ਰੋਮਾਂਚਕ ਮੁਕਾਬਲੇ 'ਚ ਜਡੇਜਾ ਨੇ ਮੈਚ ਟਾਈ ਕਰਾਇਆ

[JUGRAJ SINGH]

Prime VIP
Staff member


ਆਕਲੈਂਡ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੋਇਆ ਤੀਜਾ ਵਨ-ਡੇ ਬਿਨਾਂ ਕਿਸੇ ਨਤੀਜੇ ਤੋਂ ਸਮਾਪਤ ਹੋ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ ਨਿਰਧਾਰਿਤ ਓਵਰਾਂ 'ਚ ਸਾਰੀਆਂ ਵਿਕਟਾਂ ਗਵਾ ਕੇ 314 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਭਾਰਤ ਨੇ ਵੀ 50 ਓਵਰਾਂ 'ਚ 9 ਵਿਕਟਾਂ 'ਤੇ 314 ਦੌੜਾਂ ਬਣਾਈਆਂ।
ਮੈਚ ਟਾਈ ਕਰਾਉਣ ਦਾ ਸਿਹਰਾ ਰਵਿੰਦਰ ਜਡੇਜਾ ਤੇ ਅਸ਼ਵਿਨ ਦੇ ਸਿਰ ਜਾਂਦਾ ਹੈ, ਜਿਨ੍ਹਾਂ ਦੀ ਪਹਿਲਾਂ ਖਰਾਬ ਫਾਰਮ ਕਾਰਨ ਕਾਫੀ ਆਲੋਚਨਾ ਹੋ ਰਹੀ ਸੀ। ਰਵਿੰਦਰ ਜਡੇਜਾ ਨੇ ਪਿਛਲੀਆਂ ਸਾਰੀਆਂ ਕਸਰਾਂ ਕੱਢਦੇ ਹੋਏ ਜ਼ਬਰਦਸਤ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਅਤੇ ਮੈਚ ਟਾਈ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ। ਪਾਰੀ ਦੇ ਅਖੀਰਲੇ ਓਵਰ ਤੱਕ ਭਾਰਤ ਦੀਆਂ 9 ਵਿਕਟਾਂ ਡਿੱਗ ਚੁੱਕੀਆਂ ਸਨ ਅਤੇ ਭਾਰਤ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਤੇ ਵਰੁਣ ਆਰੋਨ ਕ੍ਰੀਜ਼ 'ਤੇ ਸਨ। ਜਡੇਜਾ ਨੇ ਅਖੀਰਲੇ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ, ਦੂਜੀ ਗੇਂਦ ਵਾਈਡ ਤੇ ਖਾਲ੍ਹੀ ਲੰਘੀ, ਤੀਜੀ ਗੇਂਦ 'ਤੇ ਵੀ ਕੋਈ ਦੌੜ ਨ੍ਹੀਂ ਬਣਈ, ਚੌਥੀ ਗੇਂਦ ਪਹਿਲਾਂ ਵਾਈਡ ਹੋਈ ਮਗਰੋਂ ਜਡੇਜਾ ਨੇ ਉਸ 'ਤੇ ਚੌਕਾ ਜੜਿਆ, ਪੰਜਵੀਂ 'ਤੇ ਜਡੇਜਾ ਨੇ ਛੱਕਾ ਜੜਿਆ, ਆਖਰੀ ਗੇਂਦ 'ਚ ਭਾਰਤ ਨੂੰ ਜਿੱਤ ਲਈ 2 ਦੌੜਾਂ ਦੀ ਲੋੜ ਸੀ ਪਰ ਜਡੇਜਾ ਇਕ ਦੌੜ ਹੀ ਲੈ ਸਕਿਆ। ਇਸ ਤਰ੍ਹਾਂ ਜਡੇਜਾ ਨੇ ਇਕ ਵਾਰ ਭਾਰਤ ਤੋਂ ਦੂਰ ਦਿਖ ਰਹੀ ਜਿੱਤ ਨੂੰ ਟਾਈ 'ਚ ਬਦਲਿਆ। ਭਾਰਤ ਨੇ ਇਕ ਸਮੇਂ 184 ਦੌੜਾਂ 'ਤੇ 6 ਵਿਕਟਾਂ ਗਵਾ ਦਿੱਤੀਆਂ ਸਨ। ਮਗਰੋਂ ਅਸ਼ਵਿਨ ਤੇ ਜਡੇਜਾ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਕੀਵੀ ਗੇਂਦਬਾਜ਼ਾਂ ਦੀਆਂ ਵੱਖੀਆਂ ਉਧੇੜ ਦਿੱਤੀਆਂ। ਦੋਹਾਂ ਨੇ ਸੱਤਵੀਂ ਵਿਕਟ ਲਈ 55 ਗੇਂਦਾਂ 'ਚ 85 ਦੌੜਾਂ ਜੋੜੀਆਂ। ਅਸ਼ਵਿਨ 46 ਗੇਂਦਾਂ 'ਚ 65 ਦੌੜਾਂ ਬਣਾ ਕੇ ਆਊਟ ਹੋਇਆ। ਉਸ ਸਮੇਂ ਭਾਰਤ ਨੂੰ 30 ਗੇਂਦਾਂ 'ਚ 46 ਦੌੜਾਂ ਦੀ ਲੋੜ ਸੀ, ਹੁਣ ਭਾਰਤ ਦਾ ਸਾਰਾ ਦਾਰੋਮਦਾਰ ਜਡੇਜਾ ਦੇ ਮੋਢਿਆਂ 'ਤੇ ਆ ਗਿਆ। ਭੁਵਨੇਸ਼ਵਰ ਕੁਮਾਰ 4 ਦੌੜਾਂ 'ਤੇ ਮੁਹੰਮਦ ਸ਼ੰਮੀ ਵੀ 2 ਦੌੜਾਂ ਬਣਾ ਕੇ ਆਊਟ ਹੋ ਗਏ। ਜਡੇਜਾ ਨੇ ਖਰਾਬ ਸ਼ਾਟ ਨਹੀਂ ਖੇਡਿਆ ਅਤੇ ਸਟ੍ਰਾਈਕ ਆਪਣੇ ਕੋਲ ਰੱਖ ਕੇ ਮੈਚ ਟਾਈ ਕਰਾਇਆ ਅਤੇ ਭਾਰਤ ਦੀ ਲੜੀ 'ਚ ਬਣੇ ਰਹਿਣ ਦੀ ਆਸ ਜ਼ਿੰਦਾ ਰੱਖੀ। ਵਰੁਣ ਆਰੋਨ 2 ਤੇ ਜਡੇਜਾ 65 ਦੌੜਾਂ ਬਣਾ ਕੇ ਅਜੇਤੂ ਰਹੇ। ਜਡੇਜਾ ਨੇ 45 ਗੇਂਦਾਂ 'ਚ 5 ਚੌਕੇ ਤੇ 4 ਛੱਕੇ ਜੜੇ।
315 ਦੌੜਾਂ ਦੇ ਟੀਚੇ ਦੇ ਜਵਾਬ 'ਚ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਠੋਸ ਸ਼ੁਰੂਆਤ ਦਿੱਤੀ। ਦੋਹਾਂ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਧਵਨ 28 ਅਤੇ ਰੋਹਿਤ 39 ਦੌੜਾਂ ਬਣਾ ਕੇ ਆਊਟ ਹੋਏ। ਰੋਹਿਤ ਨੇ 38 ਗੇਂਦਾਂ 'ਚ 1 ਚੌਕਾ ਤੇ 4 ਛੱਕੇ ਲਾਏ। ਵਿਰਾਟ ਕੋਹਲੀ 5 ਤੇ ਅਜਿੰਕਿਆ ਰਹਾਣੇ 3 ਦੌੜਾਂ ਬਣਾ ਕੇ ਸਸਤੇ 'ਚ ਪੈਵੇਲੀਅਨ ਪਰਤ ਗਏ। ਸੁਰੇਸ਼ ਰੈਣਾ ਨੇ 31 ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਬੱਲੇਬਾਜ਼ੀ 'ਚ ਕਮਾਲ ਨਾ ਦਿਖਾ ਸਕਣ ਵਾਲੇ ਕੋਰੀ ਐਂਡਰਸਨ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਹ ਲੜੀ 'ਚ ਲਗਾਤਾਰ ਤੀਜਾ ਮੌਕਾ ਹੈ, ਜਦੋਂ ਧੋਨੀ ਨੇ ਟਾਸ ਜਿੱਤੀ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਸਭ ਤੋਂ ਵੱਧ 111 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੈਸੀ ਰਾਈਡਰ ਨੇ 20 , ਕੇਨ ਵਿਲੀਅਮਸਨ ਨੇ 65, ਰੋਸ ਟੇਲਰ ਨੇ 17 ਲਿਊਕ ਰੋਂਚੀ ਨੇ 38 ਅਤੇ ਟਿਮ ਸਾਊਥੀ ਨੇ 27 ਦੌੜਾਂ ਬਣਾਈਆਂ। ਕੋਰੀ ਐਂਡਰਸਨ ਤੇ ਕਪਤਾਨ ਬ੍ਰੈਂਡਨ ਮੈਕੂਲਮ ਕੁਝ ਖਾਸ ਨਹੀਂ ਕਰ ਸਕੇ। ਐਂਡਰਸਨ 8 ਦੌੜਾਂ ਬਣਾ ਕੇ ਅਸ਼ਵਿਨ ਦੀ ਗੇਂਦ 'ਤੇ ਬੋਲਡ ਹੋ ਗਿਆ ਜਦਕਿ ਮੈਕੂਲਮ ਬਿਨਾਂ ਖ਼ਾਤਾ ਖੋਲ੍ਹੇ ਵਰੁਣ ਆਰੋਨ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਭਾਰਤ ਵੱਲੋਂ ਮੁਹੰਮਦ ਸ਼ੰਮੀ ਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ ਜਦਕਿ ਇਕ-ਇਕ ਵਿਕਟ ਭੁਵਨੇਸ਼ਵਰ ਕੁਮਾਰ, ਵਰੁਣ ਆਰੋਨ ਅਤੇ ਅਸ਼ਵਿਨ ਦੀ ਝੋਲੀ 'ਚ ਪਈ। ਨਿਊਜ਼ੀਲੈਂਡ ਦੀ ਆਖਰੀ ਵਿਕਟ ਪਾਰੀ ਦੀ ਅਖੀਰਲੀ ਗੇਂਦ 'ਤੇ ਡਿੱਗੀ, ਜਦੋਂ ਟਿਮ ਸਾਊਥੀ ਨੂੰ ਵਿਰਾਟ ਕੋਹਲੀ ਨੇ ਰਨ ਆਊਟ ਕੀਤਾ।
ਪੰਜ ਮੈਚਾਂ ਦੀ ਵਨ-ਡੇ ਲੜੀ 'ਚ ਹਾਲੇ ਵੀ ਨਿਊਜ਼ੀਲੈਂਡ 2-0 ਨਾਲ ਅੱਗੇ ਹੈ। ਲੜੀ ਡਰਾਅ ਕਰਾਉਣ ਲਈ ਭਾਰਤ ਨੂੰ ਅਗਲੇ ਦੋਵੇਂ ਮੈਚ ਜਿੱਤਣੇ ਹੋਣਗੇ। ਜੇਕਰ ਭਾਰਤ ਇਕ ਵੀ ਮੈਚ ਹਾਰ ਜਾਂਦਾ ਹੈ ਤਾਂ ਨਿਊਜ਼ੀਲੈਂਡ ਲੜੀ ਜਿੱਤ ਜਾਵੇਗਾ।

 
Top