ਬਿੱਲੀਆਂ ਅੱਖਾਂ ਦਾ ਜਾਦੂ

‘ਰਾਮ ਨਾਮ … ਸੱਤ ਹੈ! … ਰਾਮ ਨਾਮ … ਸੱਤ ਹੈ!’’ ਅਰਥੀ ਚੁੱਕੀ ਭੀੜ ਨਜ਼ਦੀਕ ਆ ਗਈ।
ਮੈਂ ਬਿੰਦੀ ਵੱਲ ਚੋਰ ਅੱਖ ਨਾਲ ਝਾਕਿਆ। ਉਹਦੀ ਨਜ਼ਰ ਮੇਰੇ ਨਾਲ ਮਿਲੀ। ਅਸੀਂ ਅਰਥੀ ਚੁੱਕੀ ਜਾਂਦੀ ਭੀੜ ਦੇ ਮਗਰ-ਮਗਰ ਤੁਰ ਪਏ। ਮਰਨ ਵਾਲਾ ਪਤਾ ਨਹੀਂ ਕੌਣ ਸੀ।
ਇਕ ਬੰਦਾ ਪਾਣੀ ਵਾਲਾ ਘੜਾ, ਦੂਜਾ ਬੰਦਾ ਸਮਾਨ ਵਾਲੀ ਥਾਲੀ, ਚਾਰ ਬੰਦਿਆਂ ਦੀ ਚੌਂਕੜੀ ਮੋਢਿਆਂ ਉੱਪਰ ਅਰਥੀ ਚੁੱਕੀ ਜਾ ਰਹੀ ਸੀ। ਉਨ੍ਹਾਂ ਪਿੱਛੇ ‘ਰਾਮ ਨਾਮ ਸੱਤ’ ਕਰਦਾ ਪੰਡਿਤ ਤੁਰਿਆ ਜਾ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਖਿੱਲਾਂ-ਪੈਸਿਆਂ ਦੀ ਮੁੱਠੀ ਅਰਥੀ ਉੱਪਰ ਦੀ ਵਗਾਹ ਮਾਰਦਾ। ਪੈਸੇ-ਖਿੱਲਾਂ ਧਰਤੀ ਉੱਪਰ ਜਾ ਡਿੱਗਦੀਆਂ। ਉਨ੍ਹਾਂ ਨੂੰ ਪੈਰਾਂ ਥੱਲੇ ਮਿੱਧਦੀ ਭੀੜ ਅਗਾਂਹ ਲੰਘ ਜਾਂਦੀ। ਜਦੋਂ ਆਖਰੀ ਬੰਦਾ ਵੀ ਅਗਾਂਹ ਲੰਘ ਜਾਂਦਾ। ਅਸੀਂ ਧਰਤੀ ਉੱਪਰ ਡਿੱਗੀਆਂ ਖਿੱਲਾਂ-ਪੈਸਿਆਂ ਉੱਪਰ ਝਪਟ ਪੈਂਦੇ। ਖਿੱਲਾਂ ਖਾ ਲੈਂਦੇ, ਪੈਸੇ ਜੇਬ ਵਿਚ ਪਾ ਲੈਂਦੇ। ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ। ਪਰ ਭੀੜ ਵਿਚ ਤੁਰਿਆ ਜਾਂਦਾ ਨਾਥ ਬਾਹਮਣ ਬਿੰਦ ਕੁ ਪਿੱਛੋਂ ਪਿੱਛੇ ਨੂੰ ਮੁੜਕੇ ਵੇਖ ਲੈਂਦਾ। ਉਹਦੀ ਅੱਖ ਵਿਚ ਘੂਰ ਹੁੰਦੀ। ਅਸੀਂ ਰੁਕ ਜਾਂਦੇ। ਜਦੋਂ ਉਹ ਵੇਖਣੋ ਹਟ ਜਾਂਦਾ। ਅਸੀਂ ਭੱਜ ਕੇ ਫਿਰ ਖਿੱਲਾਂ-ਪੈਸੇ ਚੁਗਣ ਲੱਗ ਪੈਂਦੇ।
ਜਿਸ ਵਕਤ ਅਰਥੀ ਮੜ੍ਹੀਆਂ ਵਿਚ ਵੜਨ ਲੱਗੀ, ਪਿਛਾਂਹ ਨੂੰ ਮੁੜ ਨਾਥ ਨੇ ਪੈਰ ਦੀ ਜੁੱਤੀ ਲਾਹ ਲਈ, ‘‘ਖੜ੍ਹਜੋ ਤੁਸੀਂ … ਕੁੱਤੇ ਨਾ ਹੋਣ ਕਿਸੇ ਥਾਉਂ ਦੇ …।’’
‘‘ਬਊਂ … ਬਊਂ … ਬਊਂ …।’’ ਉਸ ਨੂੰ ਕੁੱਤਿਆਂ ਵਰਗੀ ਅਵਾਜ਼ ਕੱਢ ਅਸੀਂ ਪੁਲ਼ਾਂ ਵੱਲ ਨੂੰ ਭੱਜ ਲਏ।
**
ਪੁਲ਼ਾਂ ਕੋਲ ਠੇਕਾ ਸੀ। ਨਾਲ ਹੀ ਸ਼ਰਾਬ ਪੀਣ ਵਾਲੀ ਦੁਕਾਨ। ਉਸ ਵਿਚ ਬੈਠੇ ਕਈ ਬੰਦੇ ਸ਼ਰਾਬ ਪੀ ਰਹੇ ਸਨ। ਅਸੀਂ ਉਨ੍ਹਾਂ ਵੱਲ ਵੇਖਣ ਲੱਗ ਪਏ।
‘‘ਕਿਉਂ ਲਾਉਣੈ ਪੈੱਗ …?’’ ਇਕ ਬੰਦਾ ਮੈਨੂੰ ਕਹਿੰਦਾ। ਮੇਰੇ ਕੋਲ ਖੜ੍ਹੇ ਬਿੰਦੀ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਉਹ ਬੰਦਾ ਨਾਲ ਦਿਆਂ ਨੂੰ ਦੱਸਣ ਲੱਗ ਪਿਆ, ‘‘ਮੈਂ ਤਾਂ ਬਹੁਤ ਔਖਾਂ ਯਾਰ! … ਸਾਲਾ ਮਰਨ ਨੂੰ ਜੀਅ ਕਰਦੈ ਹੁਣ ਤਾਂ …’’
‘‘ਔਖਾ ਤਾਂ ਅੱਜ-ਕੱਲ ਹਰੇਕ ਜ਼ਿਮੀਦਾਰ ਐ ਬੂਟਿਆ! … ਐਮੀਂ ਨੀ ਤਮਾਸ਼ਾ ਕਰੀਦਾ …।’’ ਦੂਜਾ ਬੰਦਾ ਸਾਡੀ ਪੋਟਲੀ ਵੱਲ ਝਾਕਿਆ। ਖਿੱਲਾਂ ਖਾਂਦਾ ਹੋਇਆ ਬਿੰਦੀ ਉਨ੍ਹਾਂ ਵੱਲ ਵੇਖਣ ਲੱਗ ਪਿਆ, ‘‘ਕੀ ਕਿਹੈ … ਤਮਾਸ਼ਾ? … ਗੱਲ ਕਰੋ … ਦਿਖਾਈਏ ਹੁਣੇ ਈ …?’’
‘‘ਅੱਛਿਆ! … ਲਿਆਓ ਤੁਸੀਂ ਵੀ ਦਿਖਾ ਲੋ … ਆ ਜਾ ਬੂਟਿਆ! … ਦੇਖੀਏ ਕੀ ਸੱਪ ਕੱਢਦੇ ਨੇ …।’’ ਦੁਕਾਨ ਵਿੱਚੋਂ ਨਿੱਕਲ ਸ਼ਰਾਬੀਆਂ ਦਾ ਜੁੱਟ ਬੈਂਚ ਉੱਪਰ ਆ ਬੈਠਿਆ।
**
ਮੈਂ ਪੋਟਲੀ ਫਰੋਲਣ ਲੱਗ ਪਿਆ।
ਜਾਦੂ ਦਿਖਾਉਣ ਲਈ ਇਕ ਰੁਪਈਏ ਦੀ ਲੋੜ ਸੀ। ਬਿੰਦੀ ਉਨ੍ਹਾਂ ਤੋਂ ਸਿੱਕਾ ਮੰਗਣ ਲੱਗ ਪਿਆ।
ਬਿੰਦੀ ਤੋਂ ਸਿੱਕਾ ਫੜ ਮੈਂ ਡਮਰੂ ਚੁੱਕ ਲਿਆ,‘‘ਲੈ ਬਈ ਜਮੂਰੇ, … ਆਹ ਸਿੱਕਾ ਫੜਕੇ ਔਹ ਸਾਹਮਣੇ ਬੈਠ ਜਾਹ …।’’
ਉਹ ਥੋੜ੍ਹੀ ਦੂਰ ਜਾ ਮੇਰੇ ਸਾਹਮਣੇ ਬੈਠ ਗਿਆ। ਸ਼ਰਾਬੀ ਅੱਖਾਂ ਤਮਾਸ਼ਾ ਵੇਖਣ ਲੱਗ ਪਈਆਂ।
‘‘ਲਿਆ ਬਈ ਜਮੂਰੇ! … ਲਿਆ ਰੁਪਈਆ ਮੈਨੂੰ ਫੜਾ …।’’ ਮੈਂ ਉੱਚੀ ਸਾਰੀ ਡਮਰੂ ਵਜਾ ਇਕਦਮ ਹੱਥ ਰੋਕ ਲਿਆ। ਲੱਕ ਨੂੰ ਕੱਪੜਾ ਬੰਨ੍ਹੀਂ ਬਿੰਦੀ ਮੇਰੇ ਕੋਲ ਆ ਗਿਆ।
ਮੈਂ ਉਸ ਤੋਂ ਸਿੱਕਾ ਫੜਿਆ। ਬੰਦਿਆਂ ਨੂੰ ਦਿਖਾਇਆ। ਮੁੜ ਉਹਦੇ ਹੱਥ ਉੱਪਰ ਰੱਖ ਮੁੱਠੀ ਬੰਦ ਕਰ ਦਿੱਤੀ। ਉਹ ਸਿੱਧਾ ਹੋ ਕੇ ਖੜ੍ਹ ਗਿਆ। ਮੈਂ ਅੱਖਾਂ ਬੰਦ ਕੀਤੀਆਂ। ਕਾਲੀ ਦੇਵੀ ਨੂੰ ਯਾਦ ਕੀਤਾ। ਡੰਡੇ ਨਾਲ ਝੁਰਲੂ-ਢੀਚਕ ਕੀਤਾ। ਤੇ ਫਿਰ ਬੰਦ ਮੁੱਠੀ ਉੱਪਰ ਫੂਕ ਮਾਰ ਦਿੱਤੀ, ‘‘ ਲੈ ਬਈ ਜਮੂਰੇ, … ਹੁਣ ਮੁੱਠੀ ਖੋਲ੍ਹ ਦੇ …।’’
ਜਿਉਂ ਹੀ ਬਿੰਦੀ ਨੇ ਮੁੱਠੀ ਖੋਲ੍ਹੀ। ਸਿੱਕਾ ਗਾਇਬ। ਮੁੱਠੀ ਵਿੱਚੋਂ ਮਿੱਟੀ ਕਿਰ ਰਹੀ ਸੀ।
‘‘ਵਾਹ! … ਕਮਾਲ ਕਰਤੀ ਬੂਟਿਆ! … ਅਖੇ ਰੁਪਈਆ ਗਾਇਬ …।’’ ਸ਼ਰਾਬੀਆਂ ਦਾ ਜੁੱਟ ਖਾਲੀ ਜੇਬ੍ਹਾਂ ਫਰੋਲਣ ਲੱਗ ਪਿਆ
ਬਿੰਦੀ ਉਨ੍ਹਾਂ ਤੋਂ ਪੈਸੇ ਮੰਗਣ ਲੱਗ ਪਿਆ। ਮੈਂ ਉੱਚੀ-ਉੱਚੀ ਡਮਰੂ ਵਜਾਉਣ ਲੱਗ ਪਿਆ।
‘‘ਨਾ ਰੁਪਈਆ ਗਾਇਬ ਕਿੱਥੇ ਹੋ ਗਿਆ? … ਤੇਰੀ ਮਾਂ ਦੇ ਸਿਰ ’ਚ ਗਾਇਬ ਹੋ ਗਿਆ? … ਨਾ … ਨਾ ਸੱਚ ਬਜ਼ਾਰ ’ਚ ਗਾਇਬ ਹੋ ਗਿਆ …।’’ ਅਵਾਜ਼ਾਂ ਆਪਸ ਵਿਚ ਉਲਝਣ ਲੱਗ ਪਈਆਂ।
ਅਠਿਆਨੀ। ਰੁਪਈਆ। ਦੋ ਦਾ ਸਿੱਕਾ। ਧਰਤੀ ਉੱਪਰ ਭਾਨ ਡਿੱਗਣ ਲੱਗ ਪਈ।
ਜਿਸ ਵਕਤ ਅਸੀਂ ਪੈਸੇ ਚੁਗ ਰਹੇ ਸੀ। ਇਕ ਮੋਟਰ ਸਾਇਕਲ ਆ ਕੇ ਰੁਕਿਆ। ਉਸ ਤੋਂ ਇਕ ਮੁੰਡਾ ਹੇਠਾਂ ਉੱਤਰਿਆ। ਸ਼ਰਾਬੀਆਂ ਕੋਲ ਜਾ ਖੜ੍ਹਿਆ। ਕਹਿੰਦਾ, ‘‘ਘਰ ਨੂੰ ਚੱਲ ਬਾਪੂ! … ਮਾਂ ਦਵਾਈ ਪੀ ਕੇ ਮਰਗੀ …।’’
‘‘ਉਹ ਕਿਉਂ ਮਰਗੀ ਚੰਦਰੀ! … ਮਰਨਾ ਤਾਂ ਮੈਂ ਸੀ …।’’ ਇਕ ਸ਼ਰਾਬੀ ਰੋਣ ਲੱਗ ਪਿਆ
ਬਿੰਦੀ ਵੀ ਰੋਣ ਲੱਗ ਪਿਆ, ‘‘ਜਾਦੂ! … ਆਪਾਂ ਇਨ੍ਹਾਂ ਦੇ ਪੈਸੇ ਮੋੜ ਨਾ ਦੇਈਏ?’’
‘‘ਨਹੀਂ …।’’ ਬੁੱਲ੍ਹਾਂ ਉੱਪਰ ਜੀਭ ਫੇਰ ਮੈਂ ਪੋਟਲੀ ਚੁੱਕ ਲਈ।
ਅਸੀਂ ਚਾਹ ਦੀ ਦੁਕਾਨ ਵੱਲ ਨੂੰ ਤੁਰ ਪਏ!
**
ਚਾਹ ਦੀ ਦੁਕਾਨ ਦੇ ਸਾਹਮਣੇ ਇਕ ਵੱਡੀ ਦੁਕਾਨ ਖੁੱਲ੍ਹ ਗਈ ਸੀ। ਉਸ ਵਿਚ ਚਾਹ, ਮਠਿਆਈ ਤੇ ਹੋਰ ਕਿੰਨਾ ਕੁਝ ਮਿਲਦਾ ਸੀ। ਜਿਸ ਦਿਨ ਦੀ ਉਹ ਦੁਕਾਨ ਖੁੱਲ੍ਹੀ, ਮੱਦੀ ਨੂੰ ਗੁੱਸਾ ਆਉਣ ਲੱਗ ਪਿਆ ਸੀ। ਉਹ ਕਾਟੀ ਨੂੰ ਗਾਲ੍ਹਾਂ ਕੱਢਦਾ ਰਹਿੰਦਾ, ‘‘ਛੇਤੀ ਚਾਹ ਫੜਾਇਆ ਕਰ ਮੂਰਖਾ! … ਤੇਰੇ ਕਰਕੇ ਕੋਈ ਗਾਹਕ ਨੀ ਆਉਂਦਾ …।’’
‘‘ਔਹ ਮੁੰਡਿਆਂ ਨੂੰ ਪੁੱਛ, … ਚਾਹ ਪੀਣੀ ਐ …’’ ਸਾਨੂੰ ਵੇਖ ਉਹ ਓਪਰਾ ਜਿਹਾ ਹੱਸਿਆ। ਕਾਟੀ ਨੂੰ ਆਉਂਦਾ ਵੇਖ ਬਿੰਦੀ ਨੇ ਦੋ ਉਂਗਲਾਂ ਖੜ੍ਹੀਆਂ ਕਰ ਦਿੱਤੀਆਂ। ਉਹ ਮੁੜ ਗਿਆ। ਮੱਦੀ ਫਟਾ-ਫਟ ਚਾਹ ਬਣਾਉਣ ਲੱਗ ਪਿਆ।
ਛਿੱਕੂ ਵਿੱਚ ਗਿਲਾਸ ਰੱਖ ਕਾਟੀ ਸਾਡੇ ਵੱਲ ਨੂੰ ਤੁਰ ਪਿਆ। ਮੱਦੀ ਵੱਡੀ ਦੁਕਾਨ ਵੱਲ ਨੂੰ ਵੇਖਣ ਲੱਗ ਪਿਆ।
‘‘ਮਾਂ ਦਾ ਦੀਨਾ ਸਾਲਾ …’’ ਸਾਨੂੰ ਚਾਹ ਫੜਾ ਕਾਟੀ ਨੇ ਮਾਲਕ ਨੂੰ ਗਾਲ਼੍ਹ ਕੱਢੀ।
ਮੈਂ ਉਹਦੀ ਵੱਢੀ ਹੋਈ ਬਾਂਹ ਵੱਲ ਵੇਖਣ ਲੱਗ ਪਿਆ।
‘‘ਤੇਰੀ ਆਹ ਬਾਂਹ ਕਿਮੇ ਵੱਢੀ ਗਈ ਸੀ?’’ ਚਾਹ ਦੀ ਘੁੱਟ ਭਰ ਮੈਂ ਕਾਟੀ ਨੂੰ ਪੁੱਛਿਆ।
ਮੇਰੀ ਗੱਲ ਸੁਣ ਉਹ ਝੱਗੇ ਨਾਲ ਨੱਕ ਸਾਫ ਕਰਨ ਲੱਗ ਪਿਆ, ‘‘ਅੱਗੇ ਕਿੰਨੀ ਵਾਰ ਤਾਂ ਦੱਸਿਆ।’’
‘‘ਇਕ ਵਾਰੀ ਹੋਰ ਦੱਸਦੇ! … ਤੇਰਾ ਕਿਹੜਾ ਪਟਰੌਲ ਫੂਕ ਹੁੰਦਾ …।’’ ਬਿੰਦੀ ਨੇ ਚਾਹ ਦਾ ਸੜ੍ਹਾਕਾ ਮਾਰਿਆ।
‘‘ਸਾਲਿਆਂ ’ਤੇ ਮੱਚਦੀ ਮੱਚਦੀ ਚਾਹ ਪਾ ਦੂੰ ਇਕ ਦਿਨ …।’’ ਮੱਦੀ ਨੇ ਵੱਡੀ ਦੁਕਾਨ ਵਿਚਲੇ ਗਾਹਕਾਂ ਨੂੰ ਗਾਲ਼੍ਹ ਕੱਢੀ। ਮੈਂ ਕਾਟੀ ਦਾ ਝੱਗਾ ਖਿੱਚ ਦਿੱਤਾ, ‘‘ਦੱਸ ਦੇ ਆੜੀ! … ਐਂ ਕਿਉਂ ਕਰਦੈਂ ਯਾਰ …!’’
‘‘ਉਹ ਤਾਂ ਯਾਰ ਐਂ ਸੀ ਗੱਲ … ਮੇਰਾ ਬਾਪੂ ਆਟਾ ਚੱਕੀ ’ਤੇ ਲੱਗਿਆ ਹੋਇਆ ਸੀ। … ਇਕ ਦਿਨ ਬੋਰੀ ਚੁੱਕਣ ਵਕਤ ਉਹ ਪੰਜਾਹ ਕਿਲੋ ਦੇ ਵੱਟੇ ’ਤੇ ਡਿੱਗ ਪਿਆ। … ਖਾਸੀ ਸੱਟ ਲੱਗੀ। … ਫੇਰ …’’ ਰੋਣ ਵਰਗਾ ਮੂੰਹ ਬਣਾ ਕੇ ਕਾਟੀ ਮੱਦੀ ਵੱਲ ਵੇਖਣ ਲੱਗ ਪਿਆ।
ਉਹ ਕਾਟੀ ਨੂੰ ਕੁੱਟਦਾ ਹੁੰਦਾ ਸੀ, ‘‘ਜੇ ਹੁਣ ਕਿਸੇ ਨੂੰ ਉਹ ਰਾਮ ਕਹਾਣੀ ਸੁਣਾਈ ਐ … ਸਾਲੇ ਨੂੰ ਛਿੱਕੂਆਂ ਨਾਲ ਕੁੱਟ-ਕੁੱਟ ਮਾਰ ਦੂੰ …।’’
‘‘ਫੇਰ ਕੀ ਹੋਇਆ ਕਾਟੀ?’’ ਮੇਰੀ ਗੱਲ ਸੁਣ ਉਹ ਰੁਕਿਆ ਨਹੀਂ, ਚੁੱਪ ਚਾਪ ਮੱਦੀ ਵੱਲ ਨੂੰ ਤੁਰ ਪਿਆ।
ਪਰ ਉਹਦੀ ਵੱਢੀ ਹੋਈ ਬਾਂਹ ਦੱਸ ਰਹੀ ਸੀ, ‘‘ … ਫੇਰ ਮੈਂ ਬਾਪੂ ਦੀ ਥਾਂ ਆਟਾ ਚੱਕੀ ’ਤੇ ਜਾਣ ਲੱਗ ਪਿਆ। … ਇਕ ਦਿਨ ਚੱਕੀ ਚੱਲ ਰਹੀ ਸੀ। … ਬੋਰੀ ਪਾੜਛੇ ਨਾਲ ਲੱਗੀ ਹੋਈ ਸੀ। … ਮੇਰਾ ਪੈਰ ਬੋਰੀ ਵਿਚ ਫਸ ਗਿਆ। … ਮੈਂ ਅੜਕ ਕੇ ਮਸ਼ੀਨ ਦੇ ਪਟੇ ਉੱਪਰ ਜਾ ਡਿੱਗਿਆ। … ਜਦੋਂ ਸੁਰਤ ਆਈ … ਮੇਰੀ ਵੱਢੀ ਹੋਈ ਬਾਂਹ ਪਰ੍ਹਾਂ ਡਿੱਗੀ ਪਈ ਸੀ। … ਉਹ ਖੂਨ ਨਾਲ ਲਿੱਬੜੀ ਤੜਪ ਰਹੀ ਸੀ। … ਮੈਂ ਰੋਣ ਲੱਗ ਪਿਆ। … ਫਿਰ ਪਤਾ ਨਹੀਂ ਮਨ ਵਿਚ ਕੀ ਆਈ। … ਮੈਂ ਵੱਢੀ ਹੋਈ ਬਾਂਹ ਚੁੱਕੀ … ਘਰ ਨੂੰ ਤੁਰ ਪਿਆ। … ਜਦੋਂ ਦੇਹਲੀ ਅੰਦਰ ਪੈਰ ਰੱਖਿਆ … ਸਭ ਦੀ ਚੀਕ ਨਿਕਲ ਗਈ। … ਮੈਂ ਕਿਹਾ … ਬਾਪੂ … ਆਹ ਮੇਰੀ ਬਾਂਹ ਫੜੀਂ …।’’
**
ਕਾਟੀ ਮੇਰੀ ਬਾਂਹ ਹਿਲਾ ਰਿਹਾ ਸੀ। ਉਹ ਚਾਹ ਦੇ ਪੈਸੇ ਮੰਗ ਰਿਹਾ ਸੀ। ਮੈਂ ਉਸ ਦੀਆਂ ਅੱਖਾਂ ਵਿਚ ਝਾਕ ਰਿਹਾ ਸੀ।
‘‘ਇਹਦੀਆਂ ਅੱਖਾਂ ’ਚੋਂ ਕੀ ਆਵਦੀ ਮਾਂ ਨੂੰ ਲੱਭਦੈਂ? … ਸਿੱਧਾ ਹੋ ਕੇ ਪੈਸੇ ਕੱਢ … ਤੇ ਡੰਡੀ ਪੈ ਆਵਦੀ …।’’ ਮੱਦੀ ਦੀ ਘੂਰ ਸੁਣ ਮੈਂ ਪੈਸੇ ਕੱਢਣ ਲੱਗ ਪਿਆ।
ਉਹ ਕਿਸੇ ਗਾਹਕ ਨੂੰ ਪੁੱਠਾ-ਸਿੱਧਾ ਬੋਲਣ ਲੱਗ ਪਿਆ। ਮੈਂ ਅੱਖ ਬਚਾ ਕੇ ਕਾਟੀ ਨੂੰ ਕਿਹਾ, ‘‘ਐਥੇ ਕੁੱਟ ਖਾਈਂ ਜਾਨੈ … ਕਿਤੇ ਕੋਈ ਹੋਰ ਕੰਮ ਕਰ ਲੈ …।’’
‘‘ਨਾ ਮੈਨੂੰ ਕਹਿਨੈ, … ਤੂੰ ਆਪ ਕਰ ਲੈ। … ਸਾਲਾ ਜਾਦੂਗਰ ਜਿਆ …।’’ ਮੈਥੋਂ ਪੈਸੇ ਫੜ ਉਹ ਮੱਦੀ ਵੱਲ ਨੂੰ ਤੁਰ ਪਿਆ।
ਮੈਂ ਉਸ ਨੂੰ ਦੰਦੀਆਂ ਚਿੜ੍ਹਾਉਣ ਲੱਗ ਪਿਆ। ਮੱਦੀ ਨੇ ਵੇਖ ਲਿਆ। ਉਹ ਥੱਪੜ ਦਿਖਾ ਕੇ ਅੱਖਾਂ ਕੱਢਣ ਲੱਗ ਪਿਆ, ‘‘ਜਾਨੇ ਓਂ ਕਿ ਨਹੀਂ? … ਕੁੱਤੇ ਨਾ ਹੋਣ ਕਿਸੇ ਥਾਉਂ ਦੇ …।’’
**
‘‘ਓਏ ਬਿੰਦੀ! … ਲੋਕ ਆਪਾਂ ਨੂੰ ਕੁੱਤੇ ਕਿਉਂ ਕਹਿੰਦੇ ਨੇ …?’’ ਮੈਂ ਬਿੰਦੀ ਨੂੰ ਪੁੱਛਿਆ।
ਅਸੀਂ ਸੜਕ ਕਿਨਾਰੇ ਤੁਰੇ ਜਾ ਰਹੇ ਸੀ। ਇਕ ਕੁੱਤਾ ਮਿੱਟੀ ਵਿਚ ਸਿਰ ਸਿੱਟੀ ਪਿਆ ਸੀ। ਬਿੰਦੀ ਨੇ ਉਹਦੇ ਠੇਡਾ ਮਾਰਿਆ, ‘‘ਆਜਾ, … ਆਹ ਕੁੱਤੇ ਨੂੰ ਪੁੱਛ ਲੈਨੇ ਆਂ …।’’
ਚੀਕਾਂ ਮਾਰਦਾ ਕੁੱਤਾ ਪਰ੍ਹਾਂ ਨੂੰ ਭੱਜ ਲਿਆ। ਮੈਂ ਉਹਦੀ ਵਿੰਗੀ ਪੂੰਛ ਵੱਲ ਵੇਖਣ ਲੱਗ ਪਿਆ,‘‘ਬਿੰਦੀ! … ਉਹ ਸ਼ਰਾਬੀ ਦੇ ਮੁੰਡੇ ਦੀ ਮਾਂ ਦਵਾਈ ਕਿਉਂ ਪੀ ਗਈ?’’
‘‘ਉਹਦਾ ਤਾਂ ਮੈਨੂੰ ਪਤਾ ਨੀ। … ਮੈਨੂੰ ਤਾਂ ਆਪਣੀ ਮਾਂ ਦਾ ਪਤਾ … ਉਹ ਮੇਰੇ ਵਰਗੀ ਸੀ। … ਬਿੱਲੀ …।’’ ਬਿੰਦੀ ਨੇ ਪੋਟਲੀ ਵਿੱਚੋਂ ਪਾਟਿਆ ਹੋਇਆ ਕੰਬਲ ਕੱਢ ਲਿਆ।
ਉਸ ਨੂੰ ਠੰਢ ਲੱਗ ਰਹੀ ਸੀ। ਮੈਂ ਉਸ ਦੀਆਂ ਬਿੱਲੀਆਂ ਅੱਖਾਂ ਵੱਲ ਝਾਕਿਆ। ਕੰਬਲ ਲੈ ਕੇ ਉਹ ਝੱਲ ਵਾਲਾ ਬੌਲੂ ਲੱਗਣ ਲੱਗ ਪਿਆ। ਕਹਿੰਦਾ, ‘‘ਬਾਪੂ ਤੇਰੇ ਵਰਗਾ ਸੀ … ਜਾਦੂਗਰ …।’’
‘‘ਝੱਲ ਆਲਾ ਬੌਲੂ ਔਹ ਬਰੋਟੇ ਥੱਲੇ ਬਹਿੰਦਾ ਹੁੰਦਾ ਸੀ …।’’ ਬਿੰਦੀ ਦਾ ਹੱਥ ਫੜ ਮੈਂ ਚੌਂਕੀ ਵਾਲੇ ਬਰੋਟੇ ਵੱਲ ਨੂੰ ਤੁਰ ਪਿਆ।
ਉਹ ਇਸ ਬਰੋਟੇ ਥੱਲੇ ਬੈਠਾ ਹੁੰਦਾ ਸੀ। ਹੱਥ ਵਿਚ ਬਾਟੀ। ਛੋਟਾ ਜਿਹਾ ਕੱਦ। ਕਾਲਾ ਰੰਗ। ਝਾੜ-ਕਸੁੱਸਰਾ ਵਾਲ। ਗੋਡਿਆਂ ਤੱਕ ਨੀਵਾਂ ਝੱਗਾ। ਗਰਮੀ ਹੁੰਦੀ ਜਾਂ ਠੰਢ। ਨਾ ਉਹ ਜੁੱਤੀ ਪਾਉਂਦਾ ਸੀ ਨਾ ਨੀਕਰ। ਨੰਗਾ ਹੀ ਰਹਿੰਦਾ। ਜੇਕਰ ਕੋਈ ਉਸ ਨੂੰ ਛੇੜਦਾ, ‘‘ਓਏ ਬੌਲੂ! … ਬਰੋਟੇ ਦੀਆਂ ਜੜ੍ਹਾਂ ਦਿਖਾਈਂ …।’’ ਤਾਂ ਉਹ ਆਪਣਾ ਝੱਗਾ ਉਤਾਂਹ ਚੱਕ ਦਿੰਦਾ, ‘‘ਆਹ … ਤੀ …।’’
ਉਹਦਾ ਨੰਗ ਵੇਖ ਲੋਕਾਂ ਨੂੰ ਕੋਈ ਸਵਾਦ ਆਉਂਦਾ ਸੀ। ਬਸ ਅੱਡੇ ਤੋਂ ਚੌਂਦੇ ਵਾਲਾ ਮੋੜ, ਮੋੜ ਤੋਂ ਚੌਂਕੀ ਵਾਲਾ ਬਰੋਟਾ, ਉਹਦਾ ਪੱਕਾ ਰਾਹ ਸੀ। ਸੜਕ ਉੱਪਰ ਤੁਰਿਆ ਜਾਂਦਾ ਉਹ ਆਪ ਹੀ ਬੋਲੀ ਜਾਂਦਾ, ‘‘ਝੱਲ ਨੂੰ ਲੈ ਜੂੰ ਫੜਕੇ …।’’
ਪਰ ਉਹ ਕਿਸੇ ਨੂੰ ਫੜ ਨਾ ਸਕਿਆ। ਆਮ ਤਾਂ ਬਰੋਟੇ ਹੇਠਾਂ ਹੀ ਪੈਂਦਾ ਹੁੰਦਾ ਸੀ, ਪਰ ਇਕ ਰਾਤ ਮਨ ਵਿਚ ਪਤਾ ਨਹੀਂ ਕੀ ਆਈ, ਉਹ ਬਜ਼ਾਰ ਵਿਚ ਜਾ ਪਿਆ। ਠੰਢ ਬਹੁਤ ਸੀ। ਪਹਿਲਾਂ ਤਾਂ ਬੋਰੀ ਵਿਚ ਵੜ ਗਿਆ, ਫਿਰ ਉੱਪਰ ਕੰਬਲ ਲੈ ਲਿਆ। ਪੈਰਾਂ ਕੋਲ ਬਾਟੀ ਰੱਖ ਕੇ ਉਹ ਸੌਂ ਗਿਆ।
ਸਵੇਰੇ ਸਭ ਤੋਂ ਪਹਿਲਾਂ ਉਹਦੀ ਲਾਸ਼ ਅਸੀਂ ਵੇਖੀ। ਉਹ ਰੱਬ ਜੀ ਹਲਵਾਈ ਦੀ ਦੁਕਾਨ ਅੱਗੇ ਮਰਿਆ ਪਿਆ ਸੀ। ਰਾਤ ਨੂੰ ਕੋਈ ਟਰੈਕਟਰ ਟਰਾਲੀ ਉਸ ਉੱਪਰ ਦੀ ਲੰਘ ਗਿਆ। ਉਸ ਦਾ ਸਿਰ ਮਿੱਧਿਆ ਪਿਆ ਸੀ। ਉਹਦੀ ਲਾਸ਼ ਵੱਲ ਵੇਖ ਸਾਡੀਆਂ ਅੱਖਾਂ ਮਿਲੀਆਂ। ਬਿੰਦੀ ਨੇ ਬਾਟੀ ਚੁੱਕ ਲਈ। ਮੈਂ ਲਾਸ਼ ਉੱਪਰੋਂ ਕੰਬਲ ਲਾਹ ਲਿਆ।
ਥਾਂ ਰੋਕਣ ਲਈ ਅਸੀਂ ਚੌਂਕੀ ਵਾਲੇ ਬਰੋਟੇ ਵੱਲ ਨੂੰ ਤੁਰੇ ਜਾ ਰਹੇ ਸੀ।
**
ਬਰੋਟੇ ਹੇਠਾਂ ਬਚਨਾ ਪੀਟਰ ਬੈਠਾ ਸੀ। ਬਿੰਦੀ ਡਰ ਗਿਆ। ਮੈਂ ਵੀ ਵਾਪਸ ਮੁੜ ਪਿਆ।
‘‘ਸਾਲਾ ਲੁੱਚਾ! … ਝੋਟਾ …।’’ ਮਨ ਵਿਚ ਗਾਲ਼੍ਹਾਂ ਕੱਢ ਅਸੀਂ ਅਗਾਂਹ ਲੰਘ ਗਏ।
ਬਚਨਾ ਲੁੱਚੀਆਂ ਗੱਲਾਂ ਕਾਰਨ ਘਰੋਂ ਕੱਢਿਆ ਹੋਇਆ ਸੀ। ਉਹ ਸਾਰਾ ਦਿਨ ਗੁਰਦੁਆਰੇ ਵਾਲੀਆਂ ਚੌਂਕੜੀਆਂ ਉੱਪਰ ਬੈਠਾ ਰਹਿੰਦਾ। ਲੋਕਾਂ ਵੱਲ ਵੇਖੀਂ ਜਾਂਦਾ। ਜਦੋਂ ਰਾਤ ਹੋ ਜਾਂਦੀ। ਉਹ ਗੁਰਦੁਆਰੇ ਰੋਟੀ ਖਾ ਲੈਂਦਾ। ਕਦੇ ਕਿਤੇ ਜਾ ਪੈਂਦਾ। ਕਦੇ ਕਿਤੇ ਸੁੱਤਾ ਪਿਆ ਹੁੰਦਾ। ਉਸ ਕੋਲ ਰਜਾਈ ਸੀ। ਇਕ ਦਿਨ ਸਾਨੂੰ ਕਹਿੰਦਾ, ‘‘ਜੇ ਠੰਢ ਲੱਗਦੀ ਐ … ਮੇਰੇ ਨਾਲ ਰਜਾਈ ’ਚ ਪੈ ਜਿਆ ਕਰੋ …।’’
ਅਸੀਂ ਉਹਦੀ ਗੱਲ ਮੰਨ ਲਈ। ਠੰਢ ਬਹੁਤ ਲੱਗਦੀ ਸੀ। ਰਜਾਈ ਵਿਚ ਪੈ ਸਾਨੂੰ ਨਿੱਘ ਆ ਗਿਆ। ਕਈ ਰਾਤਾਂ ਤਾਂ ਅਰਾਮ ਨਾਲ ਲੰਘੀਆਂ। ਪਰ ਇਕ ਸਵੇਰ ਬਿੰਦੀ ਕਹਿੰਦਾ, ‘‘ਜਾਦੂ! … ਦੇਖੀਂ ਰਾਤ ਅੱਧੀ ਕੁ ਰਾਤ ਮੈਨੂੰ ਜਾਗ ਆ ਗਈ … ਮੈਂ ਡਰ ਗਿਆ! … ਕਿਸੇ ਨੇ ਮੇਰੀ ਨੀਕਰ ਲਾਹੀ ਪਈ ਸੀ …’’
‘‘ਚੱਲ ਸਾਲਾ ਪਾਗਲ ਜਿਹਾ … ਐਵੀਂ ਮਾਰੀ ਜਾਂਦਾ …।’’ ਮੈਂ ਥੱਪੜ ਨਾਲ ਬਿੰਦੀ ਦਾ ਮੂੰਹ ਸੇਕ ਦਿੱਤਾ। ਉਹ ਰੋਣ ਲੱਗ ਪਿਆ। ਮੈਨੂੰ ਰਜਾਈ ਦਾ ਲਾਲਚ ਸੀ। ਮੈਂ ਉਹਦੀ ਗੱਲ ਵੱਲ ਧਿਆਨ ਨਾ ਦਿੱਤਾ। ਪਰ ਜਦੋਂ ਅੱਧੀ ਕੁ ਰਾਤ ਹੋਈ। ਮੇਰੀ ਅੱਖ ਖੁੱਲ੍ਹ ਗਈ। ਬਚਨਾ ਮੇਰੀ ਨੀਕਰ ਲਾਹ ਰਿਹਾ ਸੀ। ਮੈਂ ਚੀਕ ਮਾਰੀ। ਬਚਨੇ ਨੇ ਮੇਰੇ ਥੱਪੜ ਮਾਰਿਆ। ਮੈਂ ਉਹਦੇ ਲੱਤ ਮਾਰੀ। ਬਿੰਦੀ ਨੇ ਦੰਦੀ ਵੱਢੀ। ਬਚਨਾ ਉਲਝ ਗਿਆ। ਅਸੀਂ ਰਜਾਈ ਪਰ੍ਹਾਂ ਵਗਾਹ ਮਾਰੀ।
‘‘ਬਿੰਦੀ ਭੱਜ ਲੈ ਓਏ …।’’ ਮੈਂ ਪੋਟਲੀ ਚੁੱਕ ਭੱਜਣ ਦੀ ਕੀਤੀ।
ਬਿੰਦੀ ਵੀ ਭੱਜ ਲਿਆ। ਅਸੀਂ ਖਾਸਾ ਚਿਰ ਭੱਜਦੇ ਰਹੇ। ਚੌਂਦੇ ਵਾਲੇ ਮੋੜ ਕੋਲ ਖਿਆਲ ਆਇਆ।
ਮੇਰੀ ਨੀਕਰ ਬਚਨੇ ਦੀ ਰਜਾਈ ਵਿਚ ਹੀ ਰਹਿ ਗਈ ਸੀ।
**
‘‘ਰੁਕ ਜਾਹ ਜਾਦੂ! … ਆਹ ਦੇਖ ਕਿੰਨੀ ਵਧੀਆ ਥਾਂ। … ਐਥੇ ਬਹਿ ਜਾਹ …।’’ ਬਿੰਦੀ ਮੇਰਾ ਝੱਗਾ ਖਿੱਚਣ ਲੱਗ ਪਿਆ।
ਅਸੀਂ ਡਾਕ-ਘਰ ਦੀ ਕੰਧ ਨਾਲ ਢੋਅ ਲਾ ਕੇ ਬੈਠ ਗਏ। ਮੈਂ ਪੈਸਿਆਂ ਵਾਲਾ ਡੱਬੂ ਖੜਕਾਉਣ ਲੱਗ ਪਿਆ, ‘‘ਅੱਕੜ-ਬੱਕੜ ਭੰਬਾ ਭੌ, ਅੱਸੀ ਨੱਬੇ ਪੂਰਾ ਸੌ। … ਸੌ ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ …।’’
‘‘ਕਿੰਨੇ ਪੈਸੇ ਬਚਗੇ?’’ ਡੱਬੂ ਵੱਲ ਵੇਖ ਬਿੰਦੀ ਨੇ ਮੇਰੇ ਲੱਤ ਮਾਰੀ।
ਮੈਂ ਉਹਦੇ ਥੱਪੜ ਮਾਰਿਆ, ‘‘ਸੱਤ ਬਚੇ ਨੇ ਯਾਰ। … ਕਿੰਨੀ ਵਾਰ ਤਾਂ ਗਿਣ ਲੇ …।’’
‘‘ਲਿਆ ਮੈਂ ਗਿਣ ਕੇ ਦੇਖਾਂ …।’’ ਉਹ ਡੱਬੂ ਖੋਹਣ ਲੱਗ ਪਿਆ।
ਮੈਂ ਉਸ ਨੂੰ ਧੱਕਾ ਮਾਰਿਆ। ਉਹਨੇ ਮੇਰਾ ਝੱਗਾ ਫੜ ਲਿਆ। ਮੈਂ ਉਹਦੇ ਵਾਲ ਫੜ ਲਏ। ਜੱਫਾ ਪੈ ਗਿਆ। ਪੈਸਿਆਂ ਵਾਲਾ ਡੱਬੂ ਹੇਠਾਂ ਡਿੱਗ ਪਿਆ। ਅਸੀਂ ਮਿੱਟੀ ਵਿਚ ਲਿਟਣ ਲੱਗੇ। ਲੰਘੇ ਜਾਂਦੇ ਕਈ ਬੰਦੇ ਰੁਕ ਗਏ। ਅਵਾਜ਼ਾਂ ਆਉਣ ਲੱਗੀਆਂ, ‘‘ਓਏ ਛੱਡੋ! … ਹਟੋ … ਹਟੋ। … ਛੱਡੋ ਕੀ ਹੋ ਗਿਆ …’’
‘‘ਸਾਨੂੰ ਤਾਂ ਕੁਸ਼ ਨੀ ਹੋਇਆ। … ਥੋਨੂੰ ਕੀ ਹੋ ਗਿਆ …?’’ ਮੈਨੂੰ ਛੱਡ ਬਿੰਦੀ ਨੇ ਛਾਲ ਮਾਰੀ।
‘‘ਤਮਾਸ਼ਾ ਕਰਦੇ ਨੇ, … ਕੁੱਤੇ ਨਾ ਹੋਣ ਕਿਸੇ ਥਾਉਂ ਦੇ …।’’ ਗਾਲ਼੍ਹਾਂ ਸੁਣ ਮੈਂ ਵੀ ਖੜ੍ਹਾ ਹੋ ਗਿਆ।
ਬੰਦੇ ਪਰ੍ਹਾਂ ਨੂੰ ਤੁਰ ਗਏ। ਅਸੀਂ ਮਿੱਟੀ ਵਿਚ ਮਿੱਧੇ ਗਏ ਪੈਸੇ ਲੱਭਣ ਲੱਗ ਪਏ। ਇਕ ਰੁਪਈਆ ਘੱਟ ਸੀ। ਅਸੀਂ ਬਹੁਤ ਲੱਭਿਆ। ਪਰ …।
‘‘ਥੋਡਾ ਰੁਪਈਆ ਆਹ ਸੀ …?’’ ਮੈਨੂੰ ਸਿੱਕਾ ਦਿਖਾ ਪਾਂਡੀ ਨੇ ਸ਼ੂਟ ਵੱਟ ਲਈ।
ਬਿੰਦੀ ਨੇ ਇਕ ਰੋੜਾ ਚੁੱਕ ਉਸ ਵੱਲ ਵਗਾਹ ਮਾਰਿਆ। ਉਹਦਾ ਨਿਸ਼ਾਨਾ ਖੁੰਝ ਗਿਆ। ਰੋੜਾ ਲੰਘੇ ਜਾਂਦੇ ਇਕ ਬੰਦੇ ਦੀ ਪਿੱਠ ਵਿਚ ਵੱਜਿਆ। ਉਹ ਸਾਨੂੰ ਪੈ ਨਿਕਲਿਆ, ‘‘ਖੜ੍ਹਜੋ … ਥੋਡੀ ਮਾਂ ਦੀ …!’’
ਡੱਬੂ, ਪੋਟਲੀ ਤੇ ਪਾਟਿਆ ਕੰਬਲ ਚੁੱਕ ਅਸੀਂ ਸਪੀਡ ਚੁੱਕ ਦਿੱਤੀ।
**
‘‘ਦੱਸ ਹੁਣ ਜਾਏਂਗਾ ਕਿ ਨਹੀਂ? … ਦੱਸ ਹੁਣ …?’’ ਪਾਂਡੀ ਦਾ ਬਾਪੂ ਉਸ ਨੂੰ ਜੁੱਤੀ ਨਾਲ ਕੁੱਟ ਰਿਹਾ ਸੀ।
ਪਾਂਡੀ ਚੀਕ ਰਿਹਾ ਸੀ,‘‘ਮੈਂ ਨੀ ਜਾਂਦਾ। … ਮੈਂ ਨੀ ਜਾਂਦਾ …।’’
ਉਹ ਮੰਗਣ ਜਾਣ ਤੋਂ ਨਾਂਹ ਕਰ ਰਿਹਾ ਸੀ। ਉਹਦਾ ਬਾਪੂ ਮੰਗਣ ਜਾਂਦਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਲੋਕਾਂ ਦਾ ਦਰ ਜਾ ਖੜਕਾਉਂਦਾ, ‘‘ਸ਼ਨੀਵਾਰ ਦਾ ਦਿਨ ਹੈ ਭਾਈ। … ਸ਼ਨੀ ਦੇਵ! … ਦਾਨ ਦੇਵ! … ਮਾਹਰਾਜ ਰਾਜੀ ਰੱਖੇ ਭਾਈ …!’’
ਕੋਈ ਉਹਦੀ ਤੇਲ ਵਾਲੀ ਗੜਬੀ ਵਿਚ ਪੈਸੇ ਪਾ ਦਿੰਦਾ। ਕੋਈ ਝੋਲੀ ਵਿਚ ਆਟਾ ਪਾ ਦਿੰਦਾ। ਕੋਈ ਗਾਲ਼੍ਹਾਂ ਕੱਢਣ ਲੱਗ ਪੈਂਦਾ, ‘‘ਚੱਲ … ਚੱਲ … ਗਾਹਾਂ ਜਾਹ। … ਦਿਨ ਨੀ ਚੜ੍ਹਨ ਦਿੰਦੇ। … ਮੰਗ ਖਾਣੀ ਜਾਤ ਸਾਲੀ …।’’
‘‘ਜਦੋਂ ਮੈਂ ਬਜ਼ਾਰ ਵਿਚ ਜਾਨਾ … ਕੋਈ ਪੈਸੇ ਨੀ ਦਿੰਦਾ … ਦੁਕਾਨਾਂ ਆਲੇ ਗਾਲ਼੍ਹਾਂ ਕੱਢਦੇ ਨੇ ਬਾਪੂ …।’’ ਜੁੱਤੀਆਂ ਖਾਂਦਾ ਪਾਂਡੀ ਬਜ਼ਾਰ ਵੱਲ ਹੱਥ ਕਰ ਰਿਹਾ ਸੀ।
ਉਹਦਾ ਬਾਪੂ ਜੋਤਸ਼ੀ ਨੂੰ ਗਾਲ਼੍ਹਾਂ ਕੱਢ ਰਿਹਾ ਸੀ, ‘‘ਇਕ ਆਹ ਕੰਪੂਟਰ ਆਲੇ ਜੋਤਸ਼ੀ ਨੇ ਮਾਰ ਲਿਆ ਮੈਨੂੰ। … ਨਹੀਂ ਪੁੱਛਿਆ ਦੇਣ ਦਾ ਵਧੀਆ ਕੰਮ ਚੱਲਦਾ ਸੀ।’’
‘‘ਕੰਮ ਤਾਂ ਸਾਲਾ ਪਹਿਲਾਂ ਈ ਨੀ ਚੱਲਦਾ। … ਉੱਤੋਂ ਇਹ ਨੰਨਾ ਮਾਰਦੈ। … ਦੱਸ ਮੰਗਣ ਜਾਏਂਗਾ ਕਿ ਨਹੀਂ?’’ ਜੁੱਤੀ ਹਵਾ ਵਾਂਗ ਘੁੰਮਣ ਲੱਗ ਪਈ।
ਪਾਂਡੀ ਆਨਾ-ਆਨਾ ਮੰਨ ਗਿਆ, ‘‘ਜਾਊਂਗਾ ਬਾਪੂ! … ਬੱਸ ਹੋਰ ਨਾ ਮਾਰੀਂ।’’
ਬਿੰਦੀ ਮੈਨੂੰ ਕਹਿੰਦਾ, ‘‘ਰੁਪਈਏ ਆਲੀ ਗੱਲ! … ਇਹਦੇ ਬਾਪੂ ਨੂੰ ਦੱਸ ਦੇ …’’
‘‘ਆਡ ਥੋਡਾ ਮੁੰਡਾ … ਸਾਡਾ ਰੁਪਈਆ ਚੱਕ ਲਿਆਇਆ ਬਾਬਾ।’’ ਮੈਂ ਨਾਲ ਦੀ ਨਾਲ ਆਖ ਦਿੱਤਾ।
ਮੇਰੀ ਗੱਲ ਸੁਣ ਉਹਨੇ ਬੀੜੀ ਲਾਈ। ਸੀਖਾਂ ਵਾਲੀ ਡੱਬੀ ਜੇਬ ਵਿਚ ਪਾਈ। ਸੂਟਾ ਮਾਰਿਆ, ‘‘ਉਰੇ ਆ ਓਏ ਮੁੰਡਿਆ! … ਕਿਹੜਾ ਰੁਪਈਆ ਚੱਕ ਕੇ ਲਿਆਂਦਾ ਇਨ੍ਹਾਂ ਦਾ? … ਲਿਆ ਮੈਨੂੰ ਦਿਖਾ।’’
ਜੁੱਤੀਆਂ ਤੋਂ ਡਰਦਾ ਪਾਂਡੀ ਕੋਲ ਆ ਗਿਆ। ਉਹਨੇ ਪੱਗ ਦੇ ਲੜ ਹੇਠਾਂ ਲੁਕੋਇਆ ਰੁਪਈਆ ਕੱਢਿਆ। ਬਾਪ ਦੀ ਹਥੇਲੀ ’ਤੇ ਰੱਖ ਦਿੱਤਾ। ਜਿਉਂ ਹੀ ਮੈਂ ਚੁੱਕਣ ਲੱਗਿਆ। ਪਾਂਡੀ ਦਾ ਬਾਪੂ ਮੂੰਹ ਵਿੱਚੋਂ ਧੂੰਆਂ ਕੱਢਣ ਲੱਗ ਪਿਆ, ‘‘ਕਿਹੜਾ ਰੁਪਈਆ ਓਏ! … ਜਾਨੇ ਓਂ ਕਿ ਲਾਹਾਂ ਜੁੱਤੀ?’’
ਜੁੱਤੀ ਤੋਂ ਡਰਦਾ ਬਿੰਦੀ ਮੈਨੂੰ ਚਿੰਬੜ ਗਿਆ। ਮੈਂ ਉਸ ਨਾਲ ਧੂਰੀ ਵਾਲੀ ਸੜਕ ਵੱਲ ਨੂੰ ਤੁਰ ਪਿਆ।
ਥੋੜ੍ਹੀ ਦੂਰ ਜਾ ਅਸੀਂ ਗਾਲ਼੍ਹ ਕੱਢੀ, ‘‘ਹੇ ਕਾਲੀ ਦੇਵੀ! … ਅੱਜ ਰਾਤ ਨੂੰ ਬਾਰਾਂ ਵਜੇ ਇਹ ਦੋਨੇ ਮਰ ਜਾਣ!’’
**
‘‘ਚੱਲ ਡਮਰੂ ਵਜਾ ਕੇ ਦੇਖ …।’’ ਦਰਵਾਜੇ ਵਾਲੀਆਂ ਚੌਂਕੜੀਆਂ ਕੋਲ ਬਿੰਦੀ ਆਲੇ-ਦੁਆਲੇ ਵੇਖਣ ਲੱਗ ਪਿਆ।
ਮੈਂ ਉਹਦੀ ਗੱਲ ਸਮਝ ਗਿਆ। ਉਸ ਨੂੰ ਕੋਈ ਆਸ ਸੀ। ਜੁਆਕਾਂ ਨੂੰ ਘਰਾਂ ਵਿੱਚੋਂ ਕੱਢਣ ਲਈ ਮੈਂ ਡਮਰੂ ਵਜਾਉਣ ਲੱਗ ਪਿਆ। ਕਿੰਨਾ ਹੀ ਚਿਰ ਡਮਰੂ ਵੱਜਦਾ ਰਿਹਾ। ਪਰ ਕੋਈ ਤਮਾਸ਼ਾ ਵੇਖਣ ਨਾ ਨਿੱਕਲਿਆ।
ਜਦੋਂ ਅਸੀਂ ਤੁਰਨ ਲੱਗੇ, ਕਈ ਜੁਆਕਾਂ ਦੀਆਂ ਮਾਵਾਂ ਉਨ੍ਹਾਂ ਨੂੰ ਘਰੇ ਪੜ੍ਹਾਉਣ ਵਾਲੀ ਕੁੜੀ ਕੋਲ ਛੱਡਣ ਤੁਰ ਪਈਆਂ। ਇਕ ਟੋਲੀ ਮੋਗਰੀ-ਗੇਂਦ ਨਾਲ ਕਿਰਕਟ ਖੇਡਣ ਲੱਗ ਪਈ। ਚੌਂਕੜੀਆਂ ’ਤੇ ਬੈਠੇ ਮੁੰਡਿਆਂ ਦਾ ਟੋਲਾ ਮੋਬਾਇਲ ਵਿਚ ਫਿਲਮਾਂ ਵੇਖਣ ਲੱਗ ਪਿਆ।
ਮੈਂ ਡਮਰੂ ਪੋਟਲੀ ਵਿਚ ਪਾਇਆ। ਬਿੰਦੇ ਦਾ ਹੱਥ ਫੜ ਪੁਲ਼ਾਂ ਵੱਲ ਨੂੰ ਤੁਰ ਪਿਆ।
ਠੰਢ ਵਧਦੀ ਹੀ ਜਾ ਰਹੀ ਸੀ।
**
ਚੌਂਕੀ ਵਾਲੇ ਬਰੋਟੇ ਹੇਠਾਂ ਬਚਨਾ ਰਜਾਈ ਵਿਚ ਆ ਬੈਠਿਆ ਸੀ। ਜਦੋਂ ਅਸੀਂ ਕੋਲ ਦੀ ਲੰਘੇ। ਉਹ ਲੁੱਚਾ ਜਿਹਾ ਹੱਸਿਆ, ‘‘ਮੇਰੀ ਰਜਾਈ ’ਚ ਨੀ ਪੈਣਾ ਅੱਜ?’’
ਬਿੰਦੀ ਨੇ ਉਸ ਨੂੰ ਜੀਭ ਕੱਢੀ। ਮੈਂ ਥੱਪੜ ਦਿਖਾਇਆ। ਉਹ ਪਰ੍ਹਾਂ ਨੂੰ ਵੇਖਣ ਲੱਗ ਪਿਆ।
‘‘ਔਹ ਦੇਖ ਜਾਦੂ! … ਉਹੀ ਸ਼ਰਾਬੀ ਰੋਂਦਾ ਜਾਂਦਾ।’’ ਬਿੰਦੀ ਮੜ੍ਹੀਆਂ ਵੱਲ ਨੂੰ ਜਾਂਦੀ ਭੀੜ ਵੱਲ ਵੇਖਣ ਲੱਗ ਪਿਆ।
ਦਵਾਈ ਪੀ ਕੇ ਮਰਨ ਵਾਲੀ ਔਰਤ ਦੀ ਅਰਥੀ ਜਾ ਰਹੀ ਸੀ।
‘‘ਬੱਸ ਕਰ ਬੂਟਿਆ! … ਰੋ ਨਾ ਮੇਰਾ ਵੀਰ! … ਸਬਰ ਕਰ!’’ ਅਰਥੀ ਪਿੱਛੇ ਕਈ ਬੰਦੇ ਸ਼ਰਾਬੀ ਨੂੰ ਫੜੀ ਜਾ ਰਹੇ ਸਨ।
ਚਾਹ ਦੀ ਦੁਕਾਨ ’ਤੇ ਮੱਦੀ ਕਾਟੀ ਨੂੰ ਕੁੱਟ ਰਿਹਾ ਸੀ। ਉਹਦੀ ਅੱਖ ਵੱਡੀ ਦੁਕਾਨ ਵਿਚਲੀ ਭੀੜ ਨੂੰ ਘੂਰ ਰਹੀ ਸੀ।
ਸੂਰਜ ਛਿਪ ਰਿਹਾ ਸੀ। ਪੁਲ਼ਾਂ ਹੇਠਾਂ ਹਨੇਰਾ ਉੱਤਰ ਰਿਹਾ ਸੀ।
**
ਉਹ ਗੰਦੇ ਨਾਲੇ ਦਾ ਪੁਲ ਸੀ।
ਪੁਲ ਹੇਠਾਂ ਉੱਤਰਨ ਲਈ ਇਕ ਡੰਡੀ ਜਿਹੀ ਬਣੀ ਹੋਈ ਸੀ। ਸੜਕ ਵਾਂਗ ਉਹ ਕਿਸੇ ਨੇ ਬਣਾਈ ਨਹੀਂ। ਰੋਜ਼ ਉਤਰਨ-ਚੜ੍ਹਨ ਨਾਲ ਆਪ ਹੀ ਬਣ ਗਈ।
ਅਸੀਂ ਡੰਡੀ ਉੱਤੋਂ ਦੀ ਹੌਲੀ-ਹੌਲੀ ਹੇਠਾਂ ਉੱਤਰ ਗਏ। ਪੁਲਾਂ ਹੇਠਾਂ ਕਈ ਵੱਡੇ-ਵੱਡੇ ਸੀਮਿੰਟ ਦੇ ਪਾਈਪ ਪਏ ਸਨ। ਉਨ੍ਹਾਂ ਪਾਈਪਾਂ ਵਿਚ ਸਾਡਾ ਘਰ ਸੀ। ਜਿਹੜਾ ਬਾਪੂ ਵਾਲਾ ਘਰ ਸੀ। ਮਾਂ ਉਹ ਵੇਚ ਗਈ।
‘‘ਨਾ ਐਥੇ ਹੁਣ ਥੋਡੀ ਮਾਂ ਬੈਠੀ ਹੈ? … ਜੇ ਰੋਟੀ ਲੈਣੀ ਐ … ਪੈਸੇ ਕੱਢੋ?’’ ਮੰਗੀ ਦੀ ਅਵਾਜ਼ ਸੁਣ ਮੈਂ ਪੋਟਲੀ ਪਾਈਪ ਵਿਚ ਰੱਖ ਦਿੱਤੀ।
ਉਹ ਲੋਕਾਂ ਦੀ ਇਕੱਠੀ ਕੀਤੀ ਜੂਠ ਵੇਚ ਰਿਹਾ ਸੀ।
ਮੈਂ ਪੈਸਿਆਂ ਵਾਲਾ ਡੱਬੂ ਉਸ ਅੱਗੇ ਢੇਰੀ ਕਰ ਦਿੱਤਾ। ਉਹਨੇ ਪੈਸੇ ਚੁੱਕ ਲਏ। ਰੋਟੀ ਸਾਡੇ ਵੱਲ ਵਗਾਹ ਮਾਰੀ। ਬਿੰਦੀ ਨੇ ਹੱਥਾਂ ਵਿਚ ਬੋਚ ਲਈ।
ਅਸੀਂ ਭੁੱਖਿਆਂ ਵਾਂਗ ਰੋਟੀ ਖਾਣ ਲੱਗੇ।
**
ਖਾਸਾ ਹਨੇਰਾ ਹੋ ਗਿਆ ਸੀ। ਸਭ ਨੇ ਆਪਣੇ ਪਾਈਪਾਂ ਦੇ ਮੂੰਹ ਅੱਗੇ ਕੰਬਲ, ਚਾਦਰਾਂ, ਬੋਰੀਆਂ ਤਾਣ ਲਈਆਂ।
ਰਾਤ ਟਿਕਣ ਲੱਗੀ। ਠੰਢ ਵਧਣ ਲੱਗੀ। ਪਾਟੇ ਕੰਬਲ ਵਿਚ ਲਿਪਟਿਆ ਬਿੰਦੀ ਮੈਨੂੰ ਚਿੰਬੜ ਗਿਆ। ਮੈਂ ਉਹਦੇ ਸਿਰ ਉੱਪਰ ਹੱਥ ਫੇਰਿਆ। ਉਸ ਨੂੰ ਠੰਢ ਲੱਗ ਰਹੀ ਸੀ।
ਮੰਗੀ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਮੈਂ ਧਿਆਨ ਨਾਲ ਸੁਣਿਆ। ਉਹਦੇ ਪਾਈਪ ਵਿੱਚੋਂ ਕਾਗਜ਼ ਚੁਗਣ ਵਾਲੀ ਸ਼ੰਮੀ ਦੀ ਅਵਾਜ਼ ਆ ਰਹੀ ਸੀ। ਪਰ੍ਹਾਂ ਇਕ ਪਾਈਪ ਵਿਚ ਰਜਾਈ ਲਈ ਪਿਆ ਜੋਗੀ ਸ਼ੰਮੀ ਦੇ ਭਾਈ ਨੂੰ ਆਖ ਰਿਹਾ ਸੀ, ‘‘ਠੰਢ ਬਹੁਤ ਐ। … ਆਜਾ ਮੇਰੀ ਰਜਾਈ ’ਚ ਪੈ ਜਾ।’’
‘‘ਬਚਨਾ ਪੀਟਰ … ਸਾਲਾ!’’ ਮੈਂ ਉਸ ਨੂੰ ਗਾਲ਼੍ਹ ਕੱਢੀ। ਬਾਹਰ ਪੈੜ-ਚਾਲ ਜਿਹੀ ਹੋਈ। ਕੋਈ ਨਾਲ ਦੇ ਪਾਈਪ ਵਿੱਚੋਂ ਨਿੱਕਲਿਆ। ਕਿਸੇ ਹੋਰ ਪਾਈਪ ਵੱਲ ਨੂੰ ਤੁਰ ਪਿਆ। ਮੇਰੀ ਨਿਗਾਹ ਸਾਡੇ ਪਾਈਪ ਦੇ ਮੂੰਹ ’ਤੇ ਜਾ ਪਈ। ਹਨੇਰੇ ਵਿਚ ਇਕ ਬਿੱਲੀ ਪੋਟਲੀ ਫਰੋਲ ਰਹੀ ਸੀ। ਉਹ ਬਿੰਦ ਕੁ ਪਿੱਛੋਂ ਪੰਜਾ ਮਾਰਦੀ। ਕੁਝ ਨਾ ਲੱਭਦਾ ਵੇਖ ਮੇਰੇ ਵੱਲ ਵੇਖਣ ਲੱਗਦੀ। ਮੈਂ ਉਸ ਵੱਲ ਝਾਕਣ ਲੱਗਦਾ, ‘‘ਮਿਆਊਂ!’’
ਮੇਰੀ ਅਵਾਜ਼ ਸੁਣ ਉਹ ਵੀ ‘ਮਿਆਊਂ’ ਕਰ ਦਿੰਦੀ। ਜਿਸ ਵਕਤ ਉਹ ਬੋਲਦੀ, ਮੈਨੂੰ ਮਾਂ ਵਰਗੀ ਲੱਗਦੀ। ਮੈਂ ਉਸ ਨੂੰ ਫਿਰ ਬੁਲਾਉਣ ਲੱਗ ਪੈਂਦਾ। ਟਿਕੀ ਰਾਤ ਵਿਚ ਸਾਡੀ ‘ਮਿਆਊਂ-ਮਿਆਊਂ’ ਦੀ ਖੇਡ ਚੱਲ ਰਹੀ ਸੀ। ਪਾਈਪਾਂ ਵਿਚ ਪਈ ਦੁਨੀਆਂ ਸੌਂ ਚੁੱਕੀ ਸੀ। ਅੱਧੀ ਕੁ ਰਾਤ ਜਿਉਂ ਹੀ ਮੇਰੀ ਅੱਖ ਲੱਗੀ, ਰੌਲ਼ਾ ਪੈ ਗਿਆ, ‘‘ਉੱਠੋ! … ਭੱਜ ਲੋ … ਪਾਣੀ ਆ ਗਿਆ।’’
**
ਜਿਸ ਦਾ ਜਿੱਧਰ ਨੂੰ ਮੂੰਹ ਹੋਇਆ। ਉਹ ਸਮਾਨ ਚੁੱਕ ਉੱਧਰ ਨੂੰ ਹੀ ਭੱਜ ਲਿਆ। ਅਸੀਂ ਭੱਜ ਕੇ ਬਾਪੂ ਵਾਲੇ ਘਰ ਅੱਗੇ ਜਾ ਪਏ ਸਾਂ।
ਭਿੱਜੇ ਹੋਏ ਕੰਬਲ ਵਿਚ ਪਿਆ ਬਿੰਦੀ ਸਾਰੀ ਰਾਤ ਕੰਬਦਾ ਰਿਹਾ। ਮੈਂ ਬਾਪੂ ਵਾਂਗ ਸਖਤ ਹੱਡੀ ਦਾ ਸੀ। ਨਾ ਕੰਬਿਆ। ਨਾ ਸੁੱਤਾ। ਮੇਰੀ ਸੁਰਤੀ ਕਦੇ ਘਰ ਅੰਦਰ ਵੜ ਜਾਂਦੀ। ਕਦੇ ਬਾਹਰ ਨਿਕਲ ਆਉਂਦੀ। ਬਾਪੂ ਨੂੰ ਇਹ ਘਰ ਦਾਦੂ ਤੋਂ ਮਿਲਿਆ ਸੀ। ਪਰ ਸਾਨੂੰ ਇਹ ਵੀ ਨਹੀਂ ਮਿਲਿਆ। ਮਾਂ ਨੇ ਵੀ ਚੰਗੀ ਕੀਤੀ। ਰਿਕਸ਼ੇ ਵਾਲੇ ਨਾਲ ਭੱਜੀ। ਰਿਕਸ਼ੇ ਵਾਲੇ ਨੂੰ ਹੀ ਘਰ ਵੇਚ ਗਈ। ਬਿੰਦੀ ਠੀਕ ਕਹਿੰਦਾ ਸੀ। ਉਹ ਬਿੱਲੀ ਸੀ।
ਉਸ ਦੀਆਂ ਅੱਖਾਂ ਬਿੱਲੀਆਂ ਸਨ। ਹਰ ਕੋਈ ਉਸ ਨੂੰ ਬਿੱਲੀ ਆਖਦਾ। ਬਾਪੂ ਕਹਿੰਦਾ ਹੁੰਦਾ ਸੀ, ‘‘ਬਿੱਲੀਆਂ ਅੱਖਾਂ ਵਿਚ ਜਾਦੂ ਹੁੰਦਾ! … ਜਿਸ ਨੂੰ ਇਹ ਜਾਦੂ ਕਰਨਾ ਆ ਗਿਆ … ਉਹ ਮਹਾਨ ਜਾਦੂਗਰ ਬਣ ਜਾਂਦਾ ਏ।’’
ਬਾਪੂ ਦੀ ਗੱਲ ਨਾ ਮਾਂ ਸਮਝ ਸਕੀ। ਨਾ ਮੈਂ ਸਮਝ ਸਕਿਆ। ਨਾ ਬਾਪੂ ਨੂੰ ਸਮਝ ਆਈ।
ਜੇਕਰ ਉਹ ਬਿੱਲੀਆਂ ਅੱਖਾਂ ਦਾ ਜਾਦੂ ਕਰਨਾ ਜਾਣਦਾ ਹੁੰਦਾ। ਉਹ ਦੁਨੀਆਂ ਦਾ ਮਹਾਨ ਜਾਦੂਗਰ ਹੁੰਦਾ। ਪਰ ਉਹ ਤਾਂ ਛੋਟਾ-ਮੋਟਾ ਜਾਦੂਗਰ ਸੀ।
ਜਦੋਂ ਦੀ ਸਾਡੀ ਸੁਰਤ ਸੰਭਲੀ। ਮੈਂ ਤੇ ਬਿੰਦੀ ਉਹਦੇ ਜਮੂਰੇ ਸਾਂ।
ਰੁਮਾਲ ਦਾ ਫੁੱਲ ਬਣਾ ਦੇਣਾ। ਰੱਸੀ ਕੱਟ ਕੇ ਜੋੜ ਦੇਣੀ। ਹਵਾ ਵਿੱਚੋਂ ਮਠਿਆਈਆਂ ਫੜਨੀਆਂ।
ਉਹ ਬਿੰਦੀ ਨੂੰ ਪਿੱਠ ਕਰਕੇ ਖੜ੍ਹਾ ਲੈਂਦਾ। ਆਪ ਉਹਦੇ ਪਿੱਛੇ ਡੱਬੂ ਲੈ ਕੇ ਖੜ੍ਹ ਜਾਂਦਾ। ਜਦੋਂ ਬਿੰਦੀ ਖੰਘਦਾ। ਉਹਦੇ ਪਿੱਛੋਂ ਪੈਸੇ ਨਿਕਲ ਕੇ ਡੱਬੂ ਵਿਚ ਡਿੱਗਣ ਲੱਗਦੇ।
ਜਿਸ ਵਕਤ ਬਾਪੂ ਮੈਨੂੰ ਚਾਦਰ ਹੇਠਾਂ ਪਾਉਂਦਾ, ਛੁਰੀ ਚੁੱਕਦਾ, ਮੇਰਾ ਸਿਰ ਧੜ ਨਾਲੋਂ ਵੱਖ ਕਰਕੇ ਫਿਰ ਜੋੜ ਦਿੰਦਾ। ਇਹ ਉਸ ਦਾ ਸਭ ਤੋਂ ਵੱਡਾ ਜਾਦੂ ਹੁੰਦਾ ਸੀ।
**
‘‘ਜਾਦੂਗਰ … ਓ … ਜਾਦੂਗਰ! … ਚਾਹ ਪੀਣੀ ਐਂ?’’ ਸ਼ੰਮੀ ਦੀ ਅਵਾਜ਼ ਸੁਣ ਮੈਂ ਡਰ ਗਿਆ। ਰੂੜੀਆਂ ਤੋਂ ਕਾਗਜ਼ ਚੁਗਦੀ ਉਹ ਲੋਕਾਂ ਦਿਉਂ ਚਾਹ ਵੀ ਮੰਗਦੀ ਫਿਰਦੀ ਸੀ। ਉਹਦੇ ਹੱਥ ਵਿੱਚ ਚਾਹ ਵਾਲਾ ਡੋਲੂ ਸੀ। ਮੈਂ ਡੱਬੂ ਉਸ ਵੱਲ ਵਧਾ ਦਿੱਤਾ। ਉਹ ਚਾਹ ਪਾ ਕੇ ਚਲੀ ਗਈ। ਫਿਰ ਮੁੜ ਆਈ। ਮੈਨੂੰ ਦੋ ਲੱਡੂ ਫੜਾ ਕੇ ਕਹਿੰਦੀ, ‘‘ਇਕ ਰੂੜੀ ਤੋਂ ਮੈਨੂੰ ਲੱਡੂਆਂ ਵਾਲਾ ਡੱਬਾ ਲੱਭਿਆ। … ਲੈ ਫੜ … ਸਾਫ ਕਰਕੇ ਖਾ ਲਿਓ।’’
ਮੈਂ ਕੰਬਲ ਨਾਲ ਲੱਡੂ ਸਾਫ ਕਰ ਬਿੰਦੀ ਨੂੰ ਜਗਾਉਣ ਲੱਗ ਪਿਆ। ਉਹ ਤਾਂ ਜਾਗਿਆ ਨਾ। ਅੰਦਰੋਂ ਰਿਕਸ਼ੇ ਵਾਲਾ ਜਾਗ ਪਿਆ। ਘਰ ਦਾ ਦਰਵਾਜ਼ਾ ਖੁੱਲ੍ਹਿਆ। ਸਾਨੂੰ ਵੇਖ ਉਹ ਬੋਲਣ ਲੱਗ ਪਿਆ, ‘‘ਬਿੱਲੀਆਂ ਅੱਖਾਂ ਵਾਲੀ ਤੀਵੀਂ ਚਲਾਕ ਹੁੰਦੀ ਹੈ!’’
ਉਹਦੀ ਗੱਲ ਸੁਣ ਬਿੰਦੀ ਜਾਗ ਪਿਆ। ਰਿਕਸ਼ੇ ਵਾਲਾ ਅੰਦਰ ਵੜ ਗਿਆ।
ਅਸੀਂ ਚਾਹ ਨਾਲ ਲੱਡੂ ਖਾਣ ਲੱਗ ਪਏ।
**
‘‘ਜਾਦੂ! … ਔਹ ਦੇਖ ਲੱਡੂ ਹੋਰੀਂ ਜਾਂਦੇ।’’ ਚਾਹ ਦਾ ਸੜ੍ਹਾਕਾ ਮਾਰ ਬਿੰਦੀ ਖੜ੍ਹਾ ਹੋ ਗਿਆ।
ਲੱਡੂ, ਅੰਜਲੀ ਤੇ ਦੀਸਾ ਭੀਖ ਮੰਗਣ ਜਾ ਰਹੇ ਸਨ। ਮੈਂ ਡੱਬੂ ਤੇ ਕੰਬਲ ਪੋਟਲੀ ਵਿਚ ਪਾ ਬਿੰਦੀ ਨੂੰ ਸੈਨਤ ਮਾਰੀ, ‘‘ਇਨ੍ਹਾਂ ਨੂੰ ’ਵਾਜ ਮਾਰ।’’
‘‘ਲੱਡ … ਡੂ … ਊ … .ਊ।’’ ਉਹਨੇ ਉੱਚੀ ਸਾਰੀ ਅਵਾਜ਼ ਮਾਰੀ।
ਤਿੱਕੜੀ ਰੁਕ ਗਈ। ਠੰਢ ਨਾਲ ਕੰਬ ਰਹੀ ਅੰਜਲੀ ਬੋਲੀ, ‘‘ਕੀ ਐ ਬੇ …?’’
‘‘ਸਾਨੂੰ ਵੀ ਨਾਲ ਲੈ ਚੱਲੋ …’’ ਮੈਂ ਕੰਮ ਦੀ ਗੱਲ ਉੱਪਰ ਆ ਗਿਆ।
ਦੀਸਾ ਉਸ ਵੱਲ ਵੇਖਣ ਲੱਗ ਪਿਆ। ਉਹ ਬੁੱਲ੍ਹ ਟੁੱਕ ਕੇ ਕਹਿੰਦੀ, ‘‘ਆ … ਜੋ।’’
ਅਸੀਂ ਉਨ੍ਹਾਂ ਨਾਲ ਭੀਖ ਮੰਗਣ ਤੁਰ ਪਏ।
**
ਬੱਸ ਸਟੈਂਡ ਉੱਪਰ ਅਜੇ ਘੱਟ ਹੀ ਭੀੜ ਸੀ।
ਬੱਸ ਵਿਚ ਚੜ੍ਹਨ ਤੋਂ ਪਹਿਲਾਂ ਦੀਸੇ ਨੇ ਸਾਨੂੰ ਭੀਖ ਮੰਗਣ ਦੀ ਸਕੀਮ ਸਮਝਾ ਦਿੱਤੀ।
ਲੱਡੂ ਨੇ ਆਪਣੀ ਕੱਢੀ ਹੋਈ ਅੱਖ ਖੋਲ੍ਹ ਲਈ। ਸਾਬਤੀ ਅੱਖ ਬੰਦ ਕਰ ਲਈ। ਮੇਰੇ ਮੋਢੇ ਉੱਪਰ ਹੱਥ ਰੱਖ ਲਿਆ। ਮੈਂ ਪੋਟਲੀ ਚੁੱਕ ਮੂਹਰੇ ਤੁਰ ਪਿਆ। ਬਿੰਦੀ, ਲੱਡੂ ਦੇ ਪਿੱਛੇ ਹੋ ਗਿਆ। ਲਾਈਨ ਬਣਾ ਅਸੀਂ ਬਸ ਵਿਚ ਚੜ੍ਹ ਗਏ। ਲੱਡੂ ਨੇ ਮੇਰੇ ਮੋਢੇ ’ਤੇ ਚੂੰਢੀ ਵੱਢੀ। ਉਹਦਾ ਇਸ਼ਾਰਾ ਸਮਝ ਮੈਂ ਰੋਣੀ ਅਵਾਜ਼ ਵਿਚ ਬੋਲਣ ਲੱਗ ਪਿਆ, ‘‘ਅੰਧੇ ਪਰ ਤਰਸ ਕਰੋ ਬਾਵਾ! … ਦੋ ਦਿਨ ਸੇ ਰੋਟੀ ਨਹੀਂ ਖਾਈ। … ਪੈਸਾ ਦੇ ਦੋ ਬਾਵਾ …।’’
ਇਕ ਬੁੜ੍ਹੀ ਨੇ ਇਕ ਰੁਪਈਆ ਦੇ ਦਿੱਤਾ। ਬਾਕੀ ਸਵਾਰੀਆਂ ਨੇ ਪਰ੍ਹਾਂ ਨੂੰ ਮੂੰਹ ਕਰ ਲਿਆ। ਅਸੀਂ ਪਿਛਲੀ ਤਾਕੀ ਚੜ੍ਹੇ ਸੀ। ਅਗਲੀ ਤਾਕੀ ਉੱਤਰ ਗਏ। ਬੱਸ ਵਿੱਚੋਂ ਉੱਤਰਨ ਸਾਰ ਲੱਡੂ ਨੇ ਸਾਬਤੀ ਅੱਖ ਖੋਲ੍ਹ ਲਈ। ਮੈਥੋਂ ਰੁਪਈਆ ਫੜ ਲਿਆ। ਕਹਿੰਦਾ, ‘‘ਚਲੋ ਹੁਣ ਅਗਲੀ ਬਸ ’ਚ।’’
ਪਰ ਅਗਲੀ ਬਸ ਵਿੱਚੋਂ ਕੁਝ ਨਾ ਮਿਲਿਆ। ਦੋ ਬਸਾਂ ਹੋਰ ਵੀ ਖਾਲੀ ਗਈਆਂ।
‘‘ਚਲੋ ਹੁਣ ਬਜ਼ਾਰ ਚੱਲਦੇ ਆਂ …।’’ ਲੱਡੂ ਦੀ ਗੱਲ ਸੁਣ ਅਸੀਂ ਰਿਕਸ਼ਾ-ਸਟੈਂਡ ਵੱਲ ਨੂੰ ਤੁਰ ਪਏ
ਉੱਥੇ ਅੰਜਲੀ ਤੇ ਦੀਸਾ ਖੜ੍ਹੇ ਸਨ।
**
ਬਾਜ਼ਾਰ ਵਿਚ ਵੜਨ ਤੋਂ ਪਹਿਲਾਂ ਦੀਸੇ ਨੇ ਨਵੀਂ ਸਕੀਮ ਸਮਝਾ ਦਿੱਤੀ ਸੀ।
ਦੀਸਾ ਤੇ ਲੱਡੂ ਤੇਲੀਆਂ ਵਾਲੇ ਬਜ਼ਾਰ ਵਿਚ ਚਲੇ ਗਏ। ਮੈਂ, ਅੰਜਲੀ ਤੇ ਬਿੰਦੀ, ਅਸੀਂ ਲਾਲ ਬਜ਼ਾਰ ਵੱਲ ਨੂੰ ਤੁਰ ਪਏ।
‘‘ਮਾੜਾ ਜਿਹਾ ਰੁਕੋ …,’’ ਅੰਜਲੀ ਨੇ ਆਪਣੀ ਵਿੰਗੀ ਲੱਤ ਉੱਪਰ ਚੁੱਕ ਪਿੱਛੇ ਨੂੰ ਮੋੜ ਲਈ।
ਸਾਡੇ ਮੋਢਿਆਂ ਦਾ ਸਹਾਰਾ ਲੈ ਉਹ ਇਕ ਲੱਤ ਨਾਲ ਤੁਰਨ ਲੱਗੀ, ‘‘ਠੰਢ ਲੱਗਤੀ ਹੈ ਬਾਬੂ ਜੀ, … ਤਰਸ ਖਾਓ! … ਬੂਟ ਕੇ ਲੀਏ ਪੈਸੇ ਦੇ ਦੋ ਬਾਵਾ …।’’
ਅਸੀਂ ਦੁਕਾਨਾਂ ਅੱਗੇ ਖੜ੍ਹ-ਖੜ੍ਹ ਹੱਥ ਅੱਡਣ ਲੱਗੇ।
‘‘ਚਲੋ … ਚਲੋ। … ਗਾਹਾਂ ਚਲੋ।’’ ਪਹਿਲਾਂ ਤਾਂ ਕਿਸੇ ਨੇ ਕੁਝ ਨਾ ਦਿੱਤਾ। ਫਿਰ ਦੋ ਦੁਕਾਨਦਾਰਾਂ ਨੂੰ ਤਰਸ ਆ ਗਿਆ। ਜਦੋਂ ਅਸੀਂ ਤੀਜੀ ਦੁਕਾਨ ਅੱਗੇ ਹੱਥ ਅੱਡਿਆ, ਦੁਕਾਨਦਾਰ ਨੂੰ ਅੱਗ ਲੱਗ ਗਈ। ਉਹ ਗੋਲੀ ਵਾਂਗ ਬਾਹਰ ਆਇਆ। ਉਹਨੇ ਬਿੰਦੀ ਦੇ ਥੱਪੜ ਮਾਰਿਆ। ਅੰਜਲੀ ਨੂੰ ਧੱਕਾ ਮਾਰ ਕੇ ਹੇਠਾਂ ਸਿੱਟ ਦਿੱਤਾ। ਮੈਨੂੰ ਬਾਂਹ ਤੋਂ ਫੜ ਲਿਆ। ਕਹਿੰਦਾ, ‘‘ਚੱਲ … ਚੱਲ … ਚੱਲ … ਆਹ ਪੋਟਲੀ ’ਚ ਦਿਖਾ ਕੀ ਐ?’’
ਮੈਂ ਡਰ ਗਿਆ। ਪੋਟਲੀ ਹੇਠਾਂ ਰੱਖ ਦਿੱਤੀ। ਉਸ ਵਿਚ ਸਾਡੇ ਤਿੰਨਾਂ ਦੇ ਟੁੱਟੇ ਹੋਏ ਬੂਟ ਸਨ।
ਦੁਕਾਨਦਾਰ ਉੱਚੀ-ਉੱਚੀ ਬੋਲਣ ਲੱਗ ਪਿਆ, ‘‘ਦੇਖੋ ਉੱਪਰੋਂ ਕਿੰਨੀ ਠੰਢ ਐ! … ਸਾਲੇ ਬੂਟ ਲੁਕੋ ਕੇ ਚਲਾਕੀ ਖੇਡਦੇ ਨੇ।’’
‘‘ਨਾ ਇਹ ਕੀ ਤਮਾਸ਼ਾ ਬਣਾਇਆ ਓਏ?’’ ਪਹਿਲਾਂ ਉਹਨੇ ਸਾਡੇ ਲੱਤਾਂ ਮਾਰੀਆਂ, ਫਿਰ ਧੱਕੇ ਮਾਰ-ਮਾਰ ਬਜ਼ਾਰ ਵਿੱਚੋਂ ਬਾਹਰ ਕੱਢ ਦਿੱਤਾ।
**
‘‘ਥੋਨੂੰ ਭੀਖ ਮੰਗਣੀ ਨੀ ਆ ਸਕਦੀ … ਤੁਸੀਂ ਜਾਓ। … ਆਪਣਾ ਜਾਦੂ ਦਾ ਤਮਾਸ਼ਾ ਕਰੋ।’’ ਨਾਂਹ ਵਿਚ ਸਿਰ ਮਾਰਦੀ ਹੋਈ ਅੰਜਲੀ ਬੀੜੀ ਪੀਣ ਲੱਗ ਪਈ। ਉਸ ਨਾਲ ਲੱਡੂ ਤੇ ਦੀਸਾ ਵੀ ਸੂਟੇ ਮਾਰਨ ਲੱਗ ਪਏ। ਮੈਂ ਬਿੰਦੀ ਨਾਲ ‘ਨਵੇਂ ਬਜ਼ਾਰ’ ਵੱਲ ਨੂੰ ਤੁਰ ਪਿਆ। ਉੱਥੋਂ ਕੁਝ ਮਿਲ ਸਕਦਾ ਸੀ।
ਗਾਂਧੀ ਚੌਂਕ ਕੋਲ ਜਾ ਕੇ ਸਾਡੇ ਪੈਰ ਰੁਕ ਗਏ। ਕਾਗਜ਼ ਚੁਗਣ ਵਾਲੀ ਸ਼ੰਮੀ ਬਿਜਲੀ ਵਾਲੇ ਖੰਭੇ ਨਾਲ ਬੰਨ੍ਹੀ ਪਈ ਸੀ। ਇਕ ਬੰਦਾ ਉਸ ਉੱਪਰ ਠੰਡਾ ਪਾਣੀ ਪਾ ਰਿਹਾ ਸੀ। ਉਹ ਰੋ ਰਹੀ ਸੀ। ਲੋਕ ਤਮਾਸ਼ਾ ਵੇਖ ਰਹੇ ਸਨ। ਪਾਣੀ ਪਾਉਂਦਾ ਬੰਦਾ ਆਖ ਰਿਹਾ ਸੀ, ‘‘ਮੇਰੀ ਦੁਕਾਨ ਵਿੱਚੋਂ ਰੱਦੀ ਵਾਲੀ ਟੋਕਰੀ ਚੋਰੀ ਕਰਦੀ ਸੀ।’’
ਜਿਸ ਵਕਤ ਉਹ ਬੰਦਾ ਸਾਡੇ ਵੱਲ ਝਾਕਿਆ, ਅਸੀਂ ਡਰ ਗਏ। ਉਹ ਸਾਡੇ ਪਿੱਛੇ ਭੱਜ ਲਿਆ
**
ਭੱਜ-ਭੱਜ ਸਾਡੀ ਜੀਭ ਨਿਕਲ ਆਈ ਪਰ ਅਸੀਂ ਡਾਹ ਨਹੀਂ ਦਿੱਤੀ। ਉਹ ਪਿੱਛੇ ਮੁੜ ਗਿਆ। ਭੱਜਣ ਨਾਲ ਠੰਢ ਤਾਂ ਹਟ ਗਈ, ਭੁੱਖ ਨਾਲ ਜਾਨ ਨਿਕਲਣ ਲੱਗ ਪਈ। ਜੇਬ ਵਿਚ ਕੋਈ ਪੈਸਾ ਨਹੀਂ ਸੀ।
‘‘ਬਿੰਦੀ! … ਹੁਣ ਕੀ ਕਰੀਏ …?’’ ਬਿੰਦੀ ਵੱਲ ਵੇਖ ਮੈਂ ਪੋਟਲੀ ਠੀਕ ਕੀਤੀ। ਮੇਰੀ ਗੱਲ ਸੁਣ ਉਹ ਸੋਚੀਂ ਪੈ ਗਿਆ। ਕੁਝ ਪਲ ਸੋਚਦਾ ਰਿਹਾ। ਫਿਰ ਬਾਪੂ ਵਾਂਗ ਬੋਲਿਆ, ‘‘ਜਾਦੂ ਦਾ ਤਮਾਸ਼ਾ …!’’
‘‘ਜੇ ਜਿਊਣੈ ਤਾਂ ਤਮਾਸ਼ਾ ਕਰੋ …।’’ ਬਾਪੂ ਦੀ ਗੱਲ ਯਾਦ ਕਰ ਮੈਂ ਬਿੰਦੀ ਦੀਆਂ ਅੱਖਾਂ ਵਿਚ ਝਾਕਿਆ।
ਬਿੱਲੀਆਂ ਅੱਖਾਂ …!
ਜਦੋਂ ਉਹ ਲੋਕਾਂ ਵੱਲ ਵੇਖਦਾ, ਵੇਖਣ ਵਾਲਾ ਕੀਲਿਆ ਜਾਂਦਾ। ਉਸ ਵਾਂਗ ਮਾਂ ਵੀ ਲੋਕਾਂ ਨੂੰ ਕੀਲ ਲੈਂਦੀ ਸੀ।
ਬਾਪੂ ਦੀ ਮੌਤ ਪਿੱਛੋਂ ਉਹ ਬਜ਼ਾਰ ਵਿਚ ਜੁੱਤੀਆਂ ਪਾਲਿਸ਼ ਕਰਨ ਦਾ ਠੀਹਾ ਲਾਉਣ ਲੱਗ ਪਈ ਸੀ। ਸਵੇਰ-ਸਾਰ ਸੁੰਭਰ ਕੇ ਧੂਫ ਬੱਤੀ ਕਰਦੀ। ਸੱਜ-ਸੰਵਰ ਕੇ ਠੀਹੇ ’ਤੇ ਬੈਠ ਜਾਂਦੀ। ਜਿਹੜਾ ਵੀ ਜੁੱਤੀ ਪਾਲਿਸ਼ ਕਰਵਾਉਣ ਆਉਂਦਾ, ਮਾਂ ਦੀਆਂ ਅੱਖਾਂ ਵੱਲ ਵੇਖੀ ਜਾਂਦਾ। ਇਕ ਰਿਕਸ਼ੇ ਵਾਲਾ ਤਾਂ ਸਾਰਾ ਦਿਨ ਉਸ ਵੱਲ ਵੇਖੀ ਜਾਂਦਾ ਸੀ। ਉਹ ਵੀ ਉਸ ਵੱਲ ਵੇਖੀ ਜਾਂਦੀ।
ਉਹ ਇਕ ਦੂਜੇ ਵੱਲ ਕਿਉਂ ਵੇਖੀਂ ਜਾਂਦੇ ਸਨ? ਸਾਨੂੰ ਤਾਂ ਉਸ ਦਿਨ ਹੀ ਪਤਾ ਲੱਗਾ, ਜਿਸ ਦਿਨ ਉਹ ਰਿਕਸ਼ੇ ਵਾਲੇ ਨਾਲ ਭੱਜ ਗਈ।
**
‘‘ਚਲੋ ਬਾਹਰ ਨਿਕਲੋ। … ਇਹ ਘਰ ਹੁਣ ਮੇਰਾ … ਥੋਡੀ ਮਾਂ ਮੈਨੂੰ ਵੇਚ ਕੇ ਗਈ ਐ …।’’ ਜਿਸ ਦਿਨ ਰਿਕਸ਼ੇ ਵਾਲੇ ਸਾਕੀ ਨੇ ਸਾਨੂੰ ਘਰੋਂ ਕੱਢਿਆ, ਲੋਕ ਆਖ ਰਹੇ ਸਨ, ‘‘ਬੜੀ ਮਾੜੀ ਹੋਈ ਜੁਆਕਾਂ ਨਾਲ … ਮਾਂ ਊਂ ਭੱਜ ਗਈ। … ਬਾਪ ਊਂ ਮਾਰਿਆ ਗਿਆ। … ਰਿਕਸ਼ਾ ਚਲਾਉਣ ਬਿਨਾਂ ਕੀ ਗੜ੍ਹੀਂਦਾ ਨੀ ਸੀ। … ਇਹਦੇ ਨਾਲੋਂ ਤਾਂ ਤਮਾਸ਼ਾ ਈ ਕਰੀ ਜਾਂਦਾ …।’’
ਉਹ ਕਦੇ ਜਾਦੂ ਦਾ ਤਮਾਸ਼ਾ ਕਰਨ ਲੱਗ ਪੈਂਦਾ। ਕਦੇ ਰਿਕਸ਼ਾ ਚਲਾਉਣ ਲੱਗ ਪੈਂਦਾ। ਜਿਸ ਦਿਨ ਸਵਾਰੀ ਨਾ ਮਿਲਦੀ, ਉਹ ਹਸਪਤਾਲ ਅੱਗੇ ਜਾ ਖੜ੍ਹਦਾ। ਕੋਈ ਖੂਨ ਦਾ ਲੋੜਵੰਦ ਹੁੰਦਾ। ਉਹ ਪੈਸੇ ਲੈ ਕੇ ਬੋਤਲ ਕਢਾ ਦਿੰਦਾ।
‘‘ਕਹਿੰਦੇ ਕਿਸੇ ਨੂੰ ਖੂਨ ਵੇਚ ਕੇ ਆਇਆ ਸੀ। … ਕਮਜ਼ੋਰ ਪਹਿਲਾਂ ਈ ਸੀ … ਹੋਰ ਕਮਜ਼ੋਰੀ ਪੈ ਗਈ। ਉੱਪਰੋਂ ਮਾੜੀ ਕਿਸਮਤ ਨੂੰ ਸਵਾਰੀ ਮਿਲਗੀ। … ਸਵਾਰੀ ਨੂੰ ਬਿਠਾ ਕੇ ਕਹਿੰਦੇ ਵੀਹ ਕਦਮ ਨੀ ਚੱਲਿਆ ਹੋਣਾ … ਬੱਸ ਜਾਦੂ ਵਾਪਰ ਗਿਆ! … ਅੱਖਾਂ ਅੱਗੇ ਹਨੇਰਾ! … ਰਿਕਸ਼ਾ ਟਰੱਕ ਵਿਚ ਵੱਜਿਆ।’’ ਬਾਪੂ ਨੂੰ ਫੂਕ ਕੇ ਆਏ ਲੋਕ ਗੱਲਾਂ ਕਰ ਰਹੇ ਸਨ।
ਸਵਾਰੀ, ਰਿਕਸ਼ਾ, ਬਾਪੂ! ਤਿੰਨਾਂ ਦੀ ਮੌਤ ਹੋ ਗਈ ਸੀ।
**
‘‘ਹੁਣ ਮੌਤ ਦੀਆਂ ਗੱਲਾਂ ਨਾ ਕਰ ਜਾਦੂ! … ਵਿਆਹ ਦੀਆਂ … ਖਾਣ ਦੀਆਂ ਗੱਲ ਕਰ।’’ ਮੈਂ ਬਿੰਦੀ ਦੀ ਗੱਲ ਸਮਝ ਗਿਆ। ਭੁੱਖ ਤੇਜ ਹੋ ਗਈ। ਮੈਂ ਆਪਣੇ ਹੱਥਾਂ ਵੱਲ ਝਾਕਿਆ। ਬਾਪੂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ, ‘‘ਜਾਦੂ ਕੁਝ ਨਹੀਂ ਹੁੰਦਾ … ਦੇਖਣ ਆਲੇ ਦੀ ਅੱਖ ਦਾ ਭੁਲੇਖਾ ਹੁੰਦਾ … ਜਾਂ ਕਰਨ ਆਲੇ ਦੇ ਹੱਥ ਦੀ ਸਫਾਈ ਹੁੰਦੀ ਐ।’’
ਸਾਨੂੰ ਜਾਦੂ ਦਿਖਾਉਣ ਵਾਲੀ ਥਾਂ ਲੱਭ ਗਈ ਸੀ।
ਅਸੀਂ ਵਿਆਹ ਵਾਲੇ ਪੈਲਸ ਵੱਲ ਨੂੰ ਤੁਰ ਪਏ।
**
ਪੈਲਸ ਦੇ ਗੇਟ ’ਤੇ ਇਕ ਬੰਦਾ ਬੁਲਬਲੇ ਵੇਚ ਰਿਹਾ ਸੀ। ਉਹ ਸਾਇਕਲ ਲਈ ਗੇਟ ਦੇ ਇਕ ਪਾਸੇ ਖੜ੍ਹਾ ਸੀ। ਅਸੀਂ ਦੂਜੇ ਪਾਸੇ ਜਾ ਬੈਠੇ।
ਰੰਗ-ਬਿਰੰਗਾ ਪੈਲਸ। ਕਾਰਾਂ। ਸੋਹਣੇ-ਸੋਹਣੇ ਲੋਕ। ਸਾਡੀ ਅੱਖ ਜੁਆਕਾਂ ’ਤੇ ਟਿਕੀ ਹੋਈ ਸੀ।
ਜਿਸ ਵਕਤ ਕੋਈ ਜੁਆਕ ਬੁਲਬੁਲਾ ਲੈਣ ਆਉਂਦਾ। ਉਸ ਨਾਲ ਉਹਦੀ ਮਾਂ, ਬਾਪ ਜਾਂ ਕੋਈ ਭੈਣ ਭਾਈ ਹੁੰਦਾ। ਉਨ੍ਹਾਂ ਵੱਲ ਵੇਖ ਮੈਂ ਡਮਰੂ ਵਜਾਉਣ ਲੱਗ ਪੈਂਦਾ, ‘‘ਹਾਂ ਜੀ ਮਿਹਰਬਾਨ! … ਕਦਰਦਾਨ! … ਤੁਹਾਡੀ ਖੈਰ ਹੋਵੇ! … ਸਾਡਾ ਜਾਦੂ …!’’
ਪਰ ਕੋਈ ਵੀ ਮੇਰੀ ਗੱਲ ਪੂਰੀ ਨਾ ਹੋਣ ਦਿੰਦਾ। ਸਾਡੇ ਵੱਲ ਬਿਨਾਂ ਵੇਖਿਆਂ ਹੀ ਪਰਤ ਜਾਂਦਾ।
ਡਮਰੂ ਵਜਾ-ਵਜਾ, ਬੋਲ-ਬੋਲ ਮੇਰੀ ਬੱਸ ਹੋਈ ਪਈ ਸੀ। ਭੁੱਖ ਨਾਲ ਢਿੱਡ ਅੰਦਰ ਵੜਦਾ ਜਾ ਰਿਹਾ ਸੀ। ਪਰ ਮੈਂ ਕਿਸੇ ਉਡੀਕ ਵਿਚ ਡਮਰੂ ਵਜਾਈ ਜਾ ਰਿਹਾ ਸੀ।
‘‘ਬੰਦ ਕਰੋ ਇਹ ਤਮਾਸ਼ਾ …!’’ ਜਿਸ ਵਕਤ ਗੇਟ ’ਤੇ ਖੜ੍ਹਾ ਵਰਦੀ ਵਾਲਾ ਭਾਈ ਘੂਰਨ ਲੱਗਿਆ, ਅਸੀਂ ਚੀਜ਼ਾਂ ਖਾਂਦੇ ਜੁਆਕਾਂ ਵੱਲ ਵੇਖਣ ਲੱਗ ਪਏ।
**
‘‘ਚੱਲ ਜਾਦੂ … ਹੁਣ ਮੌਕਾ! … ਲੋਕ ਅੰਦਰ ਰੋਟੀ ਖਾਣ ਜਾ ਰਹੇ ਨੇ …।’’ ਬਿੰਦੀ ਦੀ ਗੱਲ ਸੁਣ ਮੈਨੂੰ ਰੋਟੀ ਦੀ ਖੁਸ਼ਬੂ ਆਉਣ ਲੱਗ ਪਈ। ਮੈਂ ਪੋਟਲੀ ਕੱਛ ਵਿਚ ਦਿੱਤੀ। ਬਿੰਦੀ ਦਾ ਹੱਥ ਫੜਿਆ। ਆਲੇ ਦੁਆਲੇ ਨਜ਼ਰ ਮਾਰੀ। ਕੋਈ ਨਹੀਂ ਵੇਖ ਰਿਹਾ ਸੀ। ਅਸੀਂ ਅੱਖ ਬਚਾ ਕੇ ਵੇਲਾਂ ਦੇ ਕੋਲ ਦੀ ਅੰਦਰ ਨੂੰ ਵਧਣ ਲੱਗੇ।
ਅੰਦਰਲੇ ਗੇਟ ਕੋਲ ਰੁਕ ਕੇ ਅੰਦਰ ਨਜ਼ਰ ਮਾਰੀ। ਗੀਤ ਵੱਜ ਰਿਹਾ ਸੀ। ਸਟੇਜ ’ਤੇ ਕੁੜੀਆਂ ਨੱਚ ਰਹੀਆਂ ਸਨ। ਹੇਠਾਂ ਬਰਾਤੀ ਨੱਚ ਰਹੇ ਸਨ। ਉਨ੍ਹਾਂ ਵੱਲੋਂ ਧਿਆਨ ਹਟਾ ਕੰਧ ਕੋਲ ਦੀ ਅਸੀਂ ਰੋਟੀ ਵਾਲੇ ਮੇਜ਼ਾਂ ਕੋਲ ਜਾ ਪਹੁੰਚੇ। ਲੋਕ ਰੋਟੀ ਖਾਣ ਵਿਚ ਮਸਤ ਸਨ। ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ।
‘‘ਆ ਜਾ ਹੁਣ …’’ ਮੈਂ ਪੋਟਲੀ ਸੰਭਾਲ ਬਿੰਦੀ ਦੀ ਬਾਂਹ ਖਿੱਚੀ।
ਉਹ ਮੇਰੇ ਨਾਲ ਇਕ ਮੇਜ਼ ਵੱਲ ਨੂੰ ਖਿਸਕਣ ਲੱਗ ਪਿਆ।
**
ਮੇਜ਼ਾਂ ਦੀਆਂ ਚਾਦਰਾਂ ਹੇਠਾਂ ਤੱਕ ਲਮਕ ਰਹੀਆਂ ਸਨ।
ਅਸੀਂ ਮੱਲਕ ਦੇਣੀ ਇਕ ਚਾਦਰ ਪਰ੍ਹਾਂ ਕੀਤੀ। ਮੇਜ਼ ਹੇਠਾਂ ਜਾ ਵੜੇ। ਬਿੰਦੀ ਮੈਨੂੰ ਕਹਿੰਦਾ, ‘‘ਅੱਜ ਆਊ ਨਜ਼ਾਰਾ …।’’
ਰੋਟੀ ਖਾ ਕੇ ਕੋਈ ਜਣਾ ਪਲੇਟ ਪਰ੍ਹਾਂ ਟੋਕਰੀ ਵਿਚ ਰੱਖ ਦਿੰਦਾ। ਕੋਈ ਮੇਜ ਹੇਠਾਂ ਨੂੰ ਖਿਸਕਾ ਦਿੰਦਾ। ਜਿਸ ਪਲੇਟ ਵਿਚ ਜੂਠ ਬਚੀ ਹੁੰਦੀ, ਅਸੀਂ ਉਸ ਉੱਪਰ ਝਪਟ ਪੈਂਦੇ। ਰੋਟੀ, ਦਾਲ, ਸਬਜ਼ੀ, ਚੌਲ, ਦਹੀਂ, ਪਨੀਰ, ਸਲਾਦ। ਪਹਿਲੀ ਵਾਰ ਕਿੰਨਾ ਕੁਝ ਖਾਣ ਨੂੰ ਮਿਲਿਆ ਸੀ।
ਜਿਸ ਵਕਤ ਅਸੀਂ ਮੇਜ਼ ਹੇਠਾਂ ਬੈਠੇ ਜੂਠ ਖਾ ਰਹੇ ਸੀ, ਪੰਡਾਲ ਵਿਚ ਰੌਲਾ ਪੈਣ ਲੱਗ ਪਿਆ, ‘‘ਕਮਾਲ ਦੀ ਗੱਲ ਐ! … ਘੜੀ … ਚੂੜੀਆਂ … ਪੈਸੇ … ਐਨਾ ਕੁਝ ਕਿਵੇਂ ਚੋਰੀ ਹੋ ਗਿਆ?’’
‘‘ਜਿਸ ਨੇ ਵੀ ਚੋਰੀ ਕੀਤਾ ਹੋਊ … ਉਹ ਅਜੇ ਐਥੇ ਈ ਹੋਊ। … ਗੇਟ ਬੰਦ ਕਰਵਾ ਦਿਓ। … ਕੋਈ ਹਾਲ ਵਿੱਚੋਂ ਬਾਹਰ ਨਾ ਜਾਵੇ …।’’ ਤਰ੍ਹਾਂ-ਤਰ੍ਹਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ। ਸਟੇਜ ਤੋਂ ਗੀਤ ਵੱਜਣਾ ਬੰਦ ਹੋ ਗਿਆ। ਕੁੜੀਆਂ ਦਾ ਨਾਚ ਰੁਕ ਗਿਆ। ਹਾਲ ਦਾ ਗੇਟ ਬੰਦ ਕਰ ਦਿੱਤਾ ਗਿਆ।
‘‘ਹੁਣ ਇਹ ਕੀ ਕਰਨਗੇ ਜਾਦੂ?’’ ਬਿੰਦੀ ਮੈਨੂੰ ਚਿੰਬੜ ਗਿਆ।
**
‘‘ਆਹ ਸੀ ਚੋਰ …।’’ ਮੇਜ਼ ਹੇਠਾਂ ਪਲੇਟ ਰੱਖਣ ਲੱਗਿਆ ਇਕ ਬੰਦਾ ਚੋਰ-ਚੋਰ ਕਰਨ ਲੱਗ ਪਿਆ।
ਉਹਦੀ ਗੱਲ ਸੁਣ ਸਾਰੀ ਦੁਨੀਆਂ ਮੇਜ਼ ਕੋਲ ਆ ਖੜ੍ਹੀ। ਸਾਨੂੰ ਘੇਰ ਲਿਆ। ਦੋ ਬੰਦਿਆਂ ਨੇ ਖਿੱਚ ਕੇ ਬਾਹਰ ਕੱਢ ਲਿਆ। ਬਿੰਦੀ ਰੋਣ ਲੱਗ ਪਿਆ। ਇਕ ਬੰਦਾ ਗਾਲ਼੍ਹਾਂ ਕੱਢਣ ਲੱਗ ਪਿਆ, ‘‘ਕਿਉਂ ਓਏ ਕੁੱਤਿਓ! … ਹਰਾਮੀਓ! … ਲਿਆਓ ਚੋਰੀ ਕੀਤਾ ਸਮਾਨ ਕੱਢੋ?’’
‘‘ਨਾ ਜੀ! … ਅਸੀਂ ਕੋਈ ਚੋਰੀ ਨੀ ਕੀਤੀ … ਅਸੀਂ ਤਾਂ ਜੂਠ ਖਾਣ ਲਈ ਮੇਜ਼ ਹੇਠਾਂ ਲੁਕੇ ਹੋਏ ਸੀ ਜੀ …।’’ ਮੈਂ ਬਿੰਦੀ ਨੂੰ ਬੁੱਕਲ ਵਿਚ ਲੈ ਸੱਚ ਦੱਸਣ ਲੱਗ ਪਿਆ, ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ। ਅਵਾਜ਼ਾਂ ਆਉਣ ਲੱਗੀਆਂ, ‘‘ਇਹ ਐਕਣ ਨੀ ਮੰਨਦੇ ਹੁੰਦੇ … ਮੂਧੇ ਪਾਓ ਇਨ੍ਹਾਂ ਨੂੰ … ਮਾੜਾ ਜਿਹਾ ਛਿੱਤਰ ਪੌਲਾ ਕਰੋ।’’
‘‘ਨਾ ਜੀ! … ਅਸੀਂ ਚੋਰੀ ਨੀ ਕੀਤੀ … ਸੌਂਹ ਲੱਗੇ ਜੀ ਕਾਲੀ ਦੇਵੀ ਦੀ।’’ ਮੈਂ ਮਿੰਨਤਾਂ ਕਰਨ ਲੱਗ ਪਿਆ। ਇਕ ਥੱਪੜ ਮੇਰੇ ਮੂੰਹ ’ਤੇ ਆ ਵੱਜਿਆ। ਕਿਸੇ ਨੇ ਬਿੰਦੀ ਦੀ ਪਿੱਠ ਵਿਚ ਲੱਤ ਮਾਰੀ।
ਸਾਡੀ ਗਿੱਦੜ-ਕੁੱਟ ਹੋਣ ਲੱਗ ਪਈ।
**
‘‘ਬੱਸ ਹੁਣ ਬਹੁਤ ਹੋਗੀ। … ਇਹ ਜੁੱਲੀ-ਚੱਕ ਜਾਤ ਐਂ ਨੀ ਮੰਨਦੀ ਹੁੰਦੀ। … ਪਹਿਲਾਂ ਆਪਾਂ ਡੋਲੀ ਵਿਦਾ ਕਰ ਲਈਏ। … ਫਿਰ ਇਨ੍ਹਾਂ ਨੂੰ … ।’’ ਇਕ ਗਿਆਨੀ ਜਿਹਾ ਬੰਦਾ ਸਭ ਨੂੰ ਸਮਝਾਉਣ ਲੱਗ ਪਿਆ।
ਸਾਡੀ ਗਿੱਦੜ-ਕੁੱਟ ਬੰਦ ਹੋ ਗਈ। ਸਟੇਜ ’ਤੇ ਗੀਤ ਵੱਜਣ ਲੱਗਿਆ। ਕੁੜੀਆਂ ਨੱਚਣ ਲੱਗੀਆਂ। ਅੱਧੀ ਭੀੜ ਨੱਚਣ ਲੱਗੀ। ਅੱਧੀ ਰੋਟੀ ਖਾਣ ਲੱਗ ਪਈ। ਗਿਆਨੀ ਨੇ ਸਾਨੂੰ ਫੜ ਕੇ ਖੜ੍ਹਾ ਕਰ ਲਿਆ। ਕਹਿੰਦਾ, ‘‘ਸੇਠ ਜੀ! … ਤੁਸੀਂ ਬੇਟੀ ਦਾ ਕਾਰਜ ਨਿਪਟਾਓ। … ਇਨ੍ਹਾਂ ਕੁੱਤਿਆਂ ਨਾਲ ਮੈਂ ਨਿਪਟਦਾਂ …।’’
ਸਾਨੂੰ ਬਾਹਵਾਂ ਤੋਂ ਫੜ ਉਹ ਪੈਲੇਸ ਦੇ ਮਾਲਕ ਕੋਲ ਲੈ ਗਿਆ।
ਉਹਦੀ ਗੱਲ ਸੁਣ ਮਾਲਕ ਸੋਚੀਂ ਪੈ ਗਿਆ। ਕਹਿੰਦਾ, ‘‘ਵੇਖੋ ਸਰਦਾਰ ਜੀ! … ਇਹ ਸਾਡੇ ਪੈਲਸ ਦੀ ਇੱਜ਼ਤ ਦਾ ਸਵਾਲ ਐ। … ਤੁਸੀਂ ਡੋਲੀ ਵਿਦਾ ਹੋ ਲੈਣ ਦਿਓ। … ਮੈਂ ਪੁਲਿਸ ਨੂੰ ਬੁਲਾਊਂ …।’’
ਉਹਨੇ ਸਾਨੂੰ ਆਪਣੇ ਕਮਰੇ ਵਿਚ ਬੰਦ ਕਰ ਦਿੱਤਾ।
**
ਖਾਸਾ ਚਿਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ।
ਪੈਲਸ ਦਾ ਮਾਲਕ ਸੀ। ਉਸ ਨਾਲ ਵਿਆਹ ਵਿਚ ਆਇਆ ਇਕ ਮੰਤਰੀ ਸੀ। ਉਸ ਨਾਲ ਬੰਦੂਕਾਂ ਵਾਲੇ ਭਾਈ ਸਨ। ਉਹ ਸਾਨੂੰ ਵੇਖਣ ਲੱਗ ਪਏ।
ਬਿੰਦੀ ਦੀ ਖੱਬੀ ਅੱਖ ਸੁੱਜੀ ਹੋਈ ਸੀ। ਮੇਰੀ ਲੱਤ ਵਿੱਚੋਂ ਖੂਨ ਵਗ ਰਿਹਾ ਸੀ। ਬਿੰਦੀ ਦੇ ਝੱਗੇ ਦੇ ਬਟਣ ਟੁੱਟ ਗਏ। ਮੇਰੇ ਝੱਗੇ ਦੀ ਇਕ ਬਾਂਹ ਅਤੇ ਜੇਬ ਪਾਟ ਗਈ।
ਸਾਡੇ ਟੁੱਟੇ ਹੋਏ ਬੂਟ ਭੀੜ ਦੀਆਂ ਜੁੱਤੀਆਂ ਹੇਠਾਂ ਮਿੱਧੇ ਗਏ ਸਨ। ਅਸੀਂ ਨੰਗੇ ਪੈਰੀਂ ਬੈਠੇ ਰੋ ਰਹੇ ਹਾਂ। ਸਾਨੂੰ ਵੇਖ ਮੰਤਰੀ ਕਹਿੰਦਾ, ‘‘ਚਲੋ ਯਾਰ! … ਇਹ ਕਿਹੜਾ ਆਪਣੀਆਂ ਵੋਟਾਂ ਨੇ …।’’
ਉਸ ਦੇ ਜਾਣ ਸਾਰ ਦਰਵਾਜ਼ਾ ਫਿਰ ਬੰਦ ਹੋ ਗਿਆ।
**
ਸਾਡੀ ਨਜ਼ਰ ਡੋਲੀ ਵਾਲੀ ਕਾਰ ’ਤੇ ਟਿਕੀ ਹੋਈ ਸੀ।
ਜਿਸ ਵਕਤ ਡੋਲੀ ਵਿਦਾ ਹੋਈ, ਕੁੜੀ ਦੇ ਬਾਪ ਨੇ ਕਾਰ ਉੱਪਰਦੀ ਪੈਸੇ ਸਿੱਟੇ। ਚੁਗਣ ਲਈ ਬੜਾ ਦਿਲ ਕੀਤਾ। ਪਰ ਅਸੀਂ ਕਮਰੇ ਵਿਚ ਬੰਦ ਸਾਂ।
‘‘ਜਾਦੂ! … ਹੁਣ ਕੀ ਬਣੂ ਆਪਣਾ?’’ ਜਿਸ ਵਕਤ ਬਿੰਦੀ ਪੁੱਛ ਰਿਹਾ ਸੀ, ਕਮਰੇ ਅੱਗੇ ਖੜ੍ਹਾ ਮਾਲਕ ਪੁਲਿਸ ਨੂੰ ਫੋਨ ਕਰ ਰਿਹਾ ਸੀ।
**
‘‘ਤੂੰ ਡਰ ਨਾ ਬਿੰਦੀ, … ਆਪਾਂ ਕਿਹੜਾ ਚੋਰੀ ਕੀਤੀ ਆ।’’ ਪੁਲਿਸ ਦੀ ਗੱਡੀ ਵੇਖ ਮੈਂ ਬਿੰਦੀ ਨੂੰ ਹੌਸਲਾ ਦਿੱਤਾ। ਉਂਝ ਮੈਂ ਵੀ ਡਰ ਗਿਆ ਸੀ। ਲੰਬਾ ਚੌੜਾ, ਸਿਰ ਤੋਂ ਰੋਡਾ, ਕਾਲੀਆਂ ਮੁੱਛਾਂ, ਦਾੜ੍ਹੀ ਸਾਫ, ਲਾਲ ਅੱਖਾਂ, ਠਾਣੇਦਾਰ ਬੜਾ ਡਰਾਉਣਾ ਸੀ।
ਗੱਡੀ ਵਿੱਚੋਂ ਉੱਤਰ ਉਹ ਕਮਰੇ ਵੱਲ ਨੂੰ ਤੁਰ ਪਿਆ। ਉਸ ਨਾਲ ਪੈਲੇਸ ਦਾ ਮਾਲਕ ਤੇ ਵਿਆਹ ਵਾਲੇ ਕਈ ਬੰਦੇ ਸਨ। ਬਾਹਰ ਬੰਦੂਕਾਂ ਵਾਲੇ ਸਿਪਾਹੀਆਂ ਕੋਲ ਉਹ ਗਿਆਨੀ ਖੜ੍ਹਾ ਸੀ। ਸਾਡੇ ਵੱਲ ਹੱਥ ਕਰ-ਕਰ ਉਹ ਕੁਝ ਦੱਸ ਰਿਹਾ ਸੀ।
‘‘ਵਰਮਾ ਸਾਹਿਬ! … ਆਹ ਬੈਠੇ ਨੇ ਤੁਹਾਡੇ ਚੋਰ।’’ ਕਮਰੇ ਦਾ ਦਰਵਾਜ਼ਾ ਖੋਲ੍ਹ ਪੈਲੇਸ ਦੇ ਮਾਲਕ ਨੇ ਸਾਡੇ ਵੱਲ ਉਂਗਲ ਕੀਤੀ।
ਅੰਦਰ ਵੜਨ ਸਾਰ ਠਾਣੇਦਾਰ ਹੇਠਾਂ ਝੁਕਿਆ। ਲਾਲ ਅੱਖਾਂ ਨਾਲ ਸਾਨੂੰ ਘੂਰਿਆ। ਉਸ ਦੀਆਂ ਅੱਖਾਂ ਵੇਖ ਬਿੰਦੀ ਰੋਣ ਲੱਗ ਪਿਆ। ਮੈਂ ਪੋਟਲੀ ਘੁੱਟ ਕੇ ਫੜ ਲਈ। ਸਾਨੂੰ ਵੇਖ ਪਹਿਲਾਂ ਤਾਂ ਠਾਣੇਦਾਰ ਹੱਸਿਆ। ਫਿਰ ਉਹਦਾ ਹੱਥ ਉੱਠਿਆ। ਇਕ-ਇਕ ਥੱਪੜ ਵੱਜਿਆ, ‘‘ਮੈਂ ਸਿਖਾਉਨਾ ਥੋਨੂੰ ਚੋਰੀ ਕਰਨੀ।’’
‘‘ਨਾ ਜੀ, … ਅਸੀਂ ਚੋਰੀ ਨੀ ਕੀਤੀ। … ਅਸੀਂ ਤਾਂ …’’ ਡਰ ਨਾਲ ਬਿੰਦੀ ਦਾ ਪਿਸ਼ਾਬ ਨਿੱਕਲ ਗਿਆ।
‘‘ਇਨ੍ਹਾਂ ਨੂੰ ਗੱਡੀ ’ਚ ਸਿੱਟੋ …’’ ਕੰਨ ਨਾਲ ਫੋਨ ਲਾ ਠਾਣੇਦਾਰ ਬਾਹਰ ਨੂੰ ਤੁਰ ਪਿਆ।
**
ਜਿਸ ਵਕਤ ਗੱਡੀ ਠਾਣੇ ਵਿਚ ਵੜਨ ਲੱਗੀ, ਸੂਰਜ ਛਿਪ ਰਿਹਾ ਸੀ। ਹਨੇਰਾ ਉੱਤਰ ਰਿਹਾ ਸੀ। ਠੰਢ ਵਧ ਰਹੀ ਸੀ।
ਗੱਡੀ ਨਿੰਮ ਹੇਠਾਂ ਜਾ ਕੇ ਰੁਕ ਗਈ। ਠਾਣੇਦਾਰ ਹੇਠਾਂ ਉੱਤਰਿਆ। ਸਿਪਾਹੀਆਂ ਨੇ ਸਾਨੂੰ ਵੀ ਉਤਾਰ ਲਿਆ।
‘‘ਇਨ੍ਹਾਂ ਦਾ ਸਵਾਗਤ ਕਰੋ …।’’ ਹੁਕਮ ਸੁਣਾ ਠਾਣੇਦਾਰ ਆਪਣੇ ਕਮਰੇ ਵੱਲ ਨੂੰ ਚਲਿਆ ਗਿਆ।
‘‘ਨਾ ਹੁਣ ਵਾਜੇ ਆਲੇ ਲੈਣ ਆਉਣਗੇ … ਚਲੋ ਤੁਰੋ …।’’ ਇਕ ਸਿਪਾਹੀ ਨੇ ਮੇਰੇ ਥੱਪੜ ਮਾਰਿਆ। ਦੂਜਾ ਧੱਕੇ ਮਾਰਦਾ ਸਾਨੂੰ ਟੂਟੀਆਂ ਕੋਲ ਲੈ ਗਿਆ। ਤੀਜਾ ਸਿਪਾਹੀ ਡੰਡਾ ਚੁੱਕੀ ਖੜ੍ਹਾ ਸੀ।
ਜਦੋਂ ਠਾਣੇਦਾਰ ਬਾਹਰ ਆਇਆ। ਅਸੀਂ ਕਮਲਿਆਂ ਵਾਂਗ ਖੜ੍ਹੇ ਝਾਕ ਰਹੇ ਸਾਂ। ਉਹ ਆਉਣ ਸਾਰ ਕਹਿੰਦਾ, ‘‘ਆਹ ਪੋਟਲੀ ’ਚ ਕੀ ਐ ਓਏ? … ਦਿਖਾਓ।’’
ਮੈਂ ਪੋਟਲੀ ਵਿਚਲਾ ਸਮਾਨ ਢੇਰੀ ਕਰ ਦਿੱਤਾ।
ਡੱਬੂ, ਡਮਰੂ, ਚਾਦਰ, ਝੂਰਲੂ, ਪਾਟਿਆ ਕੰਬਲ।
‘‘ਤਮਾਸ਼ਾ! … ਜਾਦੂਗਰ ਸਾਲੇ …!’’ ਸਮਾਨ ਵੇਖ ਠਾਣੇਦਾਰ ਹੱਸਣ ਲੱਗ ਪਿਆ।
ਅਸੀਂ ਰੋਣ ਲੱਗ ਪਏੇ।
**
‘‘ਚੋਰੀ ਦਾ ਸਮਾਨ ਕੱਢੋ। … ਦੱਸੋ ਕਿੱਥੇ ਐ?’’ ਠਾਣੇਦਾਰ ਸਾਨੂੰ ਥੱਪੜਾਂ ਨਾਲ ਕੁੱਟਣ ਲੱਗ ਪਿਆ। ਬਿੰਦੀ ਫੁੱਲਾਂ ਵਾਲੀ ਕਿਆਰੀ ਵਿਚ ਜਾ ਡਿੱਗਿਆ। ਮੈਂ ਕੰਧ ਵਿਚ ਵੱਜਿਆ। ਠਾਣੇਦਾਰ ਦੀਆਂ ਅੱਖਾਂ ਲਾਲ ਹੋ ਗਈਆਂ, ‘‘ਦੱਸੋ ਸਮਾਨ ਕਿੱਥੇ ਐ?’’
‘‘ਜੀ ਅਸੀਂ ਚੋਰੀ ਨੀ ਕੀਤੀ। … ਅਸੀਂ ਤਾਂ ਜੀ …’’ ਮੇਰੀ ਗੱਲ ਸੁਣ ਠਾਣੇਦਾਰ ਨੇ ਕੋਲ ਖੜ੍ਹੇ ਸਿਪਾਹੀ ਤੋਂ ਡੰਡਾ ਫੜ ਲਿਆ।
‘‘ਅਈ … ਈ … ਮਾਂ …!’’ ਅਸੀਂ ਚੀਕਾਂ ਮਾਰਦੇ ਪਰ੍ਹਾਂ ਨੂੰ ਭੱਜ ਲਏ।
ਠਾਣੇਦਾਰ ਸਾਡੇ ਮਗਰ ਭੱਜ ਲਿਆ। ਸਿਪਾਹੀਆਂ ਨੇ ਸਾਨੂੰ ਲੱਤਾਂ-ਬਾਹਾਂ ਤੋਂ ਫੜ ਲਿਆ। ਡੰਡਾ ਵਰ੍ਹਨ ਲੱਗਿਆ। ਅਸੀਂ ਛੁਡਾਉਣ ਲਈ ਲੱਤਾਂ-ਬਾਹਾਂ ਮਾਰਨ ਲੱਗੇ। ਡੰਡਾ ਜ਼ੋਰ ਦੀ ਵਰ੍ਹਨ ਲੱਗਿਆ। ਜਦੋਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਸਿਪਾਹੀਆਂ ਨੇ ਸਾਨੂੰ ਹੇਠਾਂ ਸਿੱਟ ਦਿੱਤਾ। ਮੈਂ ਤਾਂ ਉੱਠ ਕੇ ਬੈਠ ਗਿਆ। ਪਰ ਬਿੰਦੀ ਧਰਤੀ ਉੱਪਰ ਲਿਟਣ ਲੱਗਿਆ।
‘‘ਇਨ੍ਹਾਂ ਨੂੰ ਨੰਗੇ ਕਰੋ …।’’ ਡੰਡਾ ਸਿੱਟ ਠਾਣੇਦਾਰ ਨੇ ਸਿਗਰਟ ਲਾ ਲਈ।
**
ਸਾਡੇ ਸਰੀਰ ਉੱਪਰ ਇਕ ਵੀ ਕੱਪੜਾ ਨਹੀਂ ਸੀ। ਅਸੀਂ ਕੰਬ ਰਹੇ ਸਾਂ। ਰੋਟੀ ਖਾ ਕੇ ਆਇਆ ਠਾਣੇਦਾਰ ਸ਼ਰਾਬ ਨਾਲ ਰੱਜਿਆ ਹੋਇਆ ਸੀ।
‘‘ਮੈਂ ਕਢਾਉਨਾ ਇਨ੍ਹਾਂ ਤੋਂ ਚੋਰੀ …’’ ਉਹਨੇ ਕੁਰਸੀ ਉੱਪਰ ਰੱਖਿਆ ਸਰੀਆ ਚੁੱਕ ਲਿਆ।
ਮੈਂ ਹੱਥ ਜੋੜਨ ਲੱਗ ਪਿਆ, ‘‘ਮੇਰੇ ਭਾਈ ਨੂੰ ਨਾ ਮਾਰਿਓ ਜੀ, … ਮੈਨੂੰ ਕੁਟ ਲੋ …।’’
ਪਰ ਠਾਣੇਦਾਰ ਨੇ ਉਲਟੀ ਗੱਲ ਕੀਤੀ। ਉਹ ਬਿੰਦੀ ਨੂੰ ਸਰੀਏ ਨਾਲ ਕੁੱਟਣ ਲੱਗ ਪਿਆ।
ਮੈਂ ਬਿੰਦੀ ਉੱਪਰ ਜਾ ਪਿਆ, ‘‘ਨਾ ਜੀ … ਇਹਨੂੰ ਨਾ ਮਾਰੋ … ਮੈਨੂੰ …।’’
‘‘ਆਈ … ਈ … ਈ … ਆ … ਆ … ਆ …’’ ਸਾਡੀਆਂ ਚੀਕਾਂ ਨਾਲ ਠਾਣਾ ਕੰਬ ਉੱਠਿਆ।
ਠਾਣੇਦਾਰ ਸਾਡੀਆਂ ਲੱਤਾਂ, ਬਾਹਾਂ, ਪੈਰ, ਪਿੱਠ ਕੁੱਟਣ ਲੱਗਿਆ। ਇਕ ਸਰੀਆ ਬਿੰਦੀ ਦੇ ਸਿਰ ਵਿਚ ਲੱਗਿਆ। ਉਹ ਚੀਕ ਮਾਰ ਕੇ ਧਰਤੀ ’ਤੇ ਡਿੱਗ ਪਿਆ। ਮੈਂ ਉਸ ਵੱਲ ਭੱਜਿਆ। ਸਰੀਆ ਮੇਰੇ ਮੱਥੇ ਵਿਚ ਵੱਜਿਆ। ਮੈਂ ਵੀ ਹੇਠਾਂ ਡਿੱਗ ਪਿਆ। ਕਿਸੇ ਸਿਪਾਹੀ ਦੀ ਅਵਾਜ਼ ਆਈ, ‘‘ਬੱਸ ਕਰੋ ਜਨਾਬ ਬੱਚੇ ਨੇ! … ਐਨਾ ਕਿਉਂ ਕੁੱਟ ਰਹੇ ਓਂ? … ਜੇ ਇਨ੍ਹਾਂ ਨੇ ਚੋਰੀ ਕੀਤੀ ਹੁੰਦੀ … ਚਾਰ ਥੱਪੜਾਂ ਨਾਲ ਈ ਮੰਨ ਜਾਣਾ ਸੀ …।’’
‘‘ਜੇ ਨਹੀਂ ਦੇਖ ਹੁੰਦਾ … ਦਫਾ ਹੋ ਜਾ ਐਥੋਂ …।’’ ਠਾਣੇਦਾਰ ਉਸ ਨੂੰ ਗਾਲ਼੍ਹਾਂ ਕੱਢਣ ਲੱਗ ਪਿਆ।
ਸਿਪਾਹੀ ਚੁੱਪ ਕਰ ਗਿਆ। ਕੁਝ ਚਿਰ ਬਾਅਦ ਸਰੀਆ ਡਿੱਗਣ ਦੀ ਅਵਾਜ਼ ਆਈ।
ਫਿਰ ਠਾਣੇਦਾਰ ਦੀ ਅਵਾਜ਼ ਆਈ, ‘‘ਇਨ੍ਹਾਂ ਨੂੰ ਆਹ ਦਰਖਤ ਨਾਲ ਬੰਨ੍ਹ ਦਿਓ …’’
ਠਾਣੇਦਾਰ ਦਾ ਹੁਕਮ ਸੁਣ ਕੇ ਸਿਪਾਹੀਆਂ ਨੇ ਸਾਨੂੰ ਨਿੰਮ ਨਾਲ ਬੰਨ੍ਹ ਦਿੱਤਾ।
**
‘‘ਮਾਂ … ਮਾਂ … ਮਰ ਗਿਆ … ਮਾਂ …!’’ ਬਿੰਦੀ ਅੱਧੀ ਰਾਤ ਤੱਕ ਬਰੜਾਉਂਦਾ ਰਿਹਾ।
ਉਹ ਦਰਦ ਨਾਲ ਤੜਪਦਾ ਰਿਹਾ, ਮੈਂ ਦੰਦਾਂ ਵਿਚ ਜੀਭ ਲਈ ਉਹਦਾ ਬੁਰਾ ਹਾਲ ਵੇਖਦਾ ਰਿਹਾ।
ਸਾਡੇ ਨੰਗੇ ਸਰੀਰ ਬਰਫ ਵਾਂਗ ਜੰਮਦੇ ਜਾ ਰਹੇ ਸਨ। ਸਾਰਾ ਠਾਣਾ ਸੌਂ ਚੁੱਕਾ ਸੀ।
ਰਾਤ ਬੜੀ ਹੌਲੀ ਬੀਤ ਰਹੀ ਸੀ।
**
‘‘ਲੱਗਦੈ ਇਹ ਤਾਂ ਮਰਗੇ …।’’ ਸਿਪਾਹੀਆਂ ਦੀ ਅਵਾਜ਼ ਸੁਣ ਮੈਨੂੰ ਮਾੜੀ ਜਿਹੀ ਸੁਰਤ ਆਈ, ਪਰ ਮੈਂ ਅੱਖਾਂ ਬੰਦ ਕਰੀ ਬਿੰਦੀ ਵਾਂਗ ਲਟਕਦਾ ਰਿਹਾ।
ਉਹਦਾ ਸਿਰ ਹੇਠਾਂ ਨੂੰ ਲਟਕ ਰਿਹਾ ਸੀ। ਬਾਹਵਾਂ ਹਵਾ ਵਿਚ ਝੂਲ ਰਹੀਆਂ ਸਨ। ਮੈਂ ਚੋਰ ਅੱਖ ਨਾਲ ਵੇਖਿਆ। ਉਹ ਠੰਢ ਨਾਲ ਨੀਲਾ ਹੋਇਆ ਪਿਆ ਸੀ।
ਸਿਪਾਹੀਆਂ ਦੀ ਗੱਲ ਸੁਣ ਠਾਣੇਦਾਰ ਬਾਹਰ ਆ ਗਿਆ। ਉਹਨੇ ਵਾਰੀ-ਵਾਰੀ ਸਾਨੂੰ ਹੱਥ ਲਾ ਕੇ ਵੇਖਿਆ। ਕੁਝ ਪਲ ਖੜ੍ਹਾ ਸੋਚਦਾ ਰਿਹਾ। ਫਿਰ ਕਹਿੰਦਾ, ‘‘ਜਾਦੂਗਰ ਨੇ! … ਤਮਾਸ਼ਾ ਕਰਦੇ ਨੇ ਸਾਲੇ! … ਇਨ੍ਹਾਂ ’ਤੇ ਠੰਢੇ ਪਾਣੀ ਦੀਆਂ ਦੋ ਬਾਲਟੀਆਂ ਪਾਓ …।’’
ਜਿਉਂ ਹੀ ਨੰਗੇ ਸਰੀਰਾਂ ਉੱਪਰ ਠੰਢਾ ਪਾਣੀ ਸਿੱਟਿਆ ਗਿਆ, ਮੈਂ ਬਿੰਦੀ ਵਾਂਗ ਸਾਰੀ ਠੰਢ ਪੀ ਗਿਆ।
**
‘‘ਇਨ੍ਹਾਂ ਨੂੰ ਥੱਲੇ ਲਾਹ ਲਓ …।’’ ਹੁਕਮ ਸੁਣਾ ਠਾਣੇਦਾਰ ਸਿਗਰਟ ਪੀਣ ਲੱਗ ਪਿਆ
ਸਾਨੂੰ ਮਰਿਆ ਹੋਇਆ ਸਮਝ ਨਿੰਮ ਨਾਲੋਂ ਖੋਲ੍ਹ ਹੇਠਾਂ ਲਾਹ ਲਿਆ। ਇਕ ਸਿਪਾਹੀ ਕੰਬਲ ਲਿਆਇਆ। ਸਾਨੂੰ ਉਸ ਵਿਚ ਲਪੇਟ ਕੰਧ ਕੋਲ ਰੱਖ ਦਿੱਤਾ। ਮੈਂ ਸਾਰਾ ਦਿਨ ਸਾਹ ਰੋਕੀ ਬਿੰਦੀ ਨਾਲ ਪਿਆ ਰਿਹਾ।
ਉਹਦੀ ਸੁਰਤੀ ਡੁੱਬਦੀ ਜਾ ਰਹੀ ਸੀ।
**
ਜਿਸ ਵਕਤ ਮੇਰੀ ਅੱਖ ਖੁੱਲ੍ਹੀ, ਘੁੱਪ ਹਨੇਰਾ ਸੀ। ਕਾਰ ਚੱਲਣ ਦੀ ਅਵਾਜ਼ ਆ ਰਹੀ ਸੀ। ਕੰਬਲ ਵਿਚ ਲਪੇਟ ਸਾਨੂੰ ਪਿਛਲੀ ਸੀਟ ਉੱਪਰ ਰੱਖਿਆ ਹੋਇਆ ਸੀ।
ਇਕ ਥਾਂ ਕਾਰ ਰੁਕੀ। ਤਾਕੀਆਂ ਖੁੱਲ੍ਹੀਆਂ। ਦੋ ਜਣੇ ਹੇਠਾਂ ਉੱਤਰੇ। ਠਾਣੇਦਾਰ ਦੀ ਅਵਾਜ਼ ਸੀ,‘‘ਮਾੜੀ ਕਿਸਮਤ ਆਪਣੀ … ਅੱਜ ਕੋਈ ਸਿਵਾ ਵੀ ਨਹੀਂ ਬਲਦਾ! … ਨਹੀਂ ਤਾਂ ਇਨ੍ਹਾਂ ਨੂੰ ਸਿਵੇ ’ਚ …’’
ਸ਼ਾਇਦ ਉਹ ਮੜ੍ਹੀਆਂ ਮੂਹਰੇ ਖੜ੍ਹੇ ਸਨ। ਮੈਂ ਡਰ ਗਿਆ।
ਕਾਰ ਦੀਆਂ ਤਾਕੀਆਂ ਬੰਦ ਹੋਈਆਂ। ਕਾਰ ਚੱਲ ਪਈ। ਪਤਾ ਨਹੀਂ ਕਿੰਨੀਆਂ ਕੁ ਸੜਕਾਂ ਉੱਪਰ ਚੱਲਦੀ ਰਹੀ। ਅਖੀਰ ਇਕ ਥਾਂ ਜਾ ਫਿਰ ਰੁਕ ਗਈ।
ਪਿਛਲੀ ਤਾਕੀ ਖੁੱਲ੍ਹੀ। ਚਾਰ ਹੱਥਾਂ ਨੇ ਸਾਨੂੰ ਚੁੱਕਿਆ। ਝਾੜੀਆਂ ਵਿਚ ਵਗਾਹ ਮਾਰਿਆ।
ਸਾਡੇ ਕੱਪੜੇ ਤੇ ਸਮਾਨ ਵਾਲੀ ਪੋਟਲੀ ਵੀ ਕੋਲ ਹੀ ਸਿੱਟ ਦਿੱਤੀ।
ਕਾਰ ਦੀ ਅਵਾਜ਼ ਦੂਰ ਹੁੰਦੀ ਚਲੀ ਗਈ।
**
ਮੈਂ ਖਾਸਾ ਚਿਰ ਸਾਹ ਰੋਕੀ ਪਿਆ ਰਿਹਾ। ਜਦੋਂ ਕਾਰ ਦੀ ਅਵਾਜ਼ ਸੁਣਨੀ ਬੰਦ ਹੋ ਗਈ, ਮੈਂ ਹੌਲੀ-ਹੌਲੀ ਅੱਖਾਂ ਖੋਲ੍ਹੀਆਂ। ਬਿੰਦੀ ਨੂੰ ਹਿਲਾਇਆ। ਉਹ ਬੋਲਿਆ ਨਾ। ਬੇਸੁਰਤ ਪਿਆ ਸੀ। ਕੰਬਲ ਸਾਡੇ ਦੁਆਲੇ ਬਿਸਤਰੇ ਵਾਂਗ ਲਿਪਟਿਆ ਹੋਇਆ ਸੀ। ਮੈਂ ਪਾਸੇ ਮਾਰ ਮਾਰ ਮਸਾਂ ਤਹਿ ਖੋਲ੍ਹੀ।
ਠੰਢ ਨਾਲ ਸੁੰਨ, ਕੁੱਟ ਨਾਲ ਬੁਰਾ ਹਾਲ, ਅਸੀਂ ਨੰਗੇ ਪਏ ਸਾਂ। ਮੈਂ ਪਿਆ ਪਿਆ ਹਨੇਰੇ ਵਿਚ ਕੱਪੜੇ ਲੱਭਣ ਲੱਗਿਆ। ਕੱਪੜੇ ਪੋਟਲੀ ਕੋਲ ਪਏ ਸਨ।
ਉਹ ਸਾਨੂੰ ਝਾੜੀਆਂ ਵਿਚ ਸਿੱਟ ਗਏ, ਇਹ ਗੱਲ ਤਾਂ ਸਮਝ ਆ ਗਈ। ਉਹ ਸਾਡੀ ਪੋਟਲੀ ’ਤੇ ਕੱਪੜੇ ਵੀ ਸਿੱਟ ਗਏ ਸਨ, ਇਹ ਗੱਲ ਸਮਝ ਨਹੀਂ ਆਈ।
ਮੈਂ ਪਹਿਲਾਂ ਬਿੰਦੀ ਦੇ ਨੀਕਰ-ਝੱਗਾ ਪਾਇਆ। ਉਹ ਠੰਢ ਨਾਲ ਆਕੜਿਆ ਪਿਆ ਸੀ। ਆਪਣਾ ਨੀਕਰ-ਝੱਗਾ ਪਾ ਮੈਂ ਉਸ ਨੂੰ ਫਿਰ ਕੰਬਲ ਵਿਚ ਲਪੇਟ ਦਿੱਤਾ। ਆਪਣੇ ਉੱਪਰ ਪਾਟਿਆ ਹੋਇਆ ਕੰਬਲ ਲੈ ਲਿਆ।
‘‘ਹੁਣ ਕੀ ਕਰਾਂ? … ਕਿੱਧਰ ਨੂੰ ਜਾਵਾਂ?’’ ਕੰਬਲ ਵਿਚ ਪਿਆ ਮੈਂ ਅੱਧੀ ਰਾਤ ਤੱਕ ਸੋਚਦਾ ਰਿਹਾ।
ਅੱਧੀ ਕੁ ਰਾਤ ਮੇਰੀਆਂ ਸੋਚਾਂ ਵਿਚ ਬਾਪੂ ਘੁੰਮਣ ਲੱਗ ਪਿਆ।
ਉਹ ਕਹਿ ਰਿਹਾ ਸੀ, ‘‘ਜੇ ਜਿਊਣੈ ਤਾਂ ਤਮਾਸ਼ਾ ਕਰੋ!’’
ਬਾਪੂ ਦੀ ਗੱਲ ਯਾਦ ਕਰ ਕੇ ਮੇਰਾ ਸਰੀਰ ਗਰਮ ਹੋਣ ਲੱਗ ਪਿਆ। ਮੈਂ ਬਿੰਦੀ ਦੇ ਸਰੀਰ ਉੱਪਰ ਹੱਥ ਫੇਰਿਆ। ਉਹ ਬਰਫ ਵਾਂਗ ਠੰਢਾ ਪਿਆ ਸੀ।
‘‘ਬਿੰਦੀ! … ਓਏ ਬਿੰਦੀ …!’’ ਮੈਂ ਬਿੰਦੀ ਨੂੰ ਹਿਲਾਉਣ ਲੱਗਿਆ।
ਸ਼ਾਇਦ ਉਹਦੀ ਸੁਰਤੀ ਨਹੀਂ ਪਰਤੀ ਸੀ, ਨਹੀਂ ਤਾਂ ਬੋਲਦਾ। ਉਹਦੀ ਚੁੱਪ ਵੇਖ ਮੈਨੂੰ ਝਾੜੀਆ ਵਿੱਚੋਂ ਡਰ ਆਉਣ ਲੱਗਿਆ।
ਮੈਂ ਬਿੰਦੀ ਨੂੰ ਜੱਫੀ ਪਾ ਲਈ। ਰਾਤ ਬੀਤਣ ਲੱਗੀ।
**
ਗੁਰਦੁਆਰੇ ਪਾਠੀ ਬੋਲਿਆ। ਮੰਦਰ ਵਿਚ ਘੰਟੀਆਂ ਖੜਕੀਆਂ। ਮੌਲਵੀ ਨੇ ਬਾਂਗ ਦਿੱਤੀ। ਰਾਤ ਬੀਤ ਚੁੱਕੀ ਸੀ। ਪਰ ਬਿੰਦੀ ਅਜੇ ਵੀ ਬੇਸੁਰਤ ਪਿਆ ਸੀ। ਉਸ ਵੱਲ ਵੇਖ ਮੈਂ ਹੱਡ-ਪੈਰ ਇਕੱਠੇ ਕੀਤੇ। ਐਨੀ ਕੁੱਟ ਪਈ, ਸਾਰਾ ਸਰੀਰ ਟੁੱਟ ਰਿਹਾ ਸੀ। ਮੈਂ ਦੰਦਾਂ ਵਿਚ ਜੀਭ ਦੇ ਲਈ। ਆਪਣਾ ਕੰਬਲ ਠੀਕ ਕੀਤਾ। ਪੋਟਲੀ ਚੁੱਕੀ। ਪੂਰੇ ਜੋਰ ਨਾਲ ਬਿੰਦੀ ਨੂੰ ਆਪਣੇ ਮੋਢੇ ਉਪਰ ਸਿੱਟ ਲਿਆ।
ਇਕ ਉਹ, ਦੂਜਾ ਉਹਦਾ ਕੰਬਲ, ਬੜਾ ਭਾਰ ਸੀ। ਮੈਂ ਡਿੱਗਦਾ-ਡਿੱਗਦਾ ਬਚਿਆ। ਦਰਦ ਨਾਲ ਅੱਖਾਂ ਬੰਦ ਹੋ ਗਈਆਂ। ਬੜੀ ਭੁੱਖ ਲੱਗੀ ਸੀ। ਪਰ ਮੈਂ ਹਿੰਮਤ ਨਾ ਹਾਰੀ।
ਹੌਲੀ-ਹੌਲੀ ਬਜ਼ਾਰ ਵੱਲ ਨੂੰ ਤੁਰ ਪਿਆ।
**
ਬੱਸ ਸਟੈਂਡ ਕੋਲ ਧੂਣੀ ਬਲ ਰਹੀ ਸੀ। ਕੋਈ ਕੁਰਸੀ ਉੱਪਰ ਬੈਠਾ ਸੇਕ ਰਿਹਾ ਸੀ।
ਬਿੰਦੀ ਨੂੰ ਚੁੱਕੀ ਮੈਂ ਉਸ ਵੱਲ ਨੂੰ ਤੁਰ ਪਿਆ। ਉਹ ਚੌਂਕੀਦਾਰ ਸੀ। ਅੱਗ ਦੇ ਚਾਨਣ ਵਿਚ ਉਸ ਦੀਆਂ ਅੱਖਾਂ ਸਾਨੂੰ ਘੂਰ ਰਹੀਆਂ ਸਨ।
‘‘ਕਿਉਂ ਜਾਦੂਗਰ! … ਐਨੀ ਸਾਝਰੇ ਕਿੱਧਰ ਨੂੰ? … ਰਾਤ ਕਿਤੇ ਤਮਾਸ਼ਾ ਕਰਦੇ ਸੀ?’’ ਉਹਨੇ ਕੁਰਸੀ ਕੋਲ ਰੱਖੀ ਡਾਂਗ ਧਰਤੀ ’ਤੇ ਮਾਰੀ।
ਮੇਰਾ ਦਿਲ ਕੀਤਾ ਉਹਦੀ ਡਾਂਗ ਨਾਲ ਉਸ ਨੂੰ ਕੁੱਟਾਂ ਪਰ ਕੁੱਟ ਦਾ ਖਿਆਲ ਆਉਂਦਿਆਂ ਹੀ ਮੈਨੂੰ ਠਾਣੇਦਾਰ ਦਿਸਣ ਲੱਗ ਪਿਆ। ਉਸ ਦੀਆਂ ਲਾਲ ਅੱਖਾਂ ਡਰਾਉਣ ਲੱਗ ਪਈਆਂ।
ਮੈਂ ਚੌਂਕੀਦਾਰ ਨੂੰ ਬੋਲਦਾ ਛੱਡ ਧੂਣੀ ਕੋਲ ਬੈਠ ਗਿਆ। ਮਲਕ ਦੇਣੀ ਬਿੰਦੀ ਨੂੰ ਹੇਠਾਂ ਪਾਇਆ। ਪੋਟਲੀ ਰੱਖੀ। ਅੱਗ ਸੇਕਣ ਲੱਗ ਪਿਆ। ਮੇਰਾ ਜੰਮਿਆਂ ਖੂਨ ਤੁਰਨ ਲੱਗ ਪਿਆ।
ਮੈਂ ਬਿੰਦੀ ਨੂੰ ਖਿੱਚ ਕੇ ਧੂਣੀ ਕੋਲ ਨੂੰ ਕਰ ਲਿਆ।
**
‘‘ਓਏ ਤੇਰਾ ਭਾਈ ਤਾਂ ਮਰ ਗਿਆ! … ਲਾਸ਼ ਨੂੰ ਚੱਕੀਂ ਫਿਰਦੈਂ ਸਾਲਿਆ …!’’ ਚੌਂਕੀਦਾਰ ਦੀ ਅਵਾਜ਼ ਸੁਣ ਮੇਰੀ ਅੱਖ ਖੁੱਲ੍ਹ ਗਈ।
ਧੂਣੀ ਦੇ ਨਿੱਘ ਵਿਚ ਨੀਂਦ ਆ ਗਈ ਸੀ। ਮੈਂ ਬਿੰਦੀ ਨੂੰ ਜਗਾਉਣ ਲੱਗ ਪਿਆ, ‘‘ਬਿੰਦੀ! … ਓਏ ਬਿੰਦੀ! … ਉੱਠ …!’’
‘‘ਇਹ ਨੀ ਹੁਣ ਉੱਠਦਾ ਕਮਲਿਆ! … ਇਹ ਤਾਂ ਮਰ ਗਿਆ! … ਇਹਦੀ ਲਾਸ਼ ਨੂੰ ਟਿਕਾਣੇ ਲਾ ਹੁਣ।’’ ਚੌਂਕੀਦਾਰ ਮੈਨੂੰ ਸਮਝਾਉਣ ਲੱਗ ਪਿਆ। ਉਹ ਇਹ ਕੀ ਕਹਿ ਰਿਹਾ ਸੀ “ਬਿੰਦੀ ਮਰ ਗਿਆ!”
“ਨਹੀਂ … ਨਹੀਂ … ਇਹ ਨਹੀਂ ਹੋ ਸਕਦਾ! ਬਿੰਦੀ ਮਰ ਨਹੀਂ ਸਕਦਾ …!’’ ਲਾਸ਼ ਉੱਪਰ ਡਿੱਗ ਮੈਂ ਰੋਣ ਲੱਗ ਪਿਆ।
ਚੌਂਕੀਦਾਰ ਬੜੀ ਡਰਾਉਣੀ ਅਵਾਜ਼ ਵਿਚ ਬੋਲਿਆ, ‘‘ਜਾਹ ਤੁਰ ਜਾਹ … ਇਹਦਾ ਸੰਸਕਾਰ ਕਰਦੇ …।’’
“ਬਿੰਦੀ ਨੂੰ ਅੱਗ ਲਾ ਦੇਵਾਂ? ਨਹੀਂ … ਨਹੀਂ … ਮੈਂ ਇਹ ਨਹੀਂ ਕਰ ਸਕਦਾ।”
‘‘ਪਰ ਇਹ ਤਾਂ ਕਰਨਾ ਈ ਪੈਣਾ …।’’ ਮੈਨੂੰ ਚੌਂਕੀਦਾਰ ਦੀਆਂ ਅੱਖਾਂ ਵਿੱਚ ਸਿਵਾ ਮੱਚਦਾ ਦਿਸਿਆ। ਮੈਂ ਖਾਲੀ ਜੇਬ ਵਿਚ ਹੱਥ ਮਾਰਿਆ। ਕਾਲੀ ਦੇਵੀ ਦਾ ਨਾਂ ਲੈ ਪੋਟਲੀ ਚੁੱਕ ਲਈ।
ਬਿੰਦੀ ਨੂੰ ਮੋਢੇ ਉੱਪਰ ਸਿੱਟ ਮੜ੍ਹੀਆਂ ਵੱਲ ਨੂੰ ਤੁਰ ਪਿਆ।
**
ਬਜ਼ਾਰ ਖੁੱਲ੍ਹਣ ਤੱਕ ਮੈਂ ਮੜ੍ਹੀਆਂ ਵਿਚ ਲੁਕਿਆ ਬੈਠਾ ਰਿਹਾ।
ਮੇਰੇ ਮੂਹਰੇ ਬਿੰਦੀ ਦੀ ਲਾਸ਼ ਪਈ ਸੀ। ਉਸ ਦੀਆਂ ਬਿੱਲੀਆਂ ਅੱਖਾਂ ਮੈਨੂੰ ਘੂਰ ਰਹੀਆਂ ਸਨ। ਮੈਂ ਬਿੰਦ ਕੁ ਪਿੱਛੋਂ ਰੋਣ ਲੱਗ ਪੈਂਦਾ, ‘‘ਤੂੰ ਵੀ ਧੋਖਾ ਕਰ ਗਿਆ ਬਿੰਦੀ …।’’
‘‘ਕੌਣ ਕਿਸ ਨਾਲ ਧੋਖਾ ਕਰ ਗਿਆ … ਇਹ ਤਾਂ ਉਹੀ ਜਾਣਦੈ ਬੂਟਿਆ …!’’ ਲੋਕਾਂ ਦੀ ਅਵਾਜ਼ ਸੁਣ ਮੈਨੂੰ ਕੋਈ ਡਰ ਚਿੰਬੜ ਗਿਆ।
ਪੋਟਲੀ ਮੋਢੇ ਟੰਗ ਮੈਂ ਬਿੰਦੀ ਦੀ ਲਾਸ਼ ਚੁੱਕੀ। ਮੜ੍ਹੀਆਂ ਦੀ ਪਿਛਲੀ ਟੁੱਟੀ ਹੋਈ ਕੰਧ ਵਿਚ ਦੀ ਬਾਹਰ ਨਿਕਲ ਗਿਆ।
ਸ਼ਰਾਬੀ ਦੀ ਘਰਆਲੀ ਦੇ ਫੁੱਲ ਚੁਗਣ ਆਈ ਭੀੜ ਮੜ੍ਹੀਆਂ ਵਿਚ ਵੜ ਗਈ।
ਮੈਂ ਸੁੰਨੇ ਪੁਲਾਂ ਵੱਲ ਨਿਗਾਹ ਮਾਰ ਸੜਕ ਉੱਪਰ ਆ ਚੜ੍ਹਿਆ।
**
ਰਾਹ ਵਿਚ ਕਾਟੀ ਮਿਲਿਆ। ਉਹ ਮੱਦੀ ਦੀ ਦੁਕਾਨ ਵੱਲ ਨੂੰ ਜਾ ਰਿਹਾ ਸੀ। ਲੱਡੂ, ਅੰਜਲੀ, ਦੀਸਾ, ਭੀਖ ਮੰਗਣ ਬੱਸ ਸਟੈਂਡ ਵੱਲ ਨੂੰ ਜਾ ਰਹੇ ਸਨ। ਸ਼ੰਮੀ ਕਾਗਜ਼ ਚੁਗ ਰਹੀ ਸੀ।
‘‘ਆਹ ਬਿੰਦੀ ਨੂੰ ਕੀ ਹੋ ਗਿਆ …।’’ ਸਾਰਿਆਂ ਦਾ ਸਵਾਲ ਸੀ।
ਪਰ ਮੈਂ ਕੁਝ ਨਾ ਬੋਲਿਆ। ਤੇਜ-ਤੇਜ ਤੁਰਨ ਲੱਗਿਆ।
ਗਾਂਧੀ ਚੌਂਕ ਥੋੜ੍ਹੀ ਹੀ ਦੂਰ ਸੀ।
**
ਮੈਂ ਬਿੰਦੀ ਨੂੰ ਚੁੱਕੀ ਚੌਂਕ ਵਿਚ ਖੜ੍ਹਾ ਸੀ।
ਦੂਰ-ਦੂਰ ਤੱਕ ਸ਼ੀਸ਼ਿਆਂ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸਨ।
ਦੁਕਾਨਾਂ ਵੱਲ ਵੇਖ ਮੈਂ ਲੱਕ ਦੁਆਲੇ ਕੱਪੜਾ ਬੰਨ੍ਹ ਲਿਆ।
ਭੁੱਖ ਨਾਲ ਖੋਹ ਪੈਣ ਲੱਗੀ ਸੀ। ਢਿੱਡ ਦੀ ਅੱਗ ਲਈ, ਸਿਵੇ ਦੀ ਅੱਗ ਲਈ, ਮੈਂ ਵਿਹਲੀ ਪਈ ਥਾਂ ਉੱਪਰ ਜਾ ਖੜ੍ਹਿਆ।
ਮਜਮਾ ਲਾਉਣਾ ਸ਼ੁਰੂ ਕਰ ਦਿੱਤਾ।
ਧਰਤੀ ਉੱਪਰ ਕੰਬਲ ਵਿਛਾਇਆ। ਮਲਕ ਦੇਣੀ ਬਿੰਦੀ ਨੂੰ ਪਾਇਆ। ਉੱਪਰ ਚਾਦਰ ਦੇ ਦਿੱਤੀ।
ਪੋਟਲੀ ਵਿੱਚੋਂ ਝੁਰਲੂ ਕੱਢਿਆ। ਉਸ ਨਾਲ ਲਾਸ਼ ਦੁਆਲੇ ਇਕ ਲਕੀਰ ਵਾਹ ਦਿੱਤੀ।
ਮੈਂ ਅੱਖ ਬਚਾ ਡਮਰੂ ਚੁੱਕ ਲਿਆ।
**
‘‘ਹਾਂ ਜੀ! … ਮਿਹਰਬਾਨ! … ਕਦਰਦਾਨ! … ਜ਼ਿੰਦਗੀ ਔਰ ਮੌਤ ਦਾ ਖੇਲ ਦੇਖੋ …।’’ ਬਾਂਹ ਉੱਚੀ ਕਰ ਮੈਂ ਬਾਪੂ ਵਾਂਗ ਬੋਲਣ ਲੱਗਿਆ। ਡਮਰੂ ਵੱਜਣ ਲੱਗਿਆ। ਇਕ … ਦੋ … ਤਿੰਨ … ਚਾਰ। ਲੋਕਾਂ ਦੀ ਭੀੜ ਜੁੜਨ ਲੱਗੀ।
ਮੈਂ ਬਿੰਦੀ ਦੁਆਲੇ ਵਾਹੀ ਲਕੀਰ ਦੀ ਪਰਿਕਰਮਾ ਕਰਨ ਲੱਗਿਆ, ‘‘ਜੈ ਕਾਲੀ ਕਲਕੱਤੇ ਵਾਲੀ! … ਤੇਰਾ ਵਾਰ ਨਾ ਜਾਏ ਖਾਲੀ। … ਹੇ ਬੱਚਾ ਲੋਕ ਬਜਾਓ ਤਾਲੀ …।’’
ਤਾੜੀਆਂ ਵੱਜਣ ਲੱਗੀਆਂ। ਮੈਂ ਚਾਦਰ ਹੇਠਾਂ ਪਈ ਲਾਸ਼ ਨਾਲ ਗੱਲਾਂ ਕਰਨ ਲੱਗਿਆ, ‘‘ਚੱਲ ਬਈ ਜਮੂਰੇ! … ਉੱਠ ਕੇ ਖੜ੍ਹਾ ਹੋ! … ਦੇਖ ਤੈਨੂੰ ਵੇਖਣ ਵਾਲੇ ਆਏ ਨੇ …।’’
‘‘ਕੀ ਕਿਹਾ? … ਸਿਰ ਦੀ ਨਾ ਪੈਰ ਦੀ. … ਤੂੰ ਬਿੰਦੀ ਸਾਰੇ ਸ਼ਹਿਰ ਦੀ …।’’ ਚਾਦਰ ਨਾਲ ਕੰਨ ਲਾ ਮੈਂ ਆਪ ਹੀ ਜਵਾਬ ਦਿੱਤਾ।
ਲੋਕਾਂ ਵੱਲ ਵੇਖ ਡਮਰੂ ਵਜਾਇਆ। ਖਾਸਾ ਇਕੱਠ ਸੀ। ਜੇਕਰ ਨਾ ਸਾਂਭਿਆ ਗਿਆ …।
ਮੇਰਾ ਦਿਮਾਗ ਬਾਪੂ ਵਾਂਗ ਚੱਲਣ ਲੱਗਿਆ। ਮੈਂ ਐਲਾਨ ਕਰ ਦਿੱਤਾ, ‘‘ਲਓ ਬਾਦਸ਼ਾਹੋ! … ਆਪਣੀਆਂ ਅੱਖਾਂ ’ਤੇ ਯਕੀਨ ਰੱਖਣਾ! … ਅੱਜ ਸਭ ਤੋਂ ਵੱਡਾ ਜਾਦੂ …!’’
‘‘ਲੈ ਐਵੀਂ ਗੱਲਾਂ ਮਾਰਦੈ! … ਇਨ੍ਹਾਂ ਕੋਲ ਹੱਥ ਦੀ ਸਫਾਈ ਹੁੰਦੀ ਐ …।’’ ਮੇਰੀ ਗੱਲ ਸੁਣ ਘੁਸਰ-ਮੁਸਰ ਹੋਣ ਲੱਗ ਪਈ। ਇਕ ਬੰਦਾ ਕਹਿੰਦਾ, ‘‘ਇਹ ਜਾਦੂ ਨਾਲ ਦੇਖਣ ਵਾਲਿਆਂ ਦੀ ਨਜ਼ਰ ਬੰਨ੍ਹ ਦਿੰਦੇ ਨੇ …।’’
‘‘ਨਹੀਂ ਮਾਈ-ਬਾਪ! … ਇਹ ਹੱਥ ਦੀ ਸਫਾਈ ਨਹੀਂ। … ਇਹ ਨਜ਼ਰ ਦਾ ਧੋਖਾ ਨਹੀਂ । … ਇਹ ਬਿੱਲੀਆਂ ਅੱਖਾਂ ਦਾ ਜਾਦੂ ਐ …।’’ ਮੈਂ ਬਾਪੂ ਵਾਂਗ ਸ਼ਬਦਾਂ ਦਾ ਜਾਦੂ ਧੂੜਨ ਲੱਗਿਆ।
ਡਮਰੂ ਵਜਾਉਂਦਾ ਹੋਇਆ ਬਿੰਦੀ ਦੇ ਸਿਰ ਵਾਲੇ ਪਾਸੇ ਜਾ ਬੈਠਿਆ। ਅੱਖਾਂ ਬੰਦ ਕਰ ਕੇ ਕਾਲੀ ਦੇਵੀ ਨੂੰ ਯਾਦ ਕੀਤਾ। ਮੂੰਹ ਵਿਚ ਮੰਤਰ ਪੜ੍ਹਿਆ। ਚਾਦਰ ਉੱਪਰ ਦੀ ਸੱਤ ਵਾਰੀ ਝੁਰਲੂ ਘੁਮਾਇਆ।
ਮੈਂ ਲੋਕਾਂ ਦੀ ਨਜ਼ਰ ਬੰਨ੍ਹ ਦਿੱਤੀ।
**
‘‘ਜੀਹਨੇ ਆਪਣੇ ਪੈਰਾਂ ਦੀ ਮਿੱਟੀ ਛੱਡੀ … ਉਹਨੂੰ ਮਾਂ ਬਾਪ ਦੀ ਕਸਮ ਲੱਗੇ …।’’ ਮੇਰੀਆਂ ਅੱਖਾਂ ਵਿਚ ਲਿਸ਼ਕ ਉੱਭਰਨ ਲੱਗੀ। ਮੈਂ ਡਮਰੂ ਛੱਡਿਆ। ਝੁਰਲੂ ਹੇਠਾਂ ਰੱਖਿਆ। ਪੋਟਲੀ ਵਿੱਚੋਂ ਛੁਰੀ ਕੱਢ ਲਈ।
‘‘ਭੁੱਖ ਦਾ … ਅੱਗ ਦਾ … ਜਿੰਦਗੀ ਮੌਤ ਦਾ ਸਵਾਲ ਐ ਮਾਈ ਬਾਪ! … ਕਿਸੇ ਨੇ ਆਪਣੇ ਪੈਰਾਂ ਦੀ ਮਿੱਟੀ …।’’ ਜਿਉਂ ਹੀ ਮੈਂ ਛੁਰੀ ਵਾਲਾ ਹੱਥ ਚਾਦਰ ਵੱਲ ਨੂੰ ਵਧਾਇਆ ਭੀੜ ਦੀ ਨਜ਼ਰ ਕੁਝ ਲੱਭਣ ਲੱਗੀ। ਅਵਾਜ਼ਾਂ ਆਉਣ ਲੱਗੀਆਂ, ‘‘ਨਕਲੀ ਛੁਰੀ ਐ …।’’
‘‘ਆਹ ਫੜ … ਹੁਣ ਦਿਖਾ ਜਾਦੂ …।’’ ਕਿਸੇ ਨੇ ਮੇਰੇ ਵੱਲ ਅਸਲੀ ਛੁਰੀ ਵਗਾਹ ਮਾਰੀ।
ਮੈਂ ਛੁਰੀ ਚੁੱਕ ਆਪਣਾ ਹੱਥ ਚਾਦਰ ਹੇਠਾਂ ਨੂੰ ਵਧਾ ਦਿੱਤਾ।
ਭੀੜ ਵਿਚ ਘੁਸਰ-ਮੁਸਰ ਹੋਣ ਲੱਗੀ। ਮੇਰਾ ਹੱਥ ਹਿੱਲਣ ਲੱਗਿਆ। ਚਾਦਰ ਲਾਲ ਹੋ ਗਈ।
‘‘ਨਕਲੀ ਲਾਲ ਰੰਗ ਐ …।’’ ਭੀੜ ਹੱਸਣ ਲੱਗ ਪਈ।
ਮੈਂ ਬਿੰਦੀ ਦੀ ਲਾਸ਼ ਤੋਂ ਚਾਦਰ ਚੁੱਕ ਦਿੱਤੀ।
ਉਹਦਾ ਸਿਰ ਧੜ ਨਾਲੋਂ ਵੱਖ ਹੋਇਆ ਪਿਆ ਸੀ।
**
‘‘ਜਾਦੂ! … ਤੂੰ ਮਰ ਕਿਉਂ ਗਿਆ ਪੁੱਤ!’’ ਮੇਰੀ ਸੁਰਤੀ ਵਿਚ ਬਾਪੂ ਬੋਲਿਆ।
ਮੇਰੇ ਵੱਲ ਛੁਰੀ ਸਿੱਟਣ ਵਾਲੇ ਨੇ ਪੈਰਾਂ ਦੀ ਮਿੱਟੀ ਛੱਡ ਦਿੱਤੀ।
ਲੋਕਾਂ ਦੀ ਭੀੜ ਬਜ਼ਾਰ ਵੱਲ ਨੂੰ ਤੁਰ ਪਈ।
ਮੈਂ ਲਾਲ ਹੋਈ ਚਾਦਰ ਵੱਲ ਵੇਖਣ ਲੱਗ ਪਿਆ।
ਬਿੰਦੀ ਦਾ ਕੱਟਿਆ ਹੋਇਆ ਸਿਰ ਮੇਰੇ ਵੱਲ ਝਾਕ ਰਿਹਾ ਸੀ।
ਉਸ ਦੀਆਂ ਬਿੱਲੀਆਂ ਅੱਖਾਂ ਵਿਚ ਹੰਝੂ ਸਨ।
‘‘ਜਦੋਂ ਕੋਈ ਮਰ ਜਾਂਦਾ … ਉਸ ਦੀਆਂ ਅੱਖਾਂ ਵਿਚ ਹੰਝੂ ਨਹੀਂ ਆਉਂਦੇ …।’’
ਬਾਪੂ ਦੀ ਗੱਲ ਯਾਦ ਕਰ ਕੇ ਮੇਰੀ ਚੀਕ ਨਿੱਕਲ ਗਈ।:tease4
 
Top