ਆਪਣੇ ਦਿਲ ਦੇ ਅੰਦਰ ਜਿਹੜੇ ਕਬਰਾਂ ਨੂੰ ਖੁਦਵਾ ਲੈਂ&#25

ਗਜ਼ਲ
ਆਪਣੇ ਦਿਲ ਦੇ ਅੰਦਰ ਜਿਹੜੇ ਕਬਰਾਂ ਨੂੰ ਖੁਦਵਾ ਲੈਂਦੇ ਨੇ i
ਸ਼ੌਕ, ਉਮੰਗਾ, ਰੀਝਾਂ, ਸੱਧਰਾਂ ਸਾਰੀਆਂ ਉਹ ਦਫਨਾ ਲੈਂਦੇ ਨੇ i

ਜੰਗਲ ਦੇ ਜੋ ਬਣਕੇ ਦੋਖੀ ਅੱਗਾਂ ਨੂੰ ਭੜਕਾ ਲੈਂਦੇ ਨੇ,
ਸੁੱਕੇ ਪੱਤਿਆਂ ਤੇ ਅੱਖ ਧਰ ਕੇ ਬਲਦੇ ਤੀਰ ਚਲਾ ਲੈਂਦੇ ਨੇ i

ਆਪਣੀ ਲਾਸ਼ ਨੂੰ ਮੋਢੇ ਧਰ ਕੇ ਉਹ ਤਾਂ ਤੁਰਦੇ ਰਹਿਣ ਨਿਰੰਤਰ,
ਜਿਹੜੇ ਆਪਣੇ ਜੀਵਨ ‘ਚੋਂ ਕੁਝ ਪਾਉਣ ਦਾ ਲਕਸ਼ ਮੁਕਾ ਲੈਂਦੇ ਨੇ i

ਲੋਕਾਂ ਦਾ ਹਜੂਮ ਬੁਲਾ ਕੇ ਰਬ ਦਾ ਭੇਤ ਵਿਖਾਉਣ ਪੁਜਾਰੀ,
ਤ੍ਰਿਸ਼ੂਲਾਂ ਤੇ ਤਲਵਾਰਾਂ ਪ੍ਰਸਾਦ ‘ਚ ਉਹ ਵਰਤਾ ਲੈਂਦੇ ਨੇ i

ਹੋ ਗਏ ਗੂੰਗੇ, ਬਹਿਰੇ, ਅੰਨੇ ਇਸਮਤ ਲੁੱਟਦੀ ਵੇਖ ਕੇ ਲੋਕੀਂ,
ਸ਼ਾਇਰ ਤਾਂ ਪਰ ਕਲਮ ਉਠਾ ਕੇ ਬਣਦਾ ਫਰਜ਼ ਨਿਭਾ ਲੈਂਦੇ ਨੇ i

ਖੁਦਗਰਜੀ ਦੀ ਦੀਮਕ ਜਿਸਨੂੰ ਅੰਦਰੋ- ਅੰਦਰੀ ਖਾ ਜਾਂਦੀ ਹੈ,
ਪਿਆਰ, ਵਫ਼ਾ, ਅਹਿਸਾਸ ਤੇ ਜ਼ਜਬੇ ਹੱਥੀਂ ਕਤਲ ਕਰਾ ਲੈਂਦੇ ਨੇ i

ਨੈਣੀਂ ਪੀੜਾ, ਜਰਦੀ ਚਿਹਰਾ ਬੁੱਲੀਆਂ ਤੇ ਮੁਸਕਾਨ ਬੜੀ,
ਖੌਰੇ ਕਿੰਝ ਉਹ ਗਮ ਦੇ ਦਰਿਆ ਹਾਸਿਆਂ ਹੇਠ ਛੁਪਾ ਲੈਂਦੇ ਨੇ !

ਤਿੜਕਣ ਦਾ ਤਾਂ ਡਰ ਨਾ ਕੋਈ ਜੇ ਟੁੱਟਣ ਕਿਰਚਾਂ ਬਣ ਜਾਵਣ,
ਪੱਥਰਾਂ ਨਾਲ ਜੋ ਖਹਿ ਸ਼ੀਸ਼ੇ ਜੇਰੇ ਨੂੰ ਅਜਮਾ ਲੈਂਦੇ ਨੇ i

ਪਗੜੀ ਦੇ ਹੀ ਨਾਲ ਉਨ੍ਹਾਂ ਦਾ ਸਿਰ ਵੀ ਧਰਤੀ ਤੇ ਡਿਗ ਜਾਂਦਾ,
ਹੱਦੋਂ ਵਧ ਕੇ ਸੋਹਲ ਜਿਹੜੇ ਆਪਣਾ- ਆਪ ਝੁਕਾ ਲੈਂਦੇ ਨੇ i
ਆਰ.ਬੀ.ਸੋਹਲ
 
Top