
ਜੋਹਾਨਸਬਰਗ. ਪੀ.ਟੀ.ਆਈ.
18 ਦਸੰਬਰ ૿ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ (119) ਦੀ ਬਦੌਲਤ ਅੱਜ ਭਾਰਤੀ ਟੀਮ ਨੇ ਜੋਹਾਨਸਬਰਗ ਦੇ ਵਾਂਡਰਸ ਕ੍ਰਿਕਟ ਸਟੇਡੀਅਮ 'ਚ ਦੱਖਣੀ ਅਫਰੀਕਾ ਨਾਲ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਸਮਾਪਤੀ 'ਚ 5 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਬਣਾ ਲਈਆਂ।
25 ਸਾਲਾ ਬੱਲੇਬਾਜ਼ ਕੋਹਲੀ ਨੇ ਸਚਿਨ ਦੀ ਜਗਾ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦਿਆਂ ਆਪਣੇ ਟੈਸਟ ਕੈਰੀਅਰ ਦਾ ਪੰਜਵਾਂ ਸੈਂਕੜਾ ਬਣਾਇਆ। ਦਿਨ ਦਾ ਖੇਡ ਖਤਮ ਹੋਣ ਤੱਕ ਜੁਝਾਰੂ ਪਾਰੀ ਖੇਡਣ ਵਾਲੇ ਅਜਿੰਕਾ ਰਹਾਨੇ (43) ਅਤੇ ਕਪਤਾਨ ਮਹਿੰਦਰ ਸਿੰਘ ਧੋਨੀ 17 ਦੌੜਾਂ ਬਣਾ ਕੇ ਮੈਦਾਨ 'ਤੇ ਡਟੇ ਹੋਏ ਹਨ। ਅੱਜ ਦਾ ਦਿਨ ਕੋਹਲੀ ਦੇ ਨਾਂਅ ਰਿਹਾ ਜਿਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ, ਉਸਨੇ 181 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ 'ਚ 18 ਚੌਕੇ ਲਗਾਏ। ਉਸਨੇ ਸਟੇਨ ਦੀਆਂ ਗੇਂਦਾਂ 'ਤੇ ਸ਼ਾਨਦਾਰ ਡਰਾਈਵ ਲਗਾਏ ਅਤੇ ਫਿਰਕੀ ਗੇਂਦਬਾਜ਼ ਇਮਰਾਨ ਤਾਹਿਰ ਦੀਆਂ ਗੇਂਦਾਂ 'ਤੇ ਕਈ ਵਾਰ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਪਾਰ ਪਹੁੰਚਾਇਆ। ਕੋਹਲੀ ਨੇ ਜੇ. ਪੀ. ਡੂਮਿਨੀ ਦੀ ਗੇਂਦ 'ਤੇ 2 ਦੌੜਾਂ ਦੇ ਨਾਲ ਹੀ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਭਾਰਤੀ ਸਲਾਮੀ ਜੋੜੀ ਸ਼ਿਖਰ ਧਵਨ (13) ਅਤੇ ਮੁਰਲੀ ਵਿਜੇ (6) ਸਸਤੇ 'ਚ ਹੀ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਕੋਹਲੀ ਤੇ ਪੁਜਾਰਾ (25) ਵਿਚਾਲੇ ਤੀਸਰੇ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਹੋਈ, ਪ੍ਰੰਤੂ ਪੁਜਾਰਾ ਰਨ ਆਊਟ ਹੋ ਗਏ। ਕੇਵਲ ਆਪਣਾ ਦੂਸਰਾ ਟੈਸਟ ਖੇਡ ਰਹੇ ਮੁੰਬਈ ਦੇ ਬੱਲੇਬਾਜ਼ ਰਹਾਨੇ ਨੇ ਕਾਫੀ ਆਤਮਵਿਸ਼ਵਾਸ ਵਿਖਾਇਆ ਉਸਨੇ ਕੋਹਲੀ ਨਾਲ ਮਿਲ ਕੇ ਪੰਜਵੀਂ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਨਿਭਾਈ। ਦੱਖਣੀ ਅਫਰੀਕਾ ਵਲੋਂ ਡੇਲ ਸਟੇਨ, ਮੌਰਨੀ ਮੋਰਕਲ, ਜੈਕਸ ਕੈਲਿਸ ਤੇ ਫੀਲੇਂਡਰ ਨੇ ਇਕ-ਇਕ ਵਿਕਟ ਹਾਸਿਲ ਕੀਤੀ।[/img]