ਦੁਨੀਆਂ ਮਤਲਬ ਦੀ

ਛੜਿਆਂ ਦੀ ਇਕ ਆਪਣੀ ਅਤੇ ਅਜੀਬ ਹੀ ਦੁਨੀਆਂ ਹੁੰਦੀ ਹੈ! ਇਹ ਬਹੁਤ ਸਾਰੇ ਸੁਪਨੇ ਅਤੇ ਘਾੜਤਾਂ ਘੜਨ ਵਿਚ ਮਸ਼ਹੂਰ ਹੁੰਦੇ ਹਨ। ਅੰਨ੍ਹੇ ਵਾਂਗ ਇਹਨਾਂ ਦੀ ਵੀ ਇਕ ਰਗ ਵੱਧ ਹੀ ਹੁੰਦੀ ਹੈ। ਕਿਸੇ ਨਵੀਂ ਵਿਆਹੀ ਦੀ ਚੁੰਨੀ ਦੇ ਸਿਤਾਰਿਆਂ ਦੀ ਚਮਕ ਇਹਨਾਂ ਦੀਆਂ ਅੱਖਾਂ ਵਿਚ ਕੰਡੇ ਵਾਂਗੂੰ ਅਤੇ ਸਕੁੰਤਲੀਆਂ ਦੀ ਛਣਕਾਰ ਕੰਨਾਂ ਵਿਚ ਸੋਟੀ ਵਾਂਗ ਵੱਜਦੀ ਹੈ। ਪਰ ਸਾਰੇ ਛੜੇ ਇੱਕੋ ਜਿਹੇ ਨਹੀਂ ਹੁੰਦੇ। ਪੰਜਾਂ ਉਂਗਲਾਂ ਵਾਂਗ ਇਹਨਾਂ ਵਿਚ ਵੀ ਫ਼ਰਕ ਹੁੰਦਾ ਹੈ!​
ਕਾਫ਼ੀ ਚਿਰ ਦੀ ਗੱਲ ਹੈ ਕਿ ਸਾਡੇ ਪਿੰਡ ਵਿਚ ਇਕ ਛੜਾ ਹੁੰਦਾ ਸੀ। ਜਿਸ ਦਾ ਨਾਂ ਸੁੱਚਾ ਸਿੰਘ ਸੀ। ਉਸ ਦਾ ਦਿਲ ਵੀ ਉਸ ਦੇ ਨਾਂ ਵਾਂਗ ਹੀ ਸਾਫ਼ ਅਤੇ ਸੁੱਚਾ ਸੀ। ਸੱਤ ਕਿੱਲਿਆਂ ਦਾ ਮਾਲਕ ਸੀ। ਸੁੱਚੇ ਦੇ ਮਾਂ-ਬਾਪ ਤਾਂ ਬਚਪਨ ਵਿਚ ਹੀ ਸਵਰਗ ਸਿਧਾਰ ਗਏ ਸਨ। ਜਿਸ ਕਰਕੇ ਕਿਸੇ ਸਾਕ ਕਰਵਾਉਣ ਵਾਲੇ ਨੇ ਉੱਤਾ ਨਾ ਵਾਚਿਆ, ਅਤੇ ਨਾ ਹੀ ਸੁੱਚੇ ਨੇ ਆਪ ਮਿਹਨਤ ਕੀਤੀ।​
ਬੱਸ! ਵਿਚਾਰੇ ਸੁੱਚੇ ਦੀ ਇਕ ਕੱਚੀ ਜਿਹੀ ਕੋਠੜੀ ਵਿਚ ਹਮੇਸ਼ਾ ਇਕ ਬੱਕਰੀ ਅਤੇ ਇਕ ਮੇਮਣਾਂ ਮਿਆਂਕਦੇ ਰਹਿੰਦੇ ਸਨ। ਜਦੋਂ ਮੇਮਣਾਂ ਉਡਾਰ ਹੋ ਜਾਂਦਾ ਅਤੇ ਬੱਕਰੀ ਦੁੱਧ ਦੇਣੋਂ ਹੱਟ ਜਾਂਦੀ ਤਾਂ ਸੁੱਚਾ ਬੱਕਰੀ ਅਤੇ ਮੇਮਣਾਂ ਵੇਚ ਕੇ ਸੱਜਰ ਸੂਈ ਬੱਕਰੀ ਲੈ ਆਉਂਦਾ। ਘਰੇ ਦੁੱਧ ਅਤੇ ਰੌਣਕ ਫਿਰ ਹੋ ਜਾਂਦੀ। ਸੁੱਚਾ ਦਿਮਾਗੀ ਸੀ। ਕਈ ਲੋਕ ਕਹਿ ਦਿੰਦੇ ਸਨ ਕਿ ਉਹ ਬੱਕਰੀ ਦਾ ਦੁੱਧ ਪੀਂਦਾ ਕਰਕੇ ਦਿਮਾਗ ਦਾ ‘ਤਰ’ ਸੀ। ਲਾਲ ਸੂਹਾ ਚਿਹਰਾ ਸੂਰਜ ਵਾਂਗ ਦਗਦਾ ਸੀ। ਨਾ ਤਾਂ ਸੁੱਚੇ ਨੇ ਨੂੰਹ ਲਿਆਉਣੀ ਸੀ ਅਤੇ ਨਾ ਧੀ ਤੋਰਨੀ ਸੀ! ਰੱਬ ਦੀ ਕ੍ਰਿਪਾ ਨਾਲ ਉਸ ਨੂੰ ਕੋਈ ਫ਼ਿਕਰ ਫ਼ਾਕਾ ਨਹੀਂ ਸੀ।​
-”ਤੀਹ ਬਿੱਘਿਆਂ ਦਾ ਮਾਲਕ ਐਂ-ਕੋਈ ਮੁੱਲ ਦੀ ਈ ਲੈ ਆ-ਰੋਟੀ ਤਾਂ ਪੱਕਦੀ ਹੋਜੂ!” ਇਕ ਵਾਰੀ ਅਮੀਏਂ ਪੰਡਤ ਨੇ ਮੱਤ ਦਿੱਤੀ ਸੀ। ਪਰ ਸੁੱਚਾ ਹੱਸ ਕੇ ਹੀ ਅੱਗੇ ਤੁਰ ਗਿਆ ਸੀ। ਜਿਵੇਂ ਉਸ ਨੂੰ ਅਮੀਏਂ ਪੰਡਤ ਦੀ ਰੈਅ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਉਸ ਦੀਆਂ ਤਾਂ ਰੱਬ ‘ਤੇ ਹੀ ਡੋਰੀਆਂ ਸਨ।​
ਅਸਲ ਵਿਚ ਸੁੱਚੇ ਦੀ ਅੱਖ ਟੀਸੀ ਦੇ ਬੇਰ ‘ਤੇ ਸੀ। ਉਸ ਦੀ ਅੱਖ ਗੁਆਂਢਣ ਨਛੱਤਰੋ ‘ਤੇ ਸੀ। ਨਛੱਤਰੋ ਦਾ ਮੁਸ਼ਕੀ ਰੰਗ ਉਸ ਨੂੰ ਸੁੱਖੇ ਦੇ ਪਕੌੜਿਆਂ ਵਰਗਾ ਕਰਾਰਾ ਲੱਗਦਾ ਸੀ। ਨਛੱਤਰੋ ਸਰੀਰ ਦੀ ਸੁਡੌਲ, ਅਰੋਗ ਮਿਰਗਣੀ ਵਰਗੀ ਸੀ। ਉਸ ਦੀ ਬਿੱਲੀ ਅੱਖ ਸੁੱਚੇ ਦੇ ਭੂਰੀ ਕੀੜੀ ਵਾਂਗ ਲੜ ਜਾਂਦੀ ਸੀ। ਸੋਨੇ ਦਾ ਦੰਦ ਹਰ ਵਕਤ ਸੈਣਤਾਂ ਕਰਦਾ ਲੱਗਦਾ ਸੀ। ਨਛੱਤਰੋ ਦੇ ਮੁੰਡੇ ਵੀ ਗੱਭਰੂ ਹੋ ਚੱਲੇ ਸਨ। ਵੱਡਾ ਮੁੰਡਾ ਤਾਂ ਮੰਗਿਆ ਵੀ ਗਿਆ ਸੀ। ਪਰ ਸ਼ੌਕੀਨਣ ਨਛੱਤਰੋ ਨੇ ਸੋਨੇ ਦਾ ਦੰਦ ਨਹੀਂ ਲੁਹਾਇਆ ਸੀ।​
-”ਸਾਗ ਸੂਗ ਦੀ ਜਰੂਰਤ ਹੋਵੇ ਤਾਂ ਜਕਿਆ ਨਾ ਕਰੋ ਨਛੱਤਰ ਕੁਰੇ..! ਤੋੜ ਲਿਆਇਆ ਕਰੋ..!” ਇਕ ਦਿਨ ਸੁੱਚੇ ਨੇ ਧਾਰ ਚੋਅ ਕੇ ਆਉਂਦੀ ਨਛੱਤਰੋ ਨੂੰ ਦਿਲ ਕਰੜਾ ਕਰ ਕੇ ਕਹਿ ਹੀ ਦਿੱਤਾ।
-”ਕੋਈ ਨਾ ਭਾਈ ਜੀ..!” ਨਛੱਤਰੋ ਨੇ ਕਿਹਾ। ਪਰ ਘੁੰਡ ਵਾਲਾ ਲੜ ਮੂੰਹ ‘ਚੋਂ ਨਾ ਕੱਢਿਆ।
-”ਤੇ ਹੋਰ..! ਘਰ ਦੀ ਤਾਂ ਗੱਲ ਐ..!” ਸੁੱਚਾ ਕਰਾਰ ਨਾਲ ਸੁਆਦ-ਸੁਆਦ ਹੋ ਗਿਆ ਸੀ। ਉਸ ਦੀਆਂ ਕੱਛਾਂ ਅਤੇ ਹਥੇਲੀਆਂ ਪਸੀਨੇ ਨਾਲ ਭਿੱਜ ਗਈਆਂ ਸਨ। ਪਰ “ਭਾਈ ਜੀ” ਲਫ਼ਜ਼ ਉਸ ਨੂੰ ਥੋੜਾ ਜਿਹਾ ਰੜਕਿਆ ਸੀ। ਜਿਸ ਦੀ ਉਸ ਨੇ ਖੁਸ਼ੀ ਵਿਚ ਬਹੁਤੀ ਗੌਰ ਨਾ ਕੀਤੀ। ਉਸ ਅੰਦਰੋਂ ਕੁਤਕੁਤੀਆਂ ਨਿਕਲ ਰਹੀਆਂ ਸਨ ਕਿ ਚਲੋ ਜੁਬਾਨ ਤਾਂ ਸਾਂਝੀ ਹੋਈ!
-”ਵੇ ਮੰਗੂ..!” ਨਛੱਤਰੋ ਨੇ ਘਰੇ ਜਾ ਕੇ ਅਵਾਜ਼ ਦਿੱਤੀ।
-”ਹਾਂ ਬੇਬੇ?”
-”ਜਾਹ ਆਬਦੇ ਤਾਇਆ ਜੀ ਕੇ ਖੇਤੋਂ ਸਾਗ ਤੋੜ ਕੇ ਲਿਆ!” ਨਛੱਤਰੋ ਨੇ ਸਾਂਝੀ ਕੰਧ ਕੋਲ ਹੋ ਕੇ “ਤਾਇਆ ਜੀ” ‘ਤੇ ਕਾਫ਼ੀ ਜ਼ੋਰ ਦਿੱਤਾ ਸੀ।
-”ਕਿਹੜੇ ਤਾਇਆ ਜੀ ਕੇ?” ਮੁੰਡਾ ਸਮਝਦਾ ਸੀ ਕਿ ਸ਼ਾਇਦ ਸਕੇ ਤਾਇਆ ਜੀ ਦੇ ਖੇਤੋਂ ਲਿਆਉਣਾ ਸੀ।
-”ਤਾਇਆ ਜੀ ਕਿਹੜਾ..? ਸੁੱਚਾ ਸਿਉਂ ਦੇ ਖੇਤੋਂ….!”​
ਸਾਂਝੀ ਕੰਧ ਨਾਲ ਕੰਨ ਲਾਈ ਖੜ੍ਹਾ ਸੁੱਚਾ ਕਿਸੇ ਚਾਅ ਨਾਲ ਫ਼ੈਲਰਦਾ ਜਾ ਰਿਹਾ ਸੀ।
-”ਛੜਾ ਗਿੱਟੇ ਵੱਢਦੂ..! ਉਹ ਤਾਂ ਸਿਰੇ ਦਾ ਸੂਮ ਐਂ..! ਕਿਸੇ ਨੂੰ ਸਿਰ ਦੀ ਜੂੰਅ ਨ੍ਹੀ ਦਿੰਦਾ..!” ਅੰਦਰੋਂ ਮੁੰਡੇ ਨੇ ਕਿਹਾ। ਕੰਧ ਨਾਲ ਲੱਗੇ ਸੁੱਚੇ ਦੇ ਸਿਰ ਵਿਚ ਗੱਲ ਗੰਡਾਸੇ ਵਾਂਗ ਆ ਪਈ।
-”ਮਾਂਈਂ ਯ੍ਹਾਵਾ ਨਾਸਲ਼!” ਉਸ ਨੇ ਮਨ ਅੰਦਰ ਮੁੰਡੇ ਨੂੰ ਗੰਦੀ ਗਾਲ੍ਹ ਕੱਢੀ।
-”ਡਮਾਕ ਨਾਲ ਬੋਲਿਆ ਕਰ ਡਮਾਕ ਨਾਲ..! ਤੇਰੇ ਤਾਇਆ ਜੀ ਨੇ ਮੈਨੂੰ ਆਪ ਕਿਹੈ..!” ਗੱਲਾਂ ਬਾਤਾਂ ਵਿਚ ਨਛੱਤਰੋ ਨੇ ਛੜੇ ਦੇ ‘ਫੁੱਲ’ ਪਾ ਦਿੱਤੇ। ਨੈਹਬ ਲਿਆ। ਇੱਕ ਤਰ੍ਹਾਂ ਨਾਲ ਚਿੱਤ ਕਰ ਦਿੱਤਾ।​
ਮੁੰਡਾ ਭਰੀ ਸਾਗ ਦੀ ਤੋੜ ਲਿਆਇਆ। ਨਛੱਤਰੋ ਨੇ ਤੌੜੀ ਭਰ ਕੇ ਰਿੰਨ੍ਹ ਲਿਆ ਅਤੇ ਪਿੱਤਲ ਦੀ ਬਾਟੀ ਭਰ ਕੇ ਮੁੰਡੇ ਹੱਥ ਸੁੱਚੇ ਦੇ ਘਰੇ ਭੇਜ ਦਿੱਤੀ। ਮੋਰ ਦੀ ਧੌਣ ਵਰਗੇ ਸਾਗ ਉਪਰ ਚਿੱਟੀ ਮਖਣੀਂ ਤਾਰੀਆਂ ਲਾ ਰਹੀ ਸੀ।
ਛੜੇ ਦਾ ਦਿਲ ਗੁਲਾਬ ਦੇ ਫੁੱਲ ਵਾਂਗ ਖਿੜ ਉਠਿਆ।​
-”ਜੇ ਆਪ ਫੜਾ ਜਾਂਦੀ-ਭਲਾ ਫੇਰ ਕਿਹੜਾ ਕੋਈ ਟੈਗਸ ਲੱਗ ਜਾਂਦਾ?” ਉਸ ਨੇ ਸਾਗ ਦੁਆਲੇ ਬੈਠ ਕੇ ਲੱਤਾਂ ਮਲੀਆਂ।
-”ਚਲੋ! ਉਹ ਜਾਣੇਂ! ਕਿਤੇ ਫੇਰ ਸਹੀ!” ਛੜੇ ਨੇ ਆਪ ਹੀ ਮਨ ਨੂੰ ਦਿਲਾਸਾ ਦਿੱਤਾ। ਉਹ ਸਾਗ ਵੱਲ ਸ਼ਿਸ਼ਤ ਬੰਨ੍ਹ ਕੇ ਝਾਕ ਰਿਹਾ ਸੀ। ਉਸ ਨੂੰ ਜਾਪਿਆ ਕਿ ਉਸ ਦੀ ਜ਼ਿੰਦਗੀ ਵਿਚ ਵੀ ਕੋਈ ਸੁਖ ਦੀ ਘੜੀ ਸੀ। ਨਹੀਂ ਤਾਂ ਸੁੱਚਾ ਹਰ ਵਕਤ ਰੱਬ ਨੂੰ ਹੀ ਗਾਲ੍ਹਾਂ ਕੱਢੀ ਜਾਂਦਾ ਰਹਿੰਦਾ ਸੀ। ਸ਼ਾਇਦ ਉਸ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਸੀ ਕਿ ਜ਼ਿੰਦਗੀ ਵਿਚ ਖੁਸ਼ਹਾਲੀ ਨਾਂ ਦੀ ਚੀਜ਼ ਵੀ ਹੁੰਦੀ ਹੈ।​
-”ਸੂਮ ਛੜੇ ਦਾ ਸਾਗ ਪਚ ਵੀ ਜਾਊ?” ਰਾਤ ਨੂੰ ਰੋਟੀ ਖਾਂਦਾ ਮੁੰਡਾ ਆਖ ਰਿਹਾ ਸੀ।
-”ਹੋਰ ਨਾ ਸਾਰਾ ਟੱਬਰ ਮੋਕੋ-ਮੋਕ ਹੁੰਦੇ ਫਿਰੀਏ?” ਦੂਜਾ ਬੋਲਿਆ।
-”ਕਰਦੇ ਨ੍ਹੀ ਚੁੱਪ ਹਰਾਮ ਦਿਓ..! ਜੇ ਕੋਈ ਥੋਨੂੰ ਚੀਜ ਦੇ ਦਿੰਦੈ ਤਾਂ ਤੁਸੀਂ ਟੀਟਣੇਂ ਮਾਰਨ ਲੱਗ ਜਾਨੇ ਐਂ-ਵੱਡਿਆਂ ਦੀ ਇੱਜਤ ਕਰੀਦੀ ਹੁੰਦੀ ਐ..!” ਮੰਜੀ ‘ਤੇ ਪਏ ਛੜੇ ਦੇ ਕੰਨੀਂ ਅਵਾਜ਼ ਪੈ ਰਹੀ ਸੀ। ਉਸ ਨੂੰ ਲਗਰ ਵਰਗੀ ਨਛੱਤਰੋ ਦੀ ਅਵਾਜ਼ ਅਲਗੋਜੇ ਵਰਗੀ ਮਿੱਠੀ ਲੱਗਦੀ ਸੀ।​
ਇਸ ਤਰ੍ਹਾਂ ਮਹੀਨਾ ਕੰਮ ਚੱਲਦਾ ਰਿਹਾ।​
-”ਭਾਈ ਜੀ! ਕਿੱਥੇ ਨਿੱਤ ਰੋਟੀਆਂ ਪਕਾਉਣ ਦੀ ਖੇਚਲ ਕਰਦੇ ਓਂ? ਓਧਰ ਆਪਣੇ ਵੱਲੀਂ ਈ ਖਾ ਲਿਆ ਕਰੋ।” ਇਕ ਦਿਨ ਨਛੱਤਰੋ ਸੁੱਚੇ ਨੂੰ ਘਰੇ ਆ ਕੇ ਕਹਿ ਗਈ ਸੀ।​
ਸੁੱਚਾ ਖੁਸ਼ੀ ਨਾਲ ਪਾਟਣ ਵਾਲਾ ਹੋ ਗਿਆ ਸੀ। ਪ੍ਰਮਾਤਮਾ ਤਾਂ ਸੁੱਚੇ ‘ਤੇ ਬਿਲਕੁਲ ਹੀ ਨਿਹਾਲ ਹੋ ਗਿਆ ਸੀ। ਜਿਸ ਘਰੇ ਕਦੇ ਡਰਦੀ ਬਿੱਲੀ ਨਹੀਂ ਵੜੀ ਸੀ, ਉਸੇ ਘਰੇ ਆ ਕੇ ਅੱਜ ਛੜੇ ਦੇ ਸੁਪਨਿਆਂ ਦੀ ਰਾਣੀ ਨਛੱਤਰੋ ਉਸ ਨੂੰ ਦਾਹਵਤ ਦੇ ਕੇ ਗਈ ਸੀ।
ਸੁੱਚੇ ਦੀ ਰੋਟੀ ਨਛੱਤਰੋ ਦੇ ਘਰ ਪੱਕਣ ਲੱਗ ਪਈ। ਨਛੱਤਰੋ ਦੇ ਘਰਵਾਲਾ ਮਹਿੰਦਰ ਸਿੰਘ ਵੀ ਸੁੱਚੇ ਦੀ ਚੰਗੀ ਇੱਜ਼ਤ ਕਰਨ ਲੱਗ ਪਿਆ ਸੀ। ਨਛੱਤਰੋ ਦੇ ਮੁੰਡੇ ਵੀ ਸੁੱਚੇ ਨੂੰ “ਛੜੇ” ਤੋਂ “ਤਾਇਆ ਜੀ” ਕਹਿਣ ਲੱਗ ਪਏ ਸਨ।​
ਨਛੱਤਰੋ ਦੇ ਘਰਵਾਲਾ ਮਹਿੰਦਰ ਸਿੰਘ ਤਾਂ ਆਮ ਖੇਤ ਹੀ ਰਹਿੰਦਾ ਸੀ। ਰਾਤ ਨੂੰ ਫ਼ਸਲ ਦੀ ਰਾਖੀ ਕਰਦਾ ਸੀ। ਹੁਣ ਤਾਂ ਨਛੱਤਰੋ ਰਾਤ ਬਰਾਤੇ ਸੁੱਚੇ ਦੇ ਘਰ ਵੀ ਆਉਣ ਲੱਗ ਪਈ ਸੀ। ਕਈ ਵਾਰੀ ਤਾਂ ਉਹ ਸਾਰੀ-ਸਾਰੀ ਰਾਤ ਹੀ ਸੁੱਚੇ ਦੇ ਘਰੇ ਕੱਟਦੀ। ਸਵੇਰੇ ਉਠਦੀ। ਬੱਕਰੀ ਦੀ ਧਾਰ ਚੋਅ ਕੇ ਸੁੱਚੇ ਨੂੰ ਚਾਹ ਬਣਾ ਕੇ ਦੇ ਕੇ ਜਾਂਦੀ।
ਸਾਰੇ ਪਿੰਡ ਵਿਚ ਸੁੱਚੇ ਅਤੇ ਨਛੱਤਰੋ ਬਾਰੇ ਆਮ ਚਰਚਾ ਚੱਲ ਪਈ ਸੀ। ਮੁੰਡੇ-ਖੁੰਡੇ ਹੱਟੀਆਂ-ਭੱਠੀਆਂ ‘ਤੇ ਸਿਰਫ਼ ਸੁੱਚੇ ਅਤੇ ਨਛੱਤਰੋ ਦਾ ਕਿੱਸਾ ਹੀ ਛੇੜਦੇ ਸਨ। ਬੁੱਢੇ ਥੂ-ਥੂ ਕਰਦੇ। ਬੁੜ੍ਹੀਆਂ ਨੇ ਨਛੱਤਰੋ ਨੂੰ ਬੁਲਾਉਣਾਂ ਹੀ ਛੱਡ ਦਿੱਤਾ ਸੀ। ਘੋਗੇ ਕੇ ਛੋਟੇ ਬਹਿਵਤੀ ਨੇ ਤਾਂ ਇਕ ਗੌਣ ਵੀ ਜੋੜ ਲਿਆ ਸੀ, “ਛੜੇ ਸੁੱਚੇ ਸੂਰਮੇਂ ਨੇ – ਪੱਟ ਲਈ ਸੋਨੇ ਦੇ ਦੰਦ ਵਾਲੀ…!”​
ਪਰ ਨਛੱਤਰੋ ਅਤੇ ਸੁੱਚੇ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ ਸੀ। ਉਹ ਆਪਣੇ ਆਪ ਵਿਚ ਮਸਤ ਸਨ! ਇਕ ਦੂਜੇ ਦੇ ਸਾਹਾਂ ਵਿਚ ਸਾਹ ਲੈਂਦੇ ਸਨ। ਜੇ ਕਦੀ ਸੁੱਚਾ ਸੋਬਤੀ, ਚੁੱਪ ਜਿਹਾ ਕਰ ਕੇ ਬੈਠ ਜਾਂਦਾ ਤਾਂ ਨਛੱਤਰੋ ਦਸ ਵਾਰ ਪੁੱਛਦੀ, “ਤੇਰਾ ਚਿੱਤ ਤਾਂ ਨ੍ਹੀ ਢਿੱਲਾ..?” ਜਾਂ ਫਿਰ, “ਤੇਰਾ ਕੁਛ ਦੁਖਦਾ ਤਾਂ ਨ੍ਹੀ..?” ਭਾਈ ਜੀ ਕਹਿਣੋਂ ਤਾਂ ਉਹ ਉਸੇ ਦਿਨ ਹੀ ਹਟ ਗਈ ਸੀ, ਜਿਸ ਦਿਨ ਉਹ ਪਹਿਲੀ ਵਾਰ ਸੁੱਚੇ ਦੇ ਘਰੇ ਰਾਤ ਕੱਟ ਕੇ ਗਈ ਸੀ।​
-”ਔਤਰਿਆਂ ਨੇ ਵੱਡੇ ਮੁੰਡੇ ਨੂੰ ਸਾਕ ਤੋਂ ਜਵਾਬ ਦੇ ਦਿੱਤਾ।” ਇਕ ਰਾਤ ਉਹ ਸੁੱਚੇ ਦੀ ਮਾਲਸ਼ ਕਰਦੀ-ਕਰਦੀ ਅਚਾਨਕ ਰੋ ਪਈ।
-”ਕਿਉਂ..?” ਸੁੱਚੇ ਦਾ ਦਿਲ ਚੀਰਿਆ ਗਿਆ। ਉਹ ਰੇਲ ਦੇ ਕੰਨ ਵਾਂਗ ਉਠਿਆ ਸੀ। ਸੁੱਚਾ ਨਛੱਤਰੋ ਨੂੰ ਰੋਂਦੀ ਨਹੀਂ ਝੱਲ ਸਕਦਾ ਸੀ। ਉਸ ਦੀ ਖਾਤਰ ਘੰਡੀ ਵਢਵਾਉਣ ਲਈ ਤਿਆਰ ਸੀ।
-”ਬਚੋਲੇ ਨੇ ਕਿਹਾ ਸੀ ਕਿ ਮੁੰਡੇ ਨੂੰ ਦਸ ਕਿੱਲੇ ਆਉਂਦੇ ਐ-ਪਰ ਭਾਨੀ ਮਾਰਨ ਵਾਲੇ ਨੇ ਸੱਚੀ ਗੱਲ ਦੱਸ ਦਿੱਤੀ ਕਿ ਮੁੰਡੇ ਨੂੰ ਤਾਂ ਸਿਰਫ ਤਿੰਨ ਕਿੱਲੇ ਈ ਆਉਂਦੇ ਐ।” ਨਛੱਤਰੋ ਡੁਸਕਦੀ, ਹਾਉਕੇ ਭਰਨ ਲੱਗ ਪਈ।
-”ਭਾਨੀ ਮਾਰਨ ਆਲੇ ਦੀ ਮਾਂ ਦੀ…! ਮੈਂ ਲੁਆਉਨੈਂ ਆਬਦੇ ਆਲੇ ਸੱਤ ਕਿੱਲੇ ਮਲਕੀਤ ਸਿਉਂ ਦੇ ਨਾਂ!” ਸੁੱਚੇ ਨੇ ਬੜ੍ਹਕ ਮਾਰੀ।
-”………।” ਉਹ ਰੋ ਰਹੀ ਸੀ।
-”ਬੱਸ ਤੂੰ ਰੋ ਨਾ..! ਜਾਨ ਲਲਾਮ ਕਰਦੂੰ ਤੇਰੀ ਖਾਤਰ ਤਾਂ-ਸੁੱਚਾ ਅਜੇ ਜਿਉਂਦੈ-ਮਰਿਆ ਨ੍ਹੀ-ਜਿੱਦੇਂ ਮਰ ਗਿਆ-ਰੱਜ ਕੇ ਰੋ ਲਈਂ।”
-”ਬੂਹ ਮੈਂ ਮਰਜਾਂ..! ਇਉਂ ਨਾ ਕਹਿ..! ਰੱਬ ਮੇਰੀ ਉਮਰ ਵੀ ਤੈਨੂੰ ਲਾ ਦੇਵੇ।” ਹੰਝੂ ਪੂੰਝ ਕੇ ਨਛੱਤਰੋ ਨੇ ਕਿਹਾ। ਉਹ ਉਸ ਨਾਲ ਸਰਾਲ਼ ਵਾਂਗ ਲਿਪਟ ਗਈ ਸੀ।
ਦਿਨ ਚੜ੍ਹਿਆ। ਸੁੱਚਾ ਸਾਝਰੇ ਹੀ ਨੰਬਰਦਾਰ ਦੇ ਘਰੇ ਜਾ ਵੜਿਆ।
ਨੰਬਰਦਾਰ ਅਜੇ ਬਿਸਤਰੇ ਵਿਚ ਬੈਠਾ ਚਾਹ ਪੀ ਰਿਹਾ ਸੀ।​
-”ਆ ਬਈ ਸੁੱਚਿਆ?”
-”ਆਏ ਮਾਸੀ ਦਿਆ ਪੁੱਤਾ!”
-”ਕਿਮੇਂ ਸਾਝਰੇ ਈ ਦਰਸ਼ਣ ਦਿੱਤੇ?”
-”ਬੱਸ ਆਉਣਾ ਕਰਨਾ ਕਾਹਦੈ ਮਾਸੀ ਦਿਆ ਪੁੱਤਾ? ਬੱਸ ਹੁਣ ਤਾਂ ਸਿਰ ਧੜ ਦੀ ਬਾਜੀ ਲੱਗ ਗਈ-ਹੁਣ ਤਾਂ ਕੋਈ ਵੜੇਵੇਂ ਖਾਣੀ ਈ ਨਿੱਤਰੂਗੀ-।” ਸੁੱਚਾ ਬਹੁਤ ਜੋਸ਼ ‘ਚ ਸਿਰ ਮਾਰ ਰਿਹਾ ਸੀ। ਉਸ ਦਾ ਵੱਡਾ ਸਾਰਾ ਹੱਥ, ਹਥੌੜੇ ਵਾਂਗ “ਧੱਪ-ਧੱਪ” ਹਿੱਕ ਵਿਚ ਵੱਜ ਰਿਹਾ ਸੀ।
-”ਕਿਉਂ ਕੀ ਹੋ ਗਿਆ-ਬੜਾ ਭੂਛਰਿਆ ਫਿਰਦੈਂ?”
-”ਯਾਰ ਆਪਣੇ ਮਲਕੀਤ ਸਿਉਂ ਦੇ ਸਹੁਰੀਂ ਜਾ ਕੇ ਕੋਈ ਭਾਨੀ ਮਾਰ ਆਇਆ-ਅਖੇ ਮੁੰਡੇ ਨੂੰ ਤਾਂ ਕਿੱਲੇ ਈ ਸਾਰੇ ਤਿੰਨ ਆਉਂਦੇ ਐ-ਭਾਨੀਆਂ ਆਲੇ ਵੀ ਮੇਰੇ ਸਹੁਰੇ ਹੱਦ ਕਰ ਦਿੰਦੇ ਐ।”
-”ਤੇ ਆਖੇ ਵੇ ਕਿੰਨੇ ਸੀ?”
-”ਦਸ ਕਿੱਲੇ!”
-”ਫੇਰ ਹੁਣ?”
-”ਫੇਰ ਹੁਣ ਕੀ..? ਜਿੱਧਰ ਗਿਆ ਬਾਣੀਆਂ ਤੇ ਉਧਰ ਗਿਆ ਬਜਾਰ..! ਮੈਂ ਕਿਹਾ ਮੈਂ ਲੁਆਉਨੈਂ ਆਬਦੇ ਆਲੇ ਸੱਤ ਕਿੱਲੇ ਮਲਕੀਤ ਸਿਉਂ ਦੇ ਨਾਂ।” ਸੁੱਚਾ ਪਾਗਲਾਂ ਵਾਂਗ ਬਾਂਹਾਂ ਮਾਰ ਰਿਹਾ ਸੀ। ਗੁੱਸੇ ਨਾਲ ਭੂਤਰਿਆ, ਮੱਝ ਵਾਂਗ ਰੰਭ ਰਿਹਾ ਸੀ।​
ਨੰਬਰਦਾਰ ਹੱਸ ਪਿਆ।​
-”ਤੂੰ ਨਾ ਪੰਗਾ ਲੈ! ਕੀ ਲੈਣੈਂ ਤੂੰ ਸਾਕਾਂ ਸਰਬੰਧੀਆਂ ਤੋਂ? ਨਾ ਠੂਠੇ ਡਾਂਗ ਮਾਰ ਆਬਦੇ!” ਨੰਬਰਦਾਰ ਨੇ ਸਮਝਾਇਆ।
-”ਨਹੀਂ ਮਾਸੀ ਦਿਆ ਪੁੱਤਾ! ਮੈਨੂੰ ਮਾੜੀ ਮੱਤ ਨਾ ਦੇਹ! ਮੈਂ ਕਿਸੇ ਨੂੰ ਬਚਨ ਦਿੱਤੈ!” ਉਹ ਬਚਨ ‘ਤੇ ਮਰਨ ਲਈ ਤਿਆਰ ਸੀ।
-”ਦੇਖ ਲੈ ਤੇਰੀ ਮਰਜੀ ਐ-ਉਹ ਨਾ ਹੋਵੇ ਬਈ ਹੱਥ ਵਢਾ ਬੈਠੇਂ?”
-”ਮੈਂ ਕਿਹੈ ਦੇਖਣਾ ਕੁਛ ਨ੍ਹੀ-ਇਕ ਆਰੀ ਪੁਗਾ ਕੇ ਦਿਖਾਉਣੀਂ ਐਂ-ਅਸੀਂ ਜਿੱਥੇ ਪੈਰ ਧਰੀਏ ਪੈੜ ਕਰ ਦੇਈਏ-ਤੇ ਇਹੇ ਭਾਨੀਆਂ ਆਲੇ ਸਾਨੂੰ ਸਮਝਦੇ ਕੀ ਐ? ਸਾਡਾ ਕੋਈ ਮੂਤ ਨ੍ਹੀ ਉਲੰਘਦਾ!”
-”………।” ਨੰਬਰਦਾਰ ਚੁੱਪ ਸੀ।
-”ਮਾਸੀ ਦਿਆ ਪੁੱਤਾ! ਆਪਣੇ ਮੂੰਹੋਂ ਕੱਢੀ ਗੱਲ ਲੋਹੇ ‘ਤੇ ਲਖੀਰ ਐ।” ਸੱਚਮੁੱਚ ਹੀ ਸੁੱਚੇ ਨੇ ਗਰਨ੍ਹੇ ਦੀ ਤੀਲ੍ਹ ਨਾਲ ਲਕੀਰ ਮਾਰ ਦਿੱਤੀ।
-”ਮਿੱਤਰਾ ਤੇਰੀ ਚੀਜ ਐ-ਕੁਛ ਕਰ!” ਨੰਬਰਦਾਰ ਨੇ ਹਥਿਆਰ ਸੁੱਟ ਦਿੱਤੇ ਸਨ।​
ਅਗਲੇ ਦਿਨ ਹੀ ਸੱਤ ਦੇ ਸੱਤ ਕਿੱਲੇ ਸੁੱਚੇ ਨੇ ਨਛੱਤਰੋ ਦੇ ਮੁੰਡੇ ਮਲਕੀਤ ਸਿੰਘ ਦੇ ਨਾਂ ਕਰਵਾ ਦਿੱਤੇ। ਸ਼ਾਮ ਨੂੰ ਸਾਰੇ ਸ਼ਰਾਬ ਨਾਲ ਰੱਜ ਕੇ ਘਰੇ ਆਏ। ਤਿੰਨ ਕੁੱਕੜ ਵੱਢੇ ਗਏ। ਸਾਰਿਆਂ ਨੇ ਚਸਕੇ ਲਾ-ਲਾ ਕੇ ਖਾਧੇ ਸਨ। ਸੁੱਚਾ ਮਸਤੀ ਊਠ ਵਾਂਗ ਬੁੱਕ ਰਿਹਾ ਸੀ, “ਉਏ ਮੈਂ ਭਾਨੀ ਮਾਰਨ ਆਲੇ ਨੂੰ ਕੱਚਾ ਚੱਬਜਾਂ..! ਸੁਆਦ ਤਾਂ-ਤਾਂ ਐਂ ਜੇ ਕੋਈ ਸਾਲਾ ਮੂਹਰੇ ਆਵੇ..!” ਉਸ ਨੇ ਦਮ ਲੈ ਕੇ ਬੱਕਰਾ ਬੁਲਾਇਆ।​
ਸਵੇਰ ਦੇ ਨੌਂ ਵੱਜ ਗਏ ਸਨ। ਸੁੱਚਾ ਅਜੇ ਮੰਜੇ ਵਿਚ ਹੀ ਪਿਆ ਸੀ। ਰਾਤ ਕੁਝ ਜ਼ਿਆਦਾ ਹੀ ਪੀ ਲਈ ਸੀ। ਜਿਸ ਕਰਕੇ ਅੱਜ ਉਠਿਆ ਨਹੀਂ ਗਿਆ ਸੀ। ਸਿਰ ਫ਼ਟ ਰਿਹਾ ਸੀ। ਮੂੰਹ ਸੁੱਕ ਰਿਹਾ ਸੀ। ਦਿਲ ਘਿਰ ਰਿਹਾ ਸੀ। ਉਹ ਹੋਰ ਵੀ ਹੈਰਾਨ ਸੀ ਕਿ ਰਾਤ ਨਛੱਤਰੋ ਨਹੀਂ ਆਈ ਸੀ! ਅਤੇ ਨਾ ਹੀ ਅੱਜ ਕੋਈ ਚਾਹ ਲੈ ਕੇ ਆਇਆ ਸੀ! ਉਸ ਦੀ ਬੱਕਰੀ ਵੀ ਪੱਸਮੀ ਖੜ੍ਹੀ ਸੀ। ਚੋਣ ਲਈ ਮਿਆਂਕ ਰਹੀ ਸੀ। ਭੁੱਖਾ ਮੇਮਣਾਂ ਡੰਡ ਬੈਠਕਾਂ ਕੱਢ ਰਿਹਾ ਸੀ।​
ਉਹ ਉਠਿਆ। ਮੂੰਹ ਹੱਥ ਧੋ ਕੇ ਨਛੱਤਰੋ ਦੇ ਘਰੇ ਚਲਾ ਗਿਆ।
ਨਛੱਤਰੋ ਮਜ੍ਹਬਣ ਨੂੰ ਗੋਹੇ ਦੇ ਟੋਕਰੇ ਭਰ-ਭਰ ਚੁਕਵਾ ਰਹੀ ਸੀ।
-”ਅੱਜ ਮੇਰੀ ਚਾਹ ਨ੍ਹੀ ਭੇਜੀ? ਨਾਲੇ ਬੱਕਰੀ ਵੀ ਚੋਣ ਆਲੀ ਖੜ੍ਹੀ ਐ..!” ਸੁੱਚੇ ਨੇ ਨਛੱਤਰੋ ਨੂੰ ਬੜੇ ਮਾਣ ਜਿਹੇ ਨਾਲ ਕਿਹਾ। ਮੇਰ ਜਿਹੀ ਕੀਤੀ।
-”ਚਾਹ ਨੂੰ ਅਸੀਂ ਤੇਰੇ ਨੌਕਰ ਨ੍ਹੀ ਲੱਗੇ ਵੇ…!” ਨਛੱਤਰੋ ਬਘਿਆੜੀ ਵਾਂਗ ਪਈ।
-”………!” ਸੁੱਚਾ ਅਥਾਹ ਹੈਰਾਨ ਹੋ ਗਿਆ। ਉਹ ਖੜ੍ਹਾ ਕੋਚਰ ਵਾਂਗ ਝਾਕ ਰਿਹਾ ਸੀ।
-”ਸਾਥੋਂ ਨ੍ਹੀ ਤੇਰਾ ਝੜ੍ਹੰਮਪੁਣਾਂ ਹੁੰਦਾ..! ਆਬਦੀ ਟਿੰਡ ਫੌਹੜੀ ਚੱਕ ਤੇ ਦਫ਼ਾ ਹੋਜਾ ਏਥੋਂ..! ਮੇਰੇ ਪਿਉ ਦਾ ਸਾਲ਼ਾ….!” ਨਛੱਤਰੋ ਨੇ ਉਸ ਦਾ ਗਿਲਾਸ ਅਤੇ ਪਿੱਤਲ ਦੀ ਬਾਟੀ ਚਲਾ ਕੇ ਵਿਹੜੇ ਵਿਚ ਮਾਰੀ।​
-”………।” ਸੁੱਚੇ ਦੇ ਪੈਰਾਂ ਹੇਠੋਂ ਜ਼ਮੀਨ ਤਿਲ੍ਹਕੀ। ਅੱਖਾਂ ਮੂਹਰੇ ਧਰਤੀ ਘੁਕਣ ਲੱਗ ਪਈ। ਕਿੰਨ੍ਹਾਂ ਹੀ ਚਿਰ ਉਸ ਨੂੰ ਯਕੀਨ ਹੀ ਨਾ ਆਇਆ ਕਿ ਇਹ ਨਛੱਤਰੋ ਹੀ ਬੋਲ ਰਹੀ ਸੀ..?
-”ਚੌਰਿਆ..! ਜੇ ਅੱਗੇ ਤੋਂ ਸਾਡੇ ਘਰੇ ਵੜਿਐਂ ਤਾਂ ਲੱਤਾਂ ਵੱਢ ਕੇ ਸਫ਼ੈਦੇ ਦੀ ਟੀਸੀ ‘ਤੇ ਟੰਗ ਦਿਆਂਗੇ!” ਤਾਇਆ ਜੀ ਕਹਿਣ ਵਾਲਾ ਮੁੰਡਾ ਉਸ ਨੂੰ “ਚੌਰਾ” ਦੱਸ ਰਿਹਾ ਸੀ। ਉਸ ਦੀਆਂ ਚੌੜੀਆਂ ਨਾਸਾਂ ਸਾਰੇ ਮੂੰਹ ‘ਤੇ ਖਿੰਡ ਗਈਆਂ ਸਨ।
-”………।” ਭਮੱਤਰਿਆ ਸੁੱਚਾ ਵਾੜ ਵਿਚ ਫ਼ਸੇ ਬਿੱਲੇ ਵਾਂਗ ਝਾਕ ਰਿਹਾ ਸੀ। ਉਸ ਦੇ ਹੋਸ਼ ਕਾਇਮ ਨਹੀਂ ਸਨ। ਉਹ ਖੜ੍ਹਾ ਤੇਈਏ ਤਾਪ ਦੇ ਮਰੀਜ਼ ਵਾਂਗ ਕੰਬ ਰਿਹਾ ਸੀ। ਫਿਰ ਮਲਕੀਤ ਅਤੇ ਨਛੱਤਰੋ ਨੇ ਸੁੱਚੇ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਉਹ ਕੁਝ ਆਖਣ ਲੱਗਿਆ ਤਾਂ ਉਹਨਾਂ ਨੇ ਉਸ ਨੂੰ ‘ਟੋਚਨ’ ਜਿਹਾ ਪਾ ਕੇ ਗਲੀ ਵਿਚ ਘੜੀਸਿਆ। ਪਰ ਲੋਕਾਂ ਨੇ ਛੁਡਾ ਦਿੱਤਾ।​
-”ਬੱਸ..! ਪੈਲੀ ਦਾ ਗੌਂਅ ਸੀ, ਨਾਂ ਲੁਆ ਲਈ..! ਹੁਣ ਇਹਨਾਂ ਦਾ ਕੀ ਮੈਂ ਸਾਲਾ ਲੱਗਦੈਂ….?” ਡਰੀ ਗਊ ਵਾਂਗ ਗਲੀ ਵਿਚ ਭੱਜਿਆ ਜਾਂਦਾ, ਉਹ ਦੁਹਾਈ ਦਿੰਦਾ ਜਾ ਰਿਹਾ ਸੀ।​
 
U

Unregistered

Guest
ਬਹੁਤ ਹੀ ਵਧੀਆ ਕਹਾਣੀ,ਪੰਜਾਬ ਦੇ ਪਿੰਡਾਂ ਵਿੱਚ ਇਹ ਆਮ ਹੀ ਹੁੰਦਾ ਸੀ।
 
U

Unregistered

Guest
ਲੇਖਕ ਦਾ ਨਾਮ ਵੀ ਪਾ ਦਿਆ ਕਰੋ ਜੀ!
 
Top