ਭਾਰਤੀ ਕੁਸ਼ਤੀ ਲੀਗ - ਆਏ ਦਿਨ ਪਹਿਲਵਾਨਾਂ ਦੇ...

[JUGRAJ SINGH]

Prime VIP
Staff member

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਵੱਡੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਹੌਲੀ-ਹੌਲੀ ਹੁਣ ਲਗਭਗ ਸਾਰੀਆਂ ਪ੍ਰਮੁੱਖ ਖੇਡਾਂ ਦੀ ਲੀਗ ਸ਼ੁਰੂ ਹੁੰਦੀ ਜਾ ਰਹੀ ਹੈ। 1983 ਵਿਚ ਜਦੋਂ ਭਾਰਤ ਨੇ ਪਹਿਲੀ ਵਾਰ ਸੀਮਤ ਓਵਰਾਂ ਦਾ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਸ ਤੋਂ ਬਾਅਦ ਕ੍ਰਿਕਟ ਨੇ ਦੇਸ਼ ਵਿਚ ਏਨੀ ਵੱਡੀ ਸਫਲਤਾ ਹਾਸਲ ਕੀਤੀ ਕਿ ਉਹ ਖੇਡ ਲਗਭਗ ਧਰਮ ਬਣ ਗਿਆ। ਇਸ ਲਈ ਆਈ.ਪੀ.ਐਲ. ਦੇ ਸਫਲ ਹੋਣ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਖੈਰ, ਆਈ.ਪੀ.ਐਲ. ਦੀ ਸਫਲਤਾ ਨੇ ਦੂਜੀਆਂ ਖੇਡਾਂ ਨੂੰ ਵੀ ਪ੍ਰਭਾਵਿਤ ਕੀਤਾ। ਇਹੀ ਵਜ੍ਹਾ ਹੈ ਕਿ ਹੁਣ ਕ੍ਰਿਕਟ, ਹਾਕੀ ਤੇ ਬੈਡਮਿੰਟਨ ਦੀ ਲੀਗ ਬਣਨ ਤੋਂ ਬਾਅਦ ਕੁਸ਼ਤੀ ਦੀ ਵੀ ਆਪਣੀ ਪ੍ਰੋਫੈਸ਼ਨਲ ਲੀਗ ਸ਼ੁਰੂ ਹੋਣ ਜਾ ਰਹੀ ਹੈ। ਦੇਖਣਾ ਇਹ ਹੈ ਕਿ ਕੁਸ਼ਤੀ ਜੋ ਕਿ ਭਾਰਤ ਦੀ ਧਰਤੀ ਨਾਲ ਜੁੜੀ ਹੋਈ ਖੇਡ ਹੈ ਅਤੇ ਦਿਹਾਤੀ ਅਤੇ ਸ਼ਹਿਰੀ ਦੋਵੇਂ ਹੀ ਖੇਤਰਾਂ ਵਿਚ ਅੱਜ ਵੀ ਇਸ ਨੂੰ ਪਸੰਦ ਕਰਨ ਵਾਲਿਆਂ ਦੀ ਕਮੀ ਨਹੀਂ ਹੈ, ਦੀ ਲੀਗ ਨੂੰ ਕਿੰਨੀ ਸਫਲਤਾ ਮਿਲਦੀ ਹੈ, ਖਾਸ ਕਰਕੇ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਉਲੰਪਿਕ ਖੇਡਾਂ ਵਿਚ ਕੁਸ਼ਤੀ ਦਾ ਭਵਿੱਖ ਹੁਣ ਅਨਿਸਚਿਤ ਹੈ।
ਖੈਰ, ਕੁਸ਼ਤੀ ਦੀ ਜੋ ਪ੍ਰੋਫੈਸ਼ਨਲ ਲੀਗ ਇਸ ਸਾਲ ਨਵੰਬਰ ਵਿਚ ਸ਼ੁਰੂ ਹੋਵੇਗੀ, ਉਸ ਨੂੰ ਇੰਡੀਅਨ ਰੈਸਲਿੰਗ ਲੀਗ (ਆਈ. ਡਬਲਿਊ. ਐਲ.) ਨਾਂਅ ਦਿੱਤਾ ਗਿਆ ਹੈ। ਇਸ ਪ੍ਰਤੀਯੋਗਤਾ ਦੀਆਂ ਮੁੱਖ ਗੱਲਾਂ ਇਸ ਤਰ੍ਹਾਂ ਹਨ-
ੲ ਆਈ.ਡਬਲਿਊ.ਐਲ. ਸ਼ੁਰੂ ਵਿਚ 6 ਟੀਮਾਂ 'ਤੇ ਅਧਾਰਿਤ ਹੋਵੇਗੀ, ਇਹ ਟੀਮਾਂ ਸ਼ਹਿਰ-ਅਧਾਰਿਤ ਹੋਣਗੀਆਂ ਭਾਵ ਆਈ.ਪੀ.ਐਲ. ਦੀ ਤਰ੍ਹਾਂ ਇਨ੍ਹਾਂ ਦਾ ਨਾਂਅ ਵੀ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਨਾਲ ਹੀ ਸਬੰਧਤ ਹੋਵੇਗਾ।
ੲ ਪ੍ਰਤੀਯੋਗਤਾ ਵਿਚ 25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੋਵੇਗੀ ਅਤੇ ਨਾਲ ਹੀ ਪਹਿਲਵਾਨਾਂ ਨੂੰ ਹਿੱਸਾ ਲੈਣ ਲਈ ਫੀਸ ਵੀ ਦਿੱਤੀ ਜਾਏਗੀ।
ੲ ਇਸ ਪ੍ਰਤੀਯੋਗਤਾ ਵਿਚ 21 ਦੇਸ਼ਾਂ ਦੇ ਉੱਘੇ ਪਹਿਲਵਾਨ ਸ਼ਾਮਿਲ ਹੋਣਗੇ, ਇਨ੍ਹਾਂ ਦੇਸ਼ਾਂ ਵਿਚ ਅਮਰੀਕਾ, ਰੂਸ, ਤੁਰਕੀ, ਕਜ਼ਾਕਿਸਤਾਨ ਤੇ ਪਾਕਿਸਤਾਨ ਸ਼ਾਮਿਲ ਹਨ।
ੲ ਵਿਸ਼ਵ ਦੇ ਉੱਘੇ ਪਹਿਲਵਾਨਾਂ ਦੇ ਨਾਲ ਹੀ ਭਾਰਤ ਦੇ ਵੀ ਉੱਘੇ ਪਹਿਲਵਾਨ ਇਸ ਪ੍ਰਤੀਯੋਗਤਾ ਵਿਚ ਸ਼ਾਮਿਲ ਹੋਣਗੇ।
ੲ ਹਰੇਕ ਟੀਮ ਵਿਚ 18 ਪਹਿਲਵਾਨ ਹੋਣਗੇ, ਜਿਨ੍ਹਾਂ ਵਿਚੋਂ 9 ਪੁਰਸ਼ ਅਤੇ 9 ਮਹਿਲਾਵਾਂ ਹੋਣਗੀਆਂ।
ੲ ਪਹਿਲਵਾਨਾਂ ਨੂੰ ਖੁੱਲ੍ਹੀ ਨਿਲਾਮੀ ਰਾਹੀਂ ਖਰੀਦਿਆ ਜਾਏਗਾ।
ੲ ਇਕ ਟੀਮ ਵੱਧ ਤੋਂ ਵੱਧ 4 ਵਿਦੇਸ਼ੀ ਪਹਿਲਵਾਨ ਹੀ ਖਰੀਦ ਸਕਦੀ ਹੈ।
ੲ ਟੀਮਾਂ ਵਿਚ ਕੁਸ਼ਤੀ ਦੇ 7 ਮੁਕਾਬਲੇ ਹੋਣਗੇ, ਜ਼ਿਆਦਾਤਰ ਮੁਕਾਬਲੇ ਜਿੱਤਣ ਵਾਲੀ ਟੀਮ ਨੂੰ ਹੀ ਜੇਤੂ ਅੰਕ ਹਾਸਲ ਹੋਣਗੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ 25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਚਲਦਿਆਂ ਇਹ ਪ੍ਰਤੀਯੋਗਤਾ ਵਿਸ਼ਵ ਵਿਚ ਸਭ ਤੋਂ ਮਹਿੰਗੀ ਹੋਵੇਗੀ। ਅਜਿਹਾ ਆਈ.ਡਬਲਿਊ.ਐਲ. ਦੀ ਕਾਰਜਕਾਰਨੀ ਕਮੇਟੀ ਦੇ ਪ੍ਰਮੁੱਖ ਜੀ.ਐਸ. ਮੰਦਰ ਦਾ ਕਹਿਣਾ ਹੈ, ਜੋ ਕਿ ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ.ਆਈ.) ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰਿਆਲਿਟੀ ਸ਼ੋਅ 'ਬਿੱਗ ਬਾਸ-7' ਵਿਚ ਹਿੱਸਾ ਲੈਣ ਵਾਲੇ ਪਹਿਲਵਾਨ ਸੰਗਰਾਮ ਸਿੰਘ ਦੀ ਇਸ ਲੀਗ ਵਿਚ ਕੀ ਭੂਮਿਕਾ ਹੈ ਕਿਉਂਕਿ ਬਿੱਗ ਬਾਸ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਆਈ.ਪੀ.ਐਲ. ਦੀ ਤਰਜ਼ 'ਤੇ ਕੁਸ਼ਤੀ ਲੀਗ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਕੁਝ ਪ੍ਰਮੁੱਖ ਫ਼ਿਲਮੀ ਸਿਤਾਰਿਆਂ ਨੇ ਇਨ੍ਹਾਂ ਵਿਚ ਰੁਚੀ ਦਿਖਾਈ ਸੀ ਪਰ ਏਨਾ ਤੈਅ ਹੈ ਕਿ ਭਾਰਤ ਦੇ ਪ੍ਰਮੁੱਖ ਪਹਿਲਵਾਨ ਜਿਵੇਂ ਉਲੰਪਿਕ ਐਵਾਰਡ ਵਿਜੇਤਾ ਸੁਸ਼ੀਲ ਕੁਮਾਰ ਤੇ ਯੋਗੇਸ਼ਵਰ ਦੱਤ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸਾ ਪਦਕ ਵਿਜੇਤਾ ਬਜਰੰਗ ਇਸ ਲੀਗ ਵਿਚ ਬਤੌਰ ਖਿਡਾਰੀ ਹਿੱਸਾ ਲੈਣਗੇ। ਨਾਲ ਹੀ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਹੜੇ ਫ਼ਿਲਮੀ ਸਿਤਾਰੇ ਕੁਸ਼ਤੀ ਟੀਮ ਖਰੀਦਣ ਵਿਚ ਰੁਚੀ ਰੱਖਦੇ ਹਨ। ਗੌਰਤਲਬ ਹੈ ਕਿ ਸ਼ਾਹਰੁਖ ਖਾਨ (ਕੋਲਕਾਤਾ ਨਾਈਟ ਰਾਈਡਰਜ਼), ਪ੍ਰੀਟੀ ਜਿੰਟਾ (ਕਿੰਗਜ਼ ਇਲੈਵਨ ਪੰਜਾਬ) ਅਤੇ ਸ਼ਿਲਪਾ ਸ਼ੈਟੀ (ਰਾਜਸਥਾਨ ਰਾਇਲਜ਼) ਕੋਲ ਆਈ.ਪੀ.ਐਲ. ਦੀਆਂ ਟੀਮਾਂ ਹਨ ਅਤੇ ਸ਼ਾਹਰੁਖ ਖਾਨ ਕੋਲ ਫੁੱਟਬਾਲ ਲੀਗ ਦੀ ਵੀ ਇਕ ਟੀਮ ਹੈ। ਪਰ ਹਾਕੀ ਤੇ ਬੈਡਮਿੰਟਨ ਦੀਆਂ ਲੀਗਾਂ ਵਿਚ ਫ਼ਿਲਮੀ ਸਿਤਾਰੇ ਕੇਵਲ ਬ੍ਰਾਂਡ ਐਂਬੈਸਡਰ ਦੇ ਤੌਰ 'ਤੇ ਹੀ ਜੁੜੇ ਹੋਏ ਹਨ।
ਭਾਰਤ ਵਿਚ ਕੁਸ਼ਤੀ ਅੱਜ ਵੀ ਪਸੰਦ ਕੀਤੀ ਜਾਂਦੀ ਹੈ। ਹਾਲਾਂਕਿ ਹੁਣ ਕੁਸ਼ਤੀ ਓਨੀ ਹਰਮਨ-ਪਿਆਰੀ ਨਹੀਂ ਹੈ, ਜਿਵੇਂ ਦਾਰਾ ਸਿੰਘ ਤੇ ਭਗਵਾਨ ਦਾਦਾ ਦੇ ਸਮੇਂ ਹੋਇਆ ਕਰਦੀ ਸੀ, ਉਹ ਪਹਿਲਵਾਨ ਅਖਾੜੇ ਵਿਚ ਮਸ਼ਹੂਰ ਹੋਏ ਅਤੇ ਫਿਰ ਫ਼ਿਲਮ ਨਿਰਮਾਤਾਵਾਂ ਨੇ ਉਨ੍ਹਾਂ ਦੀ ਸ਼ੁਹਰਤ ਨੂੰ ਭੁਨਾਉਣ ਲਈ ਉਨ੍ਹਾਂ ਨੂੰ ਫ਼ਿਲਮਾਂ ਵਿਚ ਵੀ ਹੀਰੋ ਬਣਾਇਆ ਤੇ ਨਾਲ ਹੀ ਕੁਸ਼ਤੀ ਨਾਲ ਜੁੜੀਆਂ ਕਹਾਣੀਆਂ ਲਿਖ ਕੇ ਸਫ਼ਲ ਫ਼ਿਲਮਾਂ ਵੀ ਬਣਾਈਆਂ। ਪਰ ਜਿਸ ਤਰ੍ਹਾਂ ਟੈਲੀਵਿਜ਼ਨ 'ਤੇ ਡਬਲਿਊ.ਡਬਲਿਊ.ਐਫ. ਤੇ ਕੁਸ਼ਤੀ ਨਾਲ ਸਬੰਧਤ ਹੋਰ ਪ੍ਰੋਗਰਾਮ ਚੰਗੀ ਟੀ.ਆਰ.ਪੀ. ਹਾਸਲ ਕਰਦੇ ਹਨ, ਉਸ ਦੇ ਮੱਦੇਨਜ਼ਰ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਕੁਸ਼ਤੀ ਲੀਗ ਦੀ ਸਫਲਤਾ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਹਨ, ਖਾਸ ਕਰਕੇ ਇਸ ਲਈ ਵੀ ਕਿ ਇਨ੍ਹਾਂ ਵਿਚ ਔਰਤ ਪਹਿਲਵਾਨਾਂ ਨੂੰ ਵਾਧੂ ਆਕਰਸ਼ਕ ਅਤੇ ਗਲੈਮਰ ਵਜੋਂ ਸ਼ਾਮਿਲ ਕੀਤਾ ਜਾਂਦਾ ਹੈ।
ਇਹ ਕੁਸ਼ਤੀ ਲੀਗ ਡਬਲਿਊ.ਡਬਲਿਊ.ਆਈ. ਦੀ ਨਿਗਰਾਨੀ ਅੰਤਰਰਾਸ਼ਟਰੀ ਕੁਸ਼ਤੀ ਸੰਘ (ਐਫ.ਆਈ.ਐਲ.ਏ.) ਦੇ ਨਿਯਮਾਂ ਅਨੁਸਾਰ ਹੋਵੇਗੀ। ਸਪੋਰਟਸ ਮਾਰਕੀਟਿੰਗ ਤੇ ਮੀਡੀਆ ਰਾਈਟਸ ਕੰਪਨੀ ਸਪੋਰਟੀ ਸੋਲਿਊਸ਼ਨਜ਼, ਜਿਸ ਕੋਲ ਇੰਡੀਅਨ ਬੈਡਮਿੰਟਨ ਲੀਗ ਦੇ ਕਮਰਸ਼ੀਅਲ ਅਧਿਕਾਰ ਹਨ, ਕੋਲ ਵੀ ਆਈ.ਡਬਲਿਊ.ਐਲ. ਦੇ ਵੀ ਕਮਰਸ਼ੀਅਲ ਅਧਿਕਾਰ ਹੋਣਗੇ।
ਸੰਭਾਵਨਾ ਇਹ ਹੈ ਕਿ ਪ੍ਰਤੀਯੋਗਿਤਾ ਵਿਚ ਕੁਝ ਮਾਮੂਲੀ ਸੋਧ ਕੀਤੀ ਜਾਵੇਗੀ ਤਾਂ ਕਿ ਇਸ ਨੂੰ ਵਧੇਰੇ ਦਿਲਚਸਪ ਬਣਾਇਆ ਜਾ ਸਕੇ ਅਤੇ ਟੀ.ਵੀ. ਦਰਸ਼ਕ ਵੀ ਇਨ੍ਹਾਂ ਨੂੰ ਪਸੰਦ ਕਰ ਸਕਣ। ਜੀ.ਐਸ. ਮੰਦਰ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਤੀਯੋਗਤਾ ਵਿਚ ਗਲੈਮਰ ਭਾਰੀ ਹੋਵੇਗਾ।
ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਆਈ.ਪੀ.ਐਲ. ਤੇ ਆਈ.ਬੀ.ਐਲ. ਦੀ ਸਫਲਤਾ ਨਾਲ ਉਨ੍ਹਾਂ ਕ੍ਰਿਕਟ ਅਤੇ ਬੈਡਮਿੰਟਨ ਖਿਡਾਰੀਆਂ ਨੂੰ ਵੀ ਚੰਗਾ ਪੈਸਾ ਕਮਾਉਣ ਅਤੇ ਆਪਣੀ ਖੇਡ ਨੂੰ ਆਪਣਾ ਕਿੱਤਾ ਬਣਾਉਣ ਦਾ ਮੌਕਾ ਮਿਲ ਰਿਹਾ ਹੈ, ਜੋ ਕਿਸੇ ਕਾਰਨ ਕੌਮੀ ਟੀਮ ਵਿਚ ਸ਼ਾਮਿਲ ਨਹੀਂ ਹੋ ਸਕਦੇ ਹਨ। ਸੰਭਾਵਨਾ ਹੈ ਕਿ ਅਜਿਹਾ ਹੀ ਮੌਕਾ ਹੁਣ ਭਾਰਤੀ ਪਹਿਲਵਾਨਾਂ ਨੂੰ ਵੀ ਮਿਲ ਸਕੇਗਾ। ਦੇਸ਼ ਵਿਚ ਅਨੇਕ ਅਖਾੜੇ ਹਨ ਜਿਥੇ ਚੰਗੇ ਭਵਿੱਖ ਦੀ ਆਸ ਲਾ ਕੇ ਅਨੇਕਾਂ ਨੌਜਵਾਨ ਪਹਿਲਵਾਨ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਨ੍ਹਾਂ ਅਖਾੜਿਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਚਮਕਾਉਣ ਦਾ ਆਈ.ਡਬਲਿਊ.ਐਲ. ਬਿਹਤਰੀਨ ਅਵਸਰ ਸਾਬਤ ਹੋ ਸਕਦਾ ਹੈ।
 
Top