆਂ ਤੇ ਕਹਿਕਹਿਆਂ ਨੇ ਇਸਦੀ ਖ਼ੁਸ਼ਬੂ ਹੋਰ ਸੰਘਣੀ ਕਰ ਦਿੱਤੀ। ਸਰੂਪ ਸਿਹੁੰ ਕੁਝ ਚਿਰ ਲਈ ਘਰ ਲਿਜਾਣਾ ਚਾਹੁੰਦਾ ਸੀ ਪਰ ਦਿਨ ਬਹੁਤ ਹੇਠਾਂ ਚਲਾ ਗਿਆ ਸੀ। ਸਾਨੂੰ ਵਾਪਸ ਪਰਤਣ ਦੀ ਕਾਹਲ਼ੀ ਸੀ। ਕਾਹਲੀ ਵੀ ਸੀ ਤੇ ਮਜਬੂਰੀ ਵੀ।
ਮੇਨ ਬਾਜ਼ਾਰ ਦੇ ਉਸ ਖੁੱਲ੍ਹੇ ਜਿਹੇ ਪਲਾਟ ਸਾਹਮਣੇ ਜਿੱਥੇ ਸਾਡੀ ਕਾਰ ਖਲੋਤੀ ਸੀ ਰੁਕਦਿਆਂ ਸਰੂਪ ਸਿਹੁੰ ਨੇ ਤਰਲਾ ਜਿਹਾ ਲਿਆ, ‘ਜੇ ਘਰ ਨਹੀਂ ਚੱਲਣਾ ਤਾਂ ਮੇਰੇ ਵੱਲੋਂ ਕੋਈ ਚੀਜ਼ ਹੀ ਤੁਹਫ਼ੇ ਵਜੋਂ ਲੈ ਲਓ, ਦੱਸੋ ਕੀ ਲੈ ਕੇ ਦਿਆਂ?’ ਹਨੀਫ਼ਾਂ ਨੇ ਸੱਜੇ ਖੱਬੇ ਇਕ ਸਿਰੇ ਤੋਂ ਦੂਜੇ ਤੱਕ ਬਾਜ਼ਾਰ ਨੂੰ ਵੇਖਿਆ। ਸਾਹਮਣੀ ਦੁਕਾਨ ’ਤੇ ਠੱਕ ਠੱਕ ਕਰ ਰਹੇ ਠਠਿਆਰ ਵੱਲ ਵੇਖ ਕੇ ਬੋਲੀ, ‘ਚਲੋ, ਤਵਾ ਲੈ ਦਿਓ ਇਕ।’
‘ਤਵਾ?’ ਮੇਰੇ ਤੇ ਅਮਰਜੀਤ ਦੇ ਮੂੰਹੋਂ ਇਕੱਠਾ ਨਿਕਲਿਆ। ‘ਤਵਾ ਕੀ ਸ਼ੈ ਹੋਈ ਭੈਣ ਜੀ।’ ਸਰੂਪ ਸਿਹੁੰ ਨੇ ਵੀ ਕਿਹਾ।
‘ਤੁਸਾਂ ਮੈਨੂੰ ਪੁੱਛਿਆ ਤੇ ਮੈਂ ਦੱਸ ਦਿੱਤਾ, ਅੱਗੇ ਤੁਹਾਡੀ ਇੱਛਾ।’ ਹਨੀਫ਼ਾਂ ਨੇ ਕਿਹਾ। ਸਰੂਪ ਸਿਹੁੰ ਨੇ ਠਠਿਆਰ ਨੂੰ ਸੈਨਤ ਨਾਲ ਸੱਦਿਆ ਤੇ ਕਿਹਾ ਕਿ ਸਭ ਤੋਂ ਵਧੀਆ ਇਕ ਤਵਾ ਲਿਆ ਕੇ ਦੇਵੇ। ਸਰੂਪ ਸਿਹੁੰ ਨੇ ਅਖ਼ਬਾਰ ਵਿਚ ਲਪੇਟਿਆ ਤਵਾ ਹਨੀਫ਼ਾਂ ਨੂੰ ਫੜਾਇਆ। ਉਸਨੇ ਮੱਥੇ ਨੂੰ ਛੁਹਾ ਕੇ ਸਵੀਕਾਰ ਕੀਤਾ।
‘ਫੇਰ ਵੀ ਕਦੇ ਆਉਣਾ।’ ਸਰੂਪ ਸਿਹੁੰ ਦੀਆਂ ਅੱਖਾਂ ਕਿਸੇ ਵਿਸਮਾਦ ਵਿਚ ਰੰਗੀਆਂ ਹੋਈਆਂ ਸਨ। ਫਿਰ ਇਕ ਚੁੱਪ ਸੀ। ਬੋਝਲ ਜਿਹੀ। ਇਕ ਦੂਜੇ ਕੋਲੋਂ ਵਿਦਾਇਗੀ। ਕਾਰ ਅਗਾਂਹ ਖਿਸਕੀ ਤੇ ਮੇਨ ਬਾਜ਼ਾਰ ਮੁੱਕ ਗਿਆ। ਅਟਾਰੀ ਪਿੱਛੇ ਰਹਿ ਗਿਆ। ਯਾਦਾਂ ਦੀ ਤੰਦ-ਤਾਣੀ ਉਲਝ ਗਈ ਕਿ ਸੁਲਝ ਗਈ ਇਸਦਾ ਫ਼ੈਸਲਾ ਅਸੀਂ ਕਰ ਨਾ ਪਾਏ। ਸੁਨਹਿਰੀ ਫਰੇਮ ਵਾਲੀ ਐਨਕ ਦੇ ਹੇਠੋਂ ਹਨੀਫ਼ਾਂ ਦੁਪੱਟੇ ਦੇ ਪੱਲੇ ਨਾਲ ਕੁਝ ਸਾਫ਼ ਕਰ ਰਹੀ ਸੀ। ਉਹ ਮੇਰੇ ਕੋਲੋਂ ਕੁਝ ਲੁਕਾ ਰਹੀ ਸੀ ਜਾਂ ਮੈਂ ਸਭ ਕੁਝ ਵੇਖਦਾ ਅਣਡਿੱਠ ਕਰ ਰਿਹਾ ਸਾਂ, ਇਸ ਦਾ ਵੀ ਨਹੀਂ ਸੀ ਪਤਾ।
 
Top